ਜੇ ਮੈ ਲੋਕਾਂ ‘ਚ ਜਾਣ ਤੋਂ ਹੀ ਡਰਾਂ, ਤਾਂ ਲਾਹਨਤਾਂ ਮੇਰੇ ਗਾਉਣ ‘ਤੇ-ਗੁਰਦਾਸ ਮਾਨ

ਗੁਰਦਾਸ ਮਾਨ ਅਨੁਸਾਰ ਕਲਾਕਾਰ ਨੂੰ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੇਸ਼ ਕਰ ਰਿਹਾ ਹੈ Image copyright Getty Images
ਫੋਟੋ ਕੈਪਸ਼ਨ ਗੁਰਦਾਸ ਮਾਨ ਅਨੁਸਾਰ ਕਲਾਕਾਰ ਨੂੰ ਖੁਦ ਪਤਾ ਹੋਣਾ ਚਾਹੀਦਾ ਹੈ ਕਿ ਉਹ ਪੇਸ਼ ਕਰ ਰਿਹਾ ਹੈ

"ਜੇ ਲੋਕ ਮੈਨੂੰ ਅਤੇ ਮੇਰੇ ਗੀਤਾਂ ਨੂੰ ਪਿਆਰ ਕਰਦੇ ਹਨ ਜੇ ਮੈਂ ਉਨ੍ਹਾਂ ਵਿੱਚ ਜਾਣ ਤੋਂ ਹੀ ਡਰਾਂ ਤਾਂ ਲੱਖ ਲਾਹਨਤਾਂ ਮੇਰੇ ਗੀਤ ਗਾਉਣ ਉੱਤੇ।"

ਇਹ ਸ਼ਬਦ ਹਨ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗੁਰਦਾਸ ਮਾਨ ਦੇ।

ਗੁਰਦਾਸ ਮਾਨ ਦੀ ਇਹ ਪ੍ਰਤੀਕ੍ਰਿਆ ਪੰਜਾਬੀ ਗਾਇਕਾਂ ਵਿਚ ਬਾਊਂਸਰ ਰੱਖਣ ਦੇ ਵਧ ਰਹੇ ਰੁਝਾਨ ਅਤੇ ਪੰਜਾਬੀ ਗੀਤਾਂ ਵਿੱਚ ਮਾੜੀ ਸ਼ਬਦਾਵਾਲੀ ਬਾਰੇ ਪੁੱਛੇ ਗਏ ਸਵਾਲ ਬਾਰੇ ਸਨ।

ਉਨ੍ਹਾਂ ਕਿਹਾ ਕਿ ਜੋ ਦੌਰ ਚੱਲ ਰਿਹਾ ਹੈ ਉਸ ਤੋਂ ਰੱਬ ਹੀ ਬਚਾਏ, ਬੱਸ "ਅੱਲ੍ਹਾ ਬਚਾਏ ਇੰਨ ਨੌਜਵਾਨੋਂ ਸੇ।"

ਗੁਰਦਾਸ ਮਾਨ ਅੱਜ-ਕੱਲ੍ਹ ਆਪਣੀ ਰਿਲੀਜ਼ ਹੋਣ ਵਾਲੀ ਫ਼ਿਲਮ "ਨਨਕਾਣਾ" ਕਾਰਨ ਚਰਚਾ ਵਿੱਚ ਹਨ। ਇਸ ਫ਼ਿਲਮ ਨੂੰ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ 1947 ਤੋਂ ਪਹਿਲਾਂ ਦੇ ਦੌਰ ਦੀ ਗੱਲ ਕਰਦੀ ਹੈ।

ਕਲਾਕਾਰਾਂ ਨੂੰ ਸਲਾਹ

ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਵਿੱਚ ਵਿਚਰ ਰਹੇ ਗੁਰਦਾਸ ਮਾਨ ਨੇ ਕਿਹਾ, "ਕਲਾਕਾਰ ਲੋਕਾਂ ਦਾ ਹੁੰਦਾ ਹੈ ਕਿਉਂਕਿ ਲੋਕ ਹੀ ਉਸ ਨੂੰ ਬਣਾਉਂਦੇ ਹਨ ਅਤੇ ਅਜਿਹੇ ਕੰਮ ਹੀ ਨਾ ਕਰੋ ਜਿਸ ਤੋਂ ਡਰ ਲੱਗੇ।"

Image copyright Getty Images

ਆਪਣੇ ਨਿੱਜੀ ਤਜਰਬੇ ਬਾਰੇ ਗੁਰਦਾਸ ਮਾਨ ਨੇ ਕਿਹਾ, "ਮੈਨੂੰ ਲੋਕਾਂ ਤੋਂ ਤਾਕਤ ਮਿਲਦੀ ਹੈ ਇਸ ਲਈ ਮੈਂ ਉਨ੍ਹਾਂ ਨੂੰ ਮਿਲੇ ਬਿਨਾਂ ਰਹਿ ਨਹੀਂ ਸਕਦਾ।''

ਕੀ ਹੈ ਟਰੰਪ ਦਾ ਯਾਤਰਾ ਪਾਬੰਦੀ 'ਤੇ ਫਰਮਾਨ?

ਔਰਤ ਜਿਸ ਨੇ ਆਪਣੇ 'ਬਲਾਤਕਾਰੀ' ਨੂੰ ਹੱਥਕੜੀ ਲਾਈ

ਆਪਣੇ ਮਨ ਦੀ ਤਾਂਘ ਨੂੰ ਮਾਨ ਨੇ ਇਸ ਤਰੀਕੇ ਨਾਲ ਸ਼ਾਇਰਾਨਾ ਅੰਦਾਜ਼ ਵਿਚ ਬਿਆਨ ਕੀਤਾ।

'ਮੇਰਾ ਪੈਰ ਪਿਛਾਂਹ ਨੂੰ ਜਾਵੇ ਮਿੱਤਰਾਂ ਦਾ ਪਿੰਡ ਲੰਘ ਕੇ'

ਪੰਜਾਬ ਦੇ ਮੌਜੂਦਾ ਹਾਲਤਾਂ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤ "ਪੰਜਾਬ" ਰਾਹੀਂ ਇਸ ਦਰਦ ਨੂੰ ਬਿਆਨ ਕੀਤਾ ਹੈ। ਉਹ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਜਾਂ ਫਿਰ ਡਰੱਗਜ਼ ਦਾ।

1984 ਦਾ ਦਰਦ ਗੀਤ ਰਾਹੀਂ...

ਉਨ੍ਹਾਂ ਅੱਗੇ ਕਿਹਾ ਕਿ 1984 ਵਿੱਚ ਜੋ ਕੁਝ ਦਿੱਲੀ ਹੋਇਆ ਉਦੋਂ ਉਨ੍ਹਾਂ ਨੇ ਉਸ ਪੀੜ ਨੂੰ "ਮੈਂ ਧਰਤੀ ਪੰਜਾਬ ਦੀ ਲੋਕੋਂ ਵੱਸਦੀ ਉੱਜੜ ਗਈ" ਰਾਹੀਂ ਬਿਆਨ ਕੀਤਾ। ਉਹਨਾਂ ਕਿਹਾ ਕਿ ਇੱਕ ਚੰਗਾ ਗੀਤ ਦੇਣ ਤੋਂ ਬਾਅਦ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ।

Image copyright Getty Images

ਪੰਜਾਬੀ ਗੀਤਾਂ ਵਿਚ ਮਾੜੀ ਸ਼ਬਦਾਵਲੀ ਦੇ ਮੁੱਦੇ ਉੱਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਾਨ ਨੇ ਕਿਹਾ ਕਿ ਇਹ ਲੇਖਕ ਜਾਂ ਗਾਉਣ ਵਾਲੇ ਦੀ ਖ਼ੁਦ ਦੀ ਜ਼ਿੰਮੇਵਾਰੀ ਹੈ ਕਿ ਉਹ ਕੀ ਲਿਖ ਰਹੇ ਹਨ।

ਉਨ੍ਹਾਂ ਕਿਹਾ ਕਿ ਕੋਈ ਵੀ ਲੇਖਕ ਅਤੇ ਗੀਤਕਾਰ ਕੁਝ ਵੀ ਲਿਖਣ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰੇ ਕਿ ਜੋ ਕੁਝ ਲਿਖਿਆ ਹੈ ਉਹ ਸਹੀ ਹੈ ਜਾਂ ਗਲਤ।

ਉਨ੍ਹਾਂ ਸਵਾਲ ਕੀਤਾ ਕਿ ਜੇ ਗੀਤਕਾਰ ਆਪਣੀ ਲਿਖਤ ਨਾਲ ਇਨਸਾਫ਼ ਨਹੀਂ ਕਰ ਸਕਦਾ ਤਾਂ ਫਿਰ ਉਹ ਦੂਜੇ ਤੋਂ ਇਨਸਾਫ਼ ਦੀ ਉਮੀਦ ਨਹੀਂ ਰੱਖ ਸਕਦਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)