ਜਦੋਂ ਪੂਰੇ ਥਾਣੇ ਦੇ ਮੁਲਾਜ਼ਮ ਕੀਤੇ ਗਏ ਲਾਈਨ-ਹਾਜ਼ਰ

ਪੁਲਿਸਵਾਲੇ Image copyright Brajesh

ਇੱਕ 14 ਸਾਲ ਦੇ ਸਬਜ਼ੀ ਵੇਚਣ ਵਾਲੇ ਕਾਰਨ ਪਟਨਾ ਦੇ ਥਾਣੇ ਦੇ ਮੁਲਾਜ਼ਮਾਂ ਨੂੰ ਲਾਈਨ-ਹਾਜ਼ਰ ਕੀਤਾ ਗਿਆ।

ਸੁਰੇਸ਼ (ਬਦਲਿਆ ਨਾਂ) ਪਟਨਾ ਦੇ ਇੱਕ ਬਾਜ਼ਾਰ ਵਿੱਚ ਆਪਣੇ ਪਿਤਾ ਨਾਲ ਸਬਜ਼ੀਆਂ ਵੇਚਦਾ ਸੀ ਤੇ ਪੁਲਿਸ ਵਾਲਿਆਂ ਨੂੰ ਮੁਫਤ ਵਿੱਚ ਸਬਜ਼ੀ ਦੇਣ ਤੋਂ ਇਨਕਾਰ ਕਰਦਾ ਸੀ।

ਇਸ ਕਰਕੇ ਪੁਲਿਸ ਵਾਲਿਆਂ ਨੇ ਉਸਨੂੰ ਝੂਠੇ ਮਾਮਲੇ ਵਿੱਚ ਫਸਾ ਕੇ ਜੇਲ੍ਹ 'ਚ ਡੱਕ ਦਿੱਤਾ।

ਸੁਰੇਸ਼ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ, ''ਮੇਰਾ ਬੱਚਾ ਪੁਲਿਸ ਵਾਲਿਆਂ ਨੂੰ ਮੁਫ਼ਤ ਸਬਜ਼ੀ ਨਹੀਂ ਦਿੰਦਾ ਸੀ, ਬਸ ਇਹੀ ਉਸ ਦੀ ਗਲਤੀ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਪੁਲਿਸ ਵਾਲੇ ਉਸ ਨੂੰ ਧਮਕੀਆਂ ਦਿੰਦੇ ਸੀ।''

ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਉਹ ਆਪਣੇ ਬੇਟੇ ਨਾਲ ਸਬਜ਼ੀ ਵੇਚ ਕੇ ਘਰ ਪਰਤ ਰਿਹਾ ਸੀ ਕਿ ਅਗਮਕੁਆਂ ਥਾਣੇ ਦੀ ਪੁਲਿਸ ਸੁਰੇਸ਼ ਨੂੰ ਫੜਕੇ ਲੈ ਗਈ।

ਸੁਰੇਸ਼ ਦੇ ਪਰਿਵਾਰ ਨੇ ਉਸ ਬਾਰੇ ਜਾਣਕਾਰੀ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਵੀ ਹੱਥ ਨਹੀਂ ਲੱਗਿਆ। 21 ਮਾਰਚ ਨੂੰ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਬਾਈਕ ਲੁੱਟਣ ਦੇ ਦੋਸ਼ ਵਿੱਚ ਸੁਰੇਸ਼ ਨੂੰ ਜੇਲ੍ਹ ਅੰਦਰ ਬੰਦ ਕੀਤਾ ਗਿਆ ਹੈ।

Image copyright Brajesh

ਜਾਂਚ ਪੜਤਾਲ ਵਿੱਚ ਸਾਹਮਣੇ ਆਇਆ ਕਿ ਆਧਾਰ ਕਾਰਡ ਵਿੱਚ ਸੁਰੇਸ਼ ਦੀ ਉਮਰ 14 ਸਾਲ ਲਿਖੀ ਗਈ ਹੈ, ਜਦਕਿ ਪੁਲਿਸ ਨੇ ਉਸ ਦੀ ਉਮਰ 18 ਸਾਲ ਦੱਸ ਕੇ ਰਿਮਾਂਡ ਹੋਮ ਵਿੱਚ ਭੇਜਣ ਦੀ ਥਾਂ ਉਸ ਨੂੰ ਜੇਲ੍ਹ 'ਚ ਭੇਜ ਦਿੱਤਾ ਹੈ।

ਸਥਾਨਕ ਮੀਡੀਆ ਵਿੱਚ ਖ਼ਬਰ ਆਉਣ 'ਤੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਜਾਂਚ ਟੀਮ ਬਣਾਉਣ ਦਾ ਆਦੇਸ਼ ਦਿੱਤਾ ਅਤੇ ਜਾਂਚ ਤੋਂ ਬਾਅਦ 12 ਪੁਲਿਸ ਕਰਮੀਆਂ ਨੂੰ ਸਸਪੈਂਡ ਕੀਤਾ ਗਿਆ।

ਇੰਨਾ ਹੀ ਨਹੀਂ, ਪੂਰੇ ਅਗਮਕੁਆਂ ਥਾਣੇ ਦੇ ਮੁਲਾਜ਼ਮਾਂ ਨੂੰ ਲਾਈਨ-ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਪਟਨਾ ਜ਼ੋਨ ਦੇ ਆਈਜੀ ਨਈਅਰ ਹਸਨੈਨ ਖ਼ਾਨ ਨੇ ਉੱਥੇ ਨਵੇਂ ਪੁਲਿਸ ਕਰਮੀਆਂ ਦੀ ਤਾਇਨਾਤੀ ਕਰਨ ਦੇ ਆਦੇਸ਼ ਦਿੱਤੇ ਹਨ।

ਪਟਨਾ ਦੇ ਸਾਬਕਾ ਏਐਸਪੀ ਹਰਿਮੋਹਨ ਸ਼ੁਕਲਾ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।

ਕਾਰਵਾਈ ਤੋਂ ਬਾਅਦ ਤਿੰਨ ਮਹੀਨੇ ਤੋਂ ਪ੍ਰੇਸ਼ਾਨ ਸੁਰੇਸ਼ ਦੇ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ। ਸੁਰੇਸ਼ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ, ''ਹੁਣ ਤੱਕ ਨਿਆਂ ਮਿਲਿਆ ਹੈ, ਅੱਗੇ ਵੀ ਉਮੀਦ ਹੈ ਕਿ ਫੈਸਲਾ ਸਾਡੇ ਪੱਖ ਵਿੱਚ ਹੀ ਆਵੇਗਾ।''

ਕਰਜ਼ੇ ਵਿੱਚ ਡੁੱਬਿਆ ਪਰਿਵਾਰ

ਸੁਰੇਸ਼ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਉਸ ਦੇ ਪਰਿਵਾਰ 'ਤੇ ਦੋ ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ।

ਸੁਰੇਸ਼ ਦਾ ਪਰਿਵਾਰ ਕਿਰਾਏ ਦੇ ਇੱਕ ਮਕਾਨ ਵਿੱਚ ਰਹਿੰਦਾ ਹੈ।

ਪਰਿਵਾਰ ਵਿੱਚ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਹੈ। ਸਿਰਫ ਸੁਰੇਸ਼ ਦੀ ਛੋਟੀ ਭੈਣ ਇੱਕ ਸਰਕਾਰੀ ਸਕੂਲ ਵਿੱਚ ਪਹਿਲੀ ਜਮਾਤ ਦੀ ਵਿਦਿਆਰਥਣ ਹੈ।

ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਸੁਰੇਸ਼ ਨੂੰ ਮਿਲੇ ਸਨ ਅਤੇ ਉਹ ਦਹਿਸ਼ਤ ਵਿੱਚ ਹੈ। ਉਨ੍ਹਾਂ ਕਿਹਾ, ''ਪੁਲਿਸ ਨੇ ਉਸਨੂੰ ਬਹੁਤ ਕੁੱਟਿਆ ਹੈ। ਹੋ ਸਕਦਾ ਹੈ ਕਿ ਉਹ ਬਾਹਰ ਆ ਜਾਵੇ, ਪਰ ਪੁਲਿਸ ਦੀ ਦਹਿਸ਼ਤ 'ਚੋਂ ਬਾਹਰ ਕਿਵੇਂ ਆਵੇਗਾ?''

ਹਾਲਾਂਕਿ ਉਹ ਖੁਸ਼ ਹੈ ਕਿ ਇਸ ਕਾਰਵਾਈ ਤੋਂ ਬਾਅਦ ਮੁਫ਼ਤ ਦੀਆਂ ਸਬਜ਼ੀਆਂ ਖਾਣ ਵਾਲੇ ਪੁਲਿਸ ਕਰਮੀਆਂ 'ਤੇ ਕੁਝ ਲਗਾਮ ਤਾਂ ਜ਼ਰੂਰ ਲੱਗੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ