ਚਿੱਟੇ ਦੀ ਸ਼ਿਕਾਰ ਅੰਮ੍ਰਿਤਸਰ ਦੀ ਕੁੜੀ ਨੇ ਦੱਸੀ ਹੱਡਬੀਤੀ

  • ਰਵਿੰਦਰ ਸਿੰਘ ਰੌਬਿਨ
  • ਬੀਬੀਸੀ ਪੰਜਾਬੀ ਲਈ
ਪੰਜਾਬੀ, ਸ਼ਰਾਬ, ਅਡੀਕਸ਼ਨ, ਸਿੱਖ

"ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮਾੜਾ ਦਿਨ ਸੀ। ਮੇਰੇ ਪਤੀ ਦੀ ਨੌਕਰੀ ਚਲੀ ਗਈ ਸੀ। ਅਸੀਂ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਵੀ ਨਹੀਂ ਭਰ ਸਕਦੇ ਸੀ ਅਤੇ ਮੈਨੂੰ ਹਰ ਰੋਜ਼ ਡਰੱਗ ਚਾਹੀਦੀ ਸੀ।"

ਇਹ ਕਹਿਣਾ ਸੀ ਅੰਮ੍ਰਿਤਸਰ ਦੀ ਰਹਿਣ ਵਾਲੀ ਪੂਜਾ ਦਾ (ਬਦਲਿਆ ਹੋਇਆ ਨਾਂ)। ਦੋ ਬੱਚਿਆਂ ਦੀ ਮਾਂ ਪੂਜਾ ਦਾ ਪਤੀ ਅਮਰਜੀਤ (ਬਦਲਿਆ ਹੋਇਆ ਨਾਂ) ਪੰਜਾਬ ਅਤੇ ਰਾਜਸਥਾਨ ਵਿੱਚ ਟਰੱਕ ਚਲਾਉਂਦਾ ਸੀ। ਰੋਜ਼ਾਨਾ 8 ਤੋਂ 12 ਘੰਟੇ ਗੱਡੀ ਚਲਾਉਣਾ ਇੰਨਾ ਸੌਖਾ ਨਹੀਂ ਸੀ।

ਇਸ ਦੌਰਾਨ ਹੀ ਸਾਥੀ ਟਰੱਕ ਡਰਾਈਵਰਾਂ ਨੇ ਥਕਾਨ ਮਿਟਾਉਣ ਲਈ ਅਮਰਜੀਤ ਨੂੰ ਭੁੱਕੀ ਦਿੱਤੀ। ਹੌਲੀ-ਹੌਲੀ ਉਸ ਨੂੰ ਇਸ ਦੀ ਆਦਤ ਲੱਗ ਗਈ ਅਤੇ ਫਿਰ ਇਹ ਆਦਤ ਅਫ਼ੀਮ ਤੱਕ ਪਹੁੰਚ ਗਈ ਤਾਂ ਕਿ ਡਰਾਈਵਿੰਗ ਦੌਰਾਨ ਚੌਕੰਨਾ ਰਿਹਾ ਜਾ ਸਕੇ।

ਇਹ ਵੀ ਪੜ੍ਹੋ :

ਦੋ ਸਾਲ ਤੱਕ ਭੁੱਕੀ ਅਤੇ ਅਫ਼ੀਮ ਦਾ ਉਸ ਨੂੰ ਨਸ਼ਾ ਚੜ੍ਹਿਆ ਰਿਹਾ ਅਤੇ ਕਮਾਈ ਦਾ ਘੱਟੋ-ਘੱਟ ਅੱਧਾ ਹਿੱਸਾ ਨਸ਼ੇ ਵਿੱਚ ਹੀ ਲੱਗਦਾ ਸੀ।

ਪਰ ਇਹ ਆਦਤ ਅਫ਼ੀਮ ਤੱਕ ਹੀ ਨਹੀਂ ਰਹੀ, ਡਰੱਗ ਵੀ ਉਸ ਦਾ ਪਿੱਛਾ ਕਰ ਰਹੀ ਸੀ। ਪਹਿਲੀ ਵਾਰੀ ਡਰੱਗ ਅਮਰਜੀਤ ਨੂੰ ਉਸ ਦੇ ਸਾਥੀ ਡਰਾਈਵਰ ਨੇ ਹੀ ਦਿੱਤੀ ਸੀ।

ਜਦੋਂ ਪਹਿਲੀ ਵਾਰੀ ਡਰੱਗ ਲਈ...

ਉਹ ਯਾਦ ਕਰਦੇ ਹੋਏ ਕਹਿੰਦਾ ਹੈ, "ਮੇਰੇ ਸਾਥੀ ਡਰਾਈਵਰ ਨੇ ਜਦੋਂ ਪਹਿਲੀ ਵਾਰੀ ਡਰੱਗ ਦਿੱਤੀ ਤਾਂ ਮੈਂ ਉਸ ਨੂੰ ਮਨ੍ਹਾ ਕਰ ਦਿੱਤਾ ਪਰ ਵਾਰੀ-ਵਾਰੀ ਕਹਿਣ 'ਤੇ ਮੈਂ ਲੈ ਲਈ। ਡਰੱਗ ਨਾਲ ਇਹ ਮੇਰਾ ਪਹਿਲਾ ਸਾਹਮਣਾ ਸੀ। ਮੈਨੂੰ ਲੱਗਿਆ ਕਿ ਮੇਰੀਆਂ ਸਾਰੀਆਂ ਮੁਸ਼ਕਿਲਾਂ ਖ਼ਤਮ ਹੋ ਗਈਆਂ ਅਤੇ ਮੈਂ ਦੁਨੀਆਂ ਦਾ ਸਭ ਤੋਂ ਖੁਸ਼ ਇਨਸਾਨ ਹਾਂ। "

ਹੌਲੀ-ਹੌਲੀ ਹੈਰੋਇਨ ਜ਼ਿੰਦਗੀ ਦਾ ਹਿੱਸਾ ਬਣ ਗਈ। ਉਹ ਰੋਜ਼ਾਨਾ 2 ਗ੍ਰਾਮ ਹੈਰੋਇਨ ਲੈਂਦਾ ਜਿਸ ਕਾਰਨ ਸਾਡੀ ਸਾਰੀ ਬਚਤ ਹੌਲੀ-ਹੌਲੀ ਖ਼ਤਮ ਹੋ ਗਈ।

ਸ਼ੁਰੂਆਤ ਵਿੱਚ ਅਮਰਜੀਤ ਆਪਣੇ ਦੋਸਤਾਂ ਜਾਂ ਸਾਥੀ ਡਰਾਈਵਰਾਂ ਦੇ ਨਾਲ ਹੀ ਡਰੱਗ ਲੈਂਦਾ ਸੀ ਪਰ ਇਸ ਦੀ ਆਦਤ ਉਸ ਨੂੰ ਇੰਨੀ ਜ਼ਿਆਦਾ ਲੱਗ ਚੁੱਕੀ ਸੀ ਕਿ ਉਹ ਘਰ ਵਿੱਚ ਮੇਰੇ ਸਾਹਮਣੇ ਵੀ ਡਰੱਗ ਲੈਣ ਲੱਗ ਗਿਆ।

ਆਪਣੇ ਪਤੀ ਦੀ ਇਹ ਆਦਤ ਮੈਨੂੰ ਕਾਫ਼ੀ ਚੁੱਭਦੀ ਸੀ ਅਤੇ ਮੈਂ ਅਮਰਜੀਤ ਨੂੰ ਨਸ਼ੇ ਵਿੱਚੋਂ ਬਾਹਰ ਕੱਢਣ ਬਾਰੇ ਸੋਚਿਆ।

ਮੈਂ ਆਪਣੇ ਪਤੀ ਨਾਲ ਬੈਠਦੀ ਅਤੇ ਉਸ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਸਮਝਾਉਂਦੀ। ਇਸ ਦੌਰਾਨ ਅਮਰਜੀਤ ਸਿਗਰਟ ਪੀਂਦਾ ਰਹਿੰਦਾ। 5-6 ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ।

"ਮੈਨੂੰ ਪਤੀ ਦੇ ਨਾਲ ਬੈਠ ਕੇ ਗੱਲਾਂ ਕਰਨਾ ਚੰਗਾ ਲੱਗਦਾ ਸੀ ਪਰ ਹੌਲੀ-ਹੌਲੀ ਅਣਜਾਣੇ ਹੀ ਮੈਂ ਵੀ ਨਸ਼ੇ ਦੀ ਜਕੜ ਵਿੱਚ ਆ ਗਈ। ਇੱਕ ਦਿਨ ਮੈਂ ਡਰੱਗ ਲੈ ਲਈ ਅਤੇ ਮੇਰੀ ਜ਼ਿੰਦਗੀ ਦੇ ਮਾੜੇ ਦਿਨ ਸ਼ੁਰੂ ਹੋ ਗਏ।"

'ਮੈਨੂੰ ਲੱਗਿਆ ਜ਼ਿੰਦਗੀ ਸੌਖੀ ਹੋ ਗਈ ਪਰ ਇਹ ਭੁਲੇਖਾ ਸੀ'

"ਮੈਨੂੰ ਲੱਗਿਆ ਕਿ ਮੇਰੀ ਜ਼ਿੰਦਗੀ ਸੌਖੀ ਅਤੇ ਆਰਾਮ ਵਾਲੀ ਹੋ ਗਈ ਹੈ ਪਰ ਇਹ ਸਿਰਫ਼ ਭੁਲੇਖਾ ਸੀ।"

ਇਹ ਵੀ ਪੜ੍ਹੋ:

ਮੇਰੇ ਪਤੀ ਕੋਲ ਵੀ ਇੰਨਾ ਪੈਸਾ ਨਹੀਂ ਬਚਿਆ ਸੀ ਕਿ ਡਰੱਗ ਲੈ ਸਕੀਏ। ਇਸ ਲਈ ਉਸ ਨੇ ਮੈਨੂੰ ਨਸ਼ੇ ਦੀ ਆਦਤ ਲਾ ਦਿੱਤਾ। ਮੈਂ ਆਪਣੇ ਭਰਾ ਤੋਂ ਦੋਹਾਂ ਦੀ ਡਰੱਗ ਲਈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਅਸੀਂ ਆਪਣਾ ਸਭ ਕੁਝ ਗਵਾ ਬੈਠੇ ਸੀ। ਨਸ਼ੇ ਕਾਰਨ ਸਾਡੀ ਜ਼ਮੀਨ ਵੀ ਵਿਕ ਗਈ ਸੀ। ਮੇਰਾ 13 ਸਾਲ ਦਾ ਮੁੰਡਾ ਅਤੇ 8 ਸਾਲ ਦੀ ਧੀ ਸਕੂਲ ਵਿੱਚ ਪੜ੍ਹਦੇ ਸੀ ਪਰ ਅਸੀਂ ਉਨ੍ਹਾਂ ਦੀ ਸਕੂਲ ਦੀ ਫੀਸ ਦੇਣ ਵਿੱਚ ਵੀ ਅਸਮਰੱਥ ਸੀ।

ਸਾਡੇ ਦੋਵੇਂ ਪਾਲਤੂ ਕੁੱਤੇ ਜੋ ਸਾਨੂੰ ਜਾਨ ਤੋਂ ਵੀ ਪਿਆਰੇ ਸਨ ਉਨ੍ਹਾਂ ਦੀ ਵੀ ਇੱਕ-ਇੱਕ ਕਰਕੇ ਮੌਤ ਹੋ ਗਈ ਸੀ। ਸ਼ਾਇਦ ਉਹ ਵੀ 'ਪੈਸਿਵ ਸਮੋਕਰ' ਬਣ ਗਏ ਸਨ ਕਿਉਂਕਿ ਜਦੋਂ ਅਸੀਂ ਹੈਰੋਇਨ ਲੈਂਦੇ ਸੀ ਤਾਂ ਉਹ ਵੀ ਕਮਰੇ ਵਿੱਚ ਹੀ ਰਹਿੰਦੇ ਸਨ।

ਇੱਕ ਦਿਨ ਮੇਰਾ ਭਰਾ ਘਰ ਆਇਆ ਤਾਂ ਉਸ ਨੇ ਸਾਡੇ ਰਵੱਈਏ ਵਿੱਚ ਬਦਲਾਅ ਦੇਖਿਆ ਅਤੇ ਸਮਝ ਗਿਆ ਕਿ ਅਸੀਂ ਨਸ਼ਾ ਕਰਦੇ ਹਾਂ। ਉਸ ਨੇ ਸਾਨੂੰ ਡਾਕਟਰ ਦੀ ਮਦਦ ਲੈਣ ਦੀ ਸਲਾਹ ਦਿੱਤੀ।

ਹੁਣ ਅਸੀਂ ਦੋਵੇਂ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਕਰਵਾ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਜ਼ਿੰਦਗੀ ਜੇ ਪਹਿਲਾਂ ਵਾਂਗ ਨਹੀਂ ਤਾਂ ਘੱਟੋ-ਘੱਟ ਬਿਹਤਰ ਤਾਂ ਹੋ ਜਾਵੇਗੀ।

ਸਾਡੇ ਤੇ ਹਰ ਵੇਲੇ ਨਜ਼ਰ ਰੱਖੀ ਜਾਂਦੀ ਹੈ ਅਤੇ ਇੱਕ ਪਲ ਵੀ ਘਰ ਵਿੱਚ ਇਕੱਲੇ ਨਹੀਂ ਛੱਡਦੇ ਤਾਂ ਕਿ ਅਸੀਂ ਦੁਬਾਰਾ ਨਸ਼ੇ ਦੀ ਜਕੜ ਵਿੱਚ ਨਾ ਆ ਜਾਈਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)