ਮਾਂ ਜੇਲ੍ਹ ਵਿੱਚ ਬੰਦ ਹੋਵੇ ਤਾਂ ਕਿਵੇਂ ਪਲਦੇ ਹਨ ਉਸਦੇ ਬੱਚੇ?

ਜੇਲ੍ਹਾਂ ਵਿੱਚ ਬੰਦ ਮਹਿਲਾ ਕੈਦੀ
ਫੋਟੋ ਕੈਪਸ਼ਨ ਦੇਸ ਭਰ ਦੀਆਂ ਜੇਲ੍ਹਾਂ ਵਿੱਚ 4,19,623 ਹਨ, ਜਿਨ੍ਹਾਂ ਵਿੱਚੋਂ 17, 834 ਔਰਤਾਂ ਹਨ ਯਾਨਿ ਕੁੱਲ ਕੈਦੀਆਂ ਵਿੱਚ 4.3 ਫ਼ੀਸਦ ਔਰਤਾਂ ਹਨ

ਨਫ਼ੀਸਾ 35 ਸਾਲ ਦੀ ਵਿਧਵਾ ਹੈ। ਉਨ੍ਹਾਂ ਦੇ 4 ਬੱਚੇ ਹਨ ਪਰ ਉਨ੍ਹਾਂ ਦਾ ਇੱਕ ਵੀ ਬੱਚਾ ਉਨ੍ਹਾਂ ਦੇ ਨਾਲ ਨਹੀਂ ਹੈ।

ਨਫ਼ੀਸਾ (ਬਦਲਿਆਂ ਹੋਇਆ ਨਾਮ) 'ਤੇ ਆਪਣੇ ਪਤੀ ਦੇ ਕਤਲ ਦਾ ਇਲਜ਼ਾਮ ਹੈ। ਪਿਛਲੇ ਚਾਰ ਸਾਲ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ।

ਚਾਰ ਸਾਲ ਪਹਿਲੇ ਨਫ਼ੀਸਾ ਜਦੋਂ ਜੇਲ੍ਹ ਵਿੱਚ ਬੰਦ ਹੋਈ ਤਾਂ ਉਨ੍ਹਾਂ ਦਾ ਇੱਕ ਮੁੰਡਾ ਸਿਰਫ਼ ਤਿੰਨ ਸਾਲ ਦਾ ਸੀ, ਕੁੜੀ ਪੰਜ ਸਾਲ ਦੀ , ਇੱਕ ਮੁੰਡਾ 7 ਸਾਲ ਦਾ ਅਤੇ ਸਭ ਤੋਂ ਵੱਡਾ ਮੁੰਡਾ ਨੌ ਸਾਲ ਦਾ ਸੀ।

ਨਫ਼ੀਸਾ ਦੀ ਕਹਾਣੀ

ਨਫ਼ੀਸਾ ਵਿਚਾਰ ਅਧੀਨ ਕੈਦੀ ਹੈ ਯਾਨਿ ਫ਼ਿਲਹਾਲ ਉਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਹੈ। ਜੇਲ੍ਹ ਨਿਯਮਾਂ ਮੁਤਾਬਕ ਜੇਲ੍ਹ ਵਿੱਚ ਜੇਕਰ ਕਿਸੇ ਮਹਿਲਾ ਕੈਦੀ ਦਾ ਬੱਚਾ 6 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਉਹ ਜੇਲ੍ਹ ਵਿੱਚ ਹੀ ਬਣੇ ਕਰੱਚ ਵਿੱਚ ਰਹਿ ਸਕਦਾ ਹੈ।

ਅਜਿਹੇ ਬੱਚਿਆਂ ਲਈ ਸਰਕਾਰ ਬਕਾਇਦਾ ਕਰੱਚ ਦਾ ਇੰਤਜ਼ਾਮ ਕਰਦੀ ਹੈ।

ਪਰ ਨਫ਼ੀਸਾ ਨੂੰ ਨਾ ਤਾਂ ਇਸ ਨਿਯਮ ਦਾ ਪਤਾ ਸੀ ਅਤੇ ਨਾ ਹੀ ਇਸ ਗੱਲ ਦਾ ਅਹਿਸਾਸ ਸੀ ਕਿ ਉਨ੍ਹਾਂ ਨੂੰ ਐਨਾ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪਵੇਗਾ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉਨ੍ਹਾਂ ਨੇ ਬੱਚੇ ਨੂੰ ਜੇਲ੍ਹ ਦੇ ਕਰੱਚ ਵਿੱਚ ਲਿਆਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੀ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਜਿਹੜਾ ਉਨ੍ਹਾਂ ਨੂੰ ਸਰਕਾਰੀ ਵਕੀਲ ਮਿਲਿਆ, ਉਸ ਨੇ ਕੋਈ ਮਦਦ ਨਹੀਂ ਕੀਤੀ।

ਨਫ਼ੀਸਾ ਵੱਖਰੀ ਬਣੀ ਮਹਿਲਾ ਜੇਲ੍ਹ ਵਿੱਚ ਰਹਿੰਦੀ ਹੈ। ਦੇਸ ਦੀਆਂ ਦੂਜੀਆਂ ਜੇਲ੍ਹਾਂ ਵਿੱਚ ਰਹਿਣ ਵਾਲੀਆਂ ਮਹਿਲਾਂ ਕੈਦੀਆਂ ਨਾਲੋਂ ਕਈ ਪੱਖੋਂ ਉਨ੍ਹਾਂ ਦੀ ਹਾਲਤ ਚੰਗੀ ਹੈ।

ਪਰ ਕੈਦੀ ਹੋਣ ਤੋਂ ਇਲਾਵਾ ਉਹ ਇੱਕ ਮਾਂ ਵੀ ਹੈ। ਇਸ ਲਿਹਾਜ਼ ਨਾਲ ਉਨ੍ਹਾਂ ਦਾ ਦਰਦ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਹੋਰ ਮਾਂ ਦਾ।

ਕੀ ਕਹਿੰਦੇ ਹਨ ਅੰਕੜੇ?

ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਮੁਤਾਬਕ ਦੇਸ ਭਰ ਦੀਆਂ ਜੇਲ੍ਹਾਂ ਵਿੱਚ 4,19,623 ਕੈਦੀ ਹਨ, ਜਿਨ੍ਹਾਂ ਵਿੱਚੋਂ 17, 834 ਔਰਤਾਂ ਹਨ। ਇਹ ਅੰਕੜਾ ਕੁੱਲ ਕੈਦੀਆਂ ਦਾ 4.3 ਫ਼ੀਸਦ ਬਣਦਾ ਹੈ। ਇਹ ਅੰਕੜੇ 2015 ਦੇ ਹਨ।

ਸਾਲ 2000 ਵਿੱਚ ਇਹ ਅੰਕੜਾ 3.3 ਫ਼ੀਸਦ ਸੀ, 15 ਸਾਲ ਵਿੱਚ ਮਹਿਲਾ ਕੈਦੀਆਂ ਵਿੱਚ ਇੱਕ ਫ਼ੀਸਦ ਇਜ਼ਾਫ਼ਾ ਹੋਇਆ ਹੈ।

ਐਨਾ ਹੀ ਨਹੀਂ 17834 ਵਿੱਚੋਂ 11,916, ਤਕਰੀਬਨ 66 ਫ਼ੀਸਦ ਔਰਤਾਂ ਵਿਚਾਰ ਅਧੀਨ ਕੈਦੀ ਹਨ। ਨਫ਼ੀਸਾ ਉਨ੍ਹਾਂ ਵਿੱਚੋਂ ਹੀ ਇੱਕ ਹੈ।

ਹਾਲ ਹੀ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਮਹਿਲਾ ਕੈਦੀਆਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਕਈ ਨਵੇਂ ਕਦਮ ਚੁੱਕਣ ਦੀ ਗੱਲ ਆਖ਼ੀ ਗਈ ਹੈ।

ਜਾਣਕਾਰਾਂ ਦੀ ਰਾਏ

ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਦੀ ਬੋਰਡ ਮੈਂਬਰ ਅਤੇ ਸੀਨੀਅਰ ਸਲਾਹਕਾਰ ਮਾਇਆ ਦਾਰੂਵਾਲਾ ਮੁਤਾਬਕ ਮਹਿਲਾ ਕੈਦੀਆਂ ਦੇ ਹਾਲਾਤ ਵਿੱਚ ਸੁਧਾਰ ਨਾ ਹੋਣ ਦਾ ਇੱਕ ਕਾਰਨ ਇਨ੍ਹਾਂ ਦੇ ਵਧਦੇ ਅੰਕੜੇ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਦੇਸ ਦੀਆਂ ਜ਼ਿਆਦਾਤਰ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਵੱਧ ਹੈ ਅਤੇ ਸਟਾਫ਼ ਘੱਟ ਹੈ। ਇੱਕ ਪਾਸੇ ਜਿੱਥੇ ਸੁਰੱਖਿਆ ਕਰਮੀਆਂ ਦੀ ਘਾਟ ਹੈ ਦੂਜੇ ਪਾਸੇ ਵਿਚਾਰ ਅਧੀਨ ਕੈਦੀਆਂ ਕਾਰਨ ਜੇਲ੍ਹਾਂ ਵਿੱਚ ਭੀੜ ਵੀ ਲਗਾਤਾਰ ਵਧਦੀ ਜਾ ਰਹੀ ਹੈ।"

Image copyright Getty Images
ਫੋਟੋ ਕੈਪਸ਼ਨ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਔਰਤਾਂ ਆਪਣੇ ਬੱਚਿਆਂ ਦੇ ਨਾਲ (2014 ਦੀ ਤਸਵੀਰ)

ਐਨਸੀਆਰਬੀ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ ਭਰ ਦੀਆਂ ਜੇਲ੍ਹਾਂ ਵਿੱਚ ਤਕਰੀਬਨ 34 ਫ਼ੀਸਦ ਸਟਾਫ਼ ਦੀ ਘਾਟ ਹੈ। ਕਰੀਬ 80 ਹਜ਼ਾਰ ਸਟਾਫ਼ ਦੀ ਲੋੜ ਹੈ ਜਦਿਕ ਮੌਜੂਦਾ ਸਟਾਫ਼ 53000 ਹੈ।

ਮਾਇਆ ਦਾਰੂਵਾਲਾ ਨੇ ਹਾਲ ਹੀ ਵਿੱਚ ਭੋਪਾਲ ਜੇਲ੍ਹ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਮਹਿਲਾ ਕੈਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਸਮਝਿਆ।

ਇਸ ਦੌਰੇ ਦਾ ਜ਼ਿਕਰ ਕਰਦੇ ਹੋਏ ਮਾਇਆ ਦਾਰੂਵਾਲਾ ਕਹਿੰਦੀ ਹੈ, "ਪਹਿਲੀ ਨਜ਼ਰ ਵਿੱਚ ਤਾਂ ਉੱਥੇ ਮਹਿਲਾ ਕੈਦੀਆਂ ਦੀ ਹਾਲਤ ਬਹੁਤ ਚੰਗੀ ਲੱਗ ਰਹੀ ਸੀ। ਸਾਰੇ ਖੁਸ਼ ਨਜ਼ਰ ਆ ਰਹੇ ਸਨ, ਪਰ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਸ ਮਾਮਲੇ ਵਿੱਚ ਅੰਦਰ ਹਨ, ਉਨ੍ਹਾਂ ਦਾ ਕੇਸ ਕਿੱਥੋਂ ਤੱਕ ਪਹੁੰਚਿਆ ਹੈ, ਉਨ੍ਹਾਂ ਦੇ ਵਕੀਲ ਕੌਣ ਹਨ, ਕਿੰਨੀ ਵਾਰ ਵਕੀਲ ਨਾਲ ਮੁਲਾਕਾਤ ਹੋਈ ਹੈ, ਤਾਂ ਉੱਥੇ ਮੌਜੂਦ 90 ਫ਼ੀਸਦ ਮਹਿਲਾ ਕੈਦੀਆਂ ਨੂੰ ਆਪਣੇ ਕੇਸ ਬਾਰੇ ਜਾਣਕਾਰੀ ਹੀ ਨਹੀਂ ਸੀ।"

'ਮੇਰਾ ਸਭ ਕੁਝ ਲੁੱਟ ਗਿਆ'

ਦਰਅਸਲ ਅਸਲ ਮੁੱਦਾ ਇਹੀ ਹੈ ਕਿ ਕੇਸ ਦੀ ਤਾਰੀਖ਼ ਵਧਦੀ ਜਾਂਦੀ ਹੈ ਅਤੇ ਹਰ ਸੁਣਵਾਈ ਤੋਂ ਬਾਅਦ ਉਹ ਵਾਪਸ ਜੇਲ੍ਹ ਪਹੁੰਚ ਜਾਂਦੀਆਂ ਹਨ।

ਨਫ਼ੀਸਾ ਦੀ ਵੀ ਅਸਲ ਦਿੱਕਤ ਇਹੀ ਹੈ। ਸਰਕਾਰੀ ਵਕੀਲ ਤੋਂ ਮਦਦ ਨਾ ਮਿਲਣ ਕਾਰਨ ਨਫ਼ੀਸਾ ਨੇ ਖ਼ੁਦ ਲਈ ਦੂਜਾ ਵਕੀਲ ਕੀਤਾ ਹੈ।

ਵਕੀਲ ਦੀ ਫੀਸ ਹੁਣ ਉਹ ਆਪਣੀ ਜੇਲ੍ਹ ਦੀ ਕਮਾਈ ਤੋਂ ਦਿੰਦੀ ਹੈ। ਪਿਛਲੇ ਦਿਨੀਂ ਉਹ ਪਹਿਲੀ ਵਾਰ ਪੈਰੋਲ 'ਤੇ ਆਪਣੇ ਬੱਚਿਆਂ ਨੂੰ ਮਿਲਣ ਜੇਲ੍ਹ ਤੋਂ ਬਾਹਰ ਆਈ ਸੀ।

Image copyright Getty Images
ਫੋਟੋ ਕੈਪਸ਼ਨ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਸਿਲਾਈ ਕਰਦੀਆਂ ਮਹਿਲਾ ਕੈਦੀ ( 2014 ਦੀ ਤਸਵੀਰ)

ਉਦੋਂ ਹੀ ਨਫ਼ੀਸਾ ਨੂੰ ਪਤਾ ਲੱਗਿਆ ਕਿ ਹੁਣ ਉਨ੍ਹਾਂ ਦਾ ਸਭ ਤੋਂ ਵੱਡਾ ਮੁੰਡਾ ਉਨ੍ਹਾਂ ਦੀ ਨਨਾਣ ਦੇ ਘਰ ਰਹਿ ਰਿਹਾ ਹੈ।

ਨਫ਼ੀਸਾ ਦਾ ਕਹਿਣਾ ਹੈ, "ਮੇਰੀ ਨਨਾਣ ਨੇ ਮੇਰੇ ਵੱਡੇ ਮੁੰਡੇ ਨੂੰ ਮੇਰੇ ਖ਼ਿਲਾਫ਼ ਭੜਕਾਇਆ ਅਤੇ ਮੇਰੇ ਖ਼ਿਲਾਫ਼ ਗਵਾਹੀ ਦੁਆਈ। ਉਦੋਂ ਤੋਂ ਉਹ ਉਸ ਨੂੰ ਆਪਣੇ ਨਾਲ ਹੀ ਰੱਖਦੀ ਹੈ।"

ਬਾਕੀ ਦੇ ਤਿੰਨ ਬੱਚੇ ਕਿੱਥੇ ਹਨ? ਉਸਦੇ ਜਵਾਬ ਵਿੱਚ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਹਨ।

"ਮੇਰੇ ਪਤੀ ਨੇ ਤਾਂ ਪਹਿਲਾਂ ਹੀ ਫਾਂਸੀ ਲਗਾ ਲਈ। ਇਲਜ਼ਾਮ ਮੇਰੇ 'ਤੇ ਹੈ। ਮੇਰਾ ਹੋਰ ਕੋਈ ਨਹੀਂ ਹੈ। ਮੇਰਾ ਸਭ ਕੁਝ ਲੁੱਟ ਗਿਆ।"

"ਕਦੇ-ਕਦੇ ਸੋਚਦੀ ਹਾਂ ਕਿ ਜੇਕਰ ਕੁਝ ਸਾਲ ਬਾਅਦ ਬਾਹਰ ਨਿਕਲੀ ਤਾਂ ਮੈਂ ਉਨ੍ਹਾਂ ਨੂੰ ਕਿਵੇਂ ਲੱਭਾਂਗੀ।" ਐਨਾ ਕਹਿੰਦੇ-ਕਹਿੰਦੇ ਨਫ਼ੀਸਾ ਰੋਣ ਲੱਗ ਜਾਂਦੀ ਹੈ। ਦੁਪੱਟੇ ਵਿੱਚ ਮੂੰਹ ਲੁਕਾ ਕੇ ਉਹ ਸਿਲਾਈ ਮਸ਼ੀਨ 'ਤੇ ਚੁੱਪਚਾਪ ਆਪਣਾ ਕੰਮ ਕਰਨ ਲੱਗ ਜਾਂਦੀ ਹੈ।

ਮਹਿਲਾ ਕੈਦੀਆਂ ਲਈ ਕੀ ਹਨ ਨਿਯਮ?

 • ਭਾਰਤੀ ਜੇਲ੍ਹ ਮੈਨੂਅਲ ਮੁਤਾਬਕ ਗਰਭਵਤੀ ਮਹਿਲਾ ਕੈਦੀਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
 • ਬੱਚਾ ਪੈਦਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਕੈਦੀਆਂ ਦੇ ਮੁਕਾਬਲੇ ਵੱਧ ਖਾਣਾ ਅਤੇ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਦੇਣ ਦਾ ਪ੍ਰਬੰਧ ਹੈ।
 • ਮਹਿਲਾ ਕੈਦੀ ਆਪਣੇ 6 ਸਾਲ ਤੋਂ ਛੋਟੇ ਬੱਚੇ ਨੂੰ ਆਪਣੇ ਨਾਲ ਜੇਲ੍ਹ ਵਿੱਚ ਰੱਖ ਸਕਦੀ ਹੈ। ਕੈਦੀ ਮਹਿਲਾਵਾਂ ਨੂੰ ਆਪਣੇ ਬੱਚੇ ਨਾਲ 'ਮਦਰ ਸੈੱਲ' ਵਿੱਚ ਰੱਖਣ ਦਾ ਕਾਨੂੰਨ ਹੈ।
Image copyright EPA
 • ਪਰ ਇਹ ਸੁਰੱਖਿਆ ਉਨ੍ਹਾਂ ਕੈਦੀਆਂ ਲਈ ਮੁਹੱਈਆ ਹੈ ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਕੋਈ ਪਰਿਵਾਰਕ ਮੈਂਬਰ ਉਨ੍ਹਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਾ ਹੋਵੇ।
 • ਦੇਸ ਵਿੱਚ ਕੁੱਲ 1401 ਜੇਲ੍ਹਾਂ ਹਨ ਜਿਨ੍ਹਾਂ ਵਿੱਚੋਂ ਸਿਰਫ਼ 18 ਵਿੱਚ ਹੀ ਮਹਿਲਾ ਕੈਦੀਆਂ ਲਈ ਵੱਖਰੀ ਜੇਲ੍ਹ ਦਾ ਪ੍ਰਬੰਧ ਹੈ।
 • ਯਾਨਿ ਬਾਕੀ ਜੇਲ੍ਹਾਂ ਵਿੱਚ ਮਹਿਲਾ ਕੈਦੀ ਪੁਰਸ਼ਾਂ ਅਤੇ ਮਹਿਲਾ ਕੈਦੀਆਂ ਲਈ ਬਣੀਆਂ ਸਾਂਝੀਆਂ ਜੇਲ੍ਹਾਂ ਵਿੱਚ ਰਹਿਣ ਲਈ ਮਜਬੂਰ ਹਨ। ਇਨ੍ਹਾਂ ਜੇਲ੍ਹਾਂ ਵਿੱਚ ਇੱਕ ਕੰਧ ਬਣਾ ਕੇ ਮਹਿਲਾ ਅਤੇ ਪੁਰਸ਼ ਕੈਦੀਆਂ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾਂਦੇ ਹਨ।
 • ਮਹਿਲਾ ਕੈਦੀਆਂ ਦੀ ਉਮਰ ਦੀ ਗੱਲ ਕਰੀਏ ਤਾਂ 30 ਤੋਂ 50 ਸਾਲ ਦੀ ਉਮਰ ਦੀ ਮਹਿਲਾ ਕੈਦੀ 50.05 ਫ਼ੀਸਦ ਹੈ। 18 ਤੋਂ 30 ਸਾਲ ਦੀ ਉਮਰ ਦੀਆਂ ਮਹਿਲਾ ਕੈਦੀ 31 ਫ਼ੀਸਦ ਹਨ।

ਸੁਧਾਰ ਦੀ ਕਾਫ਼ੀ ਲੋੜ ਹੈ

ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੀ ਰਿਪੋਰਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ 'ਮਾਂ' ਕੈਦੀਆਂ ਲਈ ਜਿਹੜੀਆਂ ਸਹੂਲਤਾਂ ਹਨ ਉਹ ਕਾਫ਼ੀ ਨਹੀਂ ਹਨ ਅਤੇ ਉਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ।

ਰਿਪੋਰਟ ਵਿੱਚ 134 ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਇਹ ਹਨ:

 • ਜਿਨ੍ਹਾਂ ਜੇਲ੍ਹਾਂ ਵਿੱਚ ਬੱਚਿਆਂ ਲਈ ਕਰੱਚ ਦਾ ਇੰਤਜ਼ਾਮ ਨਹੀਂ ਹੈ, ਉੱਥੇ ਇਹ ਸਹੂਲਤ ਮੁਹੱਈਆ ਕਰਵਾਈ ਜਾਵੇ।
 • ਜਿਨ੍ਹਾਂ ਮਹਿਲਾ ਕੈਦੀਆਂ ਦੇ ਬੱਚੇ 6 ਸਾਲ ਤੋਂ ਵੱਡੇ ਹਨ ਅਤੇ ਦੇਖ-ਰੇਖ ਕਰਨ ਵਾਲਾ ਕੋਈ ਹੋਰ ਨਹੀਂ, ਉਨ੍ਹਾਂ ਨੂੰ 'ਚਾਈਲਡ ਕੇਅਰ ਹੋਮ' ਭੇਜਣ ਦੀ ਜ਼ਿੰਮੇਵਾਰੀ ਵੀ ਜੇਲ੍ਹ ਪ੍ਰਸ਼ਾਸਨ ਦੀ ਹੋਵੇਗੀ।
 • ਮਹਿਲਾ ਕੈਦੀਆਂ ਦੇ ਜੇਲ੍ਹ ਵਿੱਚ ਰਹਿਣ ਦੌਰਾਨ ਪਰਿਵਾਰ ਨਾਲ ਸਬੰਧ ਬਣਿਆ ਰਹੇ ਇਸ ਲਈ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਪਰਿਵਾਰ ਨਾਲ ਮਿਲਣ ਦਿੱਤਾ ਜਾਵੇ।
 • ਐਨਾ ਹੀ ਨਹੀਂ ਮਹਿਲਾ ਕੈਦੀਆਂ ਲਈ ਵਕੀਲ, ਕਾਊਂਸਲਰ ਦੇ ਪ੍ਰਬੰਧ 'ਤੇ ਵਧੇਰੇ ਧਿਆਨ ਦਿੱਤਾ ਜਾਵੇ ਅਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਜ਼ਿੰਦਗੀ ਜੀਉਣ ਲਈ ਵੀ ਉਨ੍ਹਾਂ ਨੂੰ ਤਿਆਰ ਕੀਤਾ ਜਾਵੇ।
 • ਜਿਨ੍ਹਾਂ ਮਹਿਲਾ ਵਿਚਾਰ ਅਧੀਨ ਕੈਦੀਆਂ ਨੇ ਆਪਣੇ ਜੁਰਮ ਦੀ ਸਜ਼ਾ ਦਾ ਇੱਕ ਤਿਹਾਈ ਸਮਾਂ ਜੇਲ੍ਹ ਵਿੱਚ ਗੁਜ਼ਾਰ ਦਿੱਤਾ ਹੋਵੇ, ਉਨ੍ਹਾਂ ਦੀ ਜ਼ਮਾਨਤ 'ਤੇ ਰਿਹਾਅ ਹੋਣ ਦਾ ਪ੍ਰਬੰਧ ਕਰਨ ਦੀ ਗੱਲ ਆਖ਼ੀ ਗਈ ਹੈ।

ਸੁਝਾਅ 'ਤੇ ਅਮਲ ਹੋ ਰਿਹਾ ਹੈ

ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਦੇ ਇਨ੍ਹਾਂ ਸੁਝਾਆਂ 'ਤੇ ਅਸੀਂ ਤਿਹਾੜ ਜੇਲ੍ਹ ਵਿੱਚ ਮਹਿਲਾ ਜੇਲ੍ਹ ਸੁਪਰੀਡੈਂਟ ਅੰਜੂ ਮੰਗਲਾ ਨਾਲ ਗੱਲਬਾਤ ਕੀਤੀ।

ਉਨ੍ਹਾਂ ਮੁਤਾਬਕ, ਤਿਹਾੜ ਜੇਲ੍ਹ ਵਿੱਚ ਜ਼ਿਆਦਾਤਰ ਸੁਝਾਆਂ 'ਤੇ ਪਹਿਲਾਂ ਤੋਂ ਹੀ ਅਮਲ ਹੋ ਰਿਹਾ ਹੈ। ਪਰ ਜਿੱਥੇ ਤੱਕ ਕਾਨੂੰਨ ਵਿੱਚ ਬਦਲਾਅ ਕਰਕੇ ਵਿਚਾਰ ਅਧੀਨ ਕੈਦੀਆਂ ਦੀ ਜ਼ਮਾਨਤ ਦਾ ਸਵਾਲ ਹੈ ਇਸ 'ਤੇ ਜੇਲ੍ਹ ਪ੍ਰਸ਼ਾਸਨ ਵਾਧੂ ਕੁਝ ਨਹੀਂ ਕਰ ਸਕਦਾ।"

Image copyright Getty Images
ਫੋਟੋ ਕੈਪਸ਼ਨ ਕਸ਼ਮੀਰ ਦੀ ਜੇਲ੍ਹ ਵਿੱਚ ਮਹਿਲਾ ਕੈਦੀ ਦਾ ਬੱਚਾ

ਅੰਜੂ ਮੰਗਲਾ ਦਾ ਕਹਿਣਾ ਹੈ ਕਿ ਪਰਿਵਾਰਕ ਰਿਸ਼ਤਿਆਂ ਨੂੰ ਜੇਲ੍ਹ ਦੌਰਾਨ ਵੀ ਬਣਾਈ ਰੱਖਣ ਲਈ ਸਜ਼ਾ ਕੱਟ ਰਹੇ ਕੈਦੀਆਂ ਨੂੰ ਸੱਤ ਹਫ਼ਤੇ ਦੀ ਛੁੱਟੀ ਅਤੇ 4 ਹਫ਼ਤੇ ਦੀ ਪੈਰੋਲ ( ਕਿਸੀ ਵਿਸ਼ੇਸ਼ ਕੰਮ ਲਈ ਮਿਲੀ ਛੁੱਟੀ) ਦਾ ਕਾਨੂੰਨ ਹੈ।

ਹਾਲਾਂਕਿ ਕੈਦੀਆਂ ਨੂੰ ਪੈਰੋਲ ਕੋਰਟ ਤੋਂ ਮਿਲਦੀ ਹੈ, ਪਰ ਛੁੱਟੀ 'ਤੇ ਜੇਲ੍ਹ ਪ੍ਰਸ਼ਾਸਨ ਫ਼ੈਸਲਾ ਲੈ ਸਕਦਾ ਹੈ।

'ਚਾਈਲਡ ਕੇਅਰ ਹੋਮ'

ਅੰਜੂ ਮੁਤਾਬਕ ਮਹਿਲਾ ਕੈਦੀਆਂ ਲਈ ਜੇਲ੍ਹ ਅੰਦਰ ਕਈ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਸ ਲਈ ਐਨਜੀਓ ਦੀ ਵੀ ਮਦਦ ਲਈ ਜਾਂਦੀ ਹੈ।

ਅਜਿਹੀ ਹੀ ਇੱਕ ਐਨਜੀਓ ਇੰਡੀਆ ਵਿਜ਼ਨ ਫਾਊਂਡੇਸ਼ਨ ਦੀ ਡਇਰੈਕਟਰ ਮੋਨੀਕਾ ਧਵਨ ਮੁਤਾਬਕ, "ਦਿੱਲੀ, ਹਰਿਆਣਾ ਅਤੇ ਉੱਤਰ-ਪ੍ਰਦੇਸ਼ ਦੀਆਂ ਪੰਜ ਜੇਲ੍ਹਾਂ ਵਿੱਚ ਅਸੀਂ ਉੱਥੇ ਦੀਆਂ ਮਹਿਲਾ ਕੈਦੀਆਂ ਲਈ ਵੱਖ-ਵੱਖ ਸਕੂਲਾਂ ਨਾਲ ਸਪੰਰਕ ਕੀਤਾ ਹੈ, ਤਾਂ ਕਿ 6 ਸਾਲ ਦੀ ਉਮਰ ਤੋਂ ਵੱਡੇ ਬੱਚੇ ਦੀ ਪੜ੍ਹਾਈ-ਲਿਖਾਈ ਜ਼ਿੰਮੇਦਾਰੀ ਅਸੀਂ ਚੁੱਕ ਸਕੀਏ।"

ਉਨ੍ਹਾਂ ਨੇ ਕਿਹਾ, "ਕਈ ਵਾਰ ਮਹਿਲਾ ਕੈਦੀਆਂ ਦੇ ਬੱਚੇ ਕਿਸਦੇ ਕੋਲ ਰਹਿਣਗੇ, ਇਹ ਫ਼ੈਸਲਾ ਬੜਾ ਮੁਸ਼ਕਿਲ ਹੁੰਦਾ ਹੈ। ਜੇਲ੍ਹ ਦੇ ਬਾਹਰ ਉਨ੍ਹਾਂ ਦੇ ਪਰਿਵਾਰ ਵਿੱਚ ਬੱਚਿਆਂ ਦੀ ਦੇਖ-ਰੇਖ ਕਰਨ ਵਾਲਾ ਹੁੰਦਾ ਤਾਂ ਹੈ, ਪਰ ਉਨ੍ਹਾਂ 'ਤੇ ਮਾਂ ਨੂੰ ਭਰੋਸਾ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ 'ਚਾਈਲਡ ਕੇਅਰ ਹੋਮ' ਭੇਜਣਾ ਚਾਹੁੰਦੀ ਹੈ ਪਰ ਅਜਿਹੇ ਮਾਮਲੇ ਵਿੱਚ ਅਸੀਂ ਕਾਨੂੰਨ ਨਾਲ ਬੱਝੇ ਹੁੰਦੇ ਹਾਂ।"

ਹੁਣ ਅੱਗੇ ਕੀ?

ਨਫ਼ੀਸਾ ਆਪਣੀ ਜ਼ਿੰਦਗੀ ਦੇ ਚਾਰ ਸਾਲ ਜੇਲ੍ਹ ਵਿੱਚ ਕੱਢ ਚੁੱਕੀ ਹੈ ਅਤੇ ਹੁਣ ਤੱਕ ਉਸਦਾ ਕੇਸ ਕਿਸੇ ਮੁਕਾਮ 'ਤੇ ਨਹੀਂ ਪੁੱਜਿਆ। ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਫ਼ੈਸਲਾ ਕਦੋਂ ਤੱਕ ਆਵੇਗਾ ਅਤੇ ਉਨ੍ਹਾਂ ਨੂੰ ਹੋਰ ਕਿਨੇ ਸਾਲ ਜੇਲ੍ਹ ਵਿੱਚ ਕੱਢਣੇ ਪੈਣਗੇ।

ਪਰ ਉਨ੍ਹਾਂ ਸਾਹਮਣੇ ਇਹ ਸਵਾਲ ਸਭ ਤੋਂ ਵੱਡਾ ਨਹੀਂ ਹੈ। ਉਨ੍ਹਾਂ ਨੂੰ ਚਿੰਤਾ ਹੈ ਕਿ ਕੁਝ ਸਾਲ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਬੱਚਿਆਂ ਨੂੰ ਕਿੱਥੇ ਲੱਭੇਗੀ। ਜੇਕਰ ਉਹ ਗ਼ਲਤੀ ਨਾਲ ਉਨ੍ਹਾਂ ਨੂੰ ਮਿਲ ਵੀ ਗਏ ਤਾਂ ਉਹ ਵੱਡੇ ਹੋ ਗਏ ਹੋਣਗੇ ਅਤੇ ਸ਼ਾਇਦ ਉਹ ਆਪਣੇ ਬੱਚਿਆਂ ਦੀ ਸ਼ਕਲ ਵੀ ਨਾ ਪਛਾਣ ਸਕੇ। ਇਹ ਸੋਚ ਕੇ ਉਹ ਰੌਂਦੀ ਰਹਿੰਦੀ ਹੈ।

ਸ਼ਾਇਦ ਇਨ੍ਹਾਂ ਸੁਝਾਆਂ ਤੋਂ ਬਾਅਦ ਅਤੇ ਉਨ੍ਹਾਂ 'ਤੇ ਧਿਆਨ ਦਿੱਤੇ ਜਾਣ ਦੇ ਦਾਅਵਿਆਂ ਵਿਚਾਲੇ ਨਫ਼ੀਸਾ ਦੇ ਹੰਝੂਆਂ ਨੂੰ ਕੋਈ ਸਹਾਰਾ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)