ਜੇ ਕਿਰਾਏਦਾਰ ਹੋ ਤਾਂ ਡਰ-ਡਰ ਕੇ ਜੀਣ ਦੀ ਲੋੜ ਨਹੀਂ — ਜਾਣੋ ਆਪਣੇ ਅਧਿਕਾਰ
- ਇੰਦਰਜੀਤ ਕੌਰ
- ਪੱਤਰਕਾਰ, ਬੀਬੀਸੀ

ਤਸਵੀਰ ਸਰੋਤ, VeranoVerde/Getty Images
ਦੋਹਾਂ ਧਿਰਾਂ ਵਿਚਾਲੇ ਹੀ ਤੈਅ ਹੁੰਦਾ ਹੈ ਕਿ ਘਰ ਵਿੱਚ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ
"ਸਾਡਾ ਘਰ ਬਹੁਤ ਹੀ ਮਾੜੀ ਹਾਲਤ ਵਿੱਚ ਹੈ। ਛੱਤ ਟੁੱਟਣ ਵਾਲੀ ਹੈ। ਮਕਾਨ ਮਾਲਕ ਨੂੰ ਕੋਈ ਵੀ ਚੀਜ਼ ਠੀਕ ਕਰਵਾਉਣ ਲਈ ਕਹਿ ਦਿਓ ਤਾਂ ਉਹ ਕਹਿੰਦੇ ਹਨ ਮਕਾਨ ਖਾਲੀ ਕਰ ਦਿਉ।"
ਇਹ ਕਹਿਣਾ ਹੈ ਦਿੱਲੀ ਵਿੱਚ ਰਹਿੰਦੇ ਇੱਕ ਬਜ਼ੁਰਗ ਜੋੜੇ ਦਾ, ਜੋ ਕਿ ਦੋ ਕਮਰਿਆਂ ਦੇ ਇੱਕ ਮਕਾਨ ਵਿੱਚ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜਿੰਨਾ ਕਿਰਾਇਆ ਅਸੀਂ ਦਿੰਦੇ ਹਾਂ, ਉਸ ਤਰ੍ਹਾਂ ਦੀ ਘਰ ਦੀ ਹਾਲਤ ਵੀ ਨਹੀਂ ਹੈ।
ਇਹ ਵੀ ਪੜ੍ਹੋ:
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਇਸ ਮਕਾਨ ਵਿੱਚ ਰਹਿ ਰਹੇ ਹਨ। ਪਹਿਲਾਂ ਤਾਂ ਉਨ੍ਹਾਂ ਨੇ ਕਿਰਾਇਆ ਇਕਰਾਰਨਾਮਾ (ਰੈਂਟ ਐਗਰੀਮੈਂਟ) ਬਣਵਾਇਆ ਸੀ ਪਰ ਬਾਅਦ ਵਿੱਚ ਰੀਨਿਊ ਨਹੀਂ ਹੋਇਆ।
"ਸਾਨੂੰ ਇਹ ਨਹੀਂ ਪਤਾ ਕਿ ਰੈਂਟ ਐਗਰੀਮੈਂਟ ਬਣਵਾਉਣ ਤੇ ਕਿੰਨਾ ਪੈਸਾ ਲਗਦਾ ਹੈ।"
ਕੌਣ ਤੈਅ ਕਰਦਾ ਹੈ ਕਿਰਾਇਆ
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਮਕਾਨ ਮਾਲਕ ਜਿੰਨਾ ਮਰਜ਼ੀ ਕਿਰਾਇਆ ਤੈਅ ਕਰੇ ਕਿ ਅਸੀਂ ਉਨ੍ਹਾਂ ਨਾਲ ਭਾਅ ਤੈਅ ਨਹੀਂ ਕਰ ਸਕਦੇ। ਉਹ ਜਾਣਨਾ ਚਾਹੁੰਦੇ ਸਨ ਕਿ ਇਹ ਕਿਰਾਇਆ ਕਿਵੇਂ ਤੈਅ ਹੁੰਦਾ ਹੈ ਅਤੇ ਕਿਰਾਇਆ ਕਦੋਂ ਅਤੇ ਕਿੰਨਾ ਵਧਾਇਆ ਜਾ ਸਕਦਾ ਹੈ।
ਸਾਡੇ ਵਿੱਚੋਂ ਸ਼ਾਇਦ ਕਾਫ਼ੀ ਲੋਕ ਅਜਿਹੇ ਹੋਣਗੇ ਜੋ ਕਿਰਾਏ 'ਤੇ ਕਈ ਸਾਲਾਂ ਤੋਂ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਅਧਿਕਾਰ ਕੀ ਹਨ।
ਇਸ ਬਾਰੇ ਅਸੀਂ ਵਕੀਲ ਨਿਤਿਨ ਗੋਇਲ ਨਾਲ ਗੱਲਬਾਤ ਕੀਤੀ।
ਤੁਸੀਂ ਕਿਸੇ ਵੀ ਨਵੇਂ ਸ਼ਹਿਰ ਜਾਂ ਪਿੰਡ ਜਾਂਦੇ ਹੋ ਅਤੇ ਕਿਰਾਏ 'ਤੇ ਮਕਾਨ ਲੈਂਦੇ ਹੋ ਤਾਂ ਆਪਣੇ ਹਿਸਾਬ ਨਾਲ ਸਹੂਲਤਾਂ ਦੇਖ ਕੇ ਲੈਂਦੇ ਹੋ ਪਰ ਕਈ ਵਾਰੀ ਬਾਅਦ ਵਿੱਚ ਨਿਰਾਸ਼ਾ ਝੱਲਣੀ ਪੈ ਸਕਦੀ ਹੈ।
ਇਹ ਵੀ ਪੜ੍ਹੋ:
ਹੋ ਸਕਦਾ ਹੈ ਤੁਹਾਨੂੰ ਤੁਹਾਡਾ ਮਕਾਨ ਮਾਲਕ ਤੰਗ ਕਰਦਾ ਹੋਵੇ ਤਾਂ ਅਜਿਹੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ਕਾਨੂੰਨ ਕਿਰਾਏਦਾਰਾਂ ਨੂੰ ਕੀ ਅਧਿਕਾਰ ਦਿੰਦਾ ਹੈ, ਤੁਹਾਨੂੰ ਦੱਸਦੇ ਹਾਂ। ਰੈਂਟ ਕੰਟਰੋਲ ਐਕਟ ਅਧੀਨ ਇਹ ਅਧਿਕਾਰ ਦਿੱਤੇ ਗਏ ਹਨ।
ਇੱਕ ਕਿਰਾਏਦਾਰ ਦੇ ਕੀ ਅਧਿਕਾਰ ਹੁੰਦੇ ਹਨ?
ਰੈਂਟ ਕੰਟਰੋਲ ਐਕਟ ਅਧੀਨ ਕਿਰਾਏਦਾਰਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਮਕਾਨ ਮਾਲਕ ਉਨ੍ਹਾਂ ਤੋਂ ਕਦੇ ਵੀ, ਕਿਸੇ ਵੀ ਮੌਕੇ ਮਕਾਨ ਖਾਲੀ ਨਾ ਕਰਵਾ ਸਕੇ। ਇਸ ਲਈ ਨਿਯਮ ਦੱਸੇ ਗਏ ਹਨ।
ਕਿਰਾਇਆ ਇਕਰਾਰਨਾਮਾ (ਰੈਂਟ ਐਗਰੀਮੈਂਟ) ਵਿੱਚ ਤੈਅ ਸ਼ਰਤਾਂ ਦੀ ਜੇ ਉਲੰਘਣਾ ਕੀਤੀ ਜਾਂਦੀ ਹੈ ਤਾਂ ਕਿਰਾਏਦਾਰ ਜਾਂ ਮਕਾਨ-ਮਾਲਕ ਦੋਵੇਂ ਹੀ ਅਦਾਲਤ ਦਾ ਸਹਾਰਾ ਲੈ ਸਕਦੇ ਹਨ।
ਜਿੱਥੋਂ ਤੱਕ ਬਿਨਾਂ ਨੋਟਿਸ ਬਾਹਰ ਕੱਢਣ ਦੀ ਗੱਲ ਹੈ, ਮਕਾਨ ਮਾਲਿਕ ਨੂੰ ਇਸ ਲਈ ਅਦਾਲਤ ਵਿੱਚ ਪਟੀਸ਼ਨ ਦਾਖਿਲ ਕਰਨੀ ਪਏਗੀ।
ਤਸਵੀਰ ਸਰੋਤ, Getty Images
ਰਜਿਸਟਰੇਸ਼ਨ ਫੀਸ ਬਚਾਉਣ ਲਈ ਰੈਂਟ ਐਗਰੀਮੈਂਟ ਮਹਿਜ਼ 11 ਮਹੀਨਿਆਂ ਦਾ ਹੀ ਬਣਾਇਆ ਜਾਂਦਾ ਹੈ
ਕੋਈ ਖਾਸ ਕਾਰਨ ਹੀ ਹੁੰਦੇ ਹਨ ਜਿਸ ਕਰਕੇ ਮਕਾਨ ਮਾਲਕ ਘਰ ਖਾਲੀ ਕਰਨ ਲਈ ਕਹਿ ਸਕਦਾ ਹੈ।
- ਜਾਣਬੁੱਝ ਕੇ ਕਿਰਾਏ ਵਿੱਚ ਗੜਬੜੀ ਕਰਨਾ
- ਕਿਰਾਏ 'ਤੇ ਲਏ ਮਕਾਨ ਨੂੰ ਬਿਨਾਂ ਪੁੱਛੇ ਕਿਰਾਏ 'ਤੇ ਚੜ੍ਹਾ ਦੇਣਾ
- ਮਕਾਨ ਮਾਲਕ ਨੂੰ ਖੁਦ ਉਸ ਮਕਾਨ ਦੀ ਲੋੜ ਹੋਵੇ
ਰੈਂਟ ਐਗਰੀਮੈਂਟ ਸਿਰਫ਼ 11 ਮਹੀਨਿਆਂ ਦਾ ਹੀ ਕਿਉਂ ਹੁੰਦਾ ਹੈ?
ਰਜਿਸਟਰੇਸ਼ਨ ਫੀਸ ਬਚਾਉਣ ਲਈ ਰੈਂਟ ਐਗਰੀਮੈਂਟ ਮਹਿਜ਼ 11 ਮਹੀਨਿਆਂ ਦਾ ਹੀ ਬਣਾਇਆ ਜਾਂਦਾ ਹੈ। ਜੇ 12 ਮਹੀਨਿਆਂ ਦਾ ਰੈਂਟ ਐਗਰੀਮੈਂਟ ਬਣਵਾਇਆ ਜਾਵੇਗਾ ਤਾਂ ਇਸ ਲਈ ਰਜਿਸਟਰੇਸ਼ਨ ਫੀਸ ਦੇਣੀ ਪੈਂਦੀ ਹੈ। ਇੱਕ ਸਾਲ ਤੋਂ ਘੱਟ ਦੇ ਬਣਾਏ ਰੈਂਟ ਐਗਰੀਮੈਂਟ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਨਹੀਂ ਹੈ।
ਕਿਸੇ ਮਕਾਨ ਜਾਂ ਜਾਇਦਾਦ ਦਾ ਕਿਰਾਇਆ ਕਿੰਨਾ ਹੋਣਾ ਚਾਹੀਦਾ ਹੈ ਕੀ ਇਹ ਤੈਅ ਕੀਤਾ ਜਾ ਸਕਦਾ ਹੈ?
ਕਿਸੇ ਮਕਾਨ ਜਾਂ ਜਾਇਦਾਦ ਦਾ ਕਿੰਨਾ ਕਿਰਾਇਆ ਹੋਣਾ ਚਾਹੀਦਾ ਹੈ, ਇਹ ਦੋਹਾਂ ਧਿਰਾਂ ਦੇ ਵਿਚਾਲੇ ਹੀ ਤੈਅ ਕੀਤਾ ਜਾਂਦਾ ਹੈ। ਇਹ ਕਾਨੂੰਨ ਅਧੀਨ ਤੈਅ ਨਹੀਂ ਕੀਤਾ ਜਾ ਸਕਦਾ।
ਤਸਵੀਰ ਸਰੋਤ, Getty Images
ਕਿਹੋ ਜਿਹੀ ਹਾਲਤ ਵਿੱਚ ਘਰ ਦੇਣਾ ਚਾਹੀਦਾ ਹੈ ਕੀ ਇਸ ਲਈ ਕੋਈ ਨਿਯਮ ਹਨ?
ਦੋਹਾਂ ਧਿਰਾਂ ਵਿਚਾਲੇ ਹੀ ਤੈਅ ਹੁੰਦਾ ਹੈ ਕਿ ਘਰ ਵਿੱਚ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਉਸੇ ਆਧਾਰ 'ਤੇ ਹੀ ਰੈਂਟ ਐਗਰੀਮੈਂਟ ਤੈਅ ਕੀਤਾ ਜਾਂਦਾ ਹੈ।
ਕਿਰਾਇਆ ਕਦੋਂ ਵਧਾਇਆ ਜਾ ਸਕਦਾ ਹੈ?
ਇਕਰਾਰਨਾਮੇ ਮੁਤਾਬਕ ਦੋਹਾਂ ਧਿਰਾਂ ਵਿਚਾਲੇ ਤੈਅ ਸਮੇਂ ਮੁਤਾਬਕ ਹੀ ਕਿਰਾਇਆ ਵਧਾਇਆ ਜਾ ਸਕਦਾ ਹੈ। ਅਕਸਰ ਸਾਲ ਬਾਅਦ ਹੀ ਕਿਰਾਏ ਵਿੱਚ ਵਾਧਾ ਕੀਤਾ ਜਾਂਦਾ ਹੈ।
ਤਸਵੀਰ ਸਰੋਤ, Getty Images
ਜੇ ਤੈਅ ਸਹੂਲਤਾਂ ਮੁਤਾਬਕ ਮਕਾਨ ਮਾਲਕ ਘਰ ਨਹੀਂ ਸੌਂਪਦਾ ਤਾਂ ਮਕਾਨ ਮਾਲਕ ਨੂੰ ਉਹ ਸਹੂਲਤਾਂ ਦੇਣ ਲਈ ਨੋਟਿਸ ਜਾਰੀ ਕੀਤਾ ਜਾਵੇ
ਜੇ ਇਕਰਾਰਨਾਮੇ ਵਿੱਚ ਤੈਅ ਸਮੇਂ ਤੋਂ ਪਹਿਲਾਂ ਹੀ ਕਿਰਾਏ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਇਸ ਖਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਸਕਦੀ ਹੈ।
ਕੀ ਮੇਨਟੇਨੈਂਸ ਚਾਰਜਿਜ਼ ਦੇਣੇ ਲਾਜ਼ਮੀ ਹਨ?
ਦੋਹਾਂ ਧਿਰਾਂ ਵਿਚਾਲੇ ਤੈਅ ਇਕਰਾਰਨਾਮੇ ਮੁਤਾਬਕ ਹੀ ਮੇਨਟੇਨੈਂਸ ਚਾਰਜਿਜ਼ ਲਏ ਜਾਂਦੇ ਹਨ। ਇਕਰਾਰਨਾਮੇ ਵਿੱਚ ਹੀ ਲਿਖਿਆ ਜਾਂਦਾ ਹੈ ਕਿ ਕਿੰਨੇ ਮੇਨਟੇਨੈਂਸ ਚਾਰਜਿਜ਼ ਦੇਣੇ ਹਨ।
ਜੇ ਕਿਰਾਇਆ ਵਧਾਉਣ ਦੀ ਧਮਕੀ ਦਿੰਦਿਆਂ ਮਕਾਨ ਮਾਲਿਕ ਚਾਹੇ ਤਾਂ ਕੀ ਪਾਣੀ ਅਤੇ ਬਿਜਲੀ ਦੀ ਕਟੌਤੀ ਕੀਤੀ ਜਾ ਸਕਦੀ ਹੈ?
ਇਹ ਗੈਰ-ਕਾਨੂੰਨੀ ਹੈ। ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਕੀਤਾ ਜਾ ਸਕਦਾ।
ਤਸਵੀਰ ਸਰੋਤ, CharlieAJA/Getty Images
ਐਗਰੀਮੈਂਟ ਵਿੱਚ ਤੈਅ ਸਮੇਂ ਮੁਤਾਬਕ ਹੀ ਕਿਰਾਏ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਐਗਰੀਮੈਂਟ ਵਿੱਚ ਤੈਅ ਸਮੇਂ ਮੁਤਾਬਕ ਹੀ ਕਿਰਾਏ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਪਾਣੀ ਬੁਨਿਆਦੀ ਲੋੜ ਹੈ ਇਸ ਦੀ ਕਟੌਤੀ ਕਦੇ ਵੀ ਨਹੀਂ ਕੀਤੀ ਜਾ ਸਕਦੀ।
ਜੇ ਮਕਾਨ ਮਾਲਕ ਅਜਿਹਾ ਕਰਦਾ ਹੈ ਤਾਂ ਕਿਰਾਏਦਾਰ ਅਦਾਲਤ ਵਿੱਚ ਜਾ ਸਕਦਾ ਹੈ।
ਜੇ ਐਗਰੀਮੈਂਟ ਵਿੱਚ ਤੈਅ ਸਹੂਲਤਾਂ ਮੁਤਾਬਕ ਘਰ ਨਹੀਂ ਦਿੱਤਾ ਗਿਆ ਹੈ ਤਾਂ ਕਿਰਾਏਦਾਰ ਨੂੰ ਕੀ ਕਰਨਾ ਚਾਹੀਦਾ ਹੈ?
ਜੇ ਤੈਅ ਸਹੂਲਤਾਂ ਮੁਤਾਬਕ ਮਕਾਨ ਮਾਲਕ ਘਰ ਨਹੀਂ ਸੌਂਪਦਾ ਤਾਂ ਮਕਾਨ ਮਾਲਕ ਨੂੰ ਉਹ ਸਹੂਲਤਾਂ ਦੇਣ ਲਈ ਨੋਟਿਸ ਜਾਰੀ ਕੀਤਾ ਜਾਵੇ। ਫਿਰ ਵੀ ਜੇ ਮਕਾਨ ਮਾਲਕ ਅਜਿਹਾ ਨਹੀਂ ਕਰਦਾ ਤਾਂ ਅਦਾਲਤ ਦੇ ਦਰ 'ਤੇ ਜਾਣਾ ਚਾਹੀਦਾ ਹੈ।
ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਕਿਸੇ ਵੀ ਹਾਲਤ ਵਿੱਚ ਕਿਰਾਇਆ ਦੇਣਾ ਨਹੀਂ ਰੋਕਣਾ ਚਾਹੀਦਾ। ਜੇ ਮਕਾਨ ਮਾਲਕ ਕਿਰਾਇਆ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੇ ਬੈਂਕ ਅਕਾਉਂਟ ਵਿੱਚ ਚੈੱਕ ਰਾਹੀਂ ਜਾਂ ਫਿਰ ਆਨਲਾਈਨ ਟਰਾਂਸਫ਼ਰ ਕਰ ਦਿਉ।