ਪ੍ਰੈੱਸ ਰਿਵੀਊ: ਪੰਜਾਬੀ ਲੇਖਕਾਂ ਦੇ ਘਰ ਜਲਦ ਜੁੜਨਗੇ ਟੂਰਿਸਟ ਸਰਕਟ ਨਾਲ

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬੀ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਉਦੇਸ਼ ਨਾਲ ਸੂਬੇ ਦਾ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਪ੍ਰਮੁੱਖ ਪੰਜਾਬੀ ਲੇਖਕਾਂ ਦੇ ਜੱਦੀ ਘਰਾਂ ਨੂੰ ਟੂਰਿਸਟ ਸਰਕਟ ਨਾਲ ਜੋੜ ਸੈਰ ਸਪਾਟਾ ਕੇਂਦਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।

ਇਸ ਦੇ ਪਹਿਲੇ ਗੇੜ ਵਿੱਚ 7 ਲੇਖਕਾਂ ਦੇ ਘਰਾਂ ਨੂੰ ਜੋੜਿਆਂ ਜਾਵੇਗਾ। ਇਸ ਵਿੱਚ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਬਲਵੰਤ ਗਾਰਗੀ ਦੇ ਘਰ ਸ਼ਾਮਿਲ ਹਨ।

ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧੀ ਮਹਿਕਮੇ ਦੇ ਅਧਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ।

ਬਾਦਲ ਦੇ ਸਹਿਯੋਗੀ ਕੋਲਿਆਂਵਾਲੀ ਖ਼ਿਲਾਫ਼ ਮਾਮਲਾ ਦਰਜ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਅਤੇ ਪੰਜਾਬ ਸੁਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।

ਤਸਵੀਰ ਸਰੋਤ, NARINDER NANU/Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਵਿਜੀਲੈਂਸ ਨੇ 2007 ਅਤੇ 2017 ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਾਸ਼ਨਕਾਲ ਦੌਰਾਨ ਪੰਜਾਬ ਐਗਰੋ ਇੰਡਸਟ੍ਰੀ ਦੇ ਚੇਅਰਮੈਨ ਵਜੋਂ ਉਨ੍ਹਾਂ 'ਤੇ ਕਥਿਤ ਤੌਰ 'ਤੇ ਆਪਣੇ ਆਧਿਕਾਰਾਂ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।

ਵਿਜੀਲੈਂਸ 2009 ਤੋਂ 2014 ਤੱਕ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੀ ਕੁੱਲ ਆਮਦਨ 2.39 ਕਰੋੜ ਸੀ ਪਰ ਉਨ੍ਹਾਂ ਨੇ ਕਥਿਤ ਤੌਰ 'ਤੇ ਵੱਖ ਵੱਖ ਥਾਵਾਂ 'ਤੇ 4.1 ਕਰੋੜ ਰੁਪਏ ਖਰਚ ਕੀਤੇ।

ਬੱਸ ਖੱਡ 'ਚ ਡਿੱਗਣ ਨਾਲ 48 ਮੌਤਾਂ

ਪੰਜਾਬੀ ਜਾਗਰਣ ਅਖ਼ਬਾਰ ਮੁਤਾਬਕ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਦੌਰਾਨ ਬੱਸ ਵਿੱਚ ਸਵਾਰ 16 ਔਰਤਾਂ ਸਣੇ 48 ਲੋਕਾਂ ਦੀ ਮੌਤ ਗਈ। ਜਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਖ਼ਬਰ ਮੁਤਾਬਕ 28 ਸੀਟਰ ਬੱਸ ਵਿੱਚ ਕਰੀਬ 61 ਸਵਾਰੀਆਂ ਭਰੀਆਂ ਹੋਈਆਂ ਸਨ ਅਤੇ ਬੇਕਾਬੂ ਹੋਈ ਬੱਸ ਕਰੀਬ 250 ਮੀਟਰ ਡੂੰਘੀ ਗੱਡ ਵਿੱਚ ਜਾ ਡਿੱਗੀ।

ਜਿੱਥੇ ਹਾਦਸਾ ਹੋਇਆ ਉੱਥੇ ਸੜਕ ਵੀ ਖਸਤਾ-ਹਾਲ ਦੱਸੀ ਜਾ ਰਹੀ ਹੈ। ਇਸ ਵਿੱਚ ਬੱਸ ਦੇ ਮਾਲਕ ਅਤੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ।

ਤਸਵੀਰ ਸਰੋਤ, Getty Images

ਫੀਫਾ ਵਿਸ਼ਵ ਕੱਪ 2018: ਰੂਸ ਨੇ ਸਪੇਨ ਨੂੰ ਦਿਖਾਇਆ ਬਾਹਰ ਦਾ ਰਸਤਾ

ਪੰਜਾਬ ਕੇਸਰੀ ਦੀ ਖ਼ਬਰ ਮੁਤਾਬਕ ਰੂਸ ਵਿੱਚ ਹੋ ਰਹੇ ਫੀਫਾ ਵਿਸ਼ਵ ਕੱਪ ਵਿੱਚ ਐਤਵਾਰ ਨੂੰ ਰੂਸ ਅਤੇ ਸਪੇਨ ਵਿਚਾਲੇ ਨੌਕਆਊਟ ਦਾ ਤੀਜਾ ਮੁਕਾਬਲਾ ਖੇਡਿਆ ਗਿਆ ਸੀ।

ਇਸ ਵਿੱਚ ਸਭ ਤੋਂ ਹੇਠਲੇ ਰੈਂਕ 'ਤੇ ਰਹੀ ਰੂਸ ਦੀ ਟੀਮ ਨੇ ਸਪੇਨ ਨੂੰ 4-3 ਨਾਲ ਹਰਾਇਆ ਅਤੇ ਪਹਿਲੀ ਵਾਰ ਫੁੱਟਬਾਲ ਦੇ ਕੁਆਟਰ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ ਹੈ।

ਹਾਕੀ ਚੈਂਪੀਅਨ ਟਰਾਫੀ 2018: ਆਸਟਰੇਲੀਆ ਨੇ ਭਾਰਤ ਨੂੰ 3-1 ਨਾਲ ਹਰਾਇਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਾਕੀ ਚੈਂਪੀਅਨਸ ਟਰਾਫੀ 2018 ਵਿੱਚ ਆਸਟਰੇਲੀਆ ਨੇ ਭਾਰਤ ਨੂੰ 3-1 ਨਾਲ ਹਰਾਇਆ

ਦਿ ਟਾਇਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ 60 ਮਿੰਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਭਾਰਤ ਦੇ ਹਾਕੀ ਚੈਂਪੀਅਨਸ ਟਰਾਫੀ 2018 ਵਿੱਚ ਹਾਰਨ ਨਾਲ ਖੇਡ ਪ੍ਰੇਮੀਆਂ ਦੇ ਦਿਲ ਤੁੱਟ ਗਏ ਹਨ।

ਖ਼ਬਰ ਮੁਤਾਬਕ ਦੋ ਸਾਲ ਪਹਿਲਾਂ ਵੀ ਸ਼ੂਟਆਊਟ ਭਾਰਤ ਦੇ ਪੱਖ ਵਿੱਚ ਨਹੀਂ ਰਿਹਾ ਸੀ। ਆਸਟਰੇਲੀਆਂ ਤੋਂ ਹਾਰਨ ਬਾਅਦ ਭਾਰਤ ਨੂੰ ਸਿਲਵਰ ਮੈਡਲ ਹੀ ਹਾਸਿਲ ਹੋ ਸਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)