ਬਾਲ ਠਾਕਰੇ ਦਾ ਰੋਲ ਅਦਾ ਕਰਨ ਬਾਰੇ ਕੀ ਬੋਲੇ ਨਵਾਜ਼ੁਦੀਨ ਸਿੱਦੀਕੀ?

ਨਵਾਜ਼ੁਦੀਨ ਸਿੱਦੀਕੀ Image copyright Getty Images
ਫੋਟੋ ਕੈਪਸ਼ਨ ਨਵਾਜ਼ੁਦੀਨ ਸਿੱਦੀਕੀ ਮੁਤਾਬਕ ਇਸ ਵੈੱਬ ਸੀਰੀਜ਼ ਵਿੱਚ ਉਨ੍ਹਾਂ ਦੇ ਕਿਰਦਾਰ ਦੇ ਅਕਸ ਨੂੰ ਨੇੜਿਓਂ ਛੂਹਿਆ ਹੈ

ਨੈੱਟਫਲਿਕਸ 'ਤੇ 6 ਜੁਲਾਈ ਤੋਂ ਅੱਠ ਐਪੀਸੋਡ ਵਾਲੀ ਵੈੱਬ ਸੀਰੀਜ਼ 'ਸੇਕਰੇਡ ਗੇਮਜ਼' ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿੱਦੀਕੀ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ।

ਨਵਾਜ਼ੁਦੀਨ ਤੋਂ ਇਲਾਵਾ ਸੈਫ਼ ਅਲੀ ਖਾਨ ਅਤੇ ਰਾਧਿਕਾ ਆਪਟੇ ਵੀ ਇਸ ਵਿੱਚ ਹਨ। ਇਸ ਨੂੰ ਵਿਕਰਮਾਦਿਤਿਆ ਮੋਟਵਾਨੀ ਅਤੇ ਅਨੁਰਾਗ ਕਸ਼ਿਅਪ ਨੇ ਨਿਰਦੇਸ਼ਿਤ ਕੀਤਾ ਹੈ।

ਬੀਬੀਸੀ ਨੇ ਨਵਾਜ਼ੁਦੀਨ ਸਿੱਦੀਕੀ ਨਾਲ ਖਾਸ ਗੱਲਬਾਤ ਕੀਤੀ।

ਤੁਹਾਡਾ ਇਸ ਵਿੱਚ ਅਹਿਮ ਰੋਲ ਹੈ, ਜਦੋਂ ਤੁਹਾਨੂੰ ਇਸਦਾ ਆਫ਼ਰ ਆਇਆ ਤਾਂ ਤੁਸੀਂ ਕੀ ਸੋਚ ਕੇ ਇਸ ਲਈ ਹਾਂ ਕੀਤੀ?

ਪਹਿਲੀ ਗੱਲ ਨੈੱਟਫਲਿਕਸ ਦੀਆਂ ਹੁਣ ਤੱਕ ਦੀਆਂ ਜਿੰਨੀਆਂ ਵੀ ਸੀਰੀਜ਼ ਹਨ, ਉਨ੍ਹਾਂ ਵਿੱਚ ਪੱਛਮ ਦੇ ਵੱਡੇ-ਵੱਡੇ ਅਦਾਕਾਰਾਂ ਨੇ ਕੰਮ ਕੀਤਾ ਹੈ।

Image copyright Sacred games/FB - Getty Images
ਫੋਟੋ ਕੈਪਸ਼ਨ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੀ ਭੂਮਿਕਾ 'ਚ ਨਜ਼ਰ ਆਉਣਗੇ ਨਵਾਜ਼ੁਦੀਨ

ਦੂਜੀ ਗੱਲ ਇਹ ਕਿ ਨੈੱਟਫਲਿਕਸ ਦਾ ਇੱਕ ਵੱਡਾ ਨਾਮ ਹੈ। ਕਈ ਵਾਰ ਉਨ੍ਹਾਂ ਦੀਆਂ ਸੀਰੀਜ਼ ਫ਼ਿਲਮਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਹਨ ਤੇ ਉਨ੍ਹਾਂ ਵਿੱਚ ਕੰਟੈਂਟ ਵਧੀਆ ਹੁੰਦਾ ਹੈ।

ਇਹ ਵੀ ਪੜ੍ਹੋ:

ਇਸ ਸੀਰੀਜ਼ ਨਾਲ ਅਨੁਰਾਗ ਕਸ਼ਯਪ ਵੀ ਜੁੜੇ ਹੋਏ ਹਨ ਤੇ ਇਸਦਾ ਕੰਟੈਂਟ ਵੀ ਬਹੁਤ ਮਜ਼ਬੂਤ ਅਤੇ ਵੱਖਰਾ ਹੈ।

ਵਿਕਰਮ ਚੰਦਰਾ ਦੇ ਨਾਵਲ 'ਤੇ ਆਧਾਰਿਤ ਕਹਾਣੀ ਹੈ। ਇਹ ਕੁਝ ਮੁੱਖ ਕਾਰਨ ਹਨ।

ਇੱਕ ਅਦਾਕਾਰ ਦੇ ਤੌਰ 'ਤੇ ਵੈੱਬ ਸੀਰੀਜ਼ ਕਰਨ ਦਾ ਕੀ ਫਾਇਦਾ ਅਤੇ ਆਜ਼ਾਦੀ ਹੁੰਦੀ ਹੈ?

ਫ਼ਿਲਮ ਦੋ ਜਾਂ ਢਾਈ ਘੰਟੇ ਦੀ ਹੁੰਦੀ ਹੈ ਜਿਸ ਕਾਰਨ ਉਸ ਵਿੱਚ ਕਿਰਦਾਰ ਦੇ ਅਕਸ ਨੂੰ ਪੂਰੀ ਤਰ੍ਹਾਂ ਛੂਹਣ ਦਾ ਮੌਕਾ ਨਹੀਂ ਮਿਲਦਾ ਪਰ ਵੈੱਬ ਸੀਰੀਜ਼ ਵਿੱਚ ਕਿਰਦਾਰ ਦੇ ਹਰ ਅਕਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਕਿ ਮੇਰਾ ਕਿਰਦਾਰ ਗਣੇਸ਼ ਗਾਏਤੋਂਡੇ ਦਾ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਚਰਿੱਤਰ ਹਨ।

Image copyright Getty Images
ਫੋਟੋ ਕੈਪਸ਼ਨ ਨਵਾਜ਼ੁਦੀਨ ਸਿੱਦੀਕੀ ਆਪਣੀ ਆਉਣ ਵਾਲੀ ਇੱਕ ਫ਼ਿਲਮ ਵਿੱਚ ਬਾਲ ਠਾਕਰੇ ਦਾ ਰੋਲ ਕਰਦੇ ਨਜ਼ਰ ਆਉਣਗੇ

ਇਸਦੇ ਅੱਠ ਐਪੀਸੋਡ ਹਨ ਜਿਨ੍ਹਾਂ ਵਿੱਚ ਕਿਰਦਾਰ ਦੇ ਹਰ ਜਜ਼ਬਾਤ ਅਤੇ ਅਕਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇੱਕ ਅਦਾਕਾਰ ਦੇ ਤੌਰ 'ਤੇ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ ਕਿ ਇਸ ਚਰਿੱਤਰ ਵਿੱਚ ਕਿੰਨੇ ਜਜ਼ਬਾਤ ਹਨ, ਆਦਤਾਂ ਹਨ, ਉਸ ਨੂੰ ਹਾਸਲ ਕਰਨ ਦਾ ਮੌਕਾ ਮਿਲਿਆ ਹੈ।

ਇੱਕ ਫ਼ਿਲਮ ਦੇ ਵਿੱਚ ਤੁਸੀਂ ਸ਼ਿਵ ਸੈਨਾ ਦੇ ਮੁਖੀ ਰਹੇ ਬਾਲ ਠਾਕਰੇ ਦਾ ਰੋਲ ਅਦਾ ਕਰਨ ਜਾ ਰਹੇ ਹੋ। ਭਾਰਤ ਦੀ ਸਿਆਸਤ ਵਿੱਚ ਉਹ ਕਾਫ਼ੀ ਵਿਵਾਦਾਂ ਵਿੱਚ ਰਹੇ ਹਨ। ਅਜਿਹਾ ਰੋਲ ਅਦਾ ਕਰਨ ਵਿੱਚ ਕੋਈ ਝਿਜਕ ਹੋਈ?

ਬਿਲਕੁਲ ਵੀ ਨਹੀਂ, ਜਿਸ ਭਰੋਸੇ ਤੇ ਸੱਚਾਈ ਦੇ ਨਾਲ ਮੈਂ ਬਾਕੀ ਫ਼ਿਲਮਾਂ ਵਿੱਚ ਭੂਮਿਕਾ ਨਿਭਾਉਂਦਾ ਹਾਂ, ਇਸ ਰੋਲ ਨੂੰ ਵੀ ਮੈਂ ਉਸੇ ਤਰ੍ਹਾਂ ਹੀ ਕੀਤਾ।

ਮੈਂ ਇੱਕ ਅਦਾਕਾਰ ਹਾਂ ਤੇ ਮੈਨੂੰ ਹਰ ਤਰ੍ਹਾਂ ਦਾ ਰੋਲ ਕਰਨਾ ਚੰਗਾ ਲਗਦਾ ਹੈ। ਭਾਵੇਂ ਉਹ ਕੋਈ ਵੀ ਹੋਵੇ। ਉਂਝ ਵੀ ਇਸ ਫ਼ਿਲਮ ਨੂੰ ਤੱਥਾਂ 'ਤੇ ਆਧਾਰਿਤ ਹੀ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ:

ਕਿਹਾ ਜਾਂਦਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਪਰਿਵਾਰਵਾਦ ਬਹੁਤ ਹੈ। ਪਰ ਤੁਸੀਂ ਖ਼ੁਦ ਆਪਣੀ ਅਹਿਮ ਥਾਂ ਬਣਾਈ ਹੈ। ਤੁਹਾਨੂੰ ਸੰਘਰਸ਼ ਕਰਨ ਤੋਂ ਬਾਅਦ ਕੀ ਲਗਦਾ ਹੈ ਕਿ ਅਸਲ ਵਿੱਚ ਬਾਲੀਵੁੱਡ 'ਚ ਪਰਿਵਾਰਵਾਦ ਹੈ।

ਸੰਭਾਵਿਤ ਹੈ ਕਿ ਤੁਹਾਡੇ ਕੰਮ ਨਾਲ ਹੀ ਤੁਹਾਨੂੰ ਕੰਮ ਮਿਲਦਾ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਅਦਾਕਾਰ, ਡਾਇਰੈਕਟਰ ਜਾਂ ਲੇਖਕ ਬਣਨਾ ਹੈ ਤਾਂ ਉਸ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਹਨ।

ਮੈਂ ਵੀ 12-14 ਸਾਲ ਸੰਘਰਸ਼ ਕੀਤਾ ਹੈ ਪਰ ਜਦੋਂ ਤੁਹਾਡਾ ਖ਼ੁਦ ਦਾ ਸ਼ੌਕ ਹੁੰਦਾ ਹੈ ਤਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ।

Image copyright Getty Images
ਫੋਟੋ ਕੈਪਸ਼ਨ ਨਵਾਜ਼ੁਦੀਨ ਮੁਤਾਬਕ ਰੋਲ ਇਸ ਤਰ੍ਹਾਂ ਨਿਭਾਓ ਕਿ ਊਹ ਦੂਜੇ ਦਾ ਡ੍ਰੀਮ ਰੋਲ ਬਣ ਜਾਵੇ

ਇਸ ਪੇਸ਼ੇ ਨੂੰ ਖ਼ੁਦ ਮੈਂ ਆਪਣੀ ਮਰਜ਼ੀ ਨਾਲ ਚੁਣਿਆ ਹੈ ਤੇ ਜੇਕਰ ਦਿੱਕਤਾਂ ਆਉਣਗੀਆਂ ਤਾਂ ਉਸ ਨਾਲ ਵੀ ਮੈਂ ਹੀ ਨਿਪਟਾਂਗਾ। ਮੈਂ ਕਿਸੇ ਨੂੰ ਸ਼ਿਕਾਇਤ ਨਹੀਂ ਕਰ ਸਕਦਾ।

ਤੁਸੀਂ ਮੰਨਦੇ ਹੋ ਕਿ ਬਾਲੀਵੁੱਡ ਵਿੱਚ ਪਰਿਵਾਰਵਾਦ ਹੈ।

ਉਨ੍ਹਾਂ ਲਈ ਇੱਕ ਫ਼ਿਲਮ ਸੰਭਵ ਹੈ ਕਿ ਇਸ ਤਰੀਕੇ ਨਾਲ ਉਨ੍ਹਾਂ ਨੂੰ ਇੱਕ ਫਿਲਮ ਵਿੱਚ ਕੰਮ ਆਰਾਮ ਨਾਲ ਮਿਲ ਜਾਵੇ।

ਪਰ ਅਗਲੀ ਫ਼ਿਲਮ ਲਈ ਤਾਂ ਮਿਹਨਤ ਕਰਨੀ ਹੀ ਪਵੇਗੀ ਅਤੇ ਅੱਜ ਦੇ ਸਾਰੇ ਸਟਾਰ ਮਿਹਨਤ ਕਰਦੇ ਹਨ ਭਾਵੇਂ ਹੀ ਉਹ ਡਾਂਸ ਵਿੱਚ ਹੋਵੇ ਜਾਂ ਫਿਰ ਐਕਸ਼ਨ ਵਿੱਚ। ਹਰ ਤਰ੍ਹਾਂ ਦੀਆਂ ਫ਼ਿਲਮਾਂ ਲੋਕ ਦੇਖਦੇ ਹਨ ਅਤੇ ਹਿੱਟ ਵੀ ਹੁੰਦੀਆਂ ਹਨ।

ਤੁਹਾਡਾ ਕੋਈ ਡ੍ਰੀਮ ਰੋਲ ਹੈ ਜਾਂ ਫਿਰ ਤੁਸੀਂ ਕਰ ਚੁੱਕੇ ਹੋ।

ਮੈਂ ਅਜਿਹਾ ਕੋਈ ਡ੍ਰੀਮ ਰੋਲ ਨਹੀਂ ਸੋਚਿਆ ਕਿਉਂਕਿ ਜੇਕਰ ਮੈਨੂੰ ਕੋਈ ਹੋਰ ਰੋਲ ਮਿਲਦਾ ਹੈ ਤਾਂ ਕਿਤੇ ਨਾ ਕਿਤੇ ਉਹ ਮੇਰੇ ਰੋਲ 'ਤੇ ਅਸਰ ਕਰੇਗਾ।

ਇਸ ਲਈ ਡ੍ਰੀਮ ਰੋਲ ਨਹੀਂ ਰੱਖਣਾ ਚਾਹੀਦਾ। ਮੇਰੇ ਮੁਤਾਬਕ ਤੁਸੀਂ ਜਿਹੜਾ ਵੀ ਰੋਲ ਕਰੋ, ਉਹ ਦੂਜੇ ਲਈ ਡ੍ਰੀਮ ਬਣ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)