ਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO: ਮਰਹੂਮ ਅਫ਼ਗਾਨ ਸਿੱਖ ਆਗੂ ਅਵਤਾਰ ਸਿੰਘ ਦਾ ਬੀਬੀਸੀ ਨਾਲ ਆਖ਼ਰੀ ਇੰਟਰਵਿਊ

''ਕਿਸੇ ਵੇਲੇ ਅਫ਼ਗਾਨਿਸਤਾਨ ਵਿੱਚ ਤਕਰੀਬਨ ਇੱਕ ਲੱਖ ਹਿੰਦੂ-ਸਿੱਖ ਰਹਿੰਦੇ ਸਨ। ਆਪਸੀ ਸਾਂਝ ਸੀ, ਚੰਗੇ ਕਾਰੋਬਾਰ ਸਨ। ਕਤਲੋਗਾਰਦ ਤੋਂ ਘਬਰਾ ਕੇ ਹਿਜਰਤ ਹੋਈ ਤਾਂ ਹੁਣ ਇੱਕ ਜਾਂ ਡੇਢ ਹਜ਼ਾਰ ਸਿੱਖ ਹੀ ਉੱਥੇ ਬਚੇ ਹਨ।''

ਅਫ਼ਗਾਨ ਸਿੱਖਾਂ ਨਾਲ ਸਬੰਧਤ 'ਕਾਬੁਲ ਦੀ ਸੰਗਤ' ਨਾਮ ਦੀ ਕਿਤਾਬ ਲਿਖਣ ਵਾਲੇ ਅਤੇ 1990 ਤੋਂ ਬਾਅਦ ਪਰਿਵਾਰ ਸਮੇਤ ਹਿਜਰਤ ਕਰਕੇ ਦਿੱਲੀ ਆ ਵੱਸੇ ਖਜਿੰਦਰ ਸਿੰਘ ਨੇ ਅਫ਼ਗਾਨ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਉਕਤ ਸ਼ਬਦ ਕਹੇ।

ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਹੋਏ ਆਤਮਘਾਤੀ ਧਮਾਕੇ ਵਿੱਚ 19 ਮੌਤਾਂ ਹੋਈਆਂ। ਮ੍ਰਿਤਕਾਂ ਵਿੱਚ ਜ਼ਿਆਦਾਤਰ ਲੋਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ। ਇਸ ਵਾਰਦਾਤ ਦੌਰਾਨ ਅਫ਼ਗਾਨਿਸਤਾਨ ਦੇ ਜਾਣੇ ਪਛਾਣੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਦੀ ਵੀ ਮੌਤ ਹੋ ਗਈ।

ਅਵਤਾਰ ਸਿੰਘ ਖਾਲਸਾ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਸਿੱਖ ਉਮੀਦਵਾਰ ਵਜੋ ਖੜੇ ਹੋਣ ਵਾਲੇ ਸਨ।

ਇਹ ਵੀ ਪੜ੍ਹੋ:

ਮੁਲਕ ਦੇ ਰਾਸ਼ਟਰਪਤੀ ਅਸ਼ਰਫ ਗਨੀ ਇੱਕ ਹਸਪਤਾਲ ਦੇ ਉਦਘਾਟਨ ਲਈ ਨਾਂਗਰਹਾਰ ਸੂਬੇ ਦੀ ਫੇਰੀ ਉੱਤੇ ਸਨ।ਉਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਿੱਖਾਂ ਦਾ ਇੱਕ ਜਥਾ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।

ਅਫ਼ਗਾਨ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਮਾਰੇ ਗਏ ਲੋਕਾਂ ਨਾਲ ਸੰਵੇਦਨਾ ਪ੍ਰਗਟਾਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ :

Image copyright EPA
ਫੋਟੋ ਕੈਪਸ਼ਨ ਧਮਾਕੇ ਤੋਂ ਬਾਅਦ ਜਲਾਲਾਬਾਦ ਵਿੱਚ ਸਥਾਨਕ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ

ਅਫ਼ਗਾਨਿਸਤਾਨ ਵਿੱਚ ਸਿੱਖਾਂ ਦਾ ਇਤਿਹਾਸ

ਇਸ ਸਾਰੇ ਘਟਨਾਕ੍ਰਮ ਵਿਚਾਲੇ ਇੱਕ ਨਜ਼ਰ ਪਾ ਲੈਂਦੇ ਹਾਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੇ ਇਤਿਹਾਸ ਅਤੇ ਵਰਤਮਾਨ ਉੱਤੇ।

ਇਸ ਤੋਂ ਇਲਾਵਾ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹਿਜਰਤ ਕਰਨ ਵਾਲੇ ਅਫ਼ਗਾਨ ਸਿੱਖਾਂ ਦੀ ਮੌਜੂਦਾ ਹਾਲਾਤ ਕੀ ਹੈ।

ਖਜਿੰਦਰ ਸਿੰਘ ਦਿੱਲੀ ਵਿੱਚ ਅਫ਼ਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ ।

ਇਹ ਵੀ ਪੜ੍ਹੋ :

ਫੋਟੋ ਕੈਪਸ਼ਨ ਖਜਿੰਦਰ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ 1990 ਤੋਂ ਬਾਅਦ ਹਿਜਰਤ ਕਰਕੇ ਅਫ਼ਗਾਨਿਸਤਾਨ ਤੋਂ ਦਿੱਲੀ ਆਇਆ

ਖਜਿੰਦਰ ਸਿੰਘ ਨੇ ਕਾਬੁਲ ਦੀ ਸੰਗਤ ਨਾਮੀ ਕਿਤਾਬ ਵੀ ਲਿਖੀ ਹੈ, ਜਿਸ ਵਿੱਚ ਅਫ਼ਗਾਨਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀਆਂ ਮਿਲਦੀਆਂ ਹਨ।

ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ 'ਤੇ ਨਿਕਲੇ ਤਾਂ ਚੌਥੀ ਉਦਾਸੀ ਵੇਲੇ ਉਹ ਅਫ਼ਗਾਨਿਸਤਾਨ ਪਹੁੰਚੇ ਸਨ । ਉਹ ਅਰਬੀ ਤੇ ਫਾਰਸੀ ਸਮੇਤ ਕਈ ਜ਼ਬਾਨਾਂ ਬੋਲਦੇ ਸਨ।

Image copyright SSPL/Getty Images
ਫੋਟੋ ਕੈਪਸ਼ਨ ਤਿੰਨ ਅਫ਼ਗਾਨ ਕੈਦੀਆਂ ਦੁਆਲੇ ਖੜੇ 45ਵੀਂ ਰਾਤਰੇਅ ਸਿੱਖ ਰੈਜੀਮੈਂਟ ਦੇ ਜਵਾਨ। ਇਹ ਕੈਦੀ ਜੌਨ ਬਰਕ ਵੱਲੋਂ 1878 ਵਿੱਚ ਬੰਦੀ ਬਣਾਏ ਗਏ ਸਨ। ਇਹ ਫੋਟੋ 'The Afghan War, Attogk to Jellalabad, Gandamak and Surkhab' ਐਲਬਮ ਤੋਂ ਲਈ ਗਈ ਹੈ।

ਖਜਿੰਦਰ ਸਿੰਘ ਮੁਤਾਬਕ, ''ਮੱਕਾ ਮਦੀਨਾ ਤੋਂ ਵਾਪਸੀ ਵੇਲੇ ਗੁਰੂ ਨਾਨਕ ਦੇਵ ਜੀ ਉੱਤਰੀ-ਪੱਛਮੀ ਅਫ਼ਗਾਨਿਸਤਾਨ ਦੇ ਬਲਖ ਇਲਾਕੇ ਵਿੱਚ ਸਭ ਤੋਂ ਪਹਿਲਾਂ ਪਹੁੰਚੇ।''

''ਉਨ੍ਹਾਂ ਨੇ ਕੰਧਾਰ, ਲੋਹਗੜ੍ਹ, ਜਲਾਲਾਬਾਦ ਦੀ ਵੀ ਯਾਤਰਾ ਕੀਤੀ। ਅੱਜ ਵੀ ਇਨ੍ਹਾਂ ਇਲਾਕਿਆਂ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇੱਕ ਦਰਜਨ ਦੇ ਕਰੀਬ ਧਾਰਮਿਕ ਅਸਥਾਨ ਹਨ।''

ਜਿੱਥੋਂ ਤੱਕ ਉੱਥੋਂ ਦੇ ਸਿੱਖਾਂ ਦੇ ਖਾਲਸਾ ਸਜਣ ਦੀ ਗੱਲ ਹੈ ਖਜਿੰਦਰ ਸਿੰਘ ਕਹਿੰਦੇ ਹਨ ਕਿ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਇਸ ਮਗਰੋਂ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਵੀ ਸਿੰਘ ਸਜਣ ਲਈ ਹੁਕਮਨਾਮਾ ਭੇਜਿਆ।

Image copyright Mondadori Portfolio via Getty Images
ਫੋਟੋ ਕੈਪਸ਼ਨ ਮਈ 1949 ਵਿੱਚ ਭਾਰਤ-ਅਫ਼ਗਾਨਿਸਤਾਨ ਨੂੰ ਜੋੜਦੇ ਖ਼ੈਬਰ ਦਰੇ ਉੱਤੇ ਤੈਨਾਤ ਇੱਕ ਸਿੱਖ ਸੰਤਰੀ

ਅਫ਼ਗਾਨਿਸਤਾਨ ਵਿੱਚ ਮੁਗਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਵੱਡੀ ਗਿਣਤੀ ਵਿੱਚ ਸਿੱਖ ਰਹਿ ਰਹੇ ਸਨ।

ਅੰਗਰੇਜ਼ੀ ਹਕੂਮਤ ਵੇਲੇ ਵੀ ਸਿੱਖਾਂ ਦੀ ਖਾਸੀ ਤਾਦਾਦ ਅਫ਼ਗਾਨਿਸਤਾਨ ਵਿੱਚ ਸੀ।

ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਮੌਜੂਦਾ ਹਾਲਤ

ਅਫ਼ਗਾਨਿਸਤਾਨ ਤੋਂ ਰੂਸ ਦੇ ਜਾਣ ਮਗਰੋਂ ਮੋਹੰਮਦ ਨਜੀਬਉੱਲਾਹ ਦੀ ਸਰਕਾਰ ਆਈ। ਉਸ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਮੁਜਾਹੀਦੀਨ ਸਰਗਰਮ ਹੋਏ।

ਹਾਲਾਤ ਬਦਲੇ ਤਾਂ ਕਤਲੋਗਾਰਦ, ਲੁੱਟ ਖਸੁੱਟ ਅਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਘਬਰਾਏ ਘੱਟਗਿਣਤੀ ਭਾਈਚਾਰੇ ਖਾਸਕਰ ਹਿੰਦੂ ਅਤੇ ਸਿੱਖਾਂ ਨੇ ਅਫ਼ਗਾਨਿਸਤਾਨ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ।

Image copyright Reuters
ਫੋਟੋ ਕੈਪਸ਼ਨ ਅਮਾਕ ਨਿਊਜ਼ ਏਜੰਸੀ ਨੂੰ ਆਈਐਸ ਨੇ ਕਿਹਾ ਹੈ ਕਿ ਹਮਲਾ ਉਸ ਨੇ ਕੀਤਾ ਹੈ, ਪਰ ਦਾਅਵੇ ਪ੍ਰਤੀ ਕਿਸੇ ਤਰ੍ਹਾਂ ਦੇ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ

ਖਜਿੰਦਰ ਸਿੰਘ ਕਹਿੰਦੇ ਹਨ, ''ਤਕਰੀਬਨ 100,000 ਦੇ ਕਰੀਬ ਹਿੰਦੂ-ਸਿੱਖ ਅਫ਼ਗਾਨਿਸਤਾਨ ਵਿੱਚ ਰਹਿੰਦੇ ਸਨ। ਮੌਜੂਦਾ ਹਾਲਾਤ ਇਹ ਹਨ ਕਿ ਉੱਥੋਂ 95 ਫੀਸਦ ਲੋਕ ਹਿਜਰਤ ਕਰ ਗਏ ਹਨ। ਹੁਣ ਸਿਰਫ਼ ਇੱਕ ਜਾਂ ਡੇਢ ਹਜ਼ਾਰ ਦੇ ਕਰੀਬ ਹਿੰਦੂਆਂ-ਸਿੱਖਾਂ ਦੀ ਮੌਜੂਦਗੀ ਉੱਥੇ ਹੈ।''

ਪਹਿਲਾਂ ਵੀ ਕਈ ਸਿੱਖ ਨੇਤਾ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀਆਂ ਦੀ ਆਵਾਜ਼ ਬਣਦੇ ਰਹੇ ਹਨ। ਮੌਜੂਦਾ ਸਮੇਂ ਅਨਾਰਕਲੀ ਕੌਰ ਪਾਰਲੀਮੈਂਟ ਦੇ ਉਪਰੀ ਸਦਨ ਦੀ ਮੈਂਬਰ ਹਨ।

ਆਤਮਘਾਤੀ ਹਮਲੇ ਵਿੱਚ ਮਾਰੇ ਗਏ ਅਵਤਾਰ ਸਿੰਘ ਖਲਸਾ ਵੀ ਮੌਜੂਦਾ ਸਮੇਂ ਵਿੱਚ ਘੱਟਗਿਣਤੀ ਹਿੰਦੂ-ਸਿੱਖ ਭਾਈਚਾਰੇ ਦੀ ਆਵਾਜ਼ ਵਜੋਂ ਉੱਭਰੇ ਅਤੇ ਚੋਣ ਲੜਨ ਦੀ ਤਿਆਰੀ ਵਿੱਚ ਸਨ।

ਭਾਰਤ ਵਿੱਚ ਅਫ਼ਗਾਨ ਸਿੱਖਾਂ ਦੀ ਹਾਲਤ

ਅਫ਼ਗਾਨਿਸਤਾਨ ਤੋਂ ਹਿਜਰਤ ਕਰਕੇ ਸਿੱਖ ਦੁਨੀਆਂ ਦੇ ਕਈ ਮੁਲਕਾਂ ਵਿੱਚ ਗਏ। ਵੱਧ ਗਿਣਤੀ ਵਿੱਚ ਉਹ ਭਾਰਤ ਆਏ।

ਅਫ਼ਗਾਨ ਸਿੱਖ ਇਸ ਤੋਂ ਇਲਾਵਾ ਇੰਗਲੈਂਡ, ਜਰਮਨੀ, ਹਾਲੈਂਡ, ਬੈਲਜੀਅਮ, ਅਮਰੀਕਾ, ਮਾਸਕੋ ਅਤੇ ਕੈਨੇਡਾ ਵਿੱਚ ਵੀ ਜਾ ਕੇ ਵਸੇ।

ਫੋਟੋ ਕੈਪਸ਼ਨ ਲੰਡਨ ਦੇ ਸਾਊਥਆਲ ਦੇ ਇੱਕ ਗੁਰਦੁਆਰੇ ਦੀ ਪੁਰਾਣੀ ਤਸਵੀਰ ਜਿੱਥੇ ਅਫ਼ਗਾਨ ਸਿੱਖਾਂ ਦਾ ਕੇਂਦਰ ਹੈ

ਲੰਡਨ ਦੇ ਸਾਊਥਹਾਲ ਵਿੱਚ ਅਫ਼ਗਾਨ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਹਨ।

ਭਾਰਤ ਵਿੱਚ ਅਫ਼ਗਾਨ ਸਿੱਖਾਂ ਦੀ ਜ਼ਿਆਦਾ ਵਸੋਂ ਦਿੱਲੀ ਵਿੱਚ ਹੈ। ਇੱਥੇ ਉਨ੍ਹਾਂ ਦਾ ਮੁੱਖ ਕਿੱਤਾ ਵਪਾਰ ਹੈ।

ਖਜਿੰਦਰ ਸਿੰਘ ਕਹਿੰਦੇ ਹਨ, ''ਕਾਫੀ ਗਿਣਤੀ ਵਿੱਚ ਅਫ਼ਗਾਨ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਵੀ ਗਈ ਹੈ ਪਰ ਕਈਆਂ ਦੀ ਨਾਗਰਿਕਤਾ ਦਾ ਮਸਲਾ ਕਈ ਸਾਲਾਂ ਤੋਂ ਜਿਓਂ ਦਾ ਤਿਓਂ ਲਟਕਿਆ ਪਿਆ ਹੈ। ਭਾਰਤ ਦਾ ਸਿਸਟਮ ਗੁੰਝਲਦਾਰ ਹੈ। ਸਰਕਾਰੀ ਦਫ਼ਤਰਾਂ ਵਿੱਚ ਕਈ-ਕਈ ਸਾਲ ਫਾਈਲਾਂ ਅਟਕੀਆਂ ਰਹਿੰਦੀਆਂ ਹਨ।''

Image copyright Robert Nickelsberg/Getty Images
ਫੋਟੋ ਕੈਪਸ਼ਨ ਕਾਬੁਲ ਵਿੱਚ ਸਾਲ 2009 ਦੀ ਤਸਵੀਰ। ਆਯੂਰਵੈਦਿਕ ਦਵਾਈਆਂ ਵੇਚਣ ਵਾਲੇ ਦਯਾ ਸਿੰਘ ਅਜਾਨ ਇੱਕ ਮਹਿਲਾ ਨੂੰ ਦਵਾਈ ਦਿੰਦੇ ਹੋਏ

ਖਜਿੰਦਰ ਸਿੰਘ ਕਹਿੰਦੇ ਹਨ ਕਿ ਦਿੱਲੀ ਆਏ ਕਈ ਅਫ਼ਗਾਨ ਸਿੱਖ ਮੁੜ ਯੂਰਪ ਵੱਲ ਹਿਜਰਤ ਕਰ ਗਏ ਅਤੇ ਕਈਆਂ ਨੂੰ ਉੱਥੇ ਦੇ ਮੁਲਕਾਂ ਦੀ ਨਾਗਰਿਕਤਾ ਵੀ ਹਾਸਿਲ ਹੋ ਗਈ ਹੈ ਪਰ ਭਾਰਤ ਵਿੱਚ ਇਹ ਪ੍ਰਕਿਰਿਆ ਬੜੀ ਔਖੀ ਹੈ।

ਖਜਿੰਦਰ ਮੁਤਾਬਕ ਅਫ਼ਗਾਨਿਸਤਾਨ ਤੋਂ ਆਏ ਜ਼ਿਆਦਾਤਰ ਲੋਕਾਂ ਨੂੰ ਭਾਰਤ ਵਿੱਚ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀ (UNHCR) ਵੱਲੋਂ ਸਰਟੀਫਿਕੇਟ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸੋਧ ਹੋਈ ਤਾਂ ਕਈਆਂ ਦੇ ਸਰਟੀਫਿਕੇਟ ਰੱਦ ਵੀ ਹੋਏ।

ਉਹ ਅੱਗੇ ਕਹਿੰਦੇ ਹਨ, ''ਭਾਰਤ ਵਿੱਚ ਪਿਛਲੇ ਸਮਿਆਂ ਵਿੱਚ ਜਾਂ ਅਜੋਕੇ ਸਮੇਂ ਵਿੱਚ ਜੋ ਅਫ਼ਗਾਨ ਸਿੱਖ ਆਏ ਉਨ੍ਹਾਂ ਨੂੰ ਸਿਰਫ ਅਫ਼ਗਾਨ ਸਿੱਖਾਂ ਨੇ ਹੀ ਸਾਂਭਿਆ। ਉਨ੍ਹਾਂ ਲਈ ਹੁਣ ਭਾਰਤ ਵਿੱਚ ਆ ਕੇ ਆਪਣਾ ਗੁਜ਼ਾਰਾ ਕਰਨ ਦੇ ਵਸੀਲੇ ਬੇਹੱਦ ਘੱਟ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)