ਪ੍ਰੈੱਸ ਰਿਵੀਊ: ਪੰਜਾਬ ਦੇ ਸਿਹਤ ਮੰਤਰੀ ਮੁਤਾਬਕ ਨਸ਼ੇ ਕਾਰਨ ਸਿਰਫ਼ ਦੋ ਹੀ ਮੌਤਾਂ ਹੋਈਆਂ ਦਰਜ

Punjab CM Capt. Amrinder Singh and Brahm Mohindra at Punjab Vidhan Sabha Image copyright Getty Images

ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇੱਕ ਸਾਲ ਵਿੱਚ ਡਰੱਗ ਕਾਰਨ ਸਿਰਫ਼ ਦੋ ਹੀ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਅਖ਼ਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਬ੍ਰਹਮ ਮਹਿੰਦਰਾ ਨੇ ਕਿਹਾ, "ਹਸਪਤਾਲ ਦੇ ਬਾਹਰ ਹੋਈਆਂ ਮੌਤਾਂ ਬਾਰੇ ਸਾਡੇ ਕੋਲ ਕੋਈ ਡਾਟਾ ਨਹੀਂ ਹੈ। ਜਦੋਂ ਤੱਕ ਪਰਿਵਾਰ ਸਾਡੇ ਕੋਲ ਨਹੀਂ ਆਉਂਦਾ ਉਦੋਂ ਤੱਕ ਡਾਟਾ ਨਹੀਂ ਰੱਖਿਆ ਜਾ ਸਕਦਾ। ਹਾਲੇ ਤੱਕ ਸਿਰਫ਼ ਦੋ ਹੀ ਮੌਤਾਂ ਦਾ ਰਿਕਾਰਡ ਹੈ ਜੋ ਕਿ ਨਸ਼ੇ ਕਾਰਨ ਹੋਈਆਂ ਹਨ। ਨਸ਼ੇ ਕਾਰਨ ਦੋ ਹੋਰ ਮੌਤਾਂ ਹੋਣ ਦਾ ਸ਼ੱਕ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।"

ਹਿੰਦੁਸਤਾਨ ਟਾਈਮਜ਼ ਮੁਤਾਬਕ ਕੇਂਦਰ ਸਰਕਾਰ ਪਹਿਲੀ ਵਾਰੀ ਫਸਲਾਂ ਦੀ ਘੱਟੋ-ਘੱਟ ਕੀਮਤ ਵਿੱਚ ਲਾਗਤ ਮੁੱਲ ਤੋਂ 1.5 ਗੁਣਾ ਦਾ ਵਾਧਾ ਕਰਨ ਜਾ ਰਹੀ ਹੈ। ਇਸ ਲਈ ਸਰਕਾਰ 15,000 ਕਰੋੜ ਰੁਪਏ ਖਰਚ ਕਰੇਗੀ। ਇਹ ਫੈਸਲਾ ਬੁੱਧਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ।

Image copyright Getty Images

ਝੋਨਾ, ਰਾਗੀ, ਮੂੰਗ, ਮੱਕੀ, ਸੂਰਜਮੁਖੀ, ਮੂੰਗਫਲੀ, ਕਪਾਹ ਅਤੇ ਸੋਇਆਬੀਨ ਦੇ ਘੱਟੋ-ਘੱਟ ਮੁੱਲ ਤੈਅ ਕੀਤੇ ਜਾਣਗੇ। ਝੋਨੇ ਦੀ ਕੀਮਤ 200 ਰੁਪਏ ਪ੍ਰਤੀ ਕਵਿੰਟਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਦਾ ਤਬਾਦਲਾ ਕਰ ਦਿੱਤਾ ਹੈ ਜਿਨ੍ਹਾਂ ਦਾ ਨਾਮ ਨਸ਼ੇ ਦੇ ਮਾਮਲੇ ਵਿੱਚ ਉਜਾਗਰ ਹੋਇਆ ਸੀ।

ਪੀਪੀਐੱਸ ਅਫ਼ਸਰ ਕਮਲਜੀਤ ਸਿੰਘ ਨੂੰ ਮੋਗਾ ਦਾ ਐੱਸਐੱਸਪੀ ਨਿਯੁਕਤ ਕਰ ਦਿੱਤਾ ਗਿਆ ਹੈ। ਕੈਬਨਿਟ ਮੀਟਿੰਗ ਵਿੱਚ ਨਸ਼ਿਆਂ ਦੇ ਮਾਮਲੇ ਵਿੱਚ ਜੁੜੇ ਪੁਲਿਸ ਅਧਿਕਾਰੀਆਂ ਵਿਰੁੱਧ ਫੌਰੀ ਕਰਵਾਈ ਕਰਨ ਦੀ ਮੰਗ ਕੀਤੀ। ਜਿਸ ਤੋਂ ਬਾਅਦ ਡੀਐੱਸਪੀ ਦਲਜੀਤ ਸਿੰਘ ਢਿੱਲੋਂ ਅਤੇ ਹੌਲਦਾਰ ਇੰਦਰਜੀਤ ਸਿੰਘ ਨੂੰ ਬਰਤਰਫ਼ ਕਰ ਦਿੱਤਾ ਗਿਆ ਹੈ।

Image copyright Getty Images

ਦਿ ਟ੍ਰਿਬਿਊਨ ਮੁਤਾਬਕ ਸੀਬੀਆਈ ਦੀ ਅਪੀਲ 'ਤੇ ਇੰਟਰਪੋਲ ਨੇ ਫਰਾਰ ਨੀਰਵ ਮੋਦੀ, ਉਸ ਦੇ ਭਰਾ ਨਿਸ਼ਾਲ ਮੋਦੀ ਅਤੇ ਸੁਭਾਸ਼ ਪਰਬ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ।

ਇਹ ਤਿੰਨੋ 13000 ਕਰੋੜ ਦੇ ਪੀਐੱਨਬੀ ਘੁਟਾਲੇ ਮਾਮਲੇ ਵਿੱਚ ਦੋਸ਼ੀ ਹਨ। 192 ਮੈਂਬਰ ਦੇਸਾਂ ਨੂੰ ਕਿਹਾ ਗਿਆ ਹੈ ਕਿ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਜਾਂ ਨਜ਼ਰਬੰਦ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)