ਭਾਜਪਾ ਵਿਧਾਇਕ: ਇਹ ਅਣਐਲਾਨੀ ਐਮਰਜੈਂਸੀ, ਮਾਰਕ ਟਲੀ ਦੀ ਨਾਂਹ

MARK TULLY GHANSHYAM, TIWARI

ਤਸਵੀਰ ਸਰੋਤ, Getty Images

ਰਾਜਸਥਾਨ ਤੋਂ ਭਾਜਪਾ ਦੇ 6 ਵਾਰ ਰਹੇ ਵਿਧਾਇਕ ਘਨਸ਼ਾਮ ਤਿਵਾਰੀ ਨੇ ਦੇਸ ਵਿੱਚ ਅਣਐਲਾਨੀ ਐਮਰਜੈਂਸੀ ਵਰਗੇ ਹਾਲਾਤ ਦੱਸ ਕੇ ਅਸਤੀਫ਼ਾ ਦਿੱਤਾ ਹੈ। ਪਰ ਸੀਨੀਅਰ ਪੱਤਰਕਾਰ ਮਾਰਕ ਟਲੀ ਨੇ ਮੌਜੂਦਾ ਸਮੇਂ ਨੂੰ ਐਮਰਜੈਂਸੀ ਵਰਗੇ ਹਾਲਾਤ ਨਹੀਂ ਮੰਨਿਆ ਹੈ।

ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਇਸ ਬਾਰੇ ਘਨਸ਼ਿਆਮ ਤਿਵਾਰੀ ਨਾਲ ਗੱਲਬਾਤ ਕੀਤੀ।

ਘਨਸ਼ਿਆਮ ਤਿਵਾਰੀ ਨੇ ਕਿਹਾ, "25 ਜੂਨ 1975 ਨੂੰ ਐਮਰਜੈਂਸੀ ਲੱਗੀ ਸੀ। ਉਸ ਦੌਰਾਨ ਉਨ੍ਹਾਂ ਨੇ ਸੁਪੀਰਮ ਕੋਰਟ ਵਿੱਚ ਸੀਨੀਅਰ ਹੋਣ ਨੂੰ ਪਾਸੇ ਰੱਖਦੇ ਹੋਏ ਜੱਜ ਦੀ ਨਿਯੁਕਤੀ ਕੀਤੀ ਸੀ।''

"ਪ੍ਰੈੱਸ ਤੇ ਸੈਂਸਰਸ਼ਿਪ ਲਗਾ ਦਿੱਤੀ ਗਈ ਸੀ, ਵਿਧਾਨ ਸਭਾ ਅਤੇ ਲੋਕਸਭਾ ਨੂੰ ਨਕਾਰਾ ਕਰ ਦਿੱਤਾ ਸੀ ਅਤੇ ਸੰਵਿਧਾਨਕ ਸੰਸਥਾਵਾਂ ਦੀ ਬੇਅਦਬੀ ਹੋਈ ਸੀ।''

ਤਸਵੀਰ ਸਰੋਤ, Ghanshyam tiwari/facebook

ਤਸਵੀਰ ਕੈਪਸ਼ਨ,

ਭਾਜਪਾ ਦੇ ਰਾਜਸਥਾਨ ਤੋਂ 6 ਵਾਰ ਵਿਧਾਇਕ ਰਹੇ ਘਨਸ਼ਿਆਮ ਤਿਵਾਰੀ ਅਨੁਸਾਰ ਦੇਸ ਵਿੱਚ ਐਮਰਜੈਂਸੀ ਵਰਗੇ ਹਾਲਾਤ ਹਨ

"ਉਸ ਤੋਂ ਬਾਅਦ 1977 ਵਿੱਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਆਈ ਤੇ ਉਨ੍ਹਾਂ ਨੇ ਸੰਵਿਧਾਨ ਵਿੱਚ ਅਜਿਹੀ ਸੋਧ ਕੀਤੀ ਤਾਂ ਜੋ ਸਿੱਧੀ ਐਮਰਜੈਂਸੀ ਨਾ ਲਗਾਈ ਜਾ ਸਕੇ ਇਸ ਲਈ ਹੁਣ ਅਣ-ਐਲਾਨੀ ਐਮਰਜੈਂਸੀ ਲਗਾਈ ਜਾਂਦੀ ਹੈ।''

ਉਨ੍ਹਾਂ ਕਿਹਾ, "ਜਿਵੇਂ ਇੱਕ ਜੱਜ ਨੇ ਸਰਕਾਰ ਖਿਲਾਫ਼ ਫ਼ੈਸਲਾ ਦੇ ਦਿੱਤਾ ਤਾਂ ਉਸ ਦੀ ਸੁਪਰੀਮ ਕੋਰਟ ਵਿੱਚ ਨਿਯੁਕਤੀ ਨਹੀਂ ਹੁੰਦੀ ਜਾਂ ਪ੍ਰੈੱਸ ਵਿੱਚ ਸਰਕਾਰ ਦੇ ਖ਼ਿਲਾਫ਼ ਲਿਖਣ ਵਾਲਿਆਂ 'ਤੇ ਛਾਪੇ ਮਰਵਾਏ ਜਾਂਦੇ ਹਨ ਤੇ ਹੋਰ ਸਖ਼ਤੀ ਵਰਤੀ ਜਾਂਦੀ ਹੈ।''

'ਦੇਸ ਵਿੱਚ ਇੱਕੋ ਨਾਂ ਦਾ ਦਬਦਬਾ'

"ਜਿਵੇਂ ਪਹਿਲਾਂ ਇੱਕ ਨਾਅਰਾ ਹੋ ਗਿਆ ਸੀ, 'ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ', ਉਸੇ ਤਰ੍ਹਾਂ ਅੱਜ ਦੇਸ ਵਿੱਚ ਹੀ ਇੱਕੋ ਨਾਂ ਹੋ ਗਿਆ ਹੈ। ਪਾਰਟੀ ਵਿੱਚ ਕੋਈ ਸੁਣਨ ਵਾਲਾ ਨਹੀਂ ਹੈ ਅਤੇ ਇਸੇ ਨੂੰ ਅਣ-ਐਲਾਨੀ ਐਮਰਜੈਂਸੀ ਹੀ ਕਹਾਂਗਾ।''

ਘਨਸ਼ਿਆਮ ਤਿਵਾਰੀ ਨੇ ਕਿਹਾ ਕਿ ਪਾਰਟੀ ਵਿੱਚ ਹੋਰ ਲੋਕ ਵੀ ਬੋਲਣਾ ਚਾਹੁੰਦੇ ਹਨ ਪਰ ਬੋਲ ਨਹੀਂ ਪਾ ਰਹੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਰਕ ਟਲੀ ਮੰਨਦੇ ਹਨ ਕਿ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਘੱਟ ਗਿਣਤੀ ਵਿੱਚ ਡਰ ਦਾ ਮਾਹੌਲ ਹੈ

ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਫਿਰ ਤੁਸੀਂ ਕਿਉਂ ਬੋਲ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ, "ਜਦੋਂ ਮੈਂ 27 ਸਾਲ ਦੀ ਉਮਰ ਵਿੱਚ ਐਮਰਜੈਂਸੀ ਵੇਲੇ ਬੋਲਿਆ ਸੀ ਤਾਂ ਹੁਣ ਕਿਉਂ ਨਹੀਂ ਬੋਲ ਸਕਦਾ। ਮੈਂ ਆਪਣੇ ਅਸਤੀਫ਼ੇ ਦਾ ਦਿਨ ਵੀ 25 ਜੂਨ ਨੂੰ ਇਸੇ ਲਈ ਚੁਣਿਆ ਹੈ ਕਿਉਂਕਿ ਇਸੇ ਦਿਨ ਮੇਰੀ ਐਮਰਜੈਂਸੀ ਵੇਲੇ ਗ੍ਰਿਫ਼ਤਾਰੀ ਹੋਈ ਸੀ।''

ਐਮਰਜੈਂਸੀ ਦੌਰਾਨ ਪੱਤਕਾਰੀ ਵਿੱਚ ਸਰਗਰਮ ਰਹੇ ਮਾਰਕ ਟਲੀ ਮੰਨਦੇ ਹਨ ਕਿ ਦੇਸ ਵਿੱਚ ਅਜੇ ਐਮਰਜੈਂਸੀ ਵਰਗੇ ਹਾਲਾਤ ਨਹੀਂ ਹਨ।

'ਸੰਵਿਧਾਨ ਅਜੇ ਕਾਇਮ ਹੈ'

ਮਾਰਕ ਟਲੀ ਨੇ ਐਮਰਜੈਂਸੀ ਅਤੇ ਉਸ ਕਰਕੇ ਉਪਜੇ ਹਾਲਾਤ ਨੂੰ ਕਾਫੀ ਨੇੜਿਓਂ ਵੇਖਿਆ ਹੈ।

ਉਨ੍ਹਾਂ ਨੇ ਆਪਣੇ ਇਹ ਵਿਚਾਰ ਜੌਨ ਦਿਆਲ ਅਤੇ ਅਜੇ ਬੌਸ ਵੱਲੋਂ ਲਿਖੀ ਕਿਤਾਬ, 'ਫੌਰ ਰੀਜ਼ਨ: ਡੈਲੀ ਅੰਡਰ ਐਮਰਜੈਂਸੀ' ਦੇ ਫਾਰਵਰਡ ਵਿੱਚ ਲਿਖੇ ਹਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਾਬਕਾ ਬੀਬੀਸੀ ਪੱਤਰਕਾਰ ਮਾਰਕ ਟਲੀ ਅਨੁਸਾਰ ਅਜੇ ਭਾਰਤ ਵਿੱਚ ਐਮਰਜੈਂਸੀ ਵਰਗੇ ਹਾਲਾਤ ਨਹੀਂ ਹਨ।

ਮਾਰਕ ਟਲੀ ਦਾ ਕਹਿਣਾ ਹੈ, "ਅੱਜ ਫਿਰ ਪੂਰੀ ਬਹੁਮਤ ਵਾਲੀ ਸਰਕਾਰ ਹੈ ਅਤੇ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦਾ ਆਪਣੀ ਪਾਰਟੀ 'ਤੇ ਦਬਦਬਾ ਹੈ। ਇਸ ਕਰਕੇ ਡਰ ਦਾ ਮਾਹੌਲ ਦਾ ਪੈਦਾ ਹੋ ਗਿਆ ਹੈ। ਕੁਝ ਭਾਈਚਾਰਿਆਂ ਵਿੱਚ ਖ਼ਾਸਕਰ ਮੁਸਲਮਾਨਾਂ ਵਿੱਚ ਇਹ ਡਰ ਵਧੇਰੇ ਹੈ ਕਿਉਂਕਿ ਹਿੰਦੂ ਗਰਮ ਖਿਆਲੀਆਂ ਦਾ ਦਬਦਬਾ ਵਧਿਆ ਹੈ।''

ਉਨ੍ਹਾਂ ਕਿਹਾ, "ਪਰ ਇਨ੍ਹਾਂ ਹਾਲਾਤ ਨੂੰ ਐਮਰਜੈਂਸੀ ਕਹਿਣਾ ਗ਼ਲਤ ਹੈ ਕਿਉਂਕਿ ਸੰਵਿਧਾਨ ਸਸਪੈਂਡ ਨਹੀਂ ਹੋਇਆ ਹੈ ਤੇ ਮੂਲ ਹੱਕ ਵੀ ਅਜੇ ਸੁਰੱਖਿਅਤ ਹਨ। ਪ੍ਰੈੱਸ ਨੂੰ ਵੀ ਸੈਂਸਰ ਨਹੀਂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਿਰੋਧੀ ਧਿਰ ਦੇ ਆਗੂਆਂ ਦੀ ਗ੍ਰਿਫ਼ਤਾਰੀ ਹੋਈ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)