ਪਿਆਰ ਨਾਲ ਰਹਿਣ ਵਾਲੇ ਪਿੰਡ ਵਾਸੀ ਪਾਣੀ ਲਈ ਬਣੇ ਇਕ ਦੂਜੇ ਦੇ ਦੁਸ਼ਮਣ

ਪਿੰਡ ਧਾਨੀ ਪੀਰਾਵਾਲੀ Image copyright Sat singh/bbc
ਫੋਟੋ ਕੈਪਸ਼ਨ ਪਿੰਡ ਧਾਨੀ ਪੀਰਾਵਾਲੀ ਅਤੇ ਪੁਥੀ ਮੰਗਲ ਖ਼ਾਨ ਵਿੱਚ ਹੋਈ ਪਾਣੀ ਨੂੰ ਲੈ ਕੇ ਖ਼ੂਨੀ ਝੜਪ

ਹਿਸਾਰ ਦੇ ਪਿੰਡ ਧਾਨੀ ਪੀਰਾਵਾਲੀ ਅਤੇ ਪੁਥੀ ਮੰਗਲ ਖ਼ਾਨ ਵਿੱਚ ਸਦੀਆਂ ਤੋਂ ਪ੍ਰੇਮ-ਪਿਆਰ ਨਾਲ ਰਹਿਣ ਵਾਲੇ ਲੋਕ ਪਾਣੀ ਲਈ ਇਕ ਦੂਜੇ ਦੇ ਦੁਸ਼ਮਣ ਬਣ ਗਏ ਹਨ।

ਇਸ ਪਿੰਡ ਵਿੱਚ 25 ਜੂਨ ਨੂੰ ਹੋਈ ਪਾਣੀ ਲਈ ਝੜਪ ਦੌਰਾਨ ਪਿੰਡ ਧਾਨੀ ਪੀਰਾਵਾਲੀ ਦੇ 5 ਲੋਕ ਅਤੇ ਪੁੱਥੀ ਮੰਗਲ ਖ਼ਾਨ ਪਿੰਡ ਦੇ 3 ਲੋਕ ਤੇਜ਼ਧਾਰ ਹਥਿਆਰਾਂ ਦੇ ਵਾਰ ਨਾਲ ਤਰ੍ਹਾਂ ਬੁਰੀ ਜਖ਼ਮੀ ਹੋ ਗਏ ਹਨ ਅਤੇ ਹਾਂਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਸ ਦੌਰਾਨ ਉੱਥੇ ਖੜ੍ਹੇ ਦੋ ਮੋਟਰਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਪੁਥੀ ਮੰਗਲ ਖ਼ਾਨ ਦੇ 300 ਲੋਕਾਂ ਦੇ ਖ਼ਿਲਾਫ ਦੰਗੇ, ਗ਼ੈਰਕਾਨੂੰਨੀ ਇਕੱਠ, ਗੋਲੀਬਾਰੀ ਅਤੇ ਭੜਕਾਉਣ ਲਈ ਕੇਸ ਦਰਜ ਕੀਤਾ ਹੈ।

Image copyright Sat singh/bbc
ਫੋਟੋ ਕੈਪਸ਼ਨ ਦੋਵਾਂ ਪਿੰਡਾਂ ਦਾ ਫਾਸਲਾ ਨਹਿਰ ਤੋਂ 10 ਕਿਲੋਮੀਟਰ ਦਾ ਹੈ।

ਇਸ ਦੌਰਾਨ ਧਾਨੀ ਪਿੰਡ ਦੀ ਸਰਪੰਚ ਦੇ ਨੁਮਾਇੰਦੇ ਨੂੰ ਵੀ ਸੱਟਾਂ ਲੱਗੀਆਂ ਹਨ।

ਕੀ ਸੀ ਮਾਮਲਾ?

ਦਰਅਸਲ ਧਾਨੀ ਪੀਰਾਵਾਲੀ ਵਿੱਚ ਪਾਣੀ ਦੀ ਇਕ ਟੈਂਕੀ ਹੈ, ਇਸ ਦੇ ਨਾਲ ਜੋ ਦੋ ਹੋਰ ਪਿੰਡਾਂ ਧਨੀ ਪੀਰਾਂ ਅਤੇ ਧਨੀ ਕੁਮਹਾਰਵਾਲੀ ਦੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਹੈ।

ਜ਼ਿਾਆਦਾਤਰ ਇਹ ਟੈਂਕੀ ਸੁੱਕੀ ਹੀ ਰਹਿੰਦੀ ਹੈ ਬਸ ਪੱਛਮੀ ਯਮੁਨਾ ਨਹਿਰ ਦੇ ਪੇਟਵਾੜ ਰਜਵਾਹੇ ਰਾਹੀਂ 50-60 ਦਿਨਾਂ 'ਚ ਇੱਕ ਵਾਰ ਪਾਣੀ ਆਉਂਦਾ ਹੈ।

ਪੁਥੀ ਮੰਗਲ ਖ਼ਾਨ ਦੀ ਸਰਪੰਚ ਪੂਨਮ ਰਾਣੀ ਦੇ ਰਿਕਾਰਡ ਮੁਤਾਬਕ, ਇਨ੍ਹਾਂ ਤਿੰਨ ਪਿੰਡਾਂ ਦੀ ਆਬਾਦੀ 12,000 ਦੇ ਕਰੀਬ ਹੈ।

ਪੇਟਵਾੜ ਰਜਵਾਹੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਅਤੇ ਦੇਰੀ ਕਾਰਨ ਧਾਨੀ ਪੀਰਾਵਾਲੀ ਦੇ ਵਸਨੀਕਾਂ ਨੇ ਜਨ ਸਿਹਤ ਵਿਭਾਗ ਤੋਂ ਪਲਾਂਟ ਦੀ ਸਥਾਪਨਾ ਕਰਕੇ ਤਿੰਨ ਪਿੰਡਾਂ ਲਈ ਪਾਣੀ ਭਰਨ ਦੀ ਇਜਾਜ਼ਤ ਮੰਗੀ।

ਇਹ ਮਨਜ਼ੂਰੀ ਉਨ੍ਹਾਂ ਨੂੰ 25 ਜੂਨ ਨੂੰ ਮਿਲੀ, ਜਦੋਂ ਪੇਟਵਾੜ ਰਜਵਾਹਾ ਉਨ੍ਹਾਂ ਦੇ ਪਿੰਡ ਅਤੇ ਪੁੱਥੀ ਮੰਗਲ ਖ਼ਾਨ ਵਿਚਾਲੇ ਵੰਡਿਆ ਗਿਆ ਸੀ।

ਦੋਵਾਂ ਪਿੰਡਾਂ ਦਾ ਫਾਸਲਾ ਨਹਿਰ ਤੋਂ 10 ਕਿਲੋਮੀਟਰ ਦਾ ਹੈ।

ਧਾਨੀ ਪੀਰਾਵਾਲੀ ਦੇ ਇਕ ਸਾਬਕਾ ਅਧਿਕਾਰੀ ਚੰਦਰ ਭਾਨ ਨੇ ਬੀਬੀਸੀ ਨੂੰ ਦੱਸਿਆ ਕਿ ਪਿੰਡ ਦੇ ਕੁਝ ਲੋਕ ਨਹਿਰ 'ਚ ਪੰਪ ਲਗਾ ਕੇ ਪਾਣੀ ਕੱਢ ਰਹੇ ਸਨ ਅਤੇ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਹ ਪਾਣੀ ਦੀ ਚੋਰੀ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੇ ਪਿੰਡ ਦਾ ਪਾਣੀ ਘੱਟ ਜਾਵੇਗਾ।

ਚੰਦਰ ਭਾਨ ਮੁਤਾਬਕ, "ਸਰਪੰਚ ਦੇ ਪ੍ਰਤੀਨਿਧੀ ਮਹਿੰਦਰਾ ਗੋਡੇਲਾ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਮਨਜ਼ੂਰੀ ਹੈ ਪਰ ਉਨ੍ਹਾਂ ਨੇ ਨਾ ਸੁਣਿਆ ਅਤੇ ਹੋਰ ਪਿੰਡ ਵਾਲਿਆਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਨੂੰ ਕਿਹਾ ਪਿੰਡ ਧਾਨੀ ਪੀਰਾਵਾਲੀ ਵਾਲਿਆਂ ਨੇ ਪਾਣੀ ਦੀ ਚੋਰੀ ਕਰਨ ਲਈ ਉਨ੍ਹਾਂ ਬੰਦੀ ਬਣਾ ਲਿਆ ਸੀ।"

ਰਾਤ ਨੂੰ ਕਰੀਬ 11.30 ਵਜੇ ਪਿੰਡ ਪੁੱਥੀ ਮੰਗਲ ਖ਼ਾਨ ਦੇ ਲੋਕ ਮੋਟਰਸਾਈਕਲਾਂ, ਟਰੈਕਟਰਾਂ ਅਤੇ ਹੋਰ ਨਿੱਜੀ ਵਾਹਨਾਂ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਆ ਗਏ।

Image copyright Sat singh/bbc

ਮੌਕੇ 'ਤੇ ਮੌਜੂਦ ਸਥਾਨਕ ਪੱਤਰਕਾਰ ਮਹੇਸ਼ ਕੁਮਾਰ ਨੇ ਦੱਸਿਆ ਕਿ ਲੜਾਈ ਇੰਨੀ ਭਿਆਨਕ ਸੀ ਕਿ ਉਸ ਨੂੰ ਰੋਕਣ ਲਈ ਤਿੰਨ ਪੁਲਿਸ ਸਟੇਸ਼ਨਾਂ ਦੀਆਂ ਟੀਮਾਂ ਪਹੁੰਚੀਆਂ। ਇਸ ਦੌਰਾਨ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਪਾਣੀ ਲਈ ਖ਼ੂਨ ਦਾ ਅਖਾੜਾ

ਜਦੋਂ ਅਸੀਂ ਪਿੰਡ ਧਾਨੀ ਪੀਰਾਵਾਲੀ ਪਹੁੰਚੇ ਤਾਂ 500 ਦੇ ਕਰੀਬ ਔਰਤਾਂ ਅਤੇ ਮਰਦ ਪਿੰਡ ਦੇ ਸਰਕਾਰੀ ਸਕੂਲ ਵਿੱਚ ਸਖ਼ਤ ਕਾਰਵਾਈ ਦੀ ਰਣਨੀਤੀ ਬਣਾਉਣ ਲਈ ਇਕੱਠੇ ਹੋਏ ਸਨ।

ਇਸ ਪਿੰਡ ਦੀ ਸਰਪੰਚ ਅਧਖੜ ਉਮਰ ਦੀ ਔਰਤ ਲਕਸ਼ਮੀ ਦੇਵੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੁਲਿਸ ਪਿੰਡ ਪੁਥੀ ਮੰਗਲ ਖ਼ਾਨ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ, ਜਿਨ੍ਹਾਂ ਦੀ ਗਿਣਤੀ 200 ਤੋਂ ਵੱਧ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਅਜਿਹੀ ਕਾਰਵਾਈ ਨਹੀਂ ਕਰਦੀ ਤਾਂ ਉਹ ਪੁਲਿਸ ਸਟੇਸ਼ਨ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਘੇਰਨਗੇ ਅਤੇ ਜੇ ਲੋੜ ਪਈ ਤਾਂ ਹਾਈ ਕੋਰਟ ਵੀ ਜਾਣਗੇ।

ਉਨ੍ਹਾਂ ਨੇ ਆਪਣਾ ਘੁੰਡ ਠੀਕ ਕਰਦਿਆਂ ਕਿਹਾ, "ਗ੍ਰਿਫ਼ਤਾਰ ਕਰੋ ਜਾਂ ਅਸੀਂ ਕਾਰਵਾਈ ਕਰਾਂਗੇ।"

Image copyright Sat singh/bbc

ਪਿੰਡ ਵਾਸੀ ਸਤੀਸ਼ ਕੁਮਾਰ ਨੇ ਕਿਹਾ, "ਸਾਡੀ ਕੋਈ ਗ਼ਲਤੀ ਨਹੀਂ ਸੀ। ਅਸੀਂ ਤਾਂ ਆਪਣੀ ਪੀਣ ਦੇ ਪਾਣੀ ਦੀ ਲੋੜ ਪੂਰੀ ਕਰਨ ਲਈ ਮਨਜ਼ੂਰੀ ਲਈ ਹੋਈ ਹੈ ਕਿਉਂਕਿ ਪਾਣੀ ਦਾ ਪੱਧਰ 50 ਫੁੱਟ ਡੂੰਘਾ ਅਤੇ ਇਸ ਦਾ ਸੁਆਦ ਵੀ ਖਾਰਾ ਹੋ ਗਿਆ ਹੈ।"

ਕੁਮਾਰ ਦਾ ਕਹਿਣਾ ਹੈ ਕਿ 60 ਦਿਨਾਂ ਵਿੱਚ ਉਨ੍ਹਾਂ ਨੂੰ ਮੁਸ਼ਕਲ ਨਾਲ 7 ਦਿਨ ਹੀ ਪਾਣੀ ਮਿਲਦਾ ਹੈ, ਇਸ ਤੋਂ ਇਲਾਵਾ ਉਨ੍ਹਾਂ ਨੂੰ ਟਿਊਬਵੈੱਲ ਦੇ ਪਾਣੀ 'ਤੇ ਨਿਰਭਰ ਰਹਿਣਾ ਪੈਂਦਾ ਹੈ।

ਉਹ ਅੱਗੇ ਕਹਿੰਦੇ ਹਨ, "ਜਿਨ੍ਹਾਂ ਕੋਲ ਵਾਹਨ ਹਨ ਉਹ ਟਿਊਬਵੈੱਲ ਤੋਂ ਪਾਣੀ ਲੈ ਆਉਂਦੇ ਹਨ, ਨਹੀਂ ਤਾਂ ਪੀਣ ਵਾਲੇ ਪਾਣੀ ਦੇ ਇੱਕ ਟੈਂਕਰ ਲਈ 600 ਰੁਪਏ ਦੇਣੇ ਪੈਂਦੇ ਹਨ। ਜਿਸ ਨਾਲ ਇੱਕ ਪਰਿਵਾਰ ਦਾ ਮਸਾਂ ਹਫ਼ਤਾ ਹੀ ਨਿਕਲਦਾ ਹੈ।

ਮੀਡੀਆ ਦੀ ਮੌਜੂਦਗੀ ਵਿੱਚ ਅਤਿ-ਉਤਸ਼ਾਹਿਤ ਹੋਏ ਪਿੰਡ ਦੇ ਕੁਝ ਲੋਕਾਂ ਨੇ ਉਦੋਂ ਤੱਕ ਬਾਹਰ ਜਾਣ ਦਾ ਰਸਤਾ ਰੋਕ ਲਿਆ, ਜਦੋਂ ਤੱਕ ਉਨ੍ਹਾਂ ਵਿਸ਼ਵਾਸ਼ ਨਹੀਂ ਦਿਵਾਇਆ ਗਿਆ ਕਿ ਉਨ੍ਹਾਂ ਦੀ ਆਵਾਜ਼ ਸਹੀ ਪਲੇਟਫਾਰਮ 'ਤੇ ਚੁੱਕੀ ਜਾਵੇਗੀ।

ਪੁਥੀ ਮੰਗਲ ਖ਼ਾਨ ਦੇ ਲੋਕਾਂ ਦਾ ਪੱਖ

ਝੜਪ ਤੋਂ ਦਿਨ ਬਾਅਦ ਬੁੱਧਵਾਰ ਨੂੰ ਇਸ ਪਿੰਡ ਵਿੱਚ ਭਿਆਨਕ ਚੁੱਪ ਪਸਰੀ ਹੋਈ ਸੀ ਅਤੇ ਗਲੀ ਵਿੱਚ ਕੋਈ ਮਰਦ ਨਹੀਂ ਦਿਖਾਈ ਦੇ ਰਿਹਾ ਸੀ।

Image copyright Sat singh/bbc
ਫੋਟੋ ਕੈਪਸ਼ਨ ਝੜਪ ਤੋਂ ਬਾਅਦ ਪੁਥੀ ਮੰਗਲ ਖ਼ਾਨ ਵਿੱਚ ਭਿਆਨਕ ਚੁੱਪ ਪਸਰੀ ਹੋਈ ਸੀ ਅਤੇ ਗਲੀ ਵਿੱਚ ਕੋਈ ਮਰਦ ਨਹੀਂ ਸੀ ਦਿਖਾਈ ਦੇ ਰਿਹਾ।

ਸਿਰਫ਼ ਨਾਬਾਲਗ਼ ਮੁੰਡੇ ਅਤੇ ਔਰਤਾਂ ਹੀ ਸਥਾਨਕ ਟੈਂਕੀ ਤੋਂ ਪਾਣੀ ਦੇ ਘੜੇ ਭਰਨ ਲਈ ਲਾਈਨਾਂ 'ਚ ਲੱਗੀਆਂ ਨਜ਼ਰ ਆ ਰਹੀਆਂ ਸਨ।

ਸੀਜ਼ਨ ਦੇ ਪਹਿਲੇ ਮੀਂਹ ਪੈਣ ਕਾਰਨ ਪਾਣੀ ਨਾਲ ਭਰੀਆਂ ਗਲੀਆਂ ਵਿੱਚ ਆਉਣ ਤੋਂ ਪਰਹੇਜ਼ ਕਰ ਰਹੇ ਸਨ ਅਤੇ ਇਨ੍ਹਾਂ 'ਚੋਂ ਵਧੇਰੇ ਲੋਕ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਪ੍ਰਬੰਧ ਕਰ ਰਹੇ ਸਨ।

ਪੁਥੀ ਮੰਗਲ ਖ਼ਾਨ ਦੇ ਸਰਪੰਚ ਦੇ ਪ੍ਰਤੀਨਿਧ ਚਰਨ ਸਿੰਘ ਆਪਣੇ ਘਰ ਨਹੀਂ ਸਨ। ਉਨ੍ਹਾਂ ਨੂੰ ਇਸ ਕੇਸ ਸਬੰਧੀ ਹਾਂਸੀ ਪੁਲਿਸ ਸਟੇਸ਼ਨ ਵਿੱਚ ਤਲਬ ਕੀਤਾ ਗਿਆ ਸੀ।

ਪਹਿਲਾਂ ਤਾਂ ਸਰਪੰਚ ਦੇ ਦਫ਼ਤਰ ਵਿੱਚ ਬੈਠੇ 4 ਲੋਕਾਂ ਵਿਚੋਂ ਕੋਈ ਵੀ ਬੋਲਣ ਲਈ ਤਿਆਰ ਨਹੀਂ ਸੀ ਪਰ ਗੱਲਬਾਤ ਕਰਨ ਤੋਂ ਬਾਅਦ ਇੱਕ 88 ਸਾਲਾਂ ਬਜ਼ੁਰਗ ਰਾਮ ਚੰਦਰ ਆਪਣੇ ਪੱਖ ਦੀ ਕਹਾਣੀ ਦੱਸਣ ਲਈ ਤਿਆਰ ਹੋਏ।

Image copyright Sat singh/bbc
ਫੋਟੋ ਕੈਪਸ਼ਨ ਪਿੰਡ ਮੁੱਥ ਖ਼ਾਨ ਦੇ ਵਾਸੀਆਂ ਮੁਤਾਬਕ ਸਾਡੇ ਹਿੱਸੇ ਦਾ ਪਾਣੀ ਪਾਈਪ ਲਾ ਕੇ ਜਾਂ ਨਹਿਰ 'ਚ ਮੋਘਾ ਕਰਕੇ ਚੋਰੀ ਕਰ ਲੈਂਦਾ ਹੈ।"

ਉਨ੍ਹਾਂ ਨੇ ਦੱਸਿਆ, "ਪੁਥੀ ਮੰਗਲ ਖ਼ਾਨ ਪੇਟਵਾੜ ਦੇ ਅੰਤ 'ਤੇ ਸਥਿਤ ਅਤੇ ਧਾਨੀ ਪੀਰਾਵਾਲੀ ਹਮੇਸ਼ਾ ਹੀ ਸਾਡੇ ਹਿੱਸੇ ਦਾ ਪਾਣੀ ਪਾਈਪ ਲਾ ਕੇ ਜਾਂ ਨਹਿਰ 'ਚ ਮੋਘਾ ਕਰਕੇ ਚੋਰੀ ਕਰ ਲੈਂਦਾ ਹੈ।"

ਉਨ੍ਹਾਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਨਹਿਰ ਦੇ ਪਾਣੀ ਦੀ ਚੋਰੀ ਰੋਕਣ ਲਈ ਘੰਟਿਆਂ ਬੱਧੀ ਦੋ ਲੋਕਾਂ ਦੀ ਚੱਕਰ ਲਾਉਣ ਦੀ ਡਿਊਟੀ ਲਾਈ ਹੈ।

ਉਨ੍ਹਾਂ ਮੁਤਾਬਕ ਉਸ ਦਿਨ ਦੋ ਮੈਂਬਰ ਆਪਣੀ ਡਿਊਟੀ ਤਹਿਤ ਨਹਿਰ 'ਤੇ ਚੱਕਰ ਲਗਾਉਣ ਗਏ ਅਤੇ ਉਨ੍ਹਾਂ ਨੇ ਦੇਖਿਆ ਕਿ ਧਾਨੀ ਪੀਰਾਵਾਲੀ ਦੇ ਪਿੰਡ ਵਾਸੀ ਪੰਪ ਲਗਾ ਕੇ ਪਾਣੀ ਦੀ ਚੋਰੀ ਕਰ ਰਹੇ ਸਨ।

ਧਾਨੀ ਪੀਰਾਵਾਲੀ ਵੱਲੋਂ ਮਨਜ਼ੂਰੀ ਲੈਣ ਦੀ ਗੱਲ 'ਤੇ ਉਨ੍ਹਾਂ ਨੇ ਕਿਹਾ ਕਿ ਪਾਣੀ 'ਤੇ ਹਰ ਇੱਕ ਦਾ ਬਰਾਬਰ ਦਾਅਵਾ ਹੁੰਦਾ ਹੈ, ਜੇਕਰ ਉਨ੍ਹਾਂ ਦੀ ਪਾਣੀ ਵਾਲੀ ਟੈਂਕੀ ਸੁੱਕ ਜਾਂਦੀ ਹੈ ਤਾਂ ਸਾਡੀ ਵੀ ਤਾਂ ਇਹੀ ਮੁਸ਼ਕਲ ਹੈ।

Image copyright Sat singh/bbc

ਉਨ੍ਹਾਂ ਨੇ ਦਾਅਵਾ ਕੀਤਾ, "ਉਹ ਆਪਣੀਆਂ ਮੱਛੀਆਂ ਦੇ ਟੈਂਕ ਲਈ ਪਾਣੀ ਚੋਰੀ ਕਰ ਰਹੇ ਸਨ ਨਾ ਕਿ ਪੀਣ ਲਈ। ਜਦੋਂ ਸਾਡੇ ਮੁੰਡਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਜਦੋਂ ਅਸੀਂ ਮਦਦ ਲਈ ਪਹੁੰਚੇ ਤਾਂ ਸਾਡੇ 'ਤੇ ਵੀ ਹਮਲਾ ਕੀਤਾ ਅਤੇ ਸਾਡੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਵਾਇਆ।"

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਵਿੱਚ 4 ਤਲਾਬ ਹਨ ਅਤੇ ਉਨ੍ਹਾਂ ਵਿੱਚ ਸਾਰੇ ਦੁਧਾਰੂ ਜਾਨਵਰਾਂ ਦੀ ਪਿਆਸ ਬੁਝਾਉਣ ਲਈ ਮੁਸ਼ਕਲ ਨਾਲ ਹੀ ਪਾਣੀ ਹੁੰਦਾ ਹੈ।

ਉਹ ਕਹਿੰਦੇ ਹਨ, "ਦੋ ਮਹੀਨਿਆਂ ਵਿੱਚ ਇੱਕ ਵਾਰ ਨਹਿਰ ਦਾ ਪਾਣੀ ਮਿਲਣ ਤੋਂ ਇਲਾਵਾ ਅਸੀਂ ਪੂਰਾ ਸਾਲ ਆਪਣਾ ਪਾਣੀ ਟਿਊਬਵੈੱਲ ਤੋਂ ਭਰਦੇ ਹਾਂ।"

'ਗਰਮੀਆਂ 'ਚ ਹੁੰਦੀ ਹੈ ਪਾਣੀ ਦੀ ਵਧੇਰੇ ਕਮੀ'

ਜਨ ਸਿਹਤ ਵਿਭਾਗ ਹਾਂਸੀ ਦੇ ਸਬ ਡਵੀਜ਼ਨ ਅਧਿਕਾਰੀ ਆਨੰਦ ਗਰਗ ਦਾ ਕਹਿਣਾ ਹੈ ਕਿ ਨਹਿਰ ਦਾ ਪਾਣੀ ਦੇਰੀ ਨਾਲ ਪਹੁੰਚਣ ਕਾਰਨ ਉੱਥੇ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਂਦੀ ਹੈ।

Image copyright Sat singh/bbc
ਫੋਟੋ ਕੈਪਸ਼ਨ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਘਾਟ ਵਧੇਰੇ ਹੋ ਜਾਂਦੀ ਹੈ।

ਉਹ ਕਹਿੰਦੇ ਹਨ, "ਇਸ ਵੇਲੇ ਸਾਡੀਆਂ ਨਹਿਰਾਂ ਵਿੱਚ 60 ਫੀਸਦੀ ਪਾਣੀ ਹੈ ਅਤੇ ਵਿਭਾਗ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਜਿੱਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਉੱਥੇ ਪਾਈਪਾਂ ਲਗਾਈਆਂ ਜਾਣ ਅਤੇ ਧਾਨੀ ਪੀਰਾਵਾਲੀ ਵਿੱਚ ਅਜਿਹਾ ਹੀ ਕੀਤਾ ਗਿਆ।"

ਉਨ੍ਹਾਂ ਮੁਤਾਬਕ ਗਰਮੀਆਂ ਦਾ ਮੌਸਮ ਹੋਣ ਕਾਰਨ ਪਾਣੀ ਦੀ ਨਿਕਾਸੀ ਘੱਟ ਹੈ ਅਤੇ ਇਹ ਉਹ ਵੇਲਾ ਹੈ ਜਦੋਂ ਪਾਣੀ ਦੀ ਇੱਕ-ਇੱਕ ਬੂੰਦ ਕੀਮਤੀ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਵਿਭਾਗ ਹਰੇਕ ਵਿਅਕਤੀ ਲਈ ਰੋਜ਼ਾਨਾ 70 ਲੀਟਰ ਪੀਣ ਵਾਲਾ ਪਾਣੀ ਦੇਣ ਲਈ ਵਚਨਬੱਧ ਸੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਿੰਡ ਵਿੱਚ ਮੌਜੂਦ ਪਾਣੀ ਦੀ ਟੈਂਕੀ ਦੀ ਸਮਰੱਥਾ 173.22 ਲੱਖ ਲੀਟਰ ਹੈ।

ਜਸਵੰਤ ਸਿੰਘ ਕੰਵਲ ਪੰਜਾਬ ਦੇ ਫਿੱਕੇ ਪੈਂਦੇ ਰੰਗਾਂ ਤੋਂ ਫਿਕਰਮੰਦ

'ਸਰਜੀਕਲ ਸਟ੍ਰਾਈਕ ਸੀਰੀਅਲ ਦਾ ਨਵਾਂ ਐਪੀਸੋਡ ਰਿਲੀਜ਼'

ਕੀ ਭਾਰਤ ਔਰਤਾਂ ਲਈ ਸਭ ਤੋਂ ਵੱਧ ਖ਼ਤਰਨਾਕ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)