ਦਲਿਤ ਦੇ ਢਾਬੇ ਤੋਂ ਚਾਹ ਪੀਣ ਤੇ ਪਿਲਾਉਣ ਵਾਲਾ ਰਾਜਾ ਸ਼ਾਹੂ ਜੀ ਮਹਾਰਾਜ

  • ਡਾ. ਮੰਜੂਸ਼੍ਰੀ ਪਵਾਰ
  • ਇਤਿਹਾਸਕਾਰ
ਸ਼ਾਹੂ ਜੀ ਮਾਹਾਰਾਜ

ਤਸਵੀਰ ਸਰੋਤ, COURTESY : FACEBOOK/INDRAJIT SAWANT

'ਮੈਂ ਸੁਣਿਆ ਹੈ ਤੁਸੀਂ ਇੱਕ ਢਾਬਾ ਸ਼ੁਰੂ ਕੀਤਾ ਹੈ, ਕੀ ਇਹ ਸੱਚ ਹੈ?'

ਰਾਜਸ਼੍ਰੀ ਸ਼ਾਹੂ ਜੀ ਮਾਹਾਰਾਜ ਨੇ ਗੰਗਾ ਰਾਮ ਕਾਂਬਲੇ ਨੂੰ ਪੁਛਿਆ।

ਗੰਗਾ ਰਾਮ ਨੇ ਦੱਸਿਆ, 'ਜੀ ਮਾਹਾਰਾਜ। ਮੈਂ ਤੁਹਾਡੀ ਸਲਾਹ ਮੰਨ ਕੇ ਆਪਣਾ ਕੰਮ ਸ਼ੁਰੂ ਕਰ ਲਿਆ ਹੈ।

'ਤਾਂ ਫੇਰ ਤੁਸੀਂ ਇਸ ਦੇ ਉੱਪਰ ਆਪਣਾ ਨਾਮ ਕਿਉਂ ਨਹੀਂ ਲਿਖਿਆ?'

'ਮੈਂ ਆਪਣਾ ਨਾਮ ਕਿਉਂ ਲਿਖਾਂ? ਕੀ ਬਾਕੀ ਢਾਬਿਆਂ 'ਤੇ ਉਨ੍ਹਾਂ ਦੇ ਮਾਲਕਾਂ ਦੀ ਜਾਤ ਲਿਖੀ ਹੁੰਦੀ ਹੈ?'

'ਤੁਸੀਂ ਠੀਕ ਹੋ। ਤੁਹਾਡੇ ਢਾਬੇ ਤੋਂ ਹੁਣ ਤੱਕ ਕਿੰਨੇ ਲੋਕਾਂ ਨੇ ਚਾਹ ਪੀਤੀ ਹੈ?'

'ਬਹੁਤ ਸਾਰੇ। ਮੈਨੂੰ ਗਿਣਤੀ ਨਹੀਂ ਪਤਾ।'

'ਲਗਦਾ ਹੈ ਕਿ ਹੁਣ ਤੱਕ ਤਾਂ ਤੁਸੀਂ ਕਸਬੇ ਨੂੰ ਭਿੱਟ ਦਿੱਤਾ ਹੈ। ਮੈਂ ਅਗਲੇ ਕੁਝ ਸਮੇਂ ਵਿੱਚ ਤੁਹਾਡੇ ਢਾਬੇ 'ਤੇ ਆਵਾਂਗਾ। ਮੇਰੇ ਲਈ ਚਾਹ ਬਣਾ ਕੇ ਰੱਖੋ।'

ਮਾਹਾਰਾਜ ਨੇ ਬੱਘੀ ਵਿੱਚ ਬੈਠਿਆਂ ਨੇ ਹੀ ਗੰਗਾ ਰਾਮ ਨੂੰ ਉਸਦੇ ਢਾਬੇ ਉੱਤੇ ਚਾਹ ਪੀਣ ਲਈ ਆਉਣ ਦਾ ਵਾਅਦਾ ਕੀਤਾ। ਮਾਹਾਰਾਜ ਨੇ ਗੰਗਾਰਾਮ ਕਾਂਬਲੇ ਦੇ ਢਾਬੇ ਤੋਂ ਚਾਹ ਪੀਣੀ ਸੀ।

ਗੰਗਾ ਰਾਮ ਕਾਂਬਲੇ ਸ਼ਾਹੂ ਜੀ ਮਹਾਰਾਜ ਦੇ ਇੱਕ ਦਲਿਤ ਸੇਵਕ ਸਨ। ਉਨ੍ਹਾਂ ਨੇ ਹੀ ਗੰਗਾ ਰਾਮ ਦੀ ਢਾਬਾ ਖੋਲ੍ਹਣ ਵਿੱਚ ਮਦਦ ਕੀਤੀ ਸੀ। ਕੋਲ੍ਹਾਪੁਰ ਵਿੱਚ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ।

ਬਹੁਤ ਸਾਰੇ ਲੋਕ ਢਾਬੇ ਦੇ ਬਾਹਰ ਇਕੱਠੇ ਹੋ ਗਏ ਸਨ। ਮਹਾਰਾਜ ਆਏ ਅਤੇ ਉਨ੍ਹਾਂ ਨੇ ਸਭ ਦੇ ਸਾਹਮਣੇ ਚਾਹ ਪੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਨਾਲ ਆਏ ਲੋਕਾਂ ਨੂੰ ਵੀ ਚਾਹ ਪੀਣ ਲਈ ਕਿਹਾ।

ਚਾਹ ਪੀਣ ਮਗਰੋਂ ਸ਼ਾਹੂ ਜੀ ਨੇ ਗੰਗਾ ਰਾਮ ਨੂੰ ਕਿਹਾ, "ਤੁਹਾਨੂੰ ਇੱਕ ਸੋਢਾ ਬਣਾਉਣ ਵਾਲੀ ਮਸ਼ੀਨ ਵੀ ਖ਼ਰੀਦਣੀ ਚਾਹੀਦੀ ਹੈ। ਮੈਂ ਤੁਹਾਨੂੰ ਖ਼ਰੀਦ ਕੇ ਦੇਵਾਂਗਾ।"

ਤਸਵੀਰ ਸਰੋਤ, SWATI PATIL RAJGOLKAR/BBC

ਸ਼ਾਹੂ ਜੀ ਨੇ ਗੰਗਾ ਰਾਮ ਦੇ ਢਾਬੇ ਲਈ ਸੋਢਾ ਬਣਾਉਣ ਵਾਲੀ ਮਸ਼ੀਨ ਖ਼ਰੀਦ ਕੇ ਦਿੱਤੀ। ਗੰਗਾ ਰਾਮ ਦੇ ਕੋਲ੍ਹਾਪੁਰ ਦੀ ਭਾਊਸਿੰਗਜੀ ਮਾਰਗ 'ਤੇ ਚਾਹ ਦਾ ਢਾਬਾ ਖੋਲ੍ਹਣ ਦੀ ਗੱਲ ਨੂੰ ਸੌ ਸਾਲ ਹੋ ਗਏ ਹਨ। ਰਾਜਸ਼੍ਰੀ ਸ਼ਾਹੂ ਨੇ ਹੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ ਅਤੇ ਢਾਬਾ ਖੋਲ੍ਹਣ ਵਿੱਚ ਮਦਦ ਵੀ ਕੀਤੀ ਸੀ। ਦੋਹਾਂ ਵਿਚਕਾਰ ਹੋਈ ਗੱਲਬਾਤ ਸਾਨੂੰ ਬਹੁਤ ਕੁਝ ਦੱਸਦੀ ਹੈ।

ਕੰਮ ਰਾਹੀਂ ਸੰਦੇਸ਼ ਦੇਣ ਵਾਲੇ

ਉਸ ਸਮੇਂ ਦੌਰਾਨ ਜਾਤੀ ਪ੍ਰਥਾ ਦਾ ਦਬਦਬਾ ਸੀ ਅਤੇ ਸਮਾਜ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਕਈ ਗੱਲਾਂ ਹੁੰਦੀਆਂ ਸਨ।

ਸ਼ਾਹੂ ਜੀ ਨੇ ਆਪਣੇ ਨਿਮਰ ਕਾਰਜਾਂ ਰਾਹੀਂ ਹਮੇਸ਼ਾ ਇਨ੍ਹਾਂ ਕੁਰੀਤੀਆਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਕਦੇ ਸਪੱਸ਼ਟਤਾ ਨਾਲ ਕਦੇ ਕੂਟਨੀਤੀ ਨਾਲ, ਉਨ੍ਹਾਂ ਦਾ ਕੰਮ ਕਰਨ ਦਾ ਆਪਣਾ ਹੀ ਤਰੀਕਾ ਸੀ। ਕਦੇ ਉਹ ਵਿਰੋਧੀਆਂ ਨੂੰ ਚੁਣੌਤੀ ਦਿੰਦੇ ਅਤੇ ਕਦੇ ਵਿਅੰਗ ਰਾਹੀਂ ਸਮਝਾ ਦਿੰਦੇ।

ਇਹ ਉਹ ਸਮਾਂ ਸੀ ਜਦੋਂ ਅਛੂਤਾਂ ਨੂੰ ਛੂਹਣ ਨਾਲ ਕੋਈ ਵਿਅਕਤੀ ਭਿੱਟਿਆ ਜਾਂਦਾ ਯਾਨਿ 'ਅਸ਼ੁੱਧ' ਹੋ ਜਾਂਦਾ। ਨੀਵੀਂ ਜਾਤ ਦੇ ਲੋਕ ਕਿਸੇ ਵਸਤੂ ਨੂੰ ਛੂਹ ਨਹੀਂ ਸਕਦੇ ਸਨ, ਉਹ ਮੰਦਰਾਂ ਵਿੱਚ ਨਹੀਂ ਜਾ ਸਕਦੇ ਸਨ। ਅਜਿਹਾ ਕਰਨਾ ਜੁਰਮ ਸੀ।

ਬ੍ਰਾਹਮਣਾਂ ਅਤੇ ਮਰਾਠਿਆਂ ਨੂੰ 'ਉੱਚੀ ਜਾਤੀ' ਵਾਲੇ ਸਮਝਿਆ ਜਾਂਦਾ ਸੀ।

ਅਜਿਹੇ ਸਮਾਜਿਕ ਹਾਲਾਤ ਵਿੱਚ ਸ਼ਾਹੂ ਜੀ ਦੇ ਅਜਿਹੇ ਕਾਰਜ ਛੂਤ-ਛਾਤ ਉੱਪਰ ਇੱਕ ਮਾਰੂ ਸੱਟ ਸਨ।

ਸਾਲ 1920 ਵਿੱਚ ਸ਼ਾਹੂ ਜੀ ਨੇ ਨਾਗਪੁਰ ਵਿੱਚ ਅਖਿਲ ਭਾਰਤੀ ਬਹਿਸ਼ਕਰਿਤ ਪਰਿਸ਼ਦ ਦੀ ਪ੍ਰਧਾਨਗੀ ਕੀਤੀ ਅਤੇ ਸਮਾਪਤੀ ਉੱਤੇ ਇੱਕ ਦਲਿਤ ਦੇ ਹੱਥਾਂ ਦੀ ਬਣਾਈ ਚਾਹ ਪੀਤੀ।

ਉਸ ਤੋਂ ਅਗਲੇ ਮਹੀਨੇ ਉਨ੍ਹਾਂ ਨੇ ਦਲਿਤਾਂ ਲਈ ਹੋਸਟਲ ਦੀ ਨੀਂਹ ਰੱਖੀ। ਇੱਥੇ ਉਨ੍ਹਾਂ ਨੇ ਅਜਿਹਾ ਹੀ ਸੰਕੇਤ ਇੱਕ ਦਲਿਤ ਦੇ ਹੱਥੋਂ ਚਾਹ ਪੀ ਕੇ ਦਿੱਤਾ। ਅਜਿਹਾ ਹੀ ਸੰਕੇਤ ਉਨ੍ਹਾਂ ਨੇ ਤਸਗਾਉਂ ਵਿੱਚ ਵੀ ਦਿੱਤਾ।

ਜਾਤੀਵਾਦ ਦੇ ਕੱਟੜ ਪੈਰੋਕਾਰ ਸਮਾਜ ਦੇ ਲੋਕਾਂ ਦਰਮਿਆਨ ਸ਼ਿਵਾ ਜੀ ਦੇ ਵੰਸ਼ਜ ਦਾ ਇੱਕ ਅਛੂਤ ਦੇ ਹੱਥੋਂ ਖਾਣਾ ਖਾਣਾ ਇੱਕ ਕ੍ਰਾਂਤੀਕਾਰੀ ਕਾਰਜ ਸੀ।

ਇਹ ਘਟਨਾ ਛੂਤ-ਛੂਤ ਦੇ ਖਾਤਮੇ ਦੀ ਲੜਾਈ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ।

ਪਾਣੀ ਛੂਹਣ ਦੀ ਸਜ਼ਾ

ਗੰਗਾ ਰਾਮ ਦੇ ਢਾਬਾ ਖੋਲ੍ਹਣ ਬਾਰੇ ਇੱਕ ਦਿਲਚਸਪ ਕਹਾਣੀ ਹੈ।

ਕੋਲ੍ਹਾਪੁਰ ਦੇ ਬਵਾੜਾ ਵਿਚਲੇ ਸ਼ਾਹੂ ਜੀ ਦੇ ਬੰਗਲੇ ਦਾ ਸਟਾਫ਼ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਸੀ। ਗੰਗਾ ਰਾਮ ਸਰਕਾਰੀ ਤਬੇਲਿਆਂ ਦੇ ਨੇੜੇ ਬਣੇ ਕੁਆਰਟਰਾਂ ਵਿੱਚ ਰਹਿੰਦੇ ਸਨ।

ਤਸਵੀਰ ਸਰੋਤ, SWATI PATIL RAJGOLKAR/BBC

ਇੱਕ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਨੌਕਰ ਵਿਹੜੇ ਵਿੱਚ, ਇੱਕ ਦਰੱਖ਼ਤ ਥੱਲੇ ਆਰਾਮ ਕਰ ਰਹੇ ਸਨ ਕਿ ਅਚਾਨਕ ਪਏ ਰੌਲੇ-ਰੱਪੇ ਕਰਕੇ ਉਨ੍ਹਾਂ ਨੀਂਦ ਭੰਗ ਹੋ ਗਈ।

ਪਾਣੀ ਦੇ ਤਲਾਬ ਕੋਲ ਕੁਝ ਹੋਇਆ ਸੀ। ਹਰ ਕੋਈ ਉਸ ਪਾਸੇ ਭੱਜਿਆ। ਸੰਤ ਰਾਮ ਇੱਕ ਮਰਾਠਾ ਸੈਨਿਕ ਸੀ ਜੋ ਆਪਣੇ ਸਾਥੀਆਂ ਨਾਲ ਤਬੇਲੇ ਦੇ ਇੱਕ ਕਰਮਚਾਰੀ ਗੰਗਾ ਰਾਮ ਕਾਂਬਲੇ ਨੂੰ ਕੁੱਟ ਰਿਹਾ ਸੀ।

ਗੰਗਾ ਰਾਮ ਨੇ ਪਾਣੀ ਦੇ ਉਸ ਤਲਾਬ ਨੂੰ ਛੂਹਿਆ ਸੀ ਜੋ ਮਰਾਠਿਆਂ ਦੇ ਪਾਣੀ ਭਰਨ ਲਈ ਸੀ।

ਇੱਕ ਅਛੂਤ ਨੇ ਪਾਣੀ ਨੂੰ 'ਅਸ਼ੁੱਧ' ਕਰ ਦਿੱਤਾ ਸੀ। ਇਸ ਲਈ ਸੰਤ ਰਾਮ ਅਤੇ ਉਸਦੇ ਸਹਿਯੋਗੀਆਂ ਨੇ ਗੰਗਾ ਰਾਮ ਨੂੰ ਤਦ ਤੱਕ ਹੰਟਰ ਨਾਲ ਮਾਰਿਆ ਜਦ ਤੱਕ ਕਿ ਉਸ ਦੀ ਪਿੱਠ 'ਚੋਂ ਖੂਨ ਨਹੀਂ ਵਗਣ ਲੱਗ ਪਿਆ।

ਸਾਲ 1919 ਵਿੱਚ ਸ਼ਾਹੂ ਜੀ ਨੇ ਜਨਤਕ ਥਾਵਾਂ ਤੇ ਛੂਤ-ਛੂਤ ਦੀ ਮਨਾਹੀ ਕਰ ਦਿੱਤੀ। ਫੇਰ ਵੀ ਇਹ ਘਟਨਾ ਉਨ੍ਹਾਂ ਦੇ ਆਪਣੇ ਰਾਜ ਵਿੱਚ ਵਾਪਰੀ ਸੀ। ਜਦੋਂ ਇਹ ਘਟਨਾ ਵਾਪਰੀ, ਮਾਹਾਰਾਜ ਕਿਸੇ ਕੰਮ ਲਈ ਦਿੱਲੀ ਗਏ ਹੋਏ ਸਨ।

ਗੰਗਾ ਰਾਮ ਨੇ ਸ਼ਾਹੂ ਜੀ ਦੇ ਵਾਪਸ ਪਰਤਣ ਦੀ ਉਡੀਕ ਕੀਤੀ। ਸ਼ਾਹੂ ਜੀ ਵਾਪਸ ਆਏ ਤਾਂ ਗੰਗਾਰਾਮ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਨਾਲ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਗੰਗਾ ਰਾਮ ਨੇ ਹਾਉਂਕੇ ਭਰਦਿਆਂ ਸ਼ਾਹੂ ਜੀ ਨੂੰ ਆਪਣੀ ਜ਼ਖਮੀ ਪਿੱਠ ਦਿਖਾ ਕੇ ਸਾਰੀ ਕਹਾਣੀ ਸੁਣਾਈ।

ਇਸ ਜੁਲਮ ਨੇ ਮਾਹਾਰਾਜਾ ਨੂੰ ਗੁੱਸਾ ਚੜ੍ਹਾ ਦਿੱਤਾ ਸੀ। ਸ਼ਾਹੂ ਜੀ ਨੇ ਗੰਗਾਰਾਮ ਨੂੰ ਮਾਰਨ ਵਾਲਿਆਂ ਨੂੰ ਸੱਦਿਆ ਅਤੇ ਖ਼ੁਦ ਆਪਣੇ ਘੋੜੇ ਦੇ ਛਾਂਟੇ ਨਾਲ ਉਨ੍ਹਾਂ ਨੂੰ ਸਜ਼ਾ ਦਿੱਤੀ।

ਸਜ਼ਾ ਦੇਣ ਲੱਗਿਆਂ ਉਨ੍ਹਾਂ ਨੇ ਦੋਸ਼ੀਆਂ ਦੀ ਜਾਤ ਦੀ ਪ੍ਰਵਾਹ ਨਹੀਂ ਕੀਤੀ ਅਤੇ ਗੰਗਾਰਾਮ ਦੇ ਸਾਹਮਣੇ ਉਨ੍ਹਾਂ ਨੂੰ ਸਜ਼ਾ ਦਿੱਤੀ।

ਉਨ੍ਹਾਂ ਨੇ ਗੰਗਾਰਾਮ ਨੂੰ ਬੁਲਾ ਕੇ ਕਿਹਾ, "ਮੈਂ ਤੁਹਾਨੂੰ ਸੇਵਾ ਤੋਂ ਮੁਕਤ ਕਰਦਾ ਹਾਂ। ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਮੈਂ ਤੁਹਾਡੀ ਮਦਦ ਕਰਾਂਗਾ।"

ਉਨ੍ਹਾਂ ਦਿਨਾਂ ਵਿੱਚ ਦਲਿਤ ਆਪਣੇ ਕੰਮ ਨਹੀਂ ਸਨ ਕਰ ਸਕਦੇ ਪਰ ਸ਼ਾਹੂ ਜੀ ਨੇ ਗੰਗਾਰਾਮ ਲਈ ਰਾਹ ਖੋਲ੍ਹ ਦਿੱਤਾ।

ਢਾਬੇ ਦੀ ਸ਼ੁਰੂਆਤ

ਕੁਝ ਦਿਨ ਮਗਰੋਂ ਗੰਗਾਰਾਮ ਕਾਂਬਲੇ ਨੇ ਕੋਲ੍ਹਾਪੁਰ ਵਿੱਚ ਭਾਊਸਿੰਘਜੀ ਮਾਰਗ 'ਤੇ ਆਪਣਾ ਢਾਬਾ ਖੋਲ੍ਹਿਆ।

ਉਨ੍ਹਾਂ ਦੇ ਢਾਬੇ ਦੀ ਸਫਾਈ ਅਤੇ ਚਾਹ ਦਾ ਸਵਾਦ ਬਹੁਤ ਵਧੀਆ ਸੀ ਪਰ ਇਹ ਢਾਬਾ ਅਖੀਰੀ ਸੀ ਤਾਂ ਇੱਕ 'ਅਛੂਤ' ਵਿਅਕਤੀ ਦਾ ਹੀ। ਇਸ ਕਰਕੇ ਉੱਥੇ ਕੋਈ ਨਹੀਂ ਸੀ ਜਾਂਦਾ।

ਤਸਵੀਰ ਸਰੋਤ, COURTESY : INDRAJTT SAWANT, KOLHAPUR

ਉੱਚੀ ਜਾਤ ਵਾਲਿਆਂ ਨੂੰ ਨਾਰਾਜ਼ਗੀ ਸੀ ਕਿ ਇੱਕ ਅਛੂਤ ਸਾਰਿਆਂ ਨੂੰ ਚਾਹ ਪਿਆ ਰਿਹਾ ਸੀ।

ਜਦੋਂ ਮਾਹਾਰਾਜਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਆਪ ਗੰਗਾ ਰਾਮ ਦੇ ਢਾਬੇ 'ਤੇ ਗਏ ਅਤੇ ਚਾਹ ਪੀਤੀ।

ਇਸੇ ਕਰਕੇ ਜਦੋਂ ਉਹ ਆਪਣੀ ਬੱਘੀ ਵਿੱਚ ਬੈਠ ਕੇ ਕੋਲ੍ਹਾਪੁਰ ਸ਼ਹਿਰ ਦੀ ਸੈਰ ਲਈ ਜਾਂਦੇ ਤਾਂ ਢਾਬੇ ਦੇ ਬਾਹਰ ਰੁਕਦੇ ਅਤੇ ਗੰਗਾਰਾਮ ਨੂੰ ਉੱਚੀ ਆਵਾਜ਼ ਵਿੱਚ ਚਾਹ ਲਿਆਉਣ ਲਈ ਕਹਿੰਦੇ।

ਗੰਗਾ ਰਾਮ ਉਨ੍ਹਾਂ ਨੂੰ ਪੂਰੇ ਮਾਣ ਸਨਮਾਨ ਨਾਲ ਚਾਹ ਪੇਸ਼ ਕਰਦੇ।

ਸ਼ਾਹੂ ਜੀ ਸਿਰਫ਼ ਆਪ ਹੀ ਚਾਹ ਨਹੀਂ ਸਨ ਪੀਂਦੇ ਸਗੋਂ ਆਪਣੀ ਬੱਘੀ ਨਾਲ ਚੱਲਣ ਵਾਲੇ ਬ੍ਰਾਹਮਣਾਂ ਅਤੇ ਮਰਾਠਿਆਂ ਵਰਗੇ ਹੋਰ ਉੱਚੀ ਜਾਤ ਵਾਲਿਆਂ ਨੂੰ ਵੀ ਪੀਣ ਲਈ ਦਿੰਦੇ।

ਕਿਸੇ ਦੀ ਵੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਮਾਹਾਰਾਜੇ ਦੀ ਵਿਰੋਧਤਾ ਕਰਦਾ ਕਿਉਂਕਿ ਮਾਹਾਰਾਜੇ ਨੇ ਆਪ ਉੱਥੋਂ ਚਾਹ ਪੀਤੀ ਸੀ।

ਇਹ ਘਟਨਾ ਮਹਾਰਾਸ਼ਟਰ ਦੀ ਸਮਾਜਿਕ ਤਬਦੀਲੀ ਦੇ ਇਤਿਹਾਸ ਵਿੱਚ ਦਰਜ ਹੋ ਗਈ। 

ਤਸਵੀਰ ਸਰੋਤ, INDRAJEET SAWANT/DR. DEVIKARANI PATIL

ਸ਼ਾਹੂ ਜੀ ਛੂਤ-ਛਾਤ ਦੇ ਖਾਤਮੇ ਲਈ ਦੋ ਵਿਧੀਆਂ ਅਪਣਾਉਂਦੇ ਸਨ। ਪਹਿਲਾ ਕਾਨੂੰਨੀ ਲੜਾਈ। ਜਦਕਿ ਦੂਸਰਾ ਤਰੀਕਾ ਸੀ ਆਪਣੇ ਨਿੱਜੀ ਕਾਰਜਾਂ ਸਦਕਾ ਇਸ ਪ੍ਰਥਾ 'ਤੇ ਸੱਟ ਮਾਰਨਾ।

ਇੱਕ ਰਾਜੇ ਵਜੋਂ ਉਨ੍ਹਾਂ ਨੇ ਕਾਨੂੰਨ ਬਣਾਏ ਦੂਸਰੇ ਪਾਸੇ ਉਨ੍ਹਾਂ ਨੇ ਗੰਗਾ ਰਾਮ ਵਰਗੇ ਲੋਕਾਂ ਦੀ ਦਿਆਲਤਾ ਨਾਲ ਮਦਦ ਕੀਤੀ।

ਸ਼ਾਹੂ ਜੀ ਦੀ ਮੌਤ ਦੇ ਤਿੰਨ ਜਾਂ ਚਾਰ ਸਾਲ ਮਗਰੋਂ ਗੰਗਾ ਰਾਮ ਨੇ ਉਨ੍ਹਾਂ ਦੀ ਯਾਦਗਾਰ ਕਾਇਮ ਕਰਨ ਲਈ ਕਮੇਟੀ ਬਣਾਈ।

ਇਸ ਕਮੇਟੀ ਨੇ ਸਾਲ 1925 ਵਿੱਚ ਕੋਹਲਾਪੁਰ ਦੇ ਨਰਸਰੀ ਬਾਗ ਵਿੱਚ ਇੱਕ ਯਾਦਗਾਰ ਕਾਇਮ ਕੀਤੀ। ਇਹ ਸ਼ਾਹੂ ਜੀ ਦੀ ਮਹਾਰਾਸ਼ਟਰ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਹੀ ਪਹਿਲੀ ਯਾਦਗਾਰ ਸੀ। ਇਹ ਗੰਗਾ ਰਾਮ ਦੀ ਅਗਵਾਈ ਵਿੱਚ ਦਲਿਤ ਭਾਈਚਾਰੇ ਨੇ ਕਾਇਮ ਕੀਤੀ ਸੀ।

(ਸ਼ਾਹੂ ਜੀ ਦਾ ਜਨਮ 26 ਜੂਨ, 1874 ਈਸਵੀ ਨੂੰ ਹੋਇਆ ਸੀ। ਉਨ੍ਹਾਂ ਨੂੰ ਮਾਹਾਰਸ਼ਟਰ ਦੇ ਲੋਕਤੰਤਰਿਕ ਮਾਹਾਰਾਜ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਰਾਜਕਾਲ ਵਿੱਚ ਦਲਿਤਾਂ ਦੇ ਪੱਖ ਵਿੱਚ ਸਮਾਜਿਕ ਸੁਧਾਰਾਂ ਦਾ ਮੁੱਢ ਬੰਨ੍ਹਿਆ। ਉਹ ਕੋਹਲਾਪੁਰ ਪ੍ਰਿੰਸਲੀ ਸਟੇਟ ਦੇ ਪਹਲੇ ਮਹਾਰਾਜਾ ਸਨ।)

(ਇਸ ਲੇਖ ਦੇ ਮੁੱਢ ਵਿੱਚ ਦਿੱਤਾ ਗਿਆ ਵਾਰਤਾਲਾਪ- ਭਾਈ ਮਾਧੋਰਾਓ ਬਾਗਲ ਦੀ ਲਿਖੀ ਵਿਸਥਾਰਿਤ ਕਿਤਾਬ 'ਸ਼੍ਰੀ ਸ਼ਾਹੂ ਮਾਹਾਰਾਜ ਯਨਚਿਆ ਅਥਾਵਨੀ' ਵਿੱਚੋਂ ਲਿਆ ਗਿਆ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)