ਮਰਦਾਂ 'ਤੇ ਐਮਰਜੈਂਸੀ ਬੀਬੀਆਂ ਉੱਤੇ ਬਿਪਤਾ: ਐਮਰਜੈਂਸੀ ਦੌਰਾਨ ਸਰਗਰਮ ਔਰਤਾਂ ਦੇ ਤਜਰਬੇ

ਕਮਲਾ ਵਰਮਾ

ਤਸਵੀਰ ਸਰੋਤ, KAMLA VERMA/BBC

ਐਮਰਜੈਂਸੀ ਦੌਰਾਨ ਜਦੋਂ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਔਰਤਾਂ ਨੂੰ ਜਿੱਥੇ ਕਾਨੂੰਨੀ ਲੜਾਈ ਲੜਨੀ ਪਈ ਤਾਂ ਦੂਜੇ ਪਾਸੇ ਘਰ ਨੂੰ ਸਾਂਭਣ ਤੇ ਚਲਾਉਣ ਲਈ ਮੋਰਚਾ ਸਾਂਭਣਾ ਪਿਆ।

ਜੇ ਪੰਜਾਬ ਦੀ ਗੱਲ ਕਰੀਏ ਤਾਂ ਉੱਘੇ ਲੇਖਕ ਜੇ ਐਸ ਗਰੇਵਾਲ ਦੀ ਕਿਤਾਬ "ਦਾ ਸਿੱਖ ਆਫ ਪੰਜਾਬ" ਅਨੁਸਾਰ ਇਸ ਸਮੇਂ ਅਕਾਲੀ ਦਲ ਨੇ "ਲੋਕਤੰਤਰ ਬਚਾਓ ਮੋਰਚੇ" ਦੀ ਸ਼ੁਰਆਤ ਕੀਤੀ ਅਤੇ ਇਹ ਐਮਰਜੈਂਸੀ ਦੌਰਾਨ ਜਾਰੀ ਰਿਹਾ।

ਇੱਥੋਂ ਤੱਕ ਕਿ 1977 ਵਿੱਚ ਜਦੋਂ ਐਮਰਜੈਂਸੀ ਵਾਪਸ ਲੈ ਲਈ ਗਈ ਤਾਂ ਲਗਭਗ 40,000 ਅਕਾਲੀਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ।

ਬੀਬੀਸੀ ਪੰਜਾਬੀ ਵੱਲੋਂ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਐਮਰਜੈਂਸੀ ਦੌਰ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਜੱਦੋਜਹਿਦ ਕੀਤੀ।

ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਡਾ. ਕਮਲਾ ਵਰਮਾ

ਜਦੋਂ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਮੈਂ ਜਨਸੰਘ ਦੀ ਆਲ ਇੰਡੀਆ ਵਰਕਿੰਗ ਕਮੇਟੀ ਦੀ ਮੈਂਬਰ ਸੀ। ਮੈਂ ਉਸ ਵੇਲੇ ਸਿਆਸਤ ਵਿੱਚ ਜ਼ਿਆਦਾ ਸਰਗਰਮ ਨਹੀਂ ਸੀ। ਮੈਂ ਇਹ ਵੀ ਨਹੀਂ ਜਾਣਦੀ ਸੀ ਕਿ ਐਮਰਜੈਂਸੀ ਹੁੰਦੀ ਕੀ ਹੈ।

ਜਿਸ ਦਿਨ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਮੈਂ ਉਸ ਦੇ ਖਿਲਾਫ਼ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ। ਮੈਂ ਯਮੁਨਾਨਗਰ ਵਿੱਚ ਘਰ-ਘਰ ਜਾ ਕੇ ਲੋਕਾਂ ਦੀ ਹਿਮਾਇਤ ਮੰਗ ਰਹੀ ਸੀ।

ਇੱਕ ਬਜ਼ੁਰਗ ਨੇ ਮੈਨੂੰ ਰੋਕ ਕੇ ਪੁੱਛਿਆ, "ਕੀ ਤੁਸੀਂ ਇਹ ਜਾਣਦੇ ਹੋ ਐਮਰਜੈਂਸੀ ਹੁੰਦੀ ਕੀ ਹੈ? ਇਸਦਾ ਮਤਲਬ ਹੈ ਕਿ ਲੋਕ ਸਰਕਾਰ ਖਿਲਾਫ਼ ਕੁਝ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ।

ਉਸ ਵੇਲੇ ਮੈਂ ਮਦਰਲੈਂਡ ਅਖ਼ਬਾਰ ਚੁੱਕਿਆ ਅਤੇ ਉਸ ਵਿੱਚ ਪੜ੍ਹਿਆ ਕਿ ਅਟਲ ਬਿਹਾਰੀ ਵਾਜਪਈ ਅਤੇ ਲਾਲ ਕ੍ਰਿਸ਼ਨ ਅਡਵਾਣੀ ਸਣੇ ਸਾਡੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਮੈਂ ਜਾਣਦੀ ਸੀ ਮੇਰੀ ਵਾਰੀ ਵੀ ਆਵੇਗੀ।

ਤਸਵੀਰ ਸਰੋਤ, Getty Images

ਦੋ ਦਿਨਾਂ ਦੇ ਲਈ ਮੈਂ ਅੰਡਰਗ੍ਰਾਊਂਡ ਹੋ ਗਈ ਅਤੇ ਘਰ ਨਹੀਂ ਪਰਤੀ। ਮੈਂ ਆਪਣੇ ਦੋਸਤ ਦੇ ਘਰ ਰੁਕੀ ਰਹੀ। 27 ਜੂਨ ਦੀ ਸਵੇਰ ਮੈਂ ਘਰ ਪਰਤੀ ਤੇ ਦੇਖਿਆ ਕਿ ਸੀਆਈਡੀ ਦੇ ਅਫ਼ਸਰ ਮੇਰੇ ਘਰ ਦੇ ਆਲੇ-ਦੁਆਲੇ ਘੁੰਮ ਰਹੇ ਹਨ।

ਉਹ ਸ਼ਾਮ ਤੱਕ ਉੱਥੇ ਹੀ ਘੁੰਮਦੇ ਰਹੇ ਅਤੇ ਸ਼ਾਮ 7 ਵਜੇ ਪੁਲਿਸ ਮੈਨੂੰ ਗ੍ਰਿਫ਼ਤਾਰ ਕਰਨ ਲਈ ਮੇਰੇ ਘਰ ਵਿੱਚ ਵੜੀ। ਪੁਲਿਸ ਜ਼ਿਆਦਾਤਰ ਸਵੇਰੇ ਗ੍ਰਿਫ਼ਤਾਰੀਆਂ ਨਹੀਂ ਕਰਦੀ ਸੀ ਤਾਂ ਜੋ ਕੋਈ ਹੰਗਾਮਾ ਨਾ ਹੋਵੇ।

ਮੇਰੇ ਪਤੀ ਪ੍ਰੋਫੈਸਰ ਸਤਿਆ ਦੇਵ ਜੋ ਆਰਐੱਸਐੱਸ ਦੇ ਮੈਂਬਰ ਸਨ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਕਈ ਜੇਲ੍ਹਾਂ ਵਿੱਚ ਰੱਖਿਆ

ਜਦੋਂ ਮੈਂ ਪੁਲਿਸ ਤੋਂ ਪੁੱਛਿਆ ਕਿ ਮੇਰੇ ਪਤੀ ਸਿਆਸਤ ਵਿੱਚ ਐਕਟਿਵ ਹੀ ਨਹੀਂ ਸਨ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਹੋਈ ਤਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਲਦੀ ਹੀ ਛੱਡ ਦਿੱਤਾ ਜਾਵੇਗਾ। ਉਨ੍ਹਾਂ ਨੂੰ 8 ਮਹੀਨਿਆਂ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ।

ਸਾਨੂੰ ਸਭ ਤੋਂ ਪਹਿਲਾਂ ਯਮੁਨਾਨਗਰ ਦੇ ਇੱਕ ਥਾਣੇ ਵਿੱਚ ਲਿਜਾਇਆ ਗਿਆ। ਅਗਲੇ ਦਿਨ ਸਾਨੂੰ ਅੰਬਾਲਾ ਦੀ ਜੇਲ੍ਹ ਵਿੱਚ ਲਿਜਾਇਆ ਗਿਆ। ਪੁਲਿਸ ਮੈਨੂੰ ਲਗਾਤਾਰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਲਿਜਾ ਰਹੀ ਸੀ। ਅੰਬਾਲੇ ਤੋਂ ਇਲਾਵਾ ਮੈਨੂੰ ਕਰਨਾਲ, ਹਿਸਾਰ ਤੇ ਰੋਹਤਕ ਵਿੱਚ ਰੱਖਿਆ ਗਿਆ ਸੀ।

ਤਸਵੀਰ ਸਰੋਤ, kamla verma

ਕਰਨਾਲ ਸਭ ਤੋਂ ਖਰਾਬ ਜੇਲ੍ਹ ਸੀ। ਉਸਦੇ ਨੇੜੇ ਰਾਸ਼ਨ ਦਾ ਗੋਦਾਮ ਸੀ ਜਿਸ ਕਰਕੇ ਕਈ ਚੂਹੇ ਸਾਡੀ ਕੋਠੜੀ ਵਿੱਚ ਆਉਂਦੇ ਸਨ। ਚੂਹੇ ਮੇਰਾ ਤੌਲੀਆ, ਪੈਨ ਲੈ ਜਾਂਦੇ ਸਨ ਅਤੇ ਕਈ ਕਿਤਾਬਾਂ ਵੀ ਕੁਤਰ ਦਿੱਤੀਆਂ ਸਨ।

ਕੋਠੜੀ ਵਿੱਚ ਤੁਰਿਆ ਵੀ ਨਹੀਂ ਜਾ ਸਕਦਾ ਸੀ। ਥੋੜ੍ਹੇ ਸਕੂਨ ਦੀ ਗੱਲ ਇਹ ਸੀ ਕਿ ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਹ ਜੇਲ੍ਹ ਵਿੱਚ ਸ਼ਾਖਾ ਲਾਉਂਦੇ ਸਨ ਅਤੇ ਮੈਂ ਉਨ੍ਹਾਂ ਦੇ ਦੇਸ ਭਗਤੀ ਦੇ ਗੀਤ ਸੁਣ ਸਕਦੀ ਸੀ।

9 ਮਹੀਨੇ ਬਾਅਦ ਪਰਿਵਾਰ ਨੂੰ ਮਿਲੀ

ਮੈਂ ਗ੍ਰਹਿ ਵਿਭਾਗ ਨੂੰ ਜੇਲ੍ਹ ਦੀ ਹਾਲਾਤ ਬਾਰੇ ਪੱਤਰ ਲਿਖਿਆ ਅਤੇ ਮੈਨੂੰ ਫਿਰ ਅੰਬਾਲਾ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਮੈਂ ਕਰਨਾਲ ਤੋਂ ਰਵਾਨਾ ਹੋ ਰਹੀ ਸੀ, ਉਸੇ ਵੇਲੇ ਮੈਂ ਆਪਣੇ ਪਤੀ ਤੇ 13 ਸਾਲ ਦੇ ਪੁੱਤਰ ਨੂੰ ਦੇਖਿਆ।

ਮੈਨੂੰ ਉਨ੍ਹਾਂ ਬਾਰੇ 9 ਮਹੀਨੇ ਤੋਂ ਕੋਈ ਖ਼ਬਰ ਨਹੀਂ ਮਿਲੀ ਸੀ। ਮੈਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਨੇ ਕਈ ਵਾਰ ਮੈਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਅੰਬਾਲਾ ਜੇਲ੍ਹ ਵਿੱਚ ਜਨਸੰਘ ਦੇ ਕਈ ਮੈਂਬਰ ਕੈਦ ਸਨ। ਮੈਂ ਉੱਥੇ ਬਿਮਾਰ ਪੈ ਗਈ ਸੀ ਇਸ ਲਈ ਮੈਨੂੰ ਇੱਕ ਮਹੀਨੇ ਤੱਕ ਰੋਹਤਕ ਦੇ ਹਸਪਤਾਲ ਵਿੱਚ ਭਰਤੀ ਰੱਖਿਆ ਗਿਆ ਸੀ। 19 ਮਹੀਨਿਆਂ ਤੋਂ ਬਾਅਦ 8 ਜਨਵਰੀ ਨੂੰ ਮੈਨੂੰ ਰਿਹਾਅ ਕੀਤਾ ਗਿਆ।

ਜਦੋਂ ਮੈਂ ਘਰ ਪਹੁੰਚੀ ਤਾਂ ਲੋਕ ਬਹੁਤ ਡਰੇ ਹੋਏ ਸੀ ਅਤੇ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸੀ।

ਮੈਨੂੰ ਲੱਗਦਾ ਹੈ ਕਿ ਐਮਰਜੈਂਸੀ ਨੇ ਸਾਡੇ ਦੇਸ ਦੇ ਲੋਕਤੰਤਰ ਦੀ ਨੀਂਹ ਨੂੰ ਹਿਲਾਇਆ ਸੀ।

ਸਰਕਾਰ ਨੇ ਮੀਡੀਆ ਅਤੇ ਆਪਣੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਖੋਹ ਲਿਆ ਸੀ। ਉਹ ਤਾਂ ਲੋਕ ਸਨ ਜਿਨ੍ਹਾਂ ਨੇ ਲੋਕਤੰਤਰ ਨੂੰ ਜ਼ਿੰਦਾ ਰੱਖਿਆ ਅਤੇ ਅਗਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਸੱਤਾ ਤੋਂ ਹਟਾ ਦਿੱਤਾ।

(ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਨਾਲ ਗੱਲਬਾਤ 'ਤੇ ਆਧਾਰਿਤ)

ਹਰਿਆਣਾ ਦੇ ਚਰਖੀ ਦਾਦਰੀ ਤੋਂ 6 ਵਾਰ ਵਿਧਾਇਕ ਤੇ ਸਾਬਕਾ ਮੰਤਰੀ ਚੰਦਰਾਵਤੀ ਦੇਵੀ ਦਾ ਤਜਰਬਾ

ਐਮਰਜੈਂਸੀ ਦੌਰਾਨ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਵਿਰੋਧੀਆਂ ਨੂੰ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਉਸ ਵਿੱਚ ਇੰਦਰਾ ਗਾਂਧੀ ਦੀ ਵੀ ਸਲਾਹ ਰਹੀ ਹੋਵੇਗੀ, ਇਹ ਕਿਹਾ ਨਹੀਂ ਜਾ ਸਕਦਾ।

ਤਸਵੀਰ ਸਰੋਤ, Sat singh/bbc

ਮੈਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੁੰਦੇ ਹੋਣਗੇ ਪਰ ਅਜਿਹਾ ਕੁਝ ਹੋਇਆ ਨਹੀਂ। ਐਮਰਜੈਂਸੀ ਦੌਰਾਨ ਦੋ ਸਾਲ ਤੱਕ ਮੈਂ ਆਪਣੇ ਘਰ ਚਰਖੀ ਦਾਦਰੀ ਵਿੱਚ ਹੀ ਸੀ।

ਜੇਕਰ ਕੋਈ ਬੁਲਾਉਂਦਾ ਸੀ ਤੇ ਕਦੇ-ਕਦੇ ਬਾਹਰ ਜਾਂਦੀ ਸੀ ਨਹੀਂ ਤਾਂ ਘਰ ਵਿੱਚ ਹੀ ਸੀ। ਮੈਂ ਵਕਾਲਤ ਕਰਦੀ ਸੀ ਇਸ ਲਈ ਲੋਕ ਮੈਨੂੰ ਮਿਲਣ ਮੇਰੇ ਦਫ਼ਤਰ ਹੀ ਆ ਜਾਂਦੇ ਸੀ।

ਦੇਸ ਵਿੱਚ ਐਮਰਜੈਂਸੀ ਲੱਗਣ ਤੋਂ ਕੁਝ ਸਮਾਂ ਪਹਿਲਾ ਮੇਰੇ 'ਤੇ ਅਸਤੀਫ਼ਾ ਦੇਣ ਦਾ ਦਬਾਅ ਬਣਾਇਆ ਗਿਆ।

ਉਸ ਸਮੇਂ ਦੇ ਮੁੱਖ ਮੰਤਰੀ ਬੰਸੀ ਲਾਲ ਦੇ ਮੈਨੂੰ ਕਿਨਾਰੇ ਕੀਤਾ ਹੋਇਆ ਸੀ। ਬਾਅਦ ਵਿੱਚ ਮੈਨੂੰ ਬੁਲਾਇਆ ਗਿਆ, ਪਰ ਮੈਂ ਗਈ ਨਹੀਂ, ਉਸ ਸਮੇਂ ਦਾ ਮੈਨੂੰ ਅੱਜ ਪਛਤਾਵਾ ਹੈ।

ਲੋਕ ਉਸ ਸਮੇਂ ਕਾਂਗਰਸ ਪਾਰਟੀ ਅਤੇ ਇੰਦਰਾ ਗਾਂਧੀ ਦੇ ਬਹੁਤ ਖ਼ਿਲਾਫ਼ ਸਨ।

ਪੁਲਿਸ ਨੇ ਮੇਰੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਬੰਸੀ ਲਾਲ ਦੇ ਕਹਿਣੇ 'ਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ। ਉਨ੍ਹਾਂ ਵਿੱਚੋਂ ਇੱਕ ਸਰਕਾਰੀ ਅਧਿਆਪਕ ਸੀ।

ਤਸਵੀਰ ਸਰੋਤ, Sat singh/bbc

ਉਨ੍ਹਾਂ ਕਾਲੇ ਦਿਨਾਂ 'ਚ ਜਿਹੜੇ ਲੋਕ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ।

ਇੰਦਰਾ ਗਾਂਧੀ ਨਾਲ ਮੇਰਾ ਰਾਬਤਾ ਚੰਗਾ ਸੀ ਇਸ ਲਈ ਮੈਂ ਜੇਲ੍ਹ ਜਾਣ ਤੋਂ ਬੱਚ ਸਕੀ ਕਿਉਂਕਿ ਚੌਧਰੀ ਬੰਸੀ ਲਾਲ ਜਾਣਦਾ ਸੀ ਕਿ ਮੇਰੀ ਇੰਦਰਾ ਗਾਂਧੀ ਤੱਕ ਪਹੁੰਚ ਹੈ।

ਐਮਰਜੈਂਸੀ ਲੱਗਣ ਤੋਂ ਪਹਿਲਾਂ ਮੈਂ ਕਾਂਗਰਸ ਵਿੱਚ ਸੀ ਉਸ ਤੋਂ ਬਾਅਦ 1977 ਵਿੱਚ ਜਨਤਾ ਪਾਰਟੀ ਵੱਲੋਂ ਲੋਕਸਭਾ ਚੋਣ ਲੜੀ ਅਤੇ ਚੌਧਰੀ ਬੰਸੀ ਲਾਲ ਨੂੰ ਹਰਾਇਆ।

(ਹਰਿਆਣਾ ਤੋਂ ਸੱਤ ਸਿੰਘ ਨਾਲ ਗੱਲਬਾਤ ਦੇ ਆਧਾਰ 'ਤੇ)

ਰੱਬ ਨੇ ਮੈਨੂੰ ਬਚਾਇਆ: ਕਿਰਨ ਬੇਦੀ

ਪੁੰਡੂਚੇਰੀ ਦੀ ਮੌਜੂਦਾ ਰਾਜਪਾਲ ਕਿਰਨ ਬੇਦੀ ਨੇ ਦੱਸਿਆ ਐਮਰਜੈਂਸੀ ਸਮੇਂ ਪੁਲਿਸ ਸੇਵਾ ਵਿੱਚ ਆਏ ਨੂੰ ਤਿੰਨ ਸਾਲ ਹੀ ਹੋਏ ਸਨ।

ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਤੇ ਅੰਮ੍ਰਿਤਸਰ ਦੀ ਵਸਨੀਕ ਕਿਰਨ ਬੇਦੀ ਨੇ ਉਸ ਸਮੇਂ ਨੂੰ ਯਾਦ ਕਰਦਿਆਂ ਆਖਿਆ, "ਉਸ ਦੌਰ ਦੌਰਾਨ ਗ਼ਲਤ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਪਰ ਮੈਨੂੰ ਪਰਮੇਸ਼ਵਰ ਨੇ ਇਸ ਸਭ ਤੋਂ ਬਚਾ ਲਿਆ।"

ਕਿਰਨ ਬੇਦੀ ਨੇ ਆਖਿਆ, "ਉਸ ਸਮੇਂ ਮੈ ਨਵੀਂ ਦਿੱਲੀ ਇਲਾਕੇ ਦੀ ਐਡੀਸ਼ਨਲ ਕਮਿਸ਼ਨਰ ਵਜੋਂ ਨਿਯੁਕਤ ਸੀ ਪਰ ਇਸੀ ਦੌਰਾਨ ਮੇਰੀ ਬਦਲੀ ਸਕਿਉਰਿਟੀ ਵਿਚ ਕਰ ਦਿੱਤੀ ਗਈ।''

ਤਸਵੀਰ ਸਰੋਤ, Getty Images

"ਉਸ ਸਮੇਂ ਮੈਂ ਕੋਈ ਵੀ ਗ਼ਲਤ ਗ੍ਰਿਫ਼ਤਾਰੀ ਨਹੀਂ ਕੀਤੀ ਪਰ ਜੋ ਕੁਝ ਉਸ ਸਮੇਂ ਹੋਇਆ ਉਸ ਨੂੰ ਮੈ ਬਹੁਤ ਨਜ਼ਦੀਕ ਤੋਂ ਦੇਖਿਆ।''

ਬੀਬੀਸੀ ਪੰਜਾਬੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਰਨ ਬੇਦੀ ਨੇ ਦੱਸਿਆ, "ਪਰਮਾਤਮਾ ਨੇ ਮੈਨੂੰ ਸਹੀ ਸਮੇਂ ਉੱਥੋਂ ਹਟਾ ਕੇ ਮੈਨੂੰ ਬਚਾ ਲਿਆ,ਜੇਕਰ ਅਜਿਹਾ ਨਾ ਹੁੰਦਾ ਤਾਂ ਮੈਂ ਗ਼ੈਰ-ਕਾਨੂੰਨੀ ਹੁਕਮਾਂ ਦੀ ਪਾਲਨਾ ਕਰਦੀ ਅਤੇ ਹੋ ਸਕਦਾ ਸੀ ਮੈ ਉਨ੍ਹੀਂ-ਦਿਨੀਂ ਹੀ ਆਪਣੇ ਵਿਭਾਗ ਨਾਲ ਉਲਝ ਪੈਂਦੀ।"

ਮਹਿਲਾਵਾਂ ਦੀ ਸਥਿਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਮਹਿਲਾਵਾਂ ਦੀ ਸਥਿਤੀ ਉਸ ਸਮੇਂ ਦੌਰਾਨ ਇੰਨੀ ਮਜ਼ਬੂਤ ਨਹੀਂ ਸੀ ਕਿ ਉਹ ਕਿਸੇ ਨੂੰ ਚੁਣੌਤੀ ਦੇ ਸਕਣ।

ਮਹਿਲਾਵਾਂ ਦਾ ਦਰਦ

ਬੀਜੇਪੀ ਆਗੂ ਤੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਆਖਿਆ ਕਿ ਉਸ ਸਮੇਂ ਦੌਰਾਨ ਮਹਿਲਾਵਾਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਦੁਕਾਨਾਂ ਅਤੇ ਫ਼ੈਕਟਰੀਆਂ ਵਿਚ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਪੈਸਾ ਦੀ ਕਮੀ ਕਾਰਨ ਬਹੁਤ ਸਾਰੇ ਬੱਚਿਆਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ।

ਤਸਵੀਰ ਸਰੋਤ, Getty Images

ਲਕਸ਼ਮੀ ਚਾਵਲਾ, ਜੋ ਸਿਆਸਤ ਦੇ ਨਾਲ-ਨਾਲ ਕਾਲਜ ਅਧਿਆਪਕ ਅਤੇ ਸਮਾਜ ਸੇਵਾ ਲਈ ਕਾਫ਼ੀ ਸਰਗਰਮ ਰਹੇ ਨੇ ਦੱਸਿਆ, "ਪਤੀ ਦੇ ਜੇਲ੍ਹ ਚਲੇ ਜਾਣ ਤੋਂ ਬਾਅਦ ਮਹਿਲਾਵਾਂ ਨੂੰ ਘਰ ਦੇ ਨਾਲ ਨਾਲ ਕਾਨੂੰਨੀ ਕਾਰਵਾਈ ਲਈ ਅਰਜੋਈ ਕਰਨੀ ਪੈਂਦੀ ਸੀ।

ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਹੈ, "ਪੰਜਾਬ ਵਿਚ ਕਿਸੇ ਵੀ ਮਹਿਲਾ ਨੂੰ ਐਮਰਜੈਂਸੀ ਦੌਰਾਨ ਗ੍ਰਿਫਤਾਰ ਨਹੀਂ ਕੀਤਾ ਗਿਆ...ਸ਼ਾਇਦ ਮੈਂ ਪਹਿਲੀ ਮਹਿਲਾ ਹੁੰਦੀ ਜੇਕਰ ਅਜਿਹਾ ਹੁੰਦਾ।"

(ਕਿਰਨ ਬੇਦੀ ਅਤੇ ਲਕਸ਼ਮੀ ਕਾਂਤਾ ਚਾਵਲਾ ਨਾਲ ਪੱਤਰਕਾਰ ਅਰਵਿੰਦ ਛਾਬੜਾ ਦੀ ਗੱਲਬਾਤ 'ਤੇ ਆਧਾਰਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)