Vallabhbhai Patel : ਕੀ ਸਰਦਾਰ ਪਟੇਲ ਕਸ਼ਮੀਰ ਪਾਕਿਸਤਾਨ ਨੂੰ ਦੇਣਾ ਚਾਹੁੰਦੇ ਸਨ?

  • ਜੈ ਮਕਵਾਨਾ
  • ਬੀਬੀਸੀ ਪੱਤਰਕਾਰ

ਕਸ਼ਮੀਰ ਦੇ ਭਾਰਤ ਵਿੱਚ ਮਿਲਣ 'ਤੇ ਸਰਦਾਰ ਪਟੇਲ ਦੇ ਵਿਚਾਰਾਂ ਬਾਰੇ ਭਾਰਤ ਸਾਸ਼ਿਤ ਕਸ਼ਮੀਰ ਦੇ ਕਾਂਗਰਸੀ ਆਗੂ ਸੈਫੁਦੀਨ ਸੋਜ਼ ਦੀ ਟਿੱਪਣੀ 'ਤੇ ਵਿਵਾਦ ਪੈਦਾ ਹੋਇਆ ਹੈ।

ਸੋਜ਼ ਦਾ ਕਹਿਣਾ ਹੈ ਕਿ ਜੇ ਪਾਕਿਸਤਾਨ ਭਾਰਤ ਨੂੰ ਹੈਦਰਾਬਾਦ ਦੇਣ ਲਈ ਤਿਆਰ ਹੁੰਦਾ ਤਾਂ ਸਰਦਾਰ ਪਟੇਲ ਨੂੰ ਵੀ ਪਾਕਿਸਤਾਨ ਨੂੰ ਕਸ਼ਮੀਰ ਦੇਣ ਵਿੱਚ ਕੋਈ ਮੁਸ਼ਕਿਲ ਨਾ ਹੁੰਦੀ।

ਸੋਜ਼ ਨੇ ਇਹ ਦਾਅਵਾ ਆਪਣੀ ਕਿਤਾਬ 'ਕਸ਼ਮੀਰ: ਗਲਿੰਪਸ ਆਫ਼ ਹਿਸਟਰੀ ਐਂਡ ਦ ਸਟੋਰੀ ਆਫ਼ ਸਟ੍ਰਗਲ' ਵਿੱਚ ਕੀਤਾ ਹੈ। ਇਸ ਕਿਤਾਬ ਵਿੱਚ ਵੰਡ ਦੀਆਂ ਕਾਫ਼ੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :

ਪਰ ਕੀ ਸਰਦਾਰ ਪਟੇਲ ਦਾ ਅਸਲ ਵਿੱਚ ਕਸ਼ਮੀਰ ਪਾਕਿਸਤਾਨ ਨੂੰ ਦੇਣ ਦਾ ਵਿਚਾਰ ਸੀ?

ਕੀ ਸੋਜ਼ ਦੇ ਦਾਅਵੇ ਵਿੱਚ ਕੋਈ ਸੱਚਾਈ ਹੈ?

ਸੋਜ਼ ਆਪਣੀ ਕਿਤਾਬ ਵਿੱਚ ਲਿਖਦੇ ਹਨ ਪਾਕਿਸਤਾਨ ਦੇ 'ਕਸ਼ਮੀਰ ਆਪਰੇਸ਼ਨ' ਦੇ ਇੰਚਾਰਜ ਹਿਯਾਤ ਖਾਨ ਨੂੰ ਲਾਰਡ ਮਾਉਂਟਬੇਟਨ ਨੇ ਸਰਦਾਰ ਦਾ ਮਤਾ ਪੇਸ਼ ਕੀਤਾ ਸੀ।

ਤਸਵੀਰ ਕੈਪਸ਼ਨ,

ਸਰਦਾਰ ਪਟੇਲ ਦੀ ਸ਼ਰਤ ਸੀ ਕਿ ਜੇ ਪਾਕਿਸਤਾਨ ਹੈਦਰਾਬਾਦ ਦੱਕਨ ਨੂੰ ਛੱਡਣ ਲਈ ਤਿਆਰ ਹੈ ਤਾਂ ਭਾਰਤ ਵੀ ਕਸ਼ਮੀਰ ਪਾਕਿਸਤਾਨ ਨੂੰ ਦੇਣ ਲਈ ਤਿਆਰ ਹੈ।

ਮਤੇ ਮੁਤਾਬਕ ਸਰਦਾਰ ਪਟੇਲ ਦੀ ਸ਼ਰਤ ਸੀ ਕਿ ਜੇ ਪਾਕਿਸਤਾਨ ਹੈਦਰਾਬਾਦ ਦੱਕਨ ਨੂੰ ਛੱਡਣ ਲਈ ਤਿਆਰ ਹੈ ਤਾਂ ਭਾਰਤ ਵੀ ਕਸ਼ਮੀਰ ਪਾਕਿਸਤਾਨ ਨੂੰ ਦੇਣ ਲਈ ਤਿਆਰ ਹੈ। (ਪੰਨਾ 199, ਕਸ਼ਮੀਰ: ਗਲਿੰਪਸ ਆਫ਼ ਹਿਸਟ੍ਰੀ ਐਂਡ ਦ ਸਟੋਰੀ ਆਈਫ਼ ਸਟ੍ਰਗਲ)

ਹਿਯਾਤ ਨੇ ਇਸ ਸੁਨੇਹੇ ਨੂੰ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਤੱਕ ਪਹੁੰਚਾਇਆ।

ਉਦੋਂ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਨੇ ਕਿਹਾ, "ਮੈਂ ਪਾਗਲ ਨਹੀਂ ਹਾਂ ਕਿ ਕਸ਼ਮੀਰ ਅਤੇ ਉਸ ਦੇ ਪੱਥਰਾਂ ਲਈ ਇੱਕ ਅਜਿਹੇ ਖੇਤਰ (ਹੈਦਰਾਬਾਦ) ਨੂੰ ਜਾਣ ਦੇਵਾਂ ਜੋ ਪੰਜਾਬ ਤੋਂ ਵੀ ਵੱਧ ਵੱਡਾ ਹੈ।"

ਸਰਦਾਰ ਕਸ਼ਮੀਰ ਦੇਣ ਲਈ ਰਾਜ਼ੀ ਸਨ

ਸੋਜ਼ ਨੇ ਆਪਣੀ ਕਿਤਾਬ ਵਿੱਚ ਕਸ਼ਮੀਰ ਅਤੇ ਇਸ ਦੇ ਇਤਿਹਾਸ ਦੇ ਮਾਹਿਰ ਏ.ਜੀ. ਨੂਰਾਨੀ ਦੇ ਇੱਕ ਲੇਖ ਦਾ ਵੀ ਜ਼ਿਕਰ ਕੀਤਾ ਹੈ।

ਇਸ ਲੇਖ ਦਾ ਨਾਮ 'ਅ ਟੇਲ ਆਫ਼ ਟੂ ਸਟੋਰੀਜ਼' ਹੈ, ਜਿਸ ਦਾ ਜ਼ਿਕਰ ਕਰਦੇ ਹੋਏ ਲਿਖਿਆ ਗਿਆ ਹੈ: 1972 ਵਿੱਚ ਆਦੀਵਾਸੀ ਪੰਚਾਇਤ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਕਿਹਾ ਸੀ ਕਿ ਸਰਦਾਰ ਜੂਨਾਗੜ੍ਹ ਅਤੇ ਹੈਦਰਾਬਾਦ ਦੇ ਬਦਲੇ ਵਿੱਚ ਕਸ਼ਮੀਰ ਦੇਣ ਲਈ ਤਿਆਰ ਸਨ। (ਪੰਨਾ 199, ਕਸ਼ਮੀਰ: ਗਲਿੰਪਸ ਆਫ਼ ਹਿਸਟ੍ਰੀ ਐਂਡ ਦ ਸਟੋਰੀ ਆਈਫ਼ ਸਟ੍ਰਗਲ)

ਤਸਵੀਰ ਕੈਪਸ਼ਨ,

1972 ਵਿੱਚ ਆਦੀਵਾਸੀ ਪੰਚਾਇਤ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਕਿਹਾ ਸੀ ਕਿ ਸਰਦਾਰ ਜੂਨਾਗੜ੍ਹ ਅਤੇ ਹੈਦਰਾਬਾਦ ਦੇ ਬਦਲੇ ਵਿੱਚ ਕਸ਼ਮੀਰ ਦੇਣ ਲਈ ਤਿਆਰ ਸਨ

ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਅਤੇ ਸਰਦਾਰ ਦੇ ਕਰੀਬੀ ਸਹਿਯੋਗੀ ਰਹੇ ਵੀਪੀ ਮੈਨਨ ਨੇ ਵੀ ਕਿਹਾ ਸੀ ਕਿ ਸ਼ੁਰੂਆਤ ਵਿੱਚ ਸਰਦਾਰ ਕਸ਼ਮੀਰ ਨੂੰ ਪਾਕਿਸਤਾਨ ਦੇਣ ਲਈ ਰਾਜ਼ੀ ਸਨ।

ਇਹ ਵੀ ਪੜ੍ਹੋ :

ਮੈਨਨ ਆਪਣੀ ਕਿਤਾਬ 'ਇੰਟੀਗ੍ਰੇਸ਼ਨ ਆਫ਼ ਇੰਡੀਅਨ ਸਟੇਟ' ਵਿੱਚ ਲਿਖਦੇ ਹਨ, ਤਿੰਨ ਜੂਨ 1947 ਨੂੰ ਰਿਆਸਤਾਂ ਨੂੰ ਇਹ ਬਦਲ ਦਿੱਤਾ ਗਿਆ ਸੀ ਕਿ ਉਹ ਚਾਹੇ ਤਾਂ ਪਾਕਿਸਤਾਨ ਦੇ ਨਾਲ ਰਲੇਵਾਂ ਕਰ ਸਕਦੇ ਹਨ ਜਾਂ ਭਾਰਤ ਦੇ ਨਾਲ।

ਕਸ਼ਮੀਰ ਇੱਕ ਅਜਿਹਾ ਮੁਸਲਿਮ ਬਹੁਤਾਤ ਵਾਲਾ ਸੂਬਾ ਹੈ, ਜਿਸ 'ਤੇ ਹਿੰਦੂ ਰਾਜਾ ਹਰੀ ਸਿੰਘ ਦਾ ਸ਼ਾਸਨ ਸੀ। ਸਪੱਸ਼ਟ ਤੌਰ 'ਤੇ ਹਰੀ ਸਿੰਘ ਲਈ ਕਿਸੇ ਨੂੰ ਚੁਣਨਾ ਸੌਖਾ ਨਹੀਂ ਸੀ।

ਤਸਵੀਰ ਕੈਪਸ਼ਨ,

ਜੂਨ 1947 ਵਿੱਚ ਸਰਦਾਰ ਨੇ ਕਸ਼ਮੀਰ ਦੇ ਮਹਾਰਾਜਾ ਨੂੰ ਪੱਤਰ ਲਿਖ ਕੇ ਕਿਹਾ ਕਿ ਕਸ਼ਮੀਰ ਦੇ ਪਾਕਿਸਤਾਨ ਵਿੱਚ ਰਲੇਵੇਂ 'ਤੇ ਭਾਰਤ ਇਤਰਾਜ਼ ਨਹੀਂ ਕਰੇਗਾ

ਇਸ ਮਾਮਲੇ ਨੂੰ ਸੁਲਝਾਉਣ ਲਈ ਲਾਰਡ ਮਾਉਂਟਬੇਟਨ ਨੇ ਮਹਾਰਾਜਾ ਹਰੀ ਸਿੰਘ ਨਾਲ ਚਾਰ ਦਿਨ ਗੁਜ਼ਾਰੇ ਸਨ।

ਲਾਰਡ ਮਾਉਂਟਬੇਟਨ ਨੇ ਮਹਾਰਾਜਾ ਨੂੰ ਕਿਹਾ ਸੀ ਕਿ ਸਰਦਾਰ ਪਾਕਿਸਤਾਨ ਦੇ ਨਾਲ ਜਾਣ ਦੇ ਕਸ਼ਮੀਰ ਦੇ ਫੈਸਲੇ ਦਾ ਵਿਰੋਧ ਨਹੀਂ ਕਰਨਗੇ। (ਪੰਨਾ 394, ਇੰਟੀਗ੍ਰੇਸ਼ਨ ਆਫ਼ ਇੰਡੀਅਨ ਸਟੇਟ)

ਗੁਹਾ ਨੇ ਵੀ ਦਾਅਵੇ 'ਤੇ ਹਾਮੀ ਭਰੀ

ਇਤਿਹਾਸਕਾਰ ਰਾਮਚੰਦਰ ਗੁਹਾ ਨੇ ਸੋਜ਼ ਦੀ ਕਿਤਾਬ ਦੇ ਦਾਅਵਿਆਂ 'ਤੇ ਸਹਿਮਤੀ ਜਤਾਈ ਹੈ।

ਟਵਿੱਟਰ 'ਤੇ ਗੁਹਾ ਨੇ ਲਿਖਿਆ: ਕਸ਼ਮੀਰ ਪਾਕਿਸਤਾਨ ਨੂੰ ਦੇਣ ਸਬੰਧੀ ਪਟੇਲ ਨੂੰ ਕੋਈ ਮੁਸ਼ਕਿਲ ਨਹੀਂ ਸੀ।

ਗੁਹਾ ਇਸ ਵਿੱਚ ਜੋੜਦੇ ਹੋਏ ਕਹਿੰਦੇ ਹਨ ਕਿ ਸਰਦਾਰ ਦੀ ਆਤਮ ਕਥਾ ਵਿੱਚ ਰਾਜਮੋਹਨ ਗਾਂਧੀ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ।

ਰਾਜਮੋਹਨ ਗਾਂਧੀ ਆਪਣੀ ਕਿਤਾਬ 'ਪਟੇਲ: ਅ ਲਾਈਫ਼' ਵਿੱਚ ਲਿਖਦੇ ਹਨ 13 ਸਿਤੰਬਰ 1947 ਤੱਕ ਪਟੇਲ ਦੇ ਕਸ਼ਮੀਰ ਨੂੰ ਲੈ ਕੇ ਵੱਖਰੇ ਵਿਚਾਰ ਸਨ।

ਸਰਦਾਰ ਨੇ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਨੂੰ ਲਿਖੇ ਪੱਤਰ ਵਿੱਚ ਕੁਝ ਅਜਿਹਾ ਹੀ ਲਿਖਿਆ ਹੈ। ਉਹ ਆਪਣੇ ਪੱਤਰ ਵਿੱਚ ਲਿਖਦੇ ਹਨ ਕਿ ਕਸ਼ਮੀਰ ਜੇ ਕਿਸੇ ਦੂਜੇ ਰਾਸ਼ਟਰ ਦਾ ਸ਼ਾਸਨ ਅਪਣਾਉਂਦਾ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।

ਤਸਵੀਰ ਕੈਪਸ਼ਨ,

ਲਾਰਡ ਮਾਉਂਟਬੇਟਨ ਨੇ ਮਹਾਰਾਜਾ ਨੂੰ ਕਿਹਾ ਸੀ ਕਿ ਸਰਦਾਰ ਪਾਕਿਸਤਾਨ ਦੇ ਨਾਲ ਜਾਣ ਦੇ ਕਸ਼ਮੀਰ ਦੇ ਫੈਸਲੇ ਦਾ ਵਿਰੋਧ ਨਹੀਂ ਕਰਣਗੇ।

ਰਾਜਮੋਹਨ ਗਾਂਧੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਜਦੋਂ ਪਾਕਿਸਤਾਨ ਨੇ ਜੂਨਾਗੜ੍ਹ ਦੇ ਨਵਾਬ ਨਾਲ ਰਲੇਵੇਂ ਦੀ ਬੇਨਤੀ ਨੂੰ ਨਾਮੰਜ਼ੂਰ ਕਰ ਦਿੱਤਾ। ਸਿਰਫ਼ ਉਦੋਂ ਹੀ ਕਸ਼ਮੀਰ 'ਤੇ ਸਰਦਾਰ ਦੇ ਵਿਚਾਰ ਵਿੱਚ ਬਦਲਾਅ ਆਇਆ।

'ਤੁਸੀਂ ਪਾਕਿਸਤਾਨ ਨਹੀਂ ਜਾ ਰਹੇ'

ਸਰਦਾਰ ਦੇ ਬਦਲੇ ਵਿਚਾਰ 'ਤੇ ਵੀ ਰਾਜਮੋਹਨ ਗਾਂਧੀ ਲਿਖਦੇ ਹਨ।

"26 ਅਕਤੂਬਰ 1947 ਨੂੰ ਨਹਿਰੂ ਦੇ ਘਰ ਇੱਕ ਬੈਠਕ ਹੋਈ ਸੀ। ਕਸ਼ਮੀਰ ਦੇ ਦੀਵਾਨ ਮੇਹਰ ਚੰਦ ਮਹਾਜਨ ਨੇ ਭਾਰਤੀ ਫੌਜ ਦੀ ਮਦਦ ਲਈ ਕਿਹਾ ਸੀ।"

ਤਸਵੀਰ ਕੈਪਸ਼ਨ,

26 ਅਕਤੂਬਰ 1947 ਨੂੰ ਨਹਿਰੂ ਦੇ ਘਰ ਇੱਕ ਬੈਠਕ ਹੋਈ ਸੀ। ਕਸ਼ਮੀਰ ਦੇ ਦੀਵਾਨ ਮੇਹਰ ਚੰਦ ਮਹਾਜਨ ਨੇ ਭਾਰਤੀ ਫੌਜ ਦੀ ਮਦਦ ਲਈ ਕਿਹਾ ਸੀ।

ਮਹਾਜਨ ਨੇ ਇਹ ਵੀ ਕਿਹਾ ਕਿ ਜੇ ਭਾਰਤ ਇਸ ਮੰਗ 'ਤੇ ਕੋਈ ਪ੍ਰਤੀਕਰਮ ਨਹੀਂ ਦਿੰਦਾ ਹੈ ਤਾਂ ਕਸ਼ਮੀਰ ਜਿਨਾਹ ਨੂੰ ਮਦਦ ਲਈ ਕਹੇਗਾ।

ਨਹਿਰੂ ਇਹ ਸੁਣ ਕੇ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਮਹਾਜਨ ਨੂੰ ਚਲੇ ਜਾਣ ਲਈ ਕਿਹਾ।

ਉਸ ਵੇਲੇ ਸਰਦਾਰ ਨੇ ਮਹਾਜਨ ਨੂੰ ਰੋਕਿਆ ਅਤੇ ਕਿਹਾ, "ਮਹਾਜਨ, ਤੁਸੀਂ ਪਾਕਿਸਤਾਨ ਨਹੀਂ ਜਾ ਰਹੇ ਹੋ।" (ਪੰਨਾ 439, ਪਟਾਲ: ਅ ਲਾਈਫ਼)

ਗੁਜਰਾਤੀ ਭਾਸ਼ਾ ਵਿੱਚ ਸਰਦਾਰ ਪਟੇਲ 'ਤੇ 'ਸਰਦਾਰ: ਸਾਚੋ ਮਾਨਸ ਸਾਚੀ ਵਾਤ' ਲਿਖਣ ਵਾਲੀ ਉਰਵਿਸ਼ ਕੋਠਾਰੀ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, "ਰਜਵਾੜਿਆਂ ਦੇ ਰਲੇਵੇਂ ਦੌਰਾਨ ਸਰਦਾਰ ਕਸ਼ਮੀਰ ਦੇ ਭਾਰਤ ਦਾ ਅੰਗ ਬਣਨ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਸੀ।"

ਤਸਵੀਰ ਕੈਪਸ਼ਨ,

ਰਜਵਾੜਿਆਂ ਦੇ ਰਲੇਵੇਂ ਦੌਰਾਨ ਸਰਦਾਰ ਕਸ਼ਮੀਰ ਦੇ ਭਾਰਤ ਦਾ ਅੰਗ ਬਣਨ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਸੀ।

ਉਰਵਿਸ਼ ਕਹਿੰਦੇ ਹਨ, "ਇਸ ਦੇ ਮੁੱਖ ਦੋ ਕਾਰਨ ਸਨ। ਪਹਿਲਾ ਉਸ ਸੂਬੇ ਦਾ ਭੂਗੋਲ ਅਤੇ ਦੂਜਾ ਸੂਬੇ ਦੀ ਆਬਾਦੀ।"

ਉਰਵਿਸ਼ ਕੋਠਾਰੀ ਨੇ ਵਿਸਥਾਰ ਨਾਲ ਕਿਹਾ, "ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਸ਼ਮੀਰ ਇੱਕ ਸਰਹੱਦੀ ਸੂਬਾ ਸੀ ਅਤੇ ਜ਼ਿਆਦਾਤਰ ਲੋਕ ਮੁਸਲਮਾਨ ਸਨ। ਇਸੇ ਕਾਰਨ ਸਰਦਾਰ ਕਸ਼ਮੀਰ ਦਾ ਭਾਰਤ ਵਿੱਚ ਰਲੇਵਾਂ ਕਰਨ ਨੂੰ ਲੈ ਕੇ ਜ਼ਿਆਦਾ ਜ਼ਿੱਦੀ ਨਹੀਂ ਸਨ ਪਰ ਨਹਿਰੂ ਜੋ ਖੁਦ ਕਸ਼ਮੀਰੀ ਸਨ ਉਹ ਕਸ਼ਮੀਰ ਨੂੰ ਭਾਰਤ ਵਿੱਚ ਚਾਹੁੰਦੇ ਸਨ।"

ਜੂਨਾਗੜ੍ਹ ਵਿਵਾਦ ਸ਼ੁਰੂ ਹੋਇਆ

ਉਰਵਿਸ਼ ਕੋਠਾਰੀ ਦਾ ਕਹਿਣਾ ਹੈ, "ਕਸ਼ਮੀਰ ਦੇ ਦੋਵੇਂ ਉੱਘੇ ਆਗੂ ਮਹਾਰਾਜ ਹਰੀ ਸਿੰਘ ਅਤੇ ਸ਼ੇਖ ਅਬਦੁੱਲਾ ਨਹਿਰੂ ਦੇ ਦੋਸਤ ਸਨ। ਕਸ਼ਮੀਰ ਨੂੰ ਲੈ ਕੇ ਨਹਿਰੂ ਦੇ ਨਰਮ ਰੁਖ ਕਾ ਇੱਕ ਇਹੀ ਕਾਰਨ ਸੀ। ਉਸੇ ਵੇਲੇ ਜੂਨਾਗੜ੍ਹ ਵਿਵਾਦ ਸ਼ੁਰੂ ਹੋਇਆ ਅਤੇ ਸਰਦਾਰ ਨੇ ਕਸ਼ਮੀਰ ਮਾਮਲੇ ਵਿੱਚ ਦਾਖਲ ਦਿੱਤਾ। ਇਸ ਤੋਂ ਬਾਅਦ ਸਰਦਾਰ ਨੇ ਬਿਲਕੁਲ ਸਾਫ਼ ਤੌਰ 'ਤੇ ਕਿਹਾ ਕਿ ਕਸ਼ਮੀਰ ਭਾਰਤ ਨਾਲ ਰਹੇਗਾ।"

ਤਸਵੀਰ ਕੈਪਸ਼ਨ,

ਕਸ਼ਮੀਰ ਦੇ ਦੋਵੇਂ ਉੱਘੇ ਆਗੂ ਮਹਾਰਾਜ ਹਰੀ ਸਿੰਘ ਅਤੇ ਸ਼ੇਖ ਅਬਦੁੱਲਾ ਨਹਿਰੂ ਦੇ ਦੋਸਤ ਸਨ।

ਸੀਨੀਅਰ ਪੱਤਰਕਾਰ ਹਰੀ ਦੇਸਾਈ ਕਹਿੰਦੇ ਹਨ, "ਸ਼ੁਰੂਆਤੀ ਦਿਨਾਂ ਵਿੱਚ ਕਸ਼ਮੀਰ ਦੇ ਪਾਕਿਸਤਾਨ ਵਿੱਚ ਜਾਣ ਨਾਲ ਸਰਦਾਰ ਨੂੰ ਕੋਈ ਮੁਸ਼ਕਿਲ ਨਹੀਂ ਸੀ। ਕਾਫ਼ੀ ਦਸਤਾਵੇਜਾਂ ਵਿੱਚ ਇਹੀ ਦਰਜ ਹੈ ਵੀ। ਜੂਨ 1947 ਵਿੱਚ ਸਰਦਾਰ ਨੇ ਕਸ਼ਮੀਰ ਦੇ ਮਹਾਰਾਜਾ ਨੂੰ ਪੱਤਰ ਲਿਖ ਕੇ ਕਿਹਾ ਕਿ ਕਸ਼ਮੀਰ ਦੇ ਪਾਕਿਸਤਾਨ ਵਿੱਚ ਰਲੇਵੇਂ 'ਤੇ ਭਾਰਤ ਇਤਰਾਜ਼ ਨਹੀਂ ਕਰੇਗਾ ਪਰ ਮਹਾਰਾਜਾ ਨੂੰ 15 ਅਗਸਤ ਤੋਂ ਪਹਿਲਾਂ ਫੈਸਲਾ ਲੈਣਾ ਪਏਗਾ।"

ਉਰਵਿਸ਼ ਕੋਠਾਰੀ ਕਹਿੰਦੇ ਹਨ, "ਸਾਡੇ ਕੋਲ ਦਸਤਾਵੇਜ਼ ਹਨ ਜੋ ਉਨ੍ਹਾਂ ਇਤਿਹਾਸਕ ਘਟਨਾਵਾਂ ਅਤੇ ਫੈਸਲਿਆਂ ਨੂੰ ਦਰਸਾਉਂਦੇ ਹਨ ਪਰ ਉਹ ਫੈਸਲੇ ਉਸ ਵਿਸ਼ੇਸ਼ ਹਾਲਤ ਵਿੱਚ ਲਏ ਗਏ ਸਨ। ਰਾਜਨੇਤਾ ਆਪਣੇ ਏਜੰਡੇ ਲਈ ਉਨ੍ਹਾਂ ਇਤਿਹਾਸਕ ਘਟਨਾਵਾਂ ਦਾ ਸਿਰਫ਼ ਅੱਧਾ ਸੱਚ ਹੀ ਦਿਖਾਉਂਦੇ ਹਨ। ਅਸੀਂ ਪੱਕੇ ਤੌਰ 'ਤੇ ਨਹਿਰੂ ਜਾਂ ਸਰਦਾਰ ਦੇ ਲਏ ਗਏ ਫੈਸਲਿਆਂ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਪਰ ਸਾਨੂੰ ਉਨ੍ਹਾਂ ਦੇ ਇਰਾਦਿਆਂ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ।"

ਇਹ ਵੀਡੀਓਜ਼ ਵੀ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)