ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦੇ ਸੰਕਲਪ ਨੂੰ ਸੱਤਾ 'ਚ ਕਿਵੇਂ ਉਤਾਰਿਆ
- ਜਸਪਾਲ ਸਿੰਘ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਮਹਾਰਾਜਾ ਰਣਜੀਤ ਸਿੰਘ ਨੇ ਸ਼ਰੀਅਤ ਤੇ ਸ਼ਾਸਤਰ ਦੋਵਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਸੀ
ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ, "ਵਾਹਿਗੁਰੂ ਚਾਹੁੰਦਾ ਹੈ ਕਿ ਮੈਂ ਹਰ ਧਰਮ ਨੂੰ ਇੱਕੋ ਨਜ਼ਰ ਨਾਲ ਵੇਖਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਹੀ ਅੱਖ ਦਿੱਤੀ ਹੈ।''
ਫਕੀਰ ਅਜ਼ੀਜ਼-ਉਦ-ਦੀਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਗੱਲਬਾਤ ਦਾ ਜ਼ਿਕਰ ਕਰਤਾਰ ਸਿੰਘ ਦੁੱਗਲ ਦੀ ਕਿਤਾਬ ਮਹਾਰਾਜਾ 'ਰਣਜੀਤ ਸਿੰਘ, ਦ ਲਾਸਟ ਟੂ ਲੇਅ ਆਰਮਜ਼' ਵਿੱਚ ਮਿਲਦਾ ਹੈ।
ਫਕੀਰ ਅਜ਼ੀਜ਼-ਉਦ-ਦੀਨ ਵਰਗੇ ਕਈ ਮੁਸਲਮਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ 'ਤੇ ਸਨ ਜਿਨ੍ਹਾਂ ਨੂੰ ਧਰਮ ਨਹੀਂ ਸਗੋਂ ਕਾਬਲੀਅਤ ਦੇ ਆਧਾਰ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਥਾਂ ਮਿਲੀ ਸੀ।
ਮਹਾਰਾਜਾ ਰਣਜੀਤ ਸਿੰਘ ਖੁਦ ਇੱਕ ਸ਼ਰਧਾਵਾਨ ਸਿੱਖ ਸਨ ਅਤੇ ਉਨ੍ਹਾਂ ਦਾ ਅਕੀਦਾ ਗੁਰੂ ਗ੍ਰੰਥ ਸਾਹਿਬ ਵਿੱਚ ਸੀ। ਕਰਤਾਰ ਸਿੰਘ ਦੁੱਗਲ ਅਨੁਸਾਰ ਜੰਗ ਦੇ ਮੈਦਾਨ ਵਿੱਚ ਵੀ ਹਾਥੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਜਾਇਆ ਜਾਂਦਾ ਸੀ।
ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਝੁਕਾਅ ਇੱਕ ਧਰਮ ਵਾਸਤੇ ਨਹੀਂ ਦੇਖਿਆ ਗਿਆ।
ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਵੱਲੋਂ ਇਤਿਹਾਸਕਾਰਾਂ ਨਾਲ ਗੱਲਬਾਤ ਕੀਤੀ ਸੀ, ਅੱਜ ਉਨ੍ਹਾਂ ਦੀ ਬਰਸੀ ਮੌਕੇ ਪੇਸ਼ ਹੈ ਇੱਕ ਰਿਪੋਰਟ
ਗੁਰੂ ਨਾਨਕ ਦੇ ਸਿਧਾਂਤ 'ਤੇ ਆਧਾਰਿਤ ਸੀ ਰਾਜ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਿਟਾਇਰਡ ਇਤਿਹਾਸਕਾਰ ਪ੍ਰੋਫੈਸਰ ਇੰਦੂ ਬਾਂਗਾ ਨਾਲ ਬੀਬੀਸੀ ਨੇ ਧਾਰਮਿਕ ਬਰਾਬਰੀ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕੀਤੀ।
ਪ੍ਰੋਫੈਸਰ ਇੰਦੂ ਬਾਂਗਾ ਨੇ ਦੱਸਿਆ, "ਭਾਰਤ ਵਿੱਚ ਧਰਮ ਨਿਰਪੱਖਤਾ ਦੀ ਵਰਤੋਂ ਸਭ ਧਰਮਾਂ ਦੇ ਆਦਰ ਵਜੋਂ ਕੀਤੀ ਜਾਂਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਸਦਾ ਸਭ ਤੋਂ ਬਿਹਤਰ ਉਦਾਰਹਨ ਮਹਾਰਾਜਾ ਰਣਜੀਤ ਸਿੰਘ ਹਨ।''
ਤਸਵੀਰ ਸਰੋਤ, Getty Images
ਮਹਾਰਾਜਾ ਰਣਜੀਤ ਸਿੰਘ ਨੇ ਕਈ ਧਰਮ ਸਥਾਨਾਂ ਦੀਆਂ ਪੂਰਾਣੀਆਂ ਗਰਾਂਟਾਂ ਸ਼ੁਰੂ ਕੀਤੀਆਂ ਸਨ
"ਉਹ ਖੁਦ ਇੱਕ ਸ਼ਰਧਾਲੂ ਸਿੱਖ ਸੀ ਪਰ ਉਨ੍ਹਾਂ ਨੇ ਆਪਣੇ ਸ਼ਾਸਨ ਪ੍ਰਬੰਧ ਅਤੇ ਫੌਜ ਵਿੱਚ ਜਾਂ ਆਪਣੇ ਵਰਤਾਰੇ ਵਿੱਚ ਧਰਮ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸੀ।''
"ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤਾਂ 'ਤੇ ਆਧਾਰਿਤ ਸੀ। ਉਨ੍ਹਾਂ ਸਿਧਾਂਤਾਂ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਸਮਾਜਿਕ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਸੀ। ਸਮਾਜਿਕ ਸਮਾਨਤ ਦਾ ਪ੍ਰਭਾਵ ਰਣਜੀਤ ਸਿੰਘ ਦੇ ਸ਼ਾਸਨ ਦੀ ਬਣਤਰ ਅਤੇ ਉਨ੍ਹਾਂ ਦੀ ਫੌਜ ਵਿੱਚ ਦੇਖਿਆ ਜਾ ਸਕਦਾ ਸੀ।''
ਇਹ ਵੀ ਪੜ੍ਹੋ:
ਹਿੰਦੂ-ਮੁਸਲਮਾਨ ਅਫ਼ਸਰ
ਗੱਲਬਾਤ ਵਿੱਚ ਇੰਦੂ ਬਾਂਗਾ ਨੇ ਕਈ ਹਿੰਦੂ ਤੇ ਮੁਸਲਮਾਨ ਅਫਸਰਾਂ ਦੇ ਨਾਂ ਦੱਸੇ।
ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਿੰਦੂ, ਮੁਸਲਮਾਨ, ਸਈਦ ਤੇ ਪਠਾਨ ਅਫਸਰ ਵੀ ਸਨ। ਇੱਕ ਖ਼ਾਸ ਗੱਲ ਹੋਰ ਕਿ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਵੱਖ-ਵੱਖ ਸਮੇਂ 'ਤੇ ਤਕਰੀਬਨ 60 ਯੂਰਪੀਅਨ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਤਸਵੀਰ ਸਰੋਤ, Getty Images
ਲਾਹੌਰ ਦੇ ਕਿਲੇ ਵਿੱਚ ਸਥਿਤ ਪਵੇਲੀਅਨ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1818 ਵਿੱਚ ਬਣਵਾਇਆ ਸੀ
ਇੰਦੂ ਬਾਂਗਾ ਨੇ ਦੱਸਿਆ ਕਿ ਹਿੰਦੂਆਂ ਵਿੱਚ ਦੀਵਾਨ ਮੋਹਕਮ ਚੰਦ ਅਤੇ ਮਿਸਲ ਦੀਵਾਨ ਚੰਦ ਫੌਜ ਵਿੱਚ ਜਰਨੈਲ ਸਨ, ਦੀਵਾਨ ਭਵਾਨੀ ਦਾਸ ਤੇ ਦੀਨਾਨਾਥ ਹਿਸਾਬ-ਕਿਤਾਬ ਦੇਖਦੇ ਸਨ, ਮਿਸਰ ਬੇਲੀ ਰਾਮ ਖਜ਼ਾਨੇ ਨਾਲ ਜੁੜੇ ਕੰਮ ਦੇਖਦੇ ਸਨ।
"ਮੁਸਲਮਾਨਾਂ ਵਿੱਚ ਵੀ ਮੁੱਖ ਨਾਂ ਹਨ ਜਿਵੇਂ ਅਜ਼ੀਜ਼ੁੱਦੀਨ, ਨੂਰ-ਉਦ-ਦੀਨ, ਇਮਾਮ-ਉਦ-ਦੀਨ ਅਤੇ ਅੱਗੇ ਉਨ੍ਹਾਂ ਦੇ ਬੱਚੇ, ਜਲੰਧਰ ਤੇ ਦੋਆਬਾ ਦੇ ਗਵਰਨਰ ਮੋਹੋਯੂੱਦੀਨ, ਜਨਰਲ ਸੁਲਤਾਨ ਮਹਿਮੂਦ ਅਤੇ ਕਈ ਹੋਰ ਸਾਰੇ ਮੁਸਲਮਾਨ ਰਣਜੀਤ ਸਿੰਘ ਦੇ ਰਾਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।''
ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ 'ਰਣਜੀਤ ਸਿੰਘ: ਦ ਲਾਸਟ ਲੇਅ ਟੂ ਆਰਮਜ਼' ਵਿੱਚ ਲਿਖਦੇ ਹਨ ਕਿ ਫਕੀਰ ਇਮਾਮ-ਉਦ-ਦੀਨ ਨੂੰ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਜ਼ਿੰਮਵਾਰੀ ਦਿੱਤੀ ਹੋਈ ਸੀ।
ਕਿਵੇਂ ਸਾਂਭ ਰਹੀ ਹੈ ਪਾਕ ਸਰਕਾਰ ਲਾਹੌਰ ਦੀ ਇਤਿਹਾਸਕ ਦਿੱਖ ਨੂੰ ?
ਇਸਦੇ ਨਾਲ ਇਮਾਮ-ਉਦ-ਦੀਨ ਅੰਮ੍ਰਿਤਸਰ ਵਿੱਚ ਮੈਗਜ਼ੀਨਜ਼, ਹਥਿਆਰ ਅਤੇ ਸ਼ਾਹੀ ਅਸਤਬਲ ਦਾ ਵੀ ਇੰਚਾਰਜ ਸੀ। ਕਈ ਜੰਗੀ ਮੁਹਿੰਮਾਂ 'ਤੇ ਵੀ ਇਮਾਮ-ਉਦ-ਦੀਨ ਨੂੰ ਭੇਜਿਆ ਗਿਆ ਸੀ।
ਅੰਮ੍ਰਿਤਸਰ ਵਰਗੇ ਸਿੱਖ ਧਰਮ ਨਾਲ ਜੁੜੇ ਸ਼ਹਿਰ ਦੇ ਅਹਿਮ ਕਿਲੇ ਦੀ ਜ਼ਿੰਮੇਵਾਰੀ ਦੇ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਧਰਮ ਜਾਂ ਅਕੀਦੇ ਨੂੰ ਲੈ ਕੇ ਕੋਈ ਵਿਤਕਰਾ ਨਹੀਂ ਕਰਦੇ ਹਨ।
ਸ਼ਰੀਅਤ ਤੇ ਸ਼ਾਸਤਰ ਬਰਾਬਰ
ਨਿਆਂ ਪ੍ਰਣਾਲੀ ਬਾਰੇ ਦੱਸਦੇ ਹੋਏ ਇੰਦੂ ਬਾਂਗਾ ਨੇ ਕਿਹਾ, "ਰਣਜੀਤ ਸਿੰਘ ਨੇ ਸ਼ਰੀਅਤ ਅਤੇ ਸ਼ਾਸਤਰ ਦੋਵਾਂ ਨੂੰ ਇੱਕ ਬਰਾਬਰ ਦਰਜਾ ਦਿੱਤਾ ਸੀ। ਜੇ ਕੋਈ ਮੁਸਲਮਾਨ ਹੁੰਦਾ ਸੀ ਤਾਂ ਉਸ ਨੂੰ ਇਨਸਾਫ਼ ਦੇਣ ਲਈ ਸ਼ਰੀਅਤ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਹਿੰਦੂਆਂ ਲਈ ਧਰਮ ਸ਼ਾਸਤਰ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਲਾਹੌਰ ਵਿੱਚ 1830 ਦੀ ਇੱਕ ਢਾਲ ਤੇ ਬਣੀ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ
ਹਿੰਦੂ-ਮੁਸਲਮਾਨਾਂ ਨਾਲ ਜੁੜੇ ਜਾਇਦਾਦ ਦੇ ਸਾਰੇ ਮਸਲਿਆਂ ਨੂੰ ਸ਼ਰੀਅਤ ਨਾਲ ਸੁਲਝਾਇਆ ਜਾਂਦਾ ਸੀ।''
ਕਰਤਾਰ ਸਿੰਘ ਦੁੱਗਲ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਮਹਾਰਾਜਾ ਰਣਜੀਤ ਸਿੰਘ ਜਦੋਂ ਸੱਤਾ ਵਿੱਚ ਆਏ ਤਾਂ ਉਸ ਵੇਲੇ ਸਿੱਖਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ ਅਤੇ ਉਸੇ ਵਿੱਚ ਗੁਰਮਤਾ ਕੀਤਾ ਜਾਂਦਾ ਸੀ।''
"ਮਹਾਰਾਜਾ ਰਣਜੀਤ ਸਿੰਘ ਨੇ ਸਰਬਤ ਖਾਲਸਾ ਦੀ ਥਾਂ ਮੰਤਰੀਆਂ ਦੀ ਕੌਂਸਲ ਨੂੰ ਦਿੱਤੀ ਅਤੇ ਸਾਰੇ ਫੈਸਲੇ ਉਨ੍ਹਾਂ ਵੱਲੋਂ ਲਏ ਜਾਣ ਲੱਗੇ। ਰਣਜੀਤ ਸਿੰਘ ਵੇਲੇ ਆਖਰੀ ਗੁਰਮਤਾ ਸਾਲ 1805 ਵਿੱਚ ਪਾਸ ਕੀਤਾ ਗਿਆ ਸੀ ਜਦੋਂ ਹੋਲਕਰ ਨੇ ਈਸਟ ਇੰਡੀਆ ਕੰਪਨੀ ਤੋਂ ਬਚਣ ਦੇ ਲਈ ਪੰਜਾਬ ਤੋਂ ਪਨਾਹ ਮੰਗੀ ਸੀ।''
ਧਾਰਮਿਕ ਗਰਾਂਟਾਂ ਵਿੱਚ ਨਵਾਂ ਮਿਆਰ
ਇੰਦੂ ਬਾਂਗਾ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਬਰਾਬਰਤਾ ਦਾ ਸਭ ਤੋਂ ਉੱਚਾ ਮਿਆਰ ਧਾਰਮਿਕ ਗਰਾਂਟਾਂ ਦੀ ਨੀਤੀ ਤੋਂ ਪਤਾ ਲੱਗਦਾ ਹੈ ਜਿਹੜਾ ਕੀ ਭਾਰਤੀ ਪਰੰਪਰਾ ਦਾ ਅਹਿਮ ਹਿੱਸਾ ਰਿਹਾ ਹੈ।
ਉਨ੍ਹਾਂ ਦੱਸਿਆ, "ਮੁਗਲਾਂ ਵੇਲੇ ਵੀ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਸਨ। ਉਸ ਤੋਂ ਪਹਿਲਾਂ ਹਰਸ਼ਵਰਧਨ ਦੇ ਵੇਲੇ ਤੋਂ ਹੀ ਰਾਜਿਆਂ ਵੱਲੋਂ ਅਜਿਹੀਆਂ ਧਾਰਮਿਕ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਪਰ ਜੋ ਰਣਜੀਤ ਸਿੰਘ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ।
ਤਸਵੀਰ ਸਰੋਤ, Getty Images
ਲੁਧਿਆਣਾ ਵਿੱਚ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ
"ਆਪਣੇ ਰਾਜ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਜਿੰਨੀਆਂ ਪੁਰਾਣੀਆਂ ਗਰਾਂਟਾਂ ਹਨ ਉਨ੍ਹਾਂ ਨੂੰ ਬਹਾਲ ਕੀਤਾ ਗਿਆ ਅਤੇ ਉਸ ਤੋਂ ਇਲਾਵਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਨਵੀਆਂ ਗਰਾਂਟਾਂ ਵੀ ਦਿੱਤੀਆਂ ਸਨ।''
ਇੰਦੂ ਬਾਂਗਾ ਮੰਨਦੇ ਹਨ ਕਿ ਰਣਜੀਤ ਸਿੰਘ ਦੇ ਰਾਜ ਵੇਲੇ ਮਾਲੀਏ ਦਾ ਜੋ ਹਿੱਸਾ ਧਾਰਮਿਕ ਗਰਾਂਟਾਂ ਲਈ ਦਿੱਤਾ ਗਿਆ ਉਹ ਮੁਗਲ ਬਾਦਸ਼ਾਹ ਅਕਬਰ ਵੱਲੋਂ ਦਿੱਤੀਆਂ ਗਰਾਂਟਾਂ ਤੋਂ ਵੀ ਜ਼ਿਆਦਾ ਸੀ।
ਰਣਜੀਤ ਸਿੰਘ ਨੇ ਮੰਦਰਾਂ ਨੂੰ ਜਾਗੀਰਾਂ ਦਿੱਤੀਆਂ ਜਿਵੇਂ ਜਵਾਲਾਦੇਵੀ ਮੰਦਰ ਦਾ ਛੱਤਰ ਹੈ ਉਹ ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਵੱਲੋਂ ਲਗਾਇਆ ਗਿਆ ਅਤੇ ਬਾਅਦ ਵਿੱਚ ਰਣਜੀਤ ਵੱਲੋਂ ਮੰਦਰ ਨੂੰ ਹੋਰ ਗਰਾਂਟਾਂ ਦਿੱਤੀਆਂ ਗਈਆਂ ਸਨ।
ਇਸ ਤੋਂ ਇਲਾਵਾ ਮੁਸਲਮਾਨਾਂ ਦੀਆਂ ਖ਼ਾਨਗਾਹਾਂ, ਪੀਰਾਂ ਦੀਆਂ ਦਰਗਾਹਾਂ, ਅਤੇ ਸੂਫੀ ਸ਼ੇਖਾਂ ਨੂੰ ਗਰਾਂਟਾਂ ਵੀ ਦਿੱਤੀਆਂ ਅਤੇ ਜੇ ਉਹ ਸਫ਼ਰ 'ਤੇ ਜਾਂਦਾ ਸੀ ਤਾਂ ਉਸ ਇਲਾਕੇ ਦੀ ਕੋਈ ਧਾਰਮਿਕ ਅਸਥਾਨ ਹੁੰਦਾ ਸੀ ਤਾਂ ਉਸਦੇ ਦਰਸ਼ਨ ਵੀ ਕਰਦਾ ਸੀ।
ਵੈਰੀਆਂ ਨੂੰ ਸਤਿਕਾਰ
ਇੰਦੂ ਬਾਂਗਾ ਅਨੁਸਾਰ ਰਣਜੀਤ ਸਿੰਘ ਨੇ ਜਿੱਥੇ-ਜਿੱਥੇ ਵੀ ਆਪਣੀਆਂ ਜੰਗ ਮੁਹਿੰਮਾਂ ਚਲਾਈਆਂ ਜਿਸ ਨੂੰ ਵੀ ਹਰਾਇਆ ਉਸ ਨੂੰ ਸੜ੍ਹਕ 'ਤੇ ਨਹੀਂ ਛੱਡ ਦਿੱਤਾ। ਰਣਜੀਤ ਸਿੰਘ ਵੱਲੋਂ ਹਾਰੇ ਹੋਏ ਰਾਜੇ ਨੂੰ ਰਾਜ ਦਾ ਹਿੱਸਾ ਬਣਨ ਜਾਂ ਜਾਗੀਰ ਲੈਣ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।
ਜਿਵੇਂ ਮੁਲਤਾਨ ਦੇ ਸੂਬੇਦਾਰ ਮੁਜੱਫ਼ਰ ਖਾਨ ਨੂੰ ਰਣਜੀਤ ਸਿੰਘ ਨੇ ਇਹੀ ਪੇਸ਼ਕਸ਼ ਕੀਤੀ ਸੀ। ਅਜਿਹੀ ਪੇਸ਼ਕਸ਼ ਕਰਨ ਵੇਲੇ ਧਰਮ ਦੀ ਗੱਲ ਨਹੀਂ ਸੋਚੀ ਗਈ।
ਤਸਵੀਰ ਸਰੋਤ, Getty Images
ਮਹਾਰਾਜਾ ਰਣਜੀਤ ਸਿੰਘ ਨੇ ਕਈ ਹਿੰਦੂਆਂ ਤੇ ਮੁਸਲਮਾਨਾਂ ਨੂੰ ਚੰਗੇ ਅਹੁਦੇ ਦਿੱਤੇ ਸਨ
ਕਿਤਾਬ 'ਸਿਵਿਲ ਮਿਲਟਰੀ ਅਫੇਅਰਜ਼ ਆਫ ਮਹਾਰਾਜਾ ਰਣਜੀਤ ਸਿੰਘ' ਵਿੱਚ ਮਹਾਰਾਜਾ ਰਣਜੀਤ ਵੱਲੋਂ ਆਪਣੇ ਇੱਕ ਹੀ ਅਫਸਰ ਨੂੰ ਦਿੱਤੇ 400 ਤੋਂ ਵੱਧ ਹੁਕਮ ਹਨ।
ਇਸ ਕਿਤਾਬ ਨੂੰ ਇੰਦੂ ਬਾਂਗਾ ਅਤੇ ਜੇ ਐੱਸ ਗਰੇਵਾਲ ਨੇ ਐਡਿਟ ਕੀਤੀ ਸੀ।
ਉਸ ਕਿਤਾਬ ਵਿੱਚ ਦਿੱਤੇ ਹੁਕਮਾਂ ਦਾ ਜ਼ਿਕਰ ਕਰਦੇ ਹੋਏ ਇੰਦੂ ਬਾਂਗਾ ਕਹਿੰਦੇ ਹਨ, "ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਅਫਸਰਾਂ ਨੂੰ ਹਦਾਇਤ ਦਿੱਤੀ ਜਾਂਦੀ ਸੀ ਕਿ ਮੁਹਿੰਮ 'ਤੇ ਜਾਣ ਵੇਲੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਾ ਹੋਵੇ। ਕਿਸਾਨਾਂ ਤੋਂ ਜ਼ਬਰਦਸਤੀ ਕੁਝ ਨਾ ਲਿਆ ਜਾਵੇ ਜੇ ਲਿਆ ਜਾਵੇ ਤਾਂ ਉਸ ਦੀ ਪੂਰੀ ਕੀਮਤ ਅਦਾ ਕੀਤੀ ਜਾਵੇ।''
"ਉਨ੍ਹਾਂ ਹੁਕਮਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਮਾਰਚਿੰਗ ਫੌਜ ਵਾਸਤੇ ਸਾਰੀ ਜਨਤਾ ਬਰਾਬਰ ਸੀ।''
ਤਸਵੀਰ ਸਰੋਤ, Getty Images
ਲਾਹੌਰ ਵਿੱਚ ਵਿਦੇਸ਼ੀ ਅਫ਼ਸਰਾਂ ਨਾਲ ਦਰਬਾਰ ਵਿੱਚ ਬੈਠੇ ਮਹਾਰਾਜਾ ਰਣਜੀਤ ਸਿੰਘ
ਇੰਦੂ ਬਾਂਗਾ ਅਨੁਸਾਰ ਆਬਾਦੀ ਵਿੱਚ ਸਿਰਫ਼ 10 ਫੀਸਦ ਸਿੱਖ ਬਹੁਗਿਣਤੀ ਮੁਸਲਮਾਨਾਂ ਤੇ ਹਿੰਦੂਆਂ 'ਤੇ ਰਾਜ ਨਹੀਂ ਕੀਤਾ ਜਾ ਸਕਦਾ ਸੀ ਜੇ ਉਨ੍ਹਾਂ ਨੂੰ ਸਿੱਖ ਰਾਜ ਪ੍ਰਵਾਨ ਨਾ ਹੁੰਦਾ ਅਤੇ ਜੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਬਗਾਵਤ ਦੇ ਵੀ ਆਸਾਰ ਬਣ ਸਕਦੇ ਸਨ।
ਉਨ੍ਹਾਂ ਅਨੁਸਾਰ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਉਨ੍ਹਾਂ ਦੇ ਵੇਲੇ ਕੋਈ ਗੰਭੀਰ ਬਗਾਵਤ ਨਹੀਂ ਹੋਈ ਸੀ। ਇਸਦੇ ਨਾਲ ਹੀ ਪੰਜਾਬ ਤੋਂ ਲੋਕਾਂ ਦੀ ਹਿਜ਼ਰਤ ਨਹੀਂ ਹੋਈ ਸੀ ਬਲਕਿ ਲੋਕ ਬਾਹਰੋਂ ਪੰਜਾਬ ਵਿੱਚ ਆ ਰਹੇ ਸਨ।
ਇਹ ਵੀਡੀਓ ਵੀ ਦੇਖੋ