'ਐਨੀਆਂ ਲਾਸ਼ਾਂ ਲਟਕਦੀਆਂ ਦੇਖ ਮੈਂ ਦਹਿਲ ਗਿਆ' - Ground Report

ਬੁਰਾੜੀ ਦਾ ਘਰ
ਫੋਟੋ ਕੈਪਸ਼ਨ ਇਸੇ ਤਿੰਨ ਮੰਜ਼ਿਲਾ ਘਰ ਵਿੱਚ 11 ਲੋਕਾਂ ਦੀ ਲਾਸ਼ ਮਿਲੀ

ਉੱਤਰੀ ਦਿੱਲੀ ਦੇ ਸੰਤ ਨਗਰ ਬੁਰਾੜੀ ਇਲਾਕੇ ਦੀ ਗਲੀ ਨੰਬਰ 4A ਵਿੱਚ ਵੜਦਿਆਂ ਹੀ ਸੱਜੇ ਪਾਸੇ ਦੋ ਪਲਾਟ ਛੱਡ ਕੇ ਇੱਕ ਤਿੰਨ ਮੰਜ਼ਿਲਾ ਮਕਾਨ ਹੈ ਜਿਸ ਵਿੱਚ ਹੁਣ ਇੱਕ ਪਾਲਤੂ ਕੁੱਤਾ ਹੀ ਬਚਿਆ ਹੈ।

ਘਰ ਦੇ ਸਾਰੇ 11 ਲੋਕ ਐਤਵਾਰ ਸਵੇਰੇ ਮਰੇ ਹੋਏ ਮਿਲੇ ਜਿਨ੍ਹਾਂ ਦੇ ਮੁੰਹ ਕੱਪੜਿਆਂ ਨਾਲ ਢਕੇ ਹੋਏ ਸਨ ਅਤੇ ਕਈਆਂ ਦੇ ਹੱਥ ਬੰਨ੍ਹੇ ਹੋਏ ਸੀ।

ਭਾਟੀਆ ਪਰਿਵਾਰ ਦੇ ਨਾਮ ਨਾਲ ਮਸ਼ਹੂਰ ਇਸ ਘਰ ਵਿੱਚ 10 ਲੋਕ ਫੰਦੇ ਨਾਲ ਲਮਕੇ ਪਾਏ ਗਏ ਜਦਿਕ ਇੱਕ ਬਜ਼ੂਰਗ ਔਰਤ ਫਰਸ਼ 'ਤੇ ਮਰੀ ਹੋਈ ਪਾਈ ਗਈ।

ਮ੍ਰਿਤਕਾਂ ਵਿੱਚ 7 ਔਰਤਾਂ 4 ਮਰਦ ਹਨ ਜਿਨ੍ਹਾਂ ਵਿੱਚ ਤਿੰਨ ਨਾਬਾਲਿਗ ਹਨ। ਇਸ ਪਰਿਵਾਰ ਦਾ ਪਿਛੋਕੜ ਰਾਜਸਥਾਨ ਤੋਂ ਸੀ ਪਰ 20 ਸਾਲ ਤੋਂ ਵੱਧ ਸਮੇਂ ਤੋਂ ਇਹ ਪਰਿਵਾਰ ਬੁਰਾੜੀ ਵਿੱਚ ਰਹਿ ਰਿਹਾ ਸੀ।

ਤਕਰੀਬਨ 75 ਸਾਲਾ ਔਰਤ ਨਾਰਾਇਣ ਉਸਦੇ ਦੋ ਪੁੱਤਰ ਭੁੱਪੀ (46) ਅਤੇ ਲਲਿਤ(42) ਉਨ੍ਹਾਂ ਦੋਹਾਂ ਦੀਆਂ ਪਤਨੀਆਂ ਸਵਿਤਾ (42) ਅਤੇ ਟੀਨਾ (38) ਵੀ ਫੰਦੇ ਉੱਤੇ ਲਮਕੇ ਸਨ।

ਭੁੱਪੀ ਦੀਆਂ ਦੋ ਕੁੜੀਆਂ ਅਤੇ ਅਤੇ ਇੱਕ ਨਾਬਾਲਿਗ ਪੁੱਤਰ ਨਾਲ ਹੀ ਲਲਿਤ ਦਾ ਇੱਕ 12 ਸਾਲ ਦਾ ਪੁੱਤਰ ਵੀ ਮਰੇ ਹੋਏ ਮਿਲੇ।

11 ਮ੍ਰਿਤਕਾਂ ਵਿੱਚ ਨਾਰਾਇਣ ਦੀ ਇੱਕ ਵਿਧਵਾ ਧੀ ਅਤੇ ਉਸਦੀ ਬੇਟੀ ਯਾਨੀ ਕਿ ਨਾਰਾਇਣ ਦੀ ਦੋਹਤੀ ਪ੍ਰਿਅੰਕਾ (30) ਵੀ ਸ਼ਾਮਲ ਹੈ।

ਪ੍ਰਿਅੰਕਾ ਦੀ 17 ਜੂਨ ਨੂੰ ਹੀ ਮੰਗਣੀ ਹੋਈ ਸੀ ਅਤੇ ਅਗਸਤ ਵਿੱਚ ਵਿਆਹ ਸੀ।

ਸੈਂਟਰਲ ਰੇਂਜ ਦੇ ਜੁਆਇੰਟ ਪੁਲਿਸ ਕਮਿਸ਼ਨਰ ਰਾਜੇਸ਼ ਖੁਰਾਨਾ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਸਾਫ ਤੌਰ 'ਤੇ ਕੁਝ ਵੀ ਨਹੀਂ ਕਿਹਾ ਸਕਦਾ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਪਰ ਇਹ ਕਤਲ ਹੈ ਜਾਂ ਖੁਦਕੁਸ਼ੀ, ਇਸ ਉੱਤੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਫੋਟੋ ਕੈਪਸ਼ਨ ਘਟਨਾ ਵਾਲੀ ਥਾਂ ਉੱਤੇ ਲਾਸ਼ਾਂ ਨੂੰ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਨੇ ਦੇਖਿਆ ਸੀ

ਘਟਨਾ ਦਾ ਪਤਾ ਕਿਵੇਂ ਲੱਗਿਆ?

ਇਸ ਘਰ ਵਿੱਚ ਗਰਾਊਂਡ ਫਲੋਰ ਉੱਤੇ ਦੋ ਦੁਕਾਨਾਂ ਹਨ। ਇੱਕ ਕਿਰਾਏ ਦੀ ਦੁਕਾਨ ਹੈ ਜੋ ਭੁੱਪੀ ਚਲਾਉਂਦੇ ਸੀ ਅਤੇ ਦੂਜੀ ਪਲਾਈਵੁੱਡ ਦੀ ਸੀ ਜਿਸਦਾ ਕੰਮ ਲਲਿਤ ਦੇਖਦੇ ਸੀ।

ਐਨੇ ਸਾਰੇ ਲੋਕਾਂ ਦੀ ਲਾਸ਼ ਦੇਖੀ ਸਭ ਤੋਂ ਪਹਿਲਾਂ ਗੁਆਂਢੀ ਗੁਰਚਰਨ ਸਿੰਘ ਨੇ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਰੋਜ਼ ਸਵੇਰੇ ਦੁੱਧ ਲੈਣ ਭਾਟੀਆ ਪਰਿਵਾਰ ਦੀ ਦੁਕਾਨ 'ਤੇ ਜਾਂਦੀ ਸੀ ਪਰ ਉਨ੍ਹਾਂ ਦੀ ਦੁਕਾਨ ਸਵੇਰੇ 7 ਵਜੇ ਤੱਕ ਨਹੀਂ ਖੁੱਲ੍ਹੀ ਸੀ ਫਿਰ ਉਨ੍ਹਾਂ ਦੀ ਪਤਨੀ ਨੇ ਮੈਨੂੰ ਜਾ ਕੇ ਦੇਖਣ ਲਈ ਕਿਹਾ।

ਗੁਰਚਰਨ ਕਹਿੰਦੇ ਹਨ, "ਮੈਂ ਗਿਆ ਤਾਂ ਦੇਖਿਆ ਕਿ ਸਾਰੇ ਦਰਵਾਜ਼ੇ ਖੁੱਲ੍ਹੇ ਸਨ ਅਤੇ ਸਾਰਿਆਂ ਦੀਆਂ ਲਾਸ਼ਾਂ ਰੌਸ਼ਨਦਾਨ ਨਾਲ ਲਮਕੀਆਂ ਸਨ। ਐਨੇ ਲੋਕਾਂ ਨੂੰ ਲਮਕਿਆ ਦੇਖ ਕੇ ਮੈਂ ਦਹਿਲ ਗਿਆ। ਘਰ ਆ ਕੇ ਮੈਂ ਪਤਨੀ ਨੂੰ ਦੱਸਿਆ ਫਿਰ ਉਹ ਵੀ ਦੇਖਣ ਜਾਣ ਲੱਗੀ ਪਰ ਮੈਂ ਉਸ ਨੂੰ ਰੋਕ ਦਿੱਤਾ।"

ਇਸਤੋਂ ਬਾਅਦ ਗੁਰਚਰਨ ਸਿੰਘ ਨੇ ਗੁਆਂਢ ਵਿੱਚ ਰਹਿੰਦੇ ਇੱਕ ਪੁਲਿਸਵਾਲੇ ਨੂੰ ਸੱਦਿਆ ਅਤੇ ਉਸ ਨੇ ਸਵੇਰੇ 7.30 ਵਜੇ ਪੀਸੀਆਰ ਨੂੰ ਫੋਨ ਕੀਤਾ।

ਫੋਟੋ ਕੈਪਸ਼ਨ ਘਰ ਵਿੱਚ ਸਿਰਫ ਇੱਕ ਪਾਲਤੂ ਕੁੱਤਾ ਬਚਿਆ ਹੈ

ਗੁਰਚਰਨ ਸਿੰਘ ਦੱਸਦੇ ਹਨ ਕਿ ਪਰਿਵਾਰ ਐਨਾਂ ਚੰਗਾ ਸੀ ਕਿ ਉਨ੍ਹਾਂ ਦੀ ਦੁਕਾਨ ਤੋਂ ਸਮਾਨ ਲੈ ਕੇ ਜਾਣ 'ਤੇ ਉਹ ਬਾਅਦ ਵਿੱਚ ਪੈਸੇ ਦੇਣ ਨੂੰ ਕਹਿ ਦਿੰਦੇ ਸਨ।

ਇਸ ਪਰਿਵਾਰ ਦੇ ਕਰੀਬੀ ਨਵਨੀਤ ਬੱਤਰਾ ਕਹਿੰਦੇ ਹਨ ਕਿ ਪਰਿਵਾਰ ਬੇਹੱਦ ਚੰਗਾ ਸੀ ਜੋ ਪੂਜਾ-ਪਾਠ ਵਿੱਚ ਲੱਗਾ ਰਹਿੰਦਾ ਸੀ।

ਉਹ ਕਹਿੰਦੇ ਸਨ ਕਿ ਪੂਰਾ ਪਰਿਵਾਰ ਰੋਜ਼ ਸ਼ਾਮ ਨੂੰ ਇਕੱਠੇ ਬੈਠਕੇ ਪੂਜਾ ਕਰਦਾ ਸੀ।

ਬੱਤਰਾ ਕਹਿੰਦੇ ਹਨ ਕਿ ਨਾਰਾਇਣ ਦੀ ਇੱਕ ਵਿਆਹੀ ਹੋਈ ਧੀ ਪਾਣੀਪਤ ਵਿੱਚ ਅਤੇ ਇੱਕ ਵੱਡਾ ਪੁੱਤਰ ਰਾਜਸਥਾਨ ਵਿੱਚ ਰਹਿੰਦੇ ਹਨ।

ਫੋਟੋ ਕੈਪਸ਼ਨ ਬੀਤੀ ਰਾਤ ਪੁਜਾਰੀ ਮੂਲਚੰਦ ਸ਼ਰਮਾ ਭੁੱਪੀ ਦੀ ਦੁਕਾਨ ਉੱਤੇ ਗਏ ਸਨ

ਕਾਫ਼ੀ ਧਾਰਮਿਕ ਪਰਿਵਾਰ ਸੀ

ਆਉਟਰ ਰਿੰਗ ਰੋਡ ਨਾਲ ਲੱਗਿਆ ਬੁਰਾੜੀ ਇਲਾਕਾ ਪਹਿਲਾਂ ਇੱਕ ਪਿੰਡ ਹੁੰਦਾ ਸੀ ਪਰ ਦਿੱਲੀ ਦੀ ਵਧਦੀ ਆਬਾਦੀ ਕਾਰਨ ਇਸ ਇਲਾਕੇ ਵਿੱਚ ਯੂਪੀ, ਬਿਹਾਰ ਅਤੇ ਉੱਤਰਾਖੰਡ ਦੇ ਕਾਫ਼ੀ ਲੋਕ ਵਸ ਗਏ।

ਇਸ ਇਲਾਕੇ ਵਿੱਚ ਜ਼ਿਆਦਾਤਰ ਕੰਪੀਟੀਸ਼ਨ ਪਰੀਖਿਆਵਾਂ ਦੀਆਂ ਤਿਆਰੀਆਂ ਕਰਨ ਵਾਲੇ ਨੌਜਵਾਨ ਵੀ ਰਹਿੰਦੇ ਹਨ। ਇਸ ਪਰਿਵਾਰ ਦੇ ਸਾਹਮਣੇ ਵਾਲੇ ਘਰ ਵਿੱਚ ਲਾਈਬ੍ਰੇਰੀ ਵੀ ਹੈ।

ਇੱਕ ਹੋਰ ਗੁਆਢੀ ਟੀ.ਪੀ. ਸ਼ਰਮਾ ਕਹਿੰਦੇ ਹਨ ਕਿ ਪਰਿਵਾਰ ਦੀ ਕਦੇ ਵੀ ਕਿਸੇ ਨਾਲ ਦੁਸ਼ਮਣੀ ਦੀ ਗੱਲ ਸਾਹਮਣੇ ਨਹੀਂ ਆਈ।

ਸ਼ਰਮਾ ਦੱਸਦੇ ਹਨ, "ਇਹ ਪਰਿਵਾਰ ਇੰਨਾ ਚੰਗਾ ਸੀ ਕਿ ਇਸ ਗਮ ਵਿੱਚ ਆਲੇ ਦੁਆਲੇ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਇਨ੍ਹਾਂ ਨੂੰ ਅਸੀਂ ਕਿਸੇ ਨਾਲ ਲੜਦੇ ਨਹੀਂ ਦੇਖਿਆ। ਭੁੱਪੀ ਨੇ ਭਾਣਜੀ ਦੀ ਸਗਾਈ ਕੀਤੀ ਸੀ, ਘਰ ਵਿੱਚ ਸਭ ਕੁਝ ਠੀਕ-ਠਾਕ ਸੀ। ਸਾਰੇ ਇਕੱਠੇ ਰਹਿੰਦੇ ਸੀ ਅਤੇ ਕੋਈ ਵਿਵਾਦ ਵੀ ਨਹੀਂ ਸੀ।"

ਫੋਟੋ ਕੈਪਸ਼ਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਣ ਲਈ ਖੜੀਆਂ ਗੱਡੀਆਂ

ਗਲੀ ਦੇ ਬਾਹਰ ਰੋਲ ਦੀ ਰੇਹੜੀ ਲਗਾਉਣ ਵਾਲੇ ਮੋਹੰਮਦ ਯੂਨੁਸ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਪੋਤੀਆਂ ਇਸ ਘਰ ਵਿੱਚ ਟਿਊਸ਼ਨ ਪੜ੍ਹਦੀਆਂ ਸਨ। ਭੁੱਪੀ ਦੀਆਂ ਦੋਵੇਂ ਕੁੜੀਆਂ ਟਿਊਸ਼ਨ ਪੜ੍ਹਾਉਂਦੀਆਂ ਸਨ।

ਯੂਨੁਸ ਕਹਿੰਦੇ ਹਨ, "ਮੈਂ ਆਪਣੀਆਂ ਪੋਤੀਆਂ ਨੂੰ ਇਸ ਘਰ ਵਿੱਚ ਛੱਡ ਕੇ ਜਾਂਦਾ ਸੀ ਅਤੇ ਮੈਨੂੰ ਹਮੇਸ਼ਾ ਇਸ ਘਰ ਵਿੱਚ ਇੱਜਤ-ਮਾਣ ਮਿਲਿਆ। ਘਰ ਨੂੰ ਕਦੇ ਦੇਖ ਕੇ ਲੱਗਿਆ ਹੀ ਨਹੀਂ ਕਿ ਇੱਥੇ ਕੋਈ ਸਮੱਸਿਆ ਹੈ।"

ਇਸ ਪਰਿਵਾਰ ਦੇ ਕਾਫ਼ੀ ਧਾਰਮਿਕ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਲਾਕੇ ਪੁਜਾਰੀ ਮੂਲਚੰਦ ਸ਼ਰਮਾ ਕਹਿੰਦੇ ਹਨ ਕਿ ਉਨ੍ਹਾਂ ਦੀ ਇਸ ਘਰ ਤੋਂ ਕਾਫ਼ੀ ਨਜ਼ਦੀਕੀ ਸੀ ਅਤੇ ਇਹ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਸੀ।

ਉਹ ਕਹਿੰਦੇ ਹਨ, "ਕੱਲ੍ਹ ਰਾਤ ਮੈਂ ਭੁੱਪੀ ਨੂੰ ਮਿਲਿਆ ਸੀ। ਮੈਂ ਉਸ ਤੋਂ ਪਲਾਈ ਦਾ ਸਾਮਾਨ ਮੰਗਵਾਇਆ ਸੀ ਅਤੇ ਅੱਜ ਸਵੇਰੇ ਉਸ ਨੇ ਮੈਨੂੰ ਸਾਮਾਨ ਦੇਣ ਦਾ ਵਾਅਦਾ ਕੀਤਾ ਸੀ।"

ਫੋਟੋ ਕੈਪਸ਼ਨ ਗੁਆਂਢਣ ਸੀਮਾ ਮੁਤਾਬਕ ਇਹ ਘਟਨਾ ਖੁਦਕੁਸ਼ੀ ਨਹੀ ਹੈ

ਖੁਦਕੁਸ਼ੀ ਜਾਂ ਕਤਲ?

ਇੱਕ ਗੁਆਂਢਣ ਸੀਮਾ ਮੁਤਾਬਕ ਇਕੱਠਿਆਂ ਸਤਸੰਗ ਜਾਂਦਾ ਸੀ ਅਤੇ ਕਿਸੇ ਵੀ ਧਾਰਮਿਕ ਕੰਮ ਵਿੱਚ ਅੱਗੇ ਰਹਿੰਦਾ ਸੀ।

ਸੀਮਾ ਮੁਤਾਬਕ, "ਕਰਿਆਨੇ ਦੀ ਦੁਕਾਨ ਦੇ ਬਾਹਰ ਇਹ ਪਰਿਵਾਰ ਰੋਜ਼ਾਨਾ ਇੱਕ ਕਾਗਜ਼ 'ਤੇ ਚੰਗੇ ਵਿਚਾਰ ਲਿਖਦਾ ਸੀ। ਰੋਜ਼ਾਨਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਹ ਵਿਚਾਰ ਲਿਖਦਾ ਸੀ। ਇੰਨੇ ਚੰਗੇ ਵਿਚਾਰ ਵਾਲੇ ਲੋਕ ਖੁਦਕੁਸ਼ੀ ਕਿਵੇਂ ਕਰ ਸਕਦੇ ਹਨ।"

ਸੀਮਾ ਕਹਿੰਦੀ ਹੈ ਕਿ ਇਹ ਪਰਿਵਾਰ ਖੁਸ਼ਹਾਲ ਸੀ ਅਥੇ ਬੱਚੇ ਕਾਫ਼ੀ ਪੜ੍ਹੇ-ਲਿਖੇ ਸਨ, ਇਸ ਲਈ ਘਟਨਾ ਉੱਤੇ ਸਵਾਲ ਉੱਠਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਸਾਰੇ ਮੈਂਬਰ ਗੁਆਂਢੀਆਂ ਦਾ ਸਨਮਾਨ ਕਰਦੇ ਸਨ।

ਫੋਟੋ ਕੈਪਸ਼ਨ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਇਲਾਕੇ ਦੇ ਸਾਂਸਦ ਮਨੋਜ ਤਿਵਾਰੀ

ਐਨੀ ਵੱਡੀ ਘਟਨਾ ਤੋਂ ਬਾਅਦ ਸਿਆਸਤਦਾਨਾਂ ਦਾ ਘਟਨਾ ਵਾਲੀ ਥਾਂ ਉੱਤੇ ਆਉਣਾ ਜਾਰੀ ਹੈ। ਪਹਿਲਾਂ ਇਲਾਕੇ ਵਿਧਾਇਕ ਸੰਜੀਵ ਝਾਅ ਮੌਕੇ ਉੱਤੇ ਪਹੁੰਚੇ ਸਨ।

ਉਸ ਤੋਂ ਬਾਅਦ ਇਲਾਕੇ ਸਾਂਸਦ ਮਨੋਜ ਤਿਵਾਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ।

ਅਰਵਿੰਦ ਕੇਜਰੀਵਾਲ ਨੇ ਪਾਨੀਪਤ ਤੋਂ ਆਈ ਨਾਰਾਇਣ ਦੀ ਧੀ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਬੇਟੀ ਦਾ ਕਹਿਣਾ ਸੀ ਕਿ ਘਰ ਵਿੱਚ ਸਾਰੀਆਂ ਖੁਸ਼ੀਆਂ ਸਨ ਫਿਰ ਵੀ ਇਹ ਕਿਵੇਂ ਹੋਇਆ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ।

ਅਰਵਿੰਦ ਕੇਜਰੀਵਾਲ ਤੇ ਮਨੋਜ ਤਿਵਾਰੀ ਨੇ ਪੁਲਿਸ ਦੀ ਰਿਪੋਰਟ ਆਉਣ ਤੱਕ ਇੰਤਜ਼ਾਰ ਕਰਨ ਨੂੰ ਕਿਹਾ ਹੈ। ਦੋਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਬਾਰੇ ਕੋਈ ਵੀ ਅੰਦਾਜ਼ਾ ਲਗਾਉਣਾ ਠੀਕ ਨਹੀਂ।

ਉੱਧਰ ਪੁਲਿਸ ਨੇ ਕਤਲ ਦੀ ਗੱਲ ਨੂੰ ਖਾਰਿਜ ਨਹੀਂ ਕੀਤਾ ਹੈ। ਇਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਬਜ਼ੀ ਮੰਡੀ ਮੁਰਦਾਘਰ ਵਿੱਚ ਭਿਜਵਾਇਆ ਗਿਆ ਹੈ।

11 ਲੋਕਾਂ ਦੀ ਇਕੱਠੇ ਮੌਤ ਦੀ ਗੁੱਥੀ ਦਾ ਪਤਾ ਪੋਸਟਮਾਰਟਮ ਅਤੇ ਪੁਲਿਸ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)