'ਰੋਟੀ ਮਿਲੇ ਨਾ ਮਿਲੇ, ਤਿੰਨ ਟਾਈਮ ਨਸ਼ਾ ਜ਼ਰੂਰੀ ਸੀ'

ਨਸ਼ਾ ਛੱਡਣ ਵਾਲਾ ਨੌਜਵਾਨ Image copyright Sukhcharan Preet/bbc

"ਪਹਿਲੀ ਵਾਰ ਮੈਨੂੰ ਸ਼ੀਸ਼ੀ ਮੇਰੇ ਇੱਕ ਦੋਸਤ ਟੀਟੂ (ਬਦਲਿਆ ਹੋਇਆ ਨਾਮ) ਨੇ ਪਿਲਾਈ ਸੀ। ਉਦੋਂ ਮੈਂ ਬਾਰ੍ਹਵੀਂ ਪਾਸ ਕਰ ਕੇ ਨਵਾਂ-ਨਵਾਂ ਕਾਲਜ ਜਾਣ ਲੱਗਿਆ ਸੀ। ਟੀਟੂ ਦਾ ਸ਼ਹਿਰ ਦੇ ਮੁੰਡਿਆਂ ਦੇ ਇੱਕ ਨਾਮੀ ਗਰੁੱਪ ਨਾਲ ਸੰਪਰਕ ਸੀ।

"ਇਸ ਵਿੱਚ ਟੀਟੂ ਵਰਗੇ ਸਾਰੇ ਹੀ ਨਸ਼ੇ ਕਰਦੇ ਸੀ। ਇੱਕ ਦਿਨ ਮੈਨੂੰ ਵੀ ਸ਼ੀਸ਼ੀ (ਨਸ਼ੇ ਲਈ ਵਰਤੀ ਜਾਣ ਵਾਲੀ ਖੰਘ ਦੀ ਦਵਾਈ) ਪਿਲਾ ਦਿੱਤੀ। ਬਸ ਫਿਰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਜ਼ਿੰਦਗੀ ਲੀਹ ਤੋਂ ਉੱਤਰ ਗਈ, ਪੜ੍ਹਾਈ ਵੀ ਗਈ ਅਤੇ ਕਰੀਅਰ ਵੀ। ਹਾਲੇ ਵੀ ਯਕੀਨ ਨਹੀਂ ਆਉਂਦਾ ਕਿ ਉਹ ਮੈਂ ਹੀ ਸੀ ਜੋ ਸਾਰਾ ਦਿਨ ਨਸ਼ੇ ਵਿੱਚ ਹੀ ਗਵਾਚਿਆ ਰਹਿੰਦਾ ਸੀ।"

ਇਹ ਬਰਨਾਲਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ (ਬਦਲਿਆ ਹੋਇਆ ਨਾਮ) ਦੀ ਕਹਾਣੀ ਹੈ, ਜੋ ਉਸ ਨੇ ਸਾਂਝੀ ਕੀਤੀ।

Image copyright Sukhcharan Preet/bbc

'ਨਸ਼ੇ ਤੋਂ ਇਲਾਵਾ ਹੋਰ ਕਿਸੇ ਕੰਮ ਵੱਲ ਧਿਆਨ ਨਹੀਂ'

ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਬਲਜੀਤ ਪੜ੍ਹਨ ਲਿਖਣ ਵਾਲਾ ਵਿਦਿਆਰਥੀ ਸੀ। ਬਲਜੀਤ ਦੇ ਮਾਪੇ ਵੀ ਪੜ੍ਹੇ ਲਿਖੇ ਅਤੇ ਨੌਕਰੀਪੇਸ਼ਾ ਸਨ।

ਬਲਜੀਤ ਦੱਸਦਾ ਹੈ, "ਮੰਮੀ ਡੈਡੀ ਸਰਕਾਰੀ ਨੌਕਰੀ ਕਰਦੇ ਸੀ। ਘਰ ਵਿੱਚ ਮਾਹੌਲ ਅਜਿਹਾ ਸੀ ਕਿ ਨਸ਼ਾ ਤਾਂ ਕੀ ਬਾਰ੍ਹਵੀਂ ਤੱਕ ਕਦੇ ਮੀਟ ਵੀ ਨਹੀਂ ਸੀ ਖਾਧਾ। ਜਦੋਂ ਕਾਲਜ ਵਿੱਚ ਦਾਖਲਾ ਲਿਆ ਤਾਂ ਉੱਥੇ ਸੰਗਤ ਹੀ ਅਜਿਹੀ ਮਿਲੀ ਕਿ ਸਾਰਾ ਦਿਨ ਨਸ਼ੇ ਤੋਂ ਬਿਨਾਂ ਹੋਰ ਕਿਸੇ ਕੰਮ ਵੱਲ ਧਿਆਨ ਹੀ ਨਹੀਂ ਹੁੰਦਾ ਸੀ।"

Image copyright Sukhcharan Preet/bbc

ਬਲਜੀਤ ਨੇ ਇੱਕ ਪੌਲੀਟੈਕਨਿਕ ਕਾਲਜ ਵਿੱਚ ਡਿਪਲੋਮਾ ਕੋਰਸ ਵਿੱਚ ਦਾਖਲਾ ਲਿਆ ਸੀ ਪਰ ਨਸ਼ੇ ਅਤੇ ਸੰਗਤ ਕਾਰਨ ਪੜ੍ਹਾਈ ਪੂਰੀ ਨਹੀਂ ਹੋ ਸਕੀ।

ਕਾਲਜ ਦੇ ਮਾਹੌਲ ਬਾਰੇ ਬਲਜੀਤ ਦੱਸਦਾ ਹੈ, "ਜਿੱਥੇ ਅਸੀਂ ਪੜ੍ਹਦੇ ਸੀ ਉਸ ਇਲਾਕੇ ਦੇ ਇੱਕ ਨਾਮੀ ਸਿਆਸਤਦਾਨ ਦੇ ਕਰਿੰਦੇ ਕਾਲਜ ਵਿੱਚ ਆਉਂਦੇ ਅਤੇ ਪ੍ਰਧਾਨ ਚੁਣ ਜਾਂਦੇ। ਪਹਿਲੇ ਸਾਲ ਮੈਨੂੰ ਵੀ ਕਾਲਜ ਦਾ ਵਾਈਸ ਪ੍ਰੈਜੀਡੈਂਟ ਚੁਣ ਲਿਆ ਗਿਆ।

'ਸ਼ੁਗ਼ਲ-ਮੇਲਾ ਲਈ ਸ਼ੁਰੂ ਕੀਤਾ ਨਸ਼ਾ ਬਣਿਆ ਬਰਬਾਦੀ ਦਾ ਕਾਰਨ'

ਜਦੋਂ ਕੋਈ ਇਕੱਠ ਕਰਨਾ ਹੁੰਦਾ, ਉਦੋਂ ਸ਼ੀਸ਼ੀਆਂ ਦੇ ਬੈਗ ਸਾਡੇ ਕੋਲ ਪਹੁੰਚ ਜਾਂਦੇ। ਨਸ਼ੇ ਦਾ ਲਾਲਚ ਦੇ ਕੇ ਅਸੀਂ ਮੁੰਡੇ ਬੱਸਾਂ ਵਿੱਚ ਬਿਠਾ ਕੇ ਰੈਲੀਆਂ ਵਿੱਚ ਲੈ ਜਾਂਦੇ ਸੀ ਅਤੇ ਖ਼ੁਸ਼ ਹੁੰਦੇ ਸੀ ਕਿ ਸਾਡੇ ਲਿੰਕ ਬਣ ਰਹੇ ਹਨ।"

ਬਲਜੀਤ ਅਤੇ ਉਸ ਦੇ ਦੋਸਤਾਂ ਨੇ ਸ਼ੁਰੂਆਤ ਵਿੱਚ ਮਜੇ ਲਈ ਨਸ਼ਾ ਕਰਨਾ ਸ਼ੁਰੂ ਕੀਤਾ ਜੋ ਬਾਅਦ ਵਿੱਚ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਿਆ।

ਬਲਜੀਤ ਮੁਤਾਬਕ, "ਫਿਰ ਪੜ੍ਹਾਈ ਕੀ ਹੋਣੀ ਸੀ। ਪਹਿਲੇ ਦੋ ਸਮੈਸਟਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਵਿੱਚ ਕੰਪਾਰਟਮੈਂਟ ਆ ਗਈਆਂ। ਫ਼ੀਸਾਂ ਜਾਂ ਟਿਊਸ਼ਨਾਂ ਦੇ ਨਾਂ ਉੱਤੇ ਘਰੋਂ ਪੈਸੇ ਲੈਣੇ ਅਤੇ ਸ਼ੀਸ਼ੀਆਂ ਜਾਂ ਗੋਲੀਆਂ ਖਾ ਲੈਣੀਆਂ। ਰੋਟੀ ਮਿਲੇ ਨਾ ਮਿਲੇ ਪਰ ਤਿੰਨ ਟਾਈਮ ਨਸ਼ਾ ਜ਼ਰੂਰ ਕਰਦੇ ਸੀ।"

ਬਲਜੀਤ ਦਾ ਕਾਲਜ ਦਾ ਤਜ਼ਰਬਾ ਵੀ ਰੌਂਗਟੇ ਖੜੇ ਕਰਨ ਵਾਲਾ ਹੈ। ਬਲਜੀਤ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਣ ਬਾਰੇ ਦੱਸਦਾ ਹੈ, "ਕੰਪਾਰਟਮੈਂਟ ਵਾਲੇ ਪੇਪਰ ਦੇਣ ਦੇ ਬਹਾਨੇ ਕਾਲਜ ਚਲੇ ਜਾਂਦਾ। ਜਿੰਨਾ ਚਿਰ ਪੈਸੇ ਨਹੀਂ ਸੀ ਮੁੱਕਦੇ ਉੱਥੇ ਹੀ ਮੁੰਡਿਆਂ ਕੋਲ ਰਹਿਣਾ।"

"ਸਾਡੇ ਕਾਲਜ ਦੇ ਤਿੰਨ ਮੁੰਡਿਆਂ ਨੇ ਕਾਲਜ ਦੇ ਹੀ ਦੋ ਹੋਰ ਮੁੰਡਿਆਂ ਨੂੰ ਨਸ਼ੇ ਦੀ ਲੋਰ ਵਿੱਚ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ। ਮੈਂ ਉਦੋਂ ਪਿੰਡ ਹੀ ਸੀ ਉਦੋਂ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਨਸ਼ਾ ਬੰਦੇ ਨੂੰ ਕਿਸੇ ਵੀ ਪਾਸੇ ਲਿਜਾ ਸਕਦਾ ਹੈ। ਮੁੜ ਕੇ ਮੈਂ ਕਾਲਜ ਨਹੀਂ ਗਿਆ।"

ਨਸ਼ਾ ਛੱਡਣ ਦਾ ਕੀਤਾ ਫ਼ੈਸਲਾ

ਬਲਜੀਤ ਮੁਤਾਬਕ ਉਨ੍ਹਾਂ ਤਿੰਨਾਂ ਮੁੰਡਿਆਂ ਨੂੰ ਉਮਰ ਕੈਦ ਹੋ ਗਈ। ਉਸ ਦੇ ਨਾਲ ਦੇ ਦੋ ਮੁੰਡੇ ਹੀ ਪਾਸ ਹੋਏ ਅਤੇ ਦੋਵੇਂ ਵਿਦੇਸ਼ ਚਲੇ ਗਏ, ਬਾਕੀ ਸਾਰਿਆਂ ਦੀਆਂ ਕੰਪਾਰਟਮੈਂਟਸ ਆਈਆਂ ਸੀ। ਜਿਹੜੇ ਘਰੋਂ ਸੌਖੇ ਸੀ ਉਹ ਘਰ ਦੇ ਕੰਮਾਂ ਵਿੱਚ ਲੱਗ ਗਏ ਕਈ ਹਾਲੇ ਵੀ ਭਟਕ ਰਹੇ ਹਨ।

ਨਸ਼ੇ ਤੋਂ ਖਹਿੜਾ ਛੁੱਟਣ ਦੇ ਬਾਰੇ ਬਲਜੀਤ ਕਹਿੰਦਾ ਹੈ, "ਕਾਲਜ ਤੋਂ ਆ ਕੇ ਵੀ ਘਰਦਿਆਂ ਤੋਂ ਚੋਰੀ ਸ਼ੀਸ਼ੀ ਪੀ ਲੈਂਦਾ ਸੀ। ਇੱਕ ਦਿਨ ਰਿਸ਼ਤੇਦਾਰੀ ਵਿੱਚ ਵਿਆਹ 'ਤੇ ਗਏ, ਮੈਂ ਇਨ੍ਹਾਂ ਨਸ਼ਾ ਕਰ ਲਿਆ ਕਿ ਰੋਟੀ ਵੀ ਨਹੀਂ ਸੀ ਖਾਧਾ ਜਾ ਰਹੀ ਸੀ।"

"ਸਾਰੇ ਰਿਸ਼ਤੇਦਾਰ ਮੇਰੇ ਵੱਲ ਵੇਖ ਰਹੇ ਸਨ। ਮਾਪਿਆਂ ਦੀ ਜੋ ਹਾਲਤ ਸੀ ਅਤੇ ਜੋ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੋਈ ਉਸ ਦਿਨ, ਬੱਸ ਫਿਰ ਮੈਂ ਨਸ਼ਾ ਛੱਡਣ ਦਾ ਫ਼ੈਸਲਾ ਕਰ ਲਿਆ। ਘਰਦਿਆਂ ਨੇ ਵੀ ਸਾਥ ਦਿੱਤਾ।"

ਬਲਜੀਤ ਕਹਿੰਦਾ ਹੈ ਕਿ ਦਵਾਈ ਤਾਂ ਮਦਦ ਹੀ ਕਰ ਸਕਦੀ ਹੈ ਮਨ ਤਾਂ ਬੰਦੇ ਨੂੰ ਆਪ ਹੀ ਬਣਾਉਣਾ ਪੈਂਦਾ। ਹੁਣ ਇਸ ਗੱਲ ਦਾ ਸ਼ੁਕਰ ਕਰਦਾਂ ਕਿ ਨਸ਼ੇ ਕਾਰਨ ਕੋਈ ਗ਼ਲਤ ਕਦਮ ਨਹੀਂ ਚੁੱਕਿਆ ਨਹੀਂ ਤਾਂ ਸ਼ਾਇਦ ਪਤਾ ਨਹੀਂ ਹੁਣ ਕਿੱਥੇ ਹੁੰਦਾ।

ਬਲਜੀਤ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਨਸ਼ੇ ਛੱਡਣ ਤੋਂ ਬਾਅਦ ਬਲਜੀਤ ਨੇ ਵਿਆਹ ਕਰਵਾ ਲਿਆ। ਬਲਜੀਤ ਹੁਣ ਆਪਣੀ ਜੱਦੀ ਪੁਸ਼ਤੀ ਜ਼ਮੀਨ ਉੱਤੇ ਖੇਤੀ ਕਰ ਕੇ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)