ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਪਹਿਲਾਂ ਇਹ ਪੜ੍ਹ ਲਵੋ

DRINK AND DRIVE, CRIME

ਤਸਵੀਰ ਸਰੋਤ, sestovic/Getty Images

"ਰਾਤ ਨੂੰ ਤਕਰੀਬਨ 11 ਵਜੇ ਸਨ। ਮੈਂ ਚੰਡੀਗੜ੍ਹ ਦੇ ਸੈਕਟਰ 26 ਵਿੱਚੋਂ ਲੰਘ ਰਿਹਾ ਸੀ। ਉੱਥੇ ਆਮ ਵਾਂਗ ਹੀ ਨਾਕਾ ਲੱਗਿਆ ਹੋਇਆ ਸੀ। ਇਹ ਚੈੱਕ ਕਰਨ ਲਈ ਕਿ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਿਹਾ।"

ਨਾਮ ਨਾ ਦੱਸਣ ਦੀ ਸ਼ਰਤ 'ਤੇ ਇੱਕ ਸ਼ਖਸ ਨੇ ਦੱਸਿਆ, "ਉਨ੍ਹਾਂ ਨੇ ਐਲਕੋਮੀਟਰ ਰਾਹੀਂ ਚੈੱਕ ਕੀਤਾ। ਮੈਂ 150 ਮਿਲੀਲੀਟਰ ਦੀ ਅੱਧੀ ਬੀਅਰ ਪੀਤੀ ਹੋਈ ਸੀ। ਐਲਕੋਮੀਟਰ ਉੱਤੇ ਰੀਡਿੰਗ 292 ਮਿਲੀਗ੍ਰਾਮ ਆ ਗਈ। ਕਾਨੂੰਨ ਅਨੁਸਾਰ 30 ਮਿਲੀਗ੍ਰਾਮ ਤੱਕ ਦੀ ਇਜਾਜ਼ਤ ਹੈ।''

"ਉਹ ਘਬਰਾ ਗਏ ਕਿ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਲਕੋਮੀਟਰ ਸਾਹ ਦੇ ਹਿਸਾਬ ਨਾਲ ਦੱਸਦਾ ਹੈ। ਗਲਤ ਵੀ ਹੋ ਸਕਦਾ ਹੈ। ਸਹੀ ਜਾਂਚ ਲਈ ਖੂਨ ਟੈਸਟ ਕਰਨਾ ਪੈਂਦਾ ਹੈ। ਮੇਰੇ ਕੋਲ ਸਮਾਂ ਘੱਟ ਸੀ, ਇਸ ਲਈ ਮੈਂ ਉਨ੍ਹਾਂ ਕੋਲ ਗੱਡੀ ਛੱਡਣ ਦਾ ਫੈਸਲਾ ਲਿਆ। ਉਨ੍ਹਾਂ ਨੇ ਮੈਨੂੰ ਕੈਬ ਬੁੱਕ ਕਰਵਾ ਕੇ ਘਰ ਜਾਣ ਲਈ ਕਿਹਾ।"

ਇਹ ਵੀ ਪੜ੍ਹੋ:

ਲਾਈਸੈਂਸ ਸਸਪੈਂਡ ਕੀਤਾ ਗਿਆ

"ਮੈਂ ਸੈਕਟਰ 43 ਦੀ ਅਦਾਲਤ ਵਿੱਚ ਮੈਜਿਸਟਰੇਟ ਕੋਲ ਦੋ ਦਿਨ ਬਾਅਦ ਗੱਡੀ ਛੁਡਾਉਣ ਗਿਆ। ਅਦਾਲਤ ਨੇ ਮੈਨੂੰ 2000 ਰੁਪਏ ਜੁਰਮਾਨਾ ਕੀਤਾ।"

"ਉਨ੍ਹਾਂ ਨੇ ਤਿੰਨ ਮਹੀਨਿਆਂ ਲਈ ਮੇਰਾ ਲਾਈਸੈਂਸ ਸਸਪੈਂਡ ਕਰ ਦਿੱਤਾ। ਲਾਈਸੈਂਸ ਪੰਜਾਬ ਦਾ ਬਣਿਆ ਸੀ, ਉਹ ਉੱਥੇ ਭੇਜ ਦਿੱਤਾ ਗਿਆ। ਪੰਜਾਬ ਵਿੱਚ ਮੇਰੇ ਸ਼ਹਿਰ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਲਾਈਸੈਂਸ ਹੈ ਕਿੱਥੇ। ਹੁਣ ਮੈਂ ਬਿਨਾਂ ਲਾਈਸੈਂਸ ਦੇ ਹਾਂ।"

"ਹਾਲਾਂਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਕੀ ਅਧਿਕਾਰ ਹਨ ਪਰ ਮੇਰੇ ਦੋਸਤਾਂ ਨੇ ਮੈਨੂੰ ਕਈ ਵਾਰੀ ਦੱਸਿਆ ਸੀ ਕਿ ਫੜ੍ਹੇ ਜਾਣ 'ਤੇ ਉਹ ਪਰਚੀ ਕੱਟ ਕੇ ਦੇਣਗੇ, ਜਿਸ 'ਤੇ ਸ਼ਰਾਬ ਦਾ ਪੱਧਰ ਲਿਖਿਆ ਹੁੰਦਾ ਹੈ।"

ਤਸਵੀਰ ਸਰੋਤ, Zentangle/Getty Images

ਗੱਡੀ ਚਲਾਉਂਦੇ ਹੋਏ ਅਕਸਰ ਪੁਲਿਸ ਅਫ਼ਸਰ ਚੈੱਕ ਕਰਦੇ ਹਨ ਕਿ ਕਿਤੇ ਤੁਸੀਂ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ। ਇਸ ਦੌਰਾਨ ਨਿਯਮਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ।

ਭਾਰਤ ਵਿੱਚ ਸ਼ਰਾਬ ਵੇਚਣ ਲਈ ਵੱਖ-ਵੱਖ ਸੂਬਿਆਂ ਵਿੱਚ ਵੱਖ ਵੱਖ ਕਾਨੂੰਨ ਹਨ। ਇਹ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਹੁੰਦਾ ਹੈ।

ਪੰਜਾਬ ਵਿੱਚ ਵੀ ਪੰਜਾਬ ਆਬਕਾਰੀ ਐਕਟ 1914 ਦੇ ਤਹਿਤ ਸ਼ਰਾਬ ਵੇਚਣ, ਖਰੀਦਣ ਅਤੇ ਆਬਕਾਰੀ ਅਫ਼ਸਰ ਦੇ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ।

ਹਾਈ ਕੋਰਟ ਦੇ ਵਕੀਲ ਨਗੇਂਦਰ ਸਿੰਘ ਨਾਲ ਜਦੋਂ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਨਤਕ ਥਾਵਾਂ 'ਤੇ ਸ਼ਰਾਬ ਪੀਣ 'ਤੇ ਮਨਾਹੀ ਹੈ ਕਿਉਂਕਿ ਇਸ ਨਾਲ ਬੱਚਿਆਂ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਹੋਏ ਸ਼ਰਾਬ ਪੀਣਾ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ :

ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਕਿੰਨੀ ਸਜ਼ਾ?

ਜੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੋ ਤਾਂ ਘੱਟ ਤੋਂ ਘੱਟ 5000 ਰੁਪਏ ਜੁਰਮਾਨਾ ਹੋ ਸਕਦਾ ਹੈ ਅਤੇ ਲਾਈਸੈਂਸ ਰੱਦ ਹੋ ਸਕਦਾ ਹੈ। ਇਸ ਮਾਮਲੇ ਵਿਚ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ।

ਕਿੰਨੀ ਸ਼ਰਾਬ ਦੀ ਮਾਤਰਾ ਜਾਇਜ਼ ਹੈ?

ਭਾਰਤ ਵਿੱਚ 0.03% ਯਾਨੀ ਕਿ 30 ਗ੍ਰਾਮ ਸ਼ਰਾਬ ਪੀ ਸਕਦੇ ਹੋ।

ਆਮ ਤੌਰ 'ਤੇ ਬੀਅਰ ਦਾ ਇੱਕ ਪਿੰਟ (330 ਮਿਲੀਲੀਟਰ) ਜਾਂ 30 (ਮਿਲੀਲੀਟਰ) ਵਿਸਕੀ/ਰਮ ਜਾਇਜ਼ ਹੈ।

ਸ਼ਰਾਬ ਟੈਸਟ ਕਰਨ ਲਈ ਪੁਲਿਸ ਕੀ ਕਰ ਸਕਦੀ ਹੈ?

-ਸ਼ਰਾਬ ਟੈਸਟ ਕਰਨ ਲਈ ਪੁਲਿਸ 'ਬ੍ਰੈਥ ਐਨਾਲਾਈਜ਼ਰ ਟੈਸਟ' (ਸਾਹ ਦਾ ਟੈਸਟ) ਕਰ ਸਕਦੀ ਹੈ।

ਤਸਵੀਰ ਸਰੋਤ, Zentangle/Getty Images

ਜੇ ਗੱਡੀ ਚਲਾਉਣ ਵਾਲਾ ਸ਼ਖ਼ਸ ਟੈਸਟ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਨੂੰ ਹਿਰਾਸਤ ਵਿੱਚ ਪੁਲਿਸ ਸਟੇਸ਼ਨ ਲਿਜਾ ਕੇ ਸਾਹ ਦਾ ਟੈਸਟ ਕੀਤਾ ਜਾ ਸਕਦਾ ਹੈ।

ਸ਼ੱਕ ਹੋਣ ਤੇ ਪੁਲਿਸ ਅਧਿਕਾਰੀ ਖੂਨ ਜਾਂ ਪੇਸ਼ਾਬ ਦਾ ਟੈਸਟ ਵੀ ਕਰ ਸਕਦੇ ਹਨ।

ਜੇ ਤੈਅ ਸੀਮਾਂ ਨਾਲੋਂ ਵੱਧ ਸ਼ਰਾਬ ਦੀ ਮਾਤਰਾ ਪਾਈ ਜਾਂਦੀ ਹੈ ਤਾਂ ਪੁਲਿਸ ਕੀ ਕਰ ਸਕਦੀ ਹੈ?

ਜੇ ਤੈਅ ਮਾਤਰਾ ਤੋਂ ਵੱਧ ਸ਼ਰਾਬ ਪਾਈ ਜਾਂਦੀ ਹੈ ਤਾਂ ਪੁਲਿਸ ਅਧਿਕਾਰੀ ਚਲਾਨ ਜਾਰੀ ਕਰ ਸਕਦਾ ਹੈ।

ਡਰਾਈਵਿੰਗ ਲਾਈਸੈਂਸ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਜ਼ਬਤ ਕਰ ਲਿਆ ਜਾਵੇਗਾ।

ਕੀ ਸ਼ਰਾਬ ਪੀ ਕੇ ਗੱਡਾ ਚਲਾਉਣ ਦੇ ਮੌਕੇ 'ਤੇ ਹੀ ਜੁਰਮਾਨਾ ਅਦਾਇਗੀ ਸੰਭਵ ਹੈ?

 • ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਮੌਕੇ 'ਤੇ ਹੀ ਜੁਰਮਾਨਾ ਅਦਾ ਨਹੀਂ ਕੀਤਾ ਜਾ ਸਕਦਾ।
 • ਪੁਲਿਸ ਨੋਟਿਸ ਜਾਰੀ ਕਰਦੀ ਹੈ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਅਦਾਲਤ ਹੀ ਕੋਈ ਵੀ ਜੁਰਮਾਨਾ ਲਾ ਸਕਦੀ ਹੈ।

ਚਲਾਨ ਜਾਰੀ ਹੋਣ ਤੋਂ ਬਾਅਦ ਕੀ ਗੱਡੀ ਚਲਾ ਸਕਦੇ ਹਾਂ?

 • ਪੀ ਕੇ ਗੱਡੀ ਚਲਾਉਣ ਦਾ ਚਲਾਨ ਹੋਣ ਤੋਂ ਬਾਅਦ ਤੁਸੀਂ ਗੱਡੀ ਨਹੀਂ ਚਲਾ ਸਕਦੇ।
 • ਅਦਾਲਤ ਵਿੱਚ ਤੁਸੀਂ ਖੁਦ ਪੇਸ਼ ਹੋ ਸਕਦੇ ਹੋ ਜਾਂ ਕੋਈ ਵਕੀਲ ਵੀ ਲੈ ਕੇ ਜਾ ਸਕਦੇ ਹੋ।
 • ਜੇ ਤੁਸੀਂ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਤੁਹਾਡੇ ਖਿਲਾਫ਼ ਇੱਕ ਵਾਰੰਟ ਜਾਰੀ ਕੀਤਾ ਜਾਵੇਗਾ ਅਤੇ ਇਸ ਕਾਰਨ ਸਖ਼ਤ ਜੁਰਮਾਨਾ ਲਾਇਆ ਜਾ ਸਕਦਾ ਹੈ।

ਤਸਵੀਰ ਸਰੋਤ, jehsomwang/Getty Images

ਸ਼ਰਾਬ ਮਿਲਣ ਉੱਤੇ ਜੁਰਮਾਨਾ

 • ਸੈਕਸ਼ਨ 61 ਏ ਤਹਿਤ ਦਰਜ ਹੈ ਕਿ ਜੇ ਗੈਰ ਕਾਨੂੰਨੀ ਸ਼ਰਾਬ ਮਿਲਦੀ ਹੈ ਤਾਂ ਜੁਰਮਾਨਾ ਲਾਇਆ ਜਾਵੇਗਾ।
 • ਜੇ 8 ਲੀਟਰ ਸ਼ਰਾਬ ਫੜ੍ਹੀ ਜਾਂਦੀ ਹੈ ਤਾਂ 5 ਹਜਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ।
 • ਜੇ 18 ਲੀਟਰ ਸ਼ਰਾਬ ਫੜ੍ਹੀ ਜਾਂਦੀ ਹੈ ਤਾਂ ਜੁਰਮਾਨਾ 10 ਹਜਾਰ ਰੁਪਏ ਲਾਇਆ ਜਾਵੇਗਾ

ਸ਼ਰਾਬ ਖਰੀਦਣ ਦੀ ਉਮਰ ਤੈਅ

 • ਸੈਕਸ਼ਨ 62 ਮੁਤਾਬਕ 25 ਸਾਲ ਤੋਂ ਘੱਟ ਉਮਰ ਦੇ ਸ਼ਖ਼ਸ ਨੂੰ ਸ਼ਰਾਬ ਵੇਚੀ ਨਹੀਂ ਜਾ ਸਕਦੀ ਅਤੇ ਨਾਂ ਹੀ ਉਨ੍ਹਾਂ ਨੂੰ ਨੌਕਰੀ ਉੱਤੇ ਰੱਖਿਆ ਜਾ ਸਕਦਾ ਹੈ।
 • ਕੋਈ ਵੀ ਔਰਤ ਸ਼ਰਾਬ ਦੇ ਕਾਰੋਬਾਰ ਵਿੱਚ ਨੌਕਰੀ ਉੱਤੇ ਰੱਖੀ ਨਹੀਂ ਜਾ ਸਕਦੀ।
 • ਜੇ ਕੋਈ ਸ਼ਖਸ ਪਹਿਲਾਂ ਹੀ ਸ਼ਰਾਬ ਦੇ ਨਸ਼ੇ ਵਿੱਚ ਹੈ ਉਸ ਨੂੰ ਸ਼ਰਾਬ ਨਹੀਂ ਵੇਚੀ ਜਾ ਸਕਦੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)