ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਦਾ ਖ਼ਸਤਾ ਹਾਲ

ਮਹਾਰਾਜਾ ਰਣਜੀਤ ਸਿੰਘ ਦੀ ਸੰਧੀ

ਪਹਿਲੇ ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮੌਜੂਦਾ ਰੋਪੜ ਜ਼ਿਲ੍ਹੇ ਦੇ ਸਤਲੁਜ ਦਰਿਆ ਤੋਂ ਸ਼ੁਰੂ ਹੋ ਕੇ ਅਫ਼ਗਾਨਿਸਤਾਨ ਦੇ ਜਮਰੌਦ ਇਲਾਕੇ ਤੱਕ ਸੀ। ਉਨ੍ਹਾਂ ਨੇ ਪੰਜਾਬ 'ਤੇ 1839 ਤੱਕ ਰਾਜ ਕੀਤਾ।

ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੀਆਂ ਨਿਸ਼ਾਨੀਆਂ ਨੂੰ ਸੰਭਾਲਣ ਵਿੱਚ ਸਿੱਖ ਸੰਗਠਨਾਂ ਜਾਂ ਸਰਕਾਰਾਂ ਨੇ ਕੋਈ ਖ਼ਾਸ ਯਤਨ ਨਹੀਂ ਕੀਤਾ।

ਇਹ ਵੀ ਪੜ੍ਹੋ-

ਰੋਪੜ ਦੇ ਸਤਲੁਜ ਦਰਿਆ ਦਾ ਕਿਨਾਰਾ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸਮੋਈ ਤਾਂ ਬੈਠਾ ਹੈ ਪਰ ਇਹ ਸੰਭਾਲ ਪੱਖੋਂ ਬਹੁਤ ਖ਼ਸਤਾ ਹਾਲ ਵਿੱਚ ਹਨ।

ਇਤਿਹਾਸਕ ਵੇਰਵਿਆਂ ਮੁਤਾਬਕ ਸਤਲੁਜ ਦਰਿਆ ਦੇ ਕੰਢੇ ਪਿੱਪਲ ਦੇ ਦਰੱਖ਼ਤ ਹੇਠ 26 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਦੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿਨਕ ਨਾਲ ਇਤਿਹਾਸਕ ਸੰਧੀ ਉੱਤੇ ਹਸਤਾਖ਼ਰ ਕੀਤੇ ਸਨ।

ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਰਿਆ ਪਾਰ ਕਰ ਕੇ ਅੰਗਰੇਜ਼ ਹਕੂਮਤ ਦੇ ਖੇਤਰ ਵਿੱਚ ਆਏ ਅਤੇ ਦਰਿਆ ਦੇ ਦੂਜੇ ਕੰਢੇ ਉੱਤੇ ਸ਼ਿਵਾਲਿਕ ਦੀ ਪਹਾੜੀ ਉੱਤੇ ਇੱਕ ਅਸ਼ਟ ਧਾਤੂ ਦਾ ਨਿਸ਼ਾਨ-ਏ-ਖ਼ਾਲਸਾ ਸਥਾਪਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਤੋਂ ਬਾਅਦ ਹੋਰ ਨਿਸ਼ਾਨੀਆਂ ਤਾਂ ਖ਼ਤਮ ਹੋ ਗਈਆਂ ਪਰ ਅਸ਼ਟ ਧਾਤੂ ਦਾ ਨਿਸ਼ਾਨ ਉੱਥੇ ਹੀ ਲੱਗਿਆ ਰਿਹਾ, ਜਿਸ ਦੀ ਸੰਭਾਲ ਨਾ ਹੋਣ ਕਾਰਨ ਉੱਥੋਂ ਗ਼ਾਇਬ ਹੋ ਗਿਆ।

ਸਥਾਨਕ ਪੱਤਰਕਾਰ ਸਰਬਜੀਤ ਸਿੰਘ ਮੁਤਾਬਕ ਸ਼ਹਿਰ ਦੇ ਕੁਝ ਲੋਕਾਂ ਨੇ ਮਿਲ ਕੇ ਪੰਜਾਬ ਹੈਰੀਟੇਜ ਫਾਊਡੇਸ਼ਨ ਅਤੇ ਵਾਤਾਵਰਨ ਸੁਸਾਇਟੀ ਵੱਲੋਂ ਇਸ ਮੁੱਦੇ ਨੂੰ ਸਰਕਾਰ ਕੋਲ ਚੁੱਕਿਆ ਪਰ ਇਸ 'ਤੇ ਕੁਝ ਵੀ ਨਹੀਂ ਹੋਇਆ। ਸਿਰਫ਼ ਲੋਕਾਂ ਨੇ ਅਸ਼ਟ ਧਾਤੂ ਦੇ ਖੰਡੇ ਦੀ ਥਾਂ ਲੋਹੇ ਦਾ ਨਿਸ਼ਾਨ ਸਾਹਿਬ ਉਸ ਪਹਾੜੀ ਉੱਤੇ ਸਥਾਪਤ ਕਰ ਦਿੱਤਾ।

ਇਸ ਸੁਸਾਇਟੀ ਵੱਲੋਂ ਤਤਕਾਲੀ ਕੇਂਦਰੀ ਕੈਬਨਿਟ ਮੰਤਰੀ ਸੁਖਦੇਵ ਸਿੰਘ ਢੀਂਡਸਾ ਕੋਲੋਂ 19 ਅਕਤੂਬਰ 2001 ਨੂੰ ਉਪਰੋਕਤ ਪਹਾੜੀ ਨੂੰ ਵਿਰਾਸਤੀ ਪਹਾੜੀ ਐਲਾਨ ਕਰਵਾ ਕੇ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਬਣਾਉਣ ਦਾ ਨੀਂਹ ਪੱਥਰ ਰਖਵਾਇਆ ਜੋ 18 ਸਾਲ ਬਾਅਦ ਵੀ ਅਧੂਰਾ ਹੈ।

ਉਸ ਪਹਾੜੀ ਤੱਕ ਪਹੁੰਚਣ ਲਈ ਕੋਈ ਰਸਤਾ ਵੀ ਨਹੀਂ ਹੈ ਕਿਉਂਕਿ ਇਸ ਦੇ ਆਲੇ-ਦੁਆਲੇ ਇੱਕ ਨਿੱਜੀ ਕੰਪਨੀ ਨੇ ਕਬਜ਼ਾ ਕੀਤਾ ਹੋਇਆ ਹੈ। ਭਾਵੇਂ ਲੋਕਾਂ ਦੇ ਵਿਰੋਧ ਕਰ ਕੇ ਇਸ ਪਹਾੜੀ ਦਾ ਕੁਝ ਹਿੱਸਾ ਬਚਾ ਲਿਆ ਗਿਆ ਪਰ ਇੱਥੋਂ ਤੱਕ ਪਹੁੰਚਣ ਲਈ ਸੈਲਾਨੀਆਂ ਨੂੰ ਉਸ ਨਿੱਜੀ ਕੰਪਨੀ ਦੀ ਸੁਰੱਖਿਆ ਛੱਤਰੀ ਦੇ ਹੇਠ ਹੀ ਜਾਣਾ ਪੈਂਦਾ ਹੈ।

ਇੱਥੇ ਸਥਾਪਤ ਕੀਤੇ ਗਏ ਪੱਥਰਾਂ ਉੱਤੇ ਇਸ ਥਾਂ ਦੇ ਇਤਿਹਾਸਕ ਮਹੱਤਵ ਨੂੰ ਦੱਸਦਿਆਂ ਲਿਖਿਆ ਗਿਆ ਹੈ ਕਿ ਇਹ ਥਾਂ ਭਾਰਤ ਦੀ ਆਜ਼ਾਦੀ ਦੇ ਘੁਲਾਟੀਆਂ ਅਤੇ ਪੰਜਾਬੀਆਂ ਲਈ ਪ੍ਰੇਰਨਾ ਦਾ ਸਰੋਤ ਰਿਹਾ ਹੈ। ਇੱਥੇ ਕਿਸੇ ਅਣਪਛਾਤੇ ਕਵੀ ਦੀਆਂ ਇਹ ਸਤਰਾਂ ਲਿਖੀਆਂ ਹੋਈਆਂ ਹਨ:

"ਯਹਿ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ ਪੇ ਲੁਟੇ ਹੋਏ ਰਣਜੀਤ ਸਿੰਘ ਸਿਰਦਾਰ ਕੀ"

(ਇਹ ਰਿਪੋਰਟ ਜੂਨ 2018 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ )

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)