ਪ੍ਰੈੱਸ ਰਿਵੀਊ: ਪੇਸ਼ੀ ਲਈ ਪਹੁੰਚੇ ਸੀ ਕੈਪਟਨ, ਪਰ ਗੱਲ ਨਸ਼ਿਆਂ ਦੀ ਛਿੜੀ

ਕੈਪਟਨ ਅਮਰਿੰਦਰ ਸਿੰਘ Image copyright Getty Images

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਸਬੰਧੀ ਅਦਾਲਤ 'ਚ ਸਵਾਲ।

ਇੰਡਿਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 2002 ਵਿੱਚ ਉਨ੍ਹਾਂ ਦੀ ਚੋਣ ਖਿਲਾਫ਼ ਪਾਈ ਪਟੀਸ਼ਨ ਦੀ ਸੁਣਵਾਈ ਲਈ ਹਾਜ਼ਿਰ ਸਨ।

ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਵਿੱਚ ਨਸ਼ੇ ਖਿਲਾਫ਼ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਬਾਬਤ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ:

ਜਸਟਿਸ ਦਯਾ ਚੌਧਰੀ ਨੇ ਮੁੱਖ ਮੰਤਰੀ ਤੇ ਸਰਕਾਰੀ ਵਕੀਲ ਅਤੁਲ ਨੰਦਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਦਾਲਤ ਵਿੱਚ ਮੌਜੂਦ ਹਨ ਇਸ ਲਈ ਉਹ ਐਨਡੀਪਐੱਸ ਐਕਟ ਬਾਰੇ ਗੱਲ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਐਨਡੀਪੀਐੱਸ ਐਕਟ ਨਾਲ ਜੁੜੇ ਕੇਸਾਂ ਬਾਰੇ ਰਿਪੋਰਟਾਂ ਪੇਸ਼ ਹੋ ਚੁੱਕੀਆਂ ਹਨ ਪਰ ਐਫਸੀਐੱਸ ਰਿਪੋਰਟ ਪੇਸ਼ ਕਰਨ ਵਿੱਚ ਦੇਰੀ ਹੋ ਰਹੀ ਹੈ।

ਜਸਟਿਸ ਦਯਾ ਚੌਧਰੀ ਨੇ ਕਿਹਾ ਕਿ ਹਾਲ ਵਿੱਚ ਹੀ ਝੂਠੇ ਕੇਸਾਂ ਦੀ ਗਿਣਤੀ ਵੀ ਵਧੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਫੋਰੈਂਸਿਕ ਲੈਬਸ ਦੇ ਢਾਂਚੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੇ ਝੂਠੇ ਮਾਮਲੇ ਦਰਜ ਨਾ ਹੋਣ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਦਾਲਤ ਨੂੰ ਭਰੋਸਾ ਦੁਵਾਇਆ ਕਿ ਉਹ ਇਸ ਪੂਰੇ ਮਸਲੇ ਨੂੰ ਖੁਦ ਦੇਖਣਗੇ।

ਪਾਣੀ ਵਾਲੀ ਬੱਸ ਦੀ ਹੋਵੇਗੀ ਨਿਲਾਮੀ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਵੈੱਟਲੈਂਡ ਵਿਖੇ ਚਲਾਈ ਗਈ ਪਾਣੀ ਵਾਲੀ ਬੱਸ ਦੀ ਨਿਲਾਮੀ ਕਰਨ ਦਾ ਫ਼ੈਸਲਾ ਲਿਆ ਹੈ।

Image copyright Getty Images
ਫੋਟੋ ਕੈਪਸ਼ਨ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਣੀ ਵਾਲੀ ਬੱਸ ਦੀ ਨਿਲਾਮੀ ਦਾ ਫ਼ੈਸਲਾ

ਸਿੱਧੂ ਮੁਤਾਬਕ ਕੈਗ (ਕੰਪਟਰੋਲਰ ਜਨਰਲ) ਦੀ ਤਾਜ਼ਾ ਰਿਪੋਰਟ ਅਨੁਸਾਰ ਇਹ ਪ੍ਰਾਜੈਕਟ ਮੁਕੰਮਲ ਤੌਰ 'ਤੇ ਘਾਟੇ ਦਾ ਸੌਦਾ ਹੈ ਅਤੇ ਸਾਬਕਾ ਅਕਾਲੀ-ਬੀਜੇਪੀ ਸਰਕਾਰ ਨੇ ਸਿਰਫ਼ ਸੁਖਬੀਰ ਬਾਦਲ ਦੀ ਜ਼ਿੱਦ ਪੂਰੀ ਕਰਨ ਲਈ 8.6 ਕਰੋੜ ਰੁਪਏ ਪਾਣੀ 'ਚ ਰੋੜ੍ਹ ਦਿੱਤੇ ਹਨ।

ਇਹ ਵੀ ਪੜ੍ਹੋ:

ਖ਼ਬਰ ਮੁਤਾਬਕ ਸਿੱਧੂ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਕਮਾਈ ਸਿਰਫ਼ 70,600 ਰੁਪਏ ਹੋਈ। ਇਨ੍ਹਾਂ ਤੱਥਾਂ ਨੂੰ ਜਾਣਨ ਤੋਂ ਬਾਅਦ ਮਹਿਕਮੇ ਨੇ ਪ੍ਰਾਜੈਕਟ ਨੂੰ ਬੰਦ ਕਰਨ ਅਤੇ ਬੱਸ ਦੀ ਨਿਲਾਮੀ ਕਰਨ ਦਾ ਫ਼ੈਸਲਾ ਲਿਆ ਹੈ।

ਨਸ਼ਾ ਛੁਡਾ ਕੇਂਦਰ 'ਚ ਵਧੀ ਗਿਣਤੀ

ਹਿੰਦੁਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਦੀਆਂ ਕਥਿਤ ਖ਼ਬਰਾਂ ਤੋਂ ਬਾਅਦ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਧੀ ਹੈ।

Image copyright Getty Images
ਫੋਟੋ ਕੈਪਸ਼ਨ ਨਸ਼ਾ ਛੁਡਾਓ ਕੇਂਦਰ 'ਚ ਵਧੀ ਗਿਣਤੀ (ਸੰਕੇਤਕ ਤਸਵੀਰ)

ਫ਼ਿਲੌਰ ਵਿੱਚ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਇੱਕ ਵਿਅਕਤੀ ਮੁਤਾਬਕ ਪਿਛਲੇ 15 ਦਿਨਾਂ ਤੋਂ ਉਨ੍ਹਾਂ ਕੋਲ 40 ਜਣੇ ਭਰਤੀ ਹਨ ਜਦਕਿ ਆਮ ਤੌਰ 'ਤੇ ਇਹ ਗਿਣਤੀ 25 ਹੁੰਦੀ ਹੈ। ਉਨ੍ਹਾਂ ਮੁਤਾਬਕ ਇਸ ਤੋਂ ਇਲਾਵਾ 16 ਹੋਰ ਅਜੇ ਵੇਟਿੰਗ ਲਿਸਟ ਵਿੱਚ ਹਨ।

ਵੱਟਸਐਪ 'ਤੇ ਝੂਠੀਆਂ ਖ਼ਬਰਾਂ ਤੇ ਅਫ਼ਵਾਹਾਂ ਪ੍ਰਤੀ ਸਰਕਾਰ ਸਖ਼ਤ

ਦੈਨਿਕ ਜਾਗਰਣ ਦੀ ਖ਼ਬਰ ਅਨੁਸਾਰ ਵੱਟਸਐਪ 'ਤੇ ਫ਼ੈਲਾਈਆਂ ਜਾ ਰਹੀਆਂ ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ਉੱਤੇ ਕੇਂਦਰ ਸਰਕਾਰ ਨੇ ਸਖ਼ਤੀ ਦਿਖਾਈ ਹੈ। ਇਸ ਬਾਬਤ ਸਰਕਾਰ ਨੇ ਵੱਟਸਐਪ ਨੂੰ ਉਸ ਦੀ ਮੈਸੇਜਿੰਗ ਐਪ ਰਾਹੀਂ ਫ਼ੈਲ ਰਹੀਆਂ ਅਜਿਹੀਆਂ ਅਫ਼ਵਾਹਾਂ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।

Image copyright Reuters
ਫੋਟੋ ਕੈਪਸ਼ਨ ਸਰਕਾਰ ਦੀ ਸਖ਼ਤੀ ਤੋਂ ਬਾਅਦ ਵੱਟਸ ਐਪ ਨੇ ਕੀਤੇ ਕੁਝ ਬਦਲਾਅ

ਸਰਕਾਰ ਨੇ ਫ਼ਰਜ਼ੀ ਖ਼ਬਰਾਂ, ਵੀਡੀਓਜ਼ ਅਤੇ ਤਸਵੀਰਾਂ ਉੱਤੇ ਨਕੇਲ ਕੱਸਣ ਨੂੰ ਕਿਹਾ ਹੈ ਅਤੇ ਇਸ ਤੋਂ ਬਾਅਦ ਵੱਟਸਐਪ ਨੇ ਅਫਵਾਹਾਂ ਤੇ ਸਪੈਮ ਮੈਸਜ ਰੋਕਣ ਲਈ ਆਪਣੇ ਕੁਝ ਫ਼ੀਚਰਜ਼ 'ਚ ਬਦਲਾਅ ਕਰਨ ਦਾ ਸਰਕਾਰ ਨੂੰ ਭਰੋਸਾ ਦਿੱਤਾ ਹੈ।

ਸਪੇਨ ਵੱਲੋਂ ਪ੍ਰਵਾਸੀਆਂ ਦਾ ਸਵਾਗਤ

ਦਿ ਟਾਇਮਜ਼ ਦੀ ਖ਼ਬਰ ਮੁਤਾਬਕ ਸਪੇਨ ਨੇ ਉਨ੍ਹਾਂ 60 ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ ਜਿਨ੍ਹਾਂ ਦੇ ਜਹਾਜ਼ ਨੂੰ ਇਤਾਲਵੀ ਅਤੇ ਮਾਲਟੀਜ਼ ਅਧਿਕਾਰੀਆਂ ਨੇ ਨਕਾਰ ਦਿੱਤਾ ਸੀ।

Image copyright Getty Images

ਖੁੱਲ੍ਹੀਆਂ ਬਾਹਾਂ (ਓਪਨ ਆਰਮਜ਼) ਰੈਸਕਿਊ ਟੀਮ ਤਹਿਤ 14 ਮੁਲਕਾਂ ਤੋਂ ਇਨ੍ਹਾਂ ਪ੍ਰਵਾਸੀਆਂ ਨੂੰ ਅਪਣਾਇਆ ਗਿਆ ਹੈ, ਜਿਨ੍ਹਾਂ ਵਿੱਚ ਫਲਸਤੀਨੀ, ਕੇਂਦਰੀ ਅਫਰੀਕਨ ਰਿਪਬਲਿਕ ਅਤੇ ਕੈਮਰੂਨ ਤੋਂ ਸ਼ਰਨਾਰਥੀ ਸ਼ਾਮਿਲ ਹਨ। ਇਨ੍ਹਾਂ ਵਿੱਚ 2 ਗਰਭਵਤੀ ਔਰਤਾਂ ਵੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)