'ਟੀਵੀ ਆਊਟ, ਡਿਜੀਟਲ ਇਨ', ਇਸ ਤਰ੍ਹਾਂ ਬਦਲੇਗੀ ਮਨੋਰੰਜਨ ਦੀ ਦੁਨੀਆਂ

ਨੈੱਟਫਲਿਕਸ
ਫੋਟੋ ਕੈਪਸ਼ਨ ਇਹ ਆਫਿਸ ਕਾਰਪੋਰੇਟ ਦੀ ਦੁਨੀਆਂ ਤੋਂ ਬਿਲਕੁਲ ਵੱਖਰਾ ਹੈ ਪਰ ਪੈਸੇ ਕਮਾਉਣ ਵਿੱਚ ਪਿੱਛੇ ਨਹੀਂ ਹੈ

ਆਪਣੇ ਘਰ ਦੀ ਰਸੋਈ ਵਿੱਚ ਘੱਟ ਕੱਪੜਿਆਂ 'ਚ ਇੱਕ ਕੁੜੀ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਹੈ। ਜਿਵੇਂ ਹੀ ਕੈਮਰਾ, ਲਾਈਟ ਅਤੇ ਐਕਸ਼ਨ ਦੀ ਆਵਾਜ਼ ਗੁੰਜਦੀ ਹੈ ਉਹ ਪੂਰੇ ਧਿਆਨ ਨਾਲ ਟੇਕ ਦੇਣ ਵਿੱਚ ਰੁੱਝ ਜਾਂਦੀ ਹੈ

ਇਹ ਦ੍ਰਿਸ਼ ਆਉਣ ਵਾਲੀ ਨਵੀਂ ਵੈੱਬ ਸੀਰੀਜ਼ ਦਾ ਹੈ ਜਿਸ ਨੂੰ ਮੁੰਬਈ ਦੀ ਵਿਜ਼ੁਅਲ ਕੰਟੈਂਟ ਬਣਾਉਣ ਵਾਲੀ ਕੰਪਨੀ 'ਦਿ ਵਾਇਰਲ ਫੀਵਰ' ਯਾਨਿ ਟੀਵੀਐਫ ਆਪਣੇ ਯੂ-ਟਿਊਬ ਚੈਨਲ 'ਤੇ ਜਲਦ ਹੀ ਲਾਂਚ ਕਰਨ ਜਾ ਰਹੀ ਹੈ ਜਿਸ ਦੇ 38 ਲੱਖ ਲੋਕ ਸਬਸਕ੍ਰਾਈਬਰ ਹਨ।

ਇਸਦੇ ਦਰਸ਼ਕ ਵੀ ਨੌਜਵਾਨ ਹਨ ਅਤੇ ਉਨ੍ਹਾਂ ਲਈ ਪ੍ਰੋਗਰਾਮ ਬਣਾਉਣ ਵਾਲੇ ਵੀ ਉਨ੍ਹਾਂ ਦੀ ਤਰ੍ਹਾਂ ਹੀ ਘੱਟ ਉਮਰ ਦੇ ਹਨ।

ਇਹ ਡਿਜੀਟਲ ਇੰਡੀਆ ਹੈ ਜਿੱਥੇ ਟੀਵੀ ਆਊਟ ਅਤੇ ਡਿਜੀਟਲ ਪਲੇਟਫਾਰਮ ਇਨ ਹੈ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਵਾਲੀ ਨੌਜਵਾਨ ਪੀੜ੍ਹੀ ਇਸ ਡਿਜੀਟਲ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਹੈ

ਮੁੰਬਈ ਦੇ ਨੌਜਵਾਨ ਗ੍ਰਾਫ਼ਿਕ ਡਿਜ਼ਾਈਨਰ ਵਿਜੇ ਪਿਸਲ ਅਤੇ ਉਨ੍ਹਾਂ ਦੀ ਪਤਨੀ ਵੈਸ਼ਾਲੀ ਪਿਸਲ ਇੱਕ ਕੂਲ ਕਪਲ ਹੈ।

ਉਨ੍ਹਾਂ ਦੇ ਘਰ ਡੀਟੀਐੱਚ ਕਨੈਕਸ਼ਨ ਨਹੀਂ ਹੈ। ਉਹ ਨਿਊਜ਼ ਅਤੇ ਆਪਣੇ ਪਸੰਦੀਦਾ ਪ੍ਰੋਗਰਾਮ ਡਿਜੀਟਲ ਪਲੇਟਫਾਰਮ 'ਤੇ ਆਪਣੇ ਮੋਬਾਈਲ ਦੀ ਸਕ੍ਰੀਨ ਉੱਤੇ ਦੇਖਦੇ ਹਨ।

ਮੋਬਾਈਲ 'ਤੇ ਮਨੋਰੰਜਨ

ਵਿਜੇ ਕਹਿੰਦੇ ਹਨ, "ਅਸੀਂ ਜ਼ਿਆਦਾਤਰ ਯੂ-ਟਿਊਬ 'ਤੇ ਪ੍ਰੋਗਰਾਮ ਦੇਖਦੇ ਹਾਂ। ਉਸ 'ਤੇ ਕਾਫ਼ੀ ਸਾਰੀ ਜਾਣਕਾਰੀ ਹੁੰਦੀ ਹੈ। ਬੱਚਿਆਂ ਦੇ ਮਨੋਰੰਜਨ ਦੇ ਪ੍ਰੋਗਰਾਮ ਵੀ ਹੁੰਦੇ ਹਨ। ਜੇਕਰ ਪੂਰੇ ਪਰਿਵਾਰ ਨੇ ਕੁਝ ਦੇਖਣਾ ਹੁੰਦਾ ਹੈ ਤਾਂ ਕੰਪਿਊਟਰ ਸਕ੍ਰੀਨ 'ਤੇ ਦੇਖ ਲੈਂਦੇ ਹਾਂ।"

ਪਿਸਲ ਪਰਿਵਾਰ ਭਾਰਤੀ ਮੀਡੀਆ ਵਿੱਚ ਆਏ ਇੱਕ ਅਜਿਹੇ ਰੁਝਾਨ ਦਾ ਹਿੱਸਾ ਹੈ ਜੋ ਕਿ ਟੀਵੀ ਬ੍ਰਾਡਕਾਸਟਰਸ, ਕੇਬਲ ਅਤੇ ਸੈਟੇਲਾਈਟ (ਡੀਟੀਐਚ) ਆਪਰੇਟਰਸ ਲਈ ਖ਼ਤਰੇ ਦੀ ਘੰਟੀ ਦੀ ਤਰ੍ਹਾਂ ਹੈ। ਇਹ ਰੁਝਾਨ ਤੇਜ਼ੀ ਨਾਲ ਇੱਕ ਕ੍ਰਾਂਤੀ ਵਿੱਚ ਬਦਲਦਾ ਜਾ ਰਿਹਾ ਹੈ।

ਫੋਟੋ ਕੈਪਸ਼ਨ ਵਿਜੇ ਅਤੇ ਵੈਸ਼ਾਲੀ ਪਿਸਲ ਟੀਵੀ ਦੀ ਥਾਂ ਮੋਬਾਈਲ 'ਤੇ ਸਾਰੇ ਪ੍ਰੋਗਰਾਮ ਦੇਖਦੇ ਹਨ

ਪਿਛਲੇ ਇੱਕ ਸਾਲ ਵਿੱਚ ਲੱਖਾਂ ਦਰਸ਼ਕਾਂ ਨੇ ਟੀਵੀ ਕਨੈਕਸ਼ਨ ਬੰਦ ਕਰਕੇ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ਨੂੰ ਅਪਣਾਇਆ ਹੈ।

ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਵਾਲੀ ਨੌਜਵਾਨ ਪੀੜ੍ਹੀ ਇਸ ਡਿਜੀਟਲ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਹੈ।

ਫੋਟੋ ਕੈਪਸ਼ਨ ਟੀਵੀ ਦੀ ਥਾਂ ਹੁਣ ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਦਾ ਰੁਝਾਨ ਵੱਧ ਹੈ

ਐਕਸਾਈਟਮੈਂਟ ਦੀ ਚਾਹਤ

ਛੋਟੇ ਪਰਦੇ 'ਤੇ ਆ ਰਹੀ ਇਸ ਕ੍ਰਾਂਤੀ ਨੂੰ ਹਵਾ ਦੇਣ ਵਾਲੀਆਂ ਕੰਟੈਂਟ ਕੰਪਨੀਆਂ ਵਿੱਚ ਏਆਈਬੀ ਅਤੇ ਟੀਵੀਐਫ਼ ਕਾਫ਼ੀ ਅੱਗੇ ਹੈ।

ਸਮੀਰ ਸਕਸੈਨਾ ਟੀਵੀਐਫ਼ ਸੰਸਥਾਪਕਾਂ ਵਿੱਚੋਂ ਇੱਕ ਹਨ। ਸਮੀਰ ਸਕਸੈਨਾ ਦਾ ਕਹਿਣਾ ਹੈ, "ਇੱਕ ਕਹਾਣੀ ਨੂੰ ਬਿਆਨ ਕਰਨ ਲਈ ਵੱਖ-ਵੱਖ ਜ਼ਰੀਆ ਹੈ, ਇੱਕ ਤਾਂ ਸਿਨੇਮਾ ਹੈ ਜਿਹੜਾ ਵੱਡਾ ਪਰਦਾ ਹੈ, ਇੱਕ ਸਾਡਾ ਟੀਵੀ, ਹੁਣ ਇਹ ਇੱਕ ਜ਼ਰੀਆ ਹੈ ਜਿੱਥੇ ਤੁਸੀਂ ਸਾਰੀਆਂ ਚੀਜ਼ਾਂ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ, ਆਪਣੇ ਲੈਪਟਾਪ 'ਤੇ ਦੇਖ ਸਕਦੇ ਹੋ। ਇਹ ਇੱਕ ਨਵਾਂ ਦੌਰ ਹੈ।"

ਇਹ ਵੀ ਪੜ੍ਹੋ:

ਸਮੀਰ ਸਕਸੈਨਾ ਆਪਣੇ ਦਫ਼ਤਰ ਦੇ ਬੌਸ ਹਨ ਪਰ ਉਨ੍ਹਾਂ ਨੂੰ ਦੇਖ ਕੇ ਅਜਿਹਾ ਨਹੀਂ ਲਗਦਾ। ਉਹ ਕਾਫ਼ੀ ਇਨਫਾਰਮਲ ਹਨ। ਨਵੇਂ ਮਿਜਾਜ਼ ਦੇ ਲੋਕ, ਨਵੀਂ ਤਰ੍ਹਾਂ ਦਾ ਕੰਟੈਂਟ। ਟੀਵੀਐਫ਼ ਦਾ ਪਰਮਾਨੈਂਟ ਰੂਮਮੇਟਸ ਸਿਲਸਿਲੇਵਾਰ ਪ੍ਰੋਗਰਾਮ ਨੌਜਵਾਨਾਂ ਵਿੱਚ ਕਾਫ਼ੀ ਪਸੰਦੀਦਾ ਹੈ।

ਇਸ ਤਰ੍ਹਾਂ ਹੌਟਸਟਾਰ ਨੇ ਏਆਈਬੀ ਤੋਂ ਕਾਮੇਡੀ "ਆਨ ਏਅਰ ਏਆਈਬੀ" ਦਿਖਾਇਆ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਸਮੀਰ ਕਹਿੰਦੇ ਹਨ, ਅਸੀਂ ਲਵ ਸਟੋਰੀ ਬਣਾਉਂਦੇ ਹਾਂ ਤਾਂ ਰੀਅਲ ਰੱਖਦੇ ਹਾਂ, ਟੀਵੀ ਦੀ ਤਰ੍ਹਾਂ ਵਧਾ-ਚੜ੍ਹਾ ਕੇ ਪੇਸ਼ ਨਹੀਂ ਕਰਦੇ। ਨੌਜਵਾਨ ਸਾਡੀ ਕਹਾਣੀਆਂ ਨਾਲ ਰਿਲੇਟ ਕਰ ਸਕਦੇ ਹਨ।"

ਕਿੰਨੀ ਵੱਖਰੀ ਹੈ ਦੁਨੀਆਂ

ਸਮੀਰ ਮੁਤਾਬਕ ਦੋ ਮੰਜ਼ਿਲਾ ਇਸ ਦਫ਼ਤਰ ਵਿੱਚ 200 ਲੋਕ ਕੰਮ ਕਰਦੇ ਹਨ ਜਿਸ ਵਿੱਚ 45 ਸਕ੍ਰਿਪਟ ਰਾਈਟਰ ਹਨ। ਮਾਹੌਲ ਦੋਸਤਾਨਾ ਹੈ। ਉਨ੍ਹਾਂ ਨੂੰ ਇਹ ਪੂਰਾ ਅੰਦਾਜ਼ਾ ਹੈ ਕਿ ਉਹ ਡਿਜੀਟਲ ਕ੍ਰਾਂਤੀ ਦਾ ਹਿੱਸਾ ਹਨ।

ਫੋਟੋ ਕੈਪਸ਼ਨ ਇਸ ਵੈੱਬ ਸੀਰੀਜ਼ ਵਿੱਚ ਨਵਾਜ਼ੁਦੀਨ ਸਿੱਦੀਕੀ ਅਤੇ ਸੈਫ਼ਲੀ ਖ਼ਾਨ ਅਹਿਮ ਭੂਮਿਕਾ 'ਚ ਹਨ

ਦਫ਼ਤਰ ਦੇ ਇੱਕ ਕਮਰੇ ਵਿੱਚ ਆਈਡੀਆ ਮੀਟਿੰਗ ਚੱਲ ਰਹੀ ਹੈ। ਦੂਜੇ ਕਮਰੇ ਵਿੱਚ ਅਗਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਹੋ ਰਹੀ ਹੈ। ਕੋਈ ਟੇਬਲ 'ਤੇ ਦੋਵੇਂ ਪੈਰ ਉੱਪਰ ਕਰਕੇ ਬੈਠਾ ਹੈ, ਤਾਂ ਕੋਈ ਸ਼ਾਰਟਸ ਅਤੇ ਟੀ-ਸ਼ਰਟ ਪਾ ਕੇ ਸਟ੍ਰੈਟਜੀ ਦੀ ਮੰਗ ਕਰ ਰਿਹਾ ਹੈ।

ਇੱਥੇ ਕੋਈ ਟਾਈ ਅਤੇ ਸੂਟ ਵਾਲਾ ਨਹੀਂ, ਸਮੀਰ ਵੀ ਕੈਜ਼ੂਅਲ ਕੱਪੜਿਆਂ ਵਿੱਚ ਦਫ਼ਤਰ ਆਏ ਹਨ। ਇਹ ਆਫਿਸ ਕਾਰਪੋਰੇਟ ਦੀ ਦੁਨੀਆਂ ਤੋਂ ਬਿਲਕੁਲ ਵੱਖਰਾ ਹੈ ਪਰ ਪੈਸੇ ਕਮਾਉਣ ਵਿੱਚ ਪਿੱਛੇ ਨਹੀਂ ਹੈ।

Image copyright Getty Images

ਉਨ੍ਹਾਂ ਦੀ ਮੀਡੀਆ ਕੰਪਨੀ ਪੈਸੇ ਕਿਵੇਂ ਕਮਾਉਂਦੀ ਹੈ ਇਸ 'ਤੇ ਸਮੀਰ ਕਹਿੰਦੇ ਹਨ, "ਦੇਖੋ ਅਸੀਂ ਭਾਰਤ ਦੇ ਸਭ ਤੋਂ ਵੱਡੇ ਆਡੀਅੰਸ ਬੇਸ ਵਿੱਚੋਂ ਇੱਕ ਹਾਂ। ਹੁਣ ਕੰਪਨੀਆਂ ਟੀਵੀ ਛੱਡ ਕੇ ਮਾਰਕਟਿੰਗ ਲਈ ਡਿਜੀਟਲ ਪਲੇਟਫਾਰਮ ਵੱਲ ਦੇਖ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ਜ਼ਰੀਏ ਵੱਧ ਲੋਕ ਆਉਂਦੇ ਹਨ। ਤਾਂ ਜ਼ਾਹਿਰ ਹੈ ਕਿ ਉਹ ਸਾਡੇ ਕੋਲ ਆਉਂਦੇ ਹਨ।"

ਸਮੀਰ ਦੀ ਕੰਪਨੀ ਤਾਂ ਸਿਰਫ਼ ਕੰਟੈਂਟ ਬਣਾਉਂਦੀ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਕਈ ਡਿਜੀਟਲ ਸਟ੍ਰੀਮਿੰਗ ਪਲੇਟਫਾਰਮ ਡਿਜੀਟਲ ਮਾਰਕਿਟ ਵਿੱਚ ਆ ਚੁੱਕੇ ਹਨ। ਜਿਸ ਵਿੱਚ ਸਟਾਰ ਗਰੁੱਪ ਦਾ 'ਹੌਟਸਟਾਰ' ਤਮਾਮ ਕੰਪਨੀਆਂ ਤੋਂ ਅੱਗੇ ਹੈ।

ਕੁਝ ਕਾਮਯਾਬ ਪਲੇਟਫਾਰਮ ਵਿੱਚ ਨੈੱਟਫਲਿਕਸ, ਅਮੇਜ਼ਨ ਪ੍ਰਾਈਮ ਵੀਡੀਓ, ਸੋਨੀ ਲਿਵ ਅਤੇ ਵੂਟ ਸ਼ਾਮਲ ਹਨ। ਕੁਝ ਸਬਸਕ੍ਰਿਪਸ਼ਨ ਤੋਂ, ਕੁਝ ਸਬਸਕ੍ਰਿਪਸ਼ਨ-ਮਸ਼ਹੂਰੀ ਤੋਂ ਅਤੇ ਕੁਝ ਮੁਫ਼ਤ ਵਿੱਚ ਚੱਲ ਰਹੇ ਹਨ, ਮੁਫ਼ਤ ਵਾਲਿਆਂ ਨੂੰ ਭਵਿੱਖ ਵਿੱਚ ਕਮਾਈ ਦੀ ਉਮੀਦ ਹੈ।

ਫੋਟੋ ਕੈਪਸ਼ਨ ਦਰਸ਼ਕ ਟੀਵੀ ਛੱਡ ਕੇ ਡਿਜੀਟਲ ਵੱਲ ਜਾ ਰਹੇ ਹਨ

ਦੇਸ ਦੇ ਹਰ ਕੋਨੇ ਵਿੱਚ ਤੁਹਾਨੂੰ ਆਮ ਲੋਕ ਮੋਬਾਈਲ 'ਤੇ ਵੀਡੀਓ ਕੰਟੈਂਟ ਦੇਖਦੇ ਹੋਏ ਮਿਲ ਜਾਣਗੇ, ਇਹ ਜ਼ਿਆਦਾਤਰ ਰਿਲਾਇੰਸ ਦੇ ਜੀਓ ਟੀਵੀ ਐਪ ਜ਼ਰੀਏ ਮੁਫ਼ਤ ਹੀ ਆਪਣੇ ਪਸੰਦੀਦਾ ਪ੍ਰੋਗਰਾਮ ਦੇਖਦੇ ਹਨ। ਆਮ ਲੋਕ ਇਸ ਪਲੇਟਫਾਰਮ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ।

ਕਿਵੇਂ ਬਦਲ ਰਿਹਾ ਹੈ ਬਾਜ਼ਾਰ

ਆਖ਼ਰ ਇਹ ਕ੍ਰਾਂਤੀ ਆਈ ਕਿਵੇਂ? ਮਾਹਿਰ ਕਹਿੰਦੇ ਹਨ ਕਿ ਇਸਦੇ ਕਈ ਮੁੱਖ ਕਾਰਨ ਹ:

  • ਮੋਬਾਈਲ ਡਾਟਾ ਦਾ ਕਾਫ਼ੀ ਸਸਤਾ ਹੋ ਜਾਣਾ।
  • ਸਮਾਰਟਫੋਨ ਦੀ ਗਿਣਤੀ ਵਿੱਚ ਵਾਧਾ (ਦੇਸ ਦੀ ਇੱਕ ਤਿਹਾਈ ਆਬਾਦੀ ਕੋਲ ਸਮਾਰਟ ਫੋਨ ਹੈ)।
  • ਆਨਲਾਈਨ ਵਿੱਚ ਸਰਕਾਰੀ ਸੈਂਸਰ ਬੋਰਡ ਦਾ ਨਾ ਹੋਣਾ।
  • ਟੀਵੀ ਦੇ ਮਨੋਰੰਜਨ ਅਤੇ ਨਿਊਜ਼ ਪ੍ਰੋਗਰਾਮ ਤੋਂ ਲੋਕਾਂ ਦਾ ਅੱਕ ਜਾਣਾ।
  • ਦੁਨੀਆਂ ਭਰ ਦੀਆਂ ਬਿਹਤਰੀਨ ਫ਼ਿਲਮਾਂ ਅਤੇ ਡਾਕੂਮੈਂਟਰੀਜ਼ ਦਾ ਉਪਲਬਧ ਹੋਣਾ ਅਤੇ ਦੇਸ ਦੀ 60 ਫੀਸਦ ਨੌਜਵਾਨ ਆਬਾਦੀ ਦਾ ਜ਼ਿਆਦਾਤਰ ਸਮਾਂ ਮੋਬਾਈਲ 'ਤੇ ਬਤੀਤ ਕਰਨਾ।

ਡਿਜੀਟਲ ਪਲੇਟਫਾਰਮ ਦੇ ਅੱਗੇ ਵਧਣ ਦਾ ਇੱਕ ਹੋਰ ਕਾਰਨ ਹੈ। ਅਸ਼ੋਕ ਮਨਸੁਖਾਨੀ ਕੇਬਲ ਟੀਵੀ ਇੰਡਸਟਰੀ ਦੇ ਇੱਕ ਥੰਮ੍ਹ ਮੰਨੇ ਜਾਂਦੇ ਹਨ ਅਤੇ ਅੱਜ-ਕੱਲ੍ਹ ਉਹ ਹਿੰਦੂਜਾ ਗਰੁੱਪ ਦੇ "ਇਨ ਕੇਬਲ" ਦੇ ਮੁਖੀ ਹਨ।

ਉਹ ਕਹਿੰਦੇ ਹਨ ਟੀਵੀ ਵਾਲਿਆਂ ਨੇ ਨੌਜਵਾਨ ਪੀੜ੍ਹੀ ਨੂੰ ਨਜ਼ਰਅੰਦਾਜ਼ ਕੀਤਾ ਹੈ। "ਵਧੇਰੇ ਲੋਕ ਅਕਸਾਈਟਮੈਂਟ ਚਾਹੁੰਦੇ ਹਨ। ਅਸੀਂ ਗਾਹਕਾਂ ਨੂੰ 800 ਚੈਨਲ ਵੀ ਦਿੰਦੇ ਹਾਂ ਅਤੇ ਵਰਾਇਟੀ ਵੀ ਪਰ ਚੈਨਲ ਵਾਲੇ ਇੱਕ ਵਰਗ ਨੂੰ ਨਜ਼ਰਅੰਦਾਜ਼ ਕਰ ਰਹੇ ਹਨ- 25 ਤੋਂ 35 ਸਾਲ ਦੇ ਨੌਜਵਾਨਾਂ ਨੂੰ।"

ਡਿਜੀਟਲ ਪਲੇਟਫਾਰਮ ਇਸ ਵਰਗ ਨੂੰ ਉਨ੍ਹਾਂ ਦੇ ਪਸੰਦੀਦਾ ਪ੍ਰੋਗਰਾਮ ਦੇ ਰਹੇ ਹਨ।

ਫੋਟੋ ਕੈਪਸ਼ਨ ਅਸ਼ੋਕ ਮਨਸੁਖਾਨੀ ਕੇਬਲ ਟੀਵੀ ਇੰਡਸਟਰੀ ਦੇ ਇੱਕ ਥੰਮ੍ਹ ਮੰਨੇ ਜਾਂਦੇ ਹਨ

ਮਾਰਕਿਟ ਲੀਡਰ 'ਹੌਟਸਟਾਰ' ਨੇ ਆਈਪੀਐਲ ਅਤੇ ਯੂਰਪੀ ਫੁੱਟਬਾਲ ਦੀ ਲਾਈਵ ਕਵਰੇਜ ਦੇ ਕੇ ਨੌਜਵਾਨ ਪੀੜ੍ਹੀ ਦਾ ਝੁਕਾਅ ਆਪਣੇ ਵੱਲ ਕਰ ਲਿਆ ਹੈ।

ਇਹ ਹਰ ਮਹੀਨੇ 15 ਕਰੋੜ ਦਰਸ਼ਕ ਆਕਰਸ਼ਿਤ ਕਰਦਾ ਹੈ। ਜੇਕਰ ਕ੍ਰਿਕਟ ਸੀਜ਼ਨ ਹੋਵੇ ਤਾਂ ਆਈਪੀਐਲ ਦੇ ਮੈਚ ਲਾਈਵ ਕਵਰ ਕਰਨ ਨਾਲ ਇਸ ਗਿਣਤੀ ਵਿੱਚ ਕਈ ਗੁਣਾ ਇਜ਼ਾਫਾ ਹੋ ਸਕਦਾ ਹੈ।

ਕਰੋੜਾਂ ਦਾ ਨਿਵੇਸ਼

ਇਸਦੇ ਸੀਈਓ ਅਜਿਤ ਮੋਹਨ ਪਲੇਟਫਾਰਮ ਦੀ ਸਫ਼ਲਤਾ ਦਾ ਰਾਜ਼ ਦੱਸਦੇ ਹਨ, "ਅਸੀਂ ਦੂਜੇ ਪਲੇਟਫਾਰਮ ਨਾਲੋਂ ਵੱਖ ਹਾਂ। ਉਹ ਇਸ ਤਰ੍ਹਾਂ ਕਿ ਅਸੀਂ ਇੱਕ ਪਲੇਟਫਾਰਮ 'ਤੇ ਸਭ ਕੁਝ ਲੈ ਆਈਏ। ਫ਼ਿਲਮ, ਸਪੋਰਟਸ, ਟੀਵੀ ਚੈਨਲ ਅਤੇ ਨਿਊਜ਼, ਇਸਦੇ ਬਾਵਜੂਦ ਇੱਕ ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਪ੍ਰੋਗਰਾਮ ਉਸੇ ਲਈ ਬਣਾਏ ਗਏ ਹਨ।"

ਹੌਟਸਟਾਰ ਦਾ ਆਧੁਨਿਕ ਦਫ਼ਤਰ ਵਿਕਿਸਤ ਦੇਸ ਅਮਰੀਕਾ ਦੇ ਕਿਸੀ ਦਫ਼ਤਰ ਤੋਂ ਘੱਟ ਨਹੀਂ ਹੈ। ਇਹ ਵਾਇਰਲ ਫੀਵਰ ਦੇ ਦਫ਼ਤਰ ਤੋਂ ਬਿਲਕੁਲ ਵੱਖਰਾ ਹੈ।

ਇਹ ਕਾਰਪੋਰੇਟ ਦੀ ਇੱਕ ਚਮਕਦੀ ਦੁਨੀਆਂ ਹੈ ਜਿੱਥੇ ਡਿਜੀਟਲ ਮੀਡੀਆ ਮਾਰਕਿਟ ਦੇ ਵਿਕਾਸ ਲਈ ਵੱਡੇ-ਵੱਡੇ ਫੈ਼ਸਲੇ ਲਏ ਜਾਂਦੇ ਹਨ ਅਤੇ ਇੱਥੇ ਇੱਕ ਪ੍ਰੋਗਰਾਮ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਜਾਂਦਾ ਹੈ।

ਡਿਜੀਟਲ ਪਲੇਟਫਾਰਮ ਦੇ ਤੇਜ਼-ਤਰਾਰ ਵਿਕਾਸ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਚਾਰ ਵੱਡੇ ਡਾਇਰੈਕਟਰ ਅਤੇ ਨਵਾਜ਼ੁਦੀਨ ਸਿੱਦੀਕੀ ਵਰਗੇ ਅਦਾਕਾਰ ਜੁੜ ਗਏ ਹਨ।

ਕਰਨ ਜੌਹਰ, ਜ਼ੋਇਆ ਅਖ਼ਤਰ, ਅਨੁਰਾਗ ਕਸ਼ਯਪ ਅਤੇ ਦਿਬਾਕਰ ਬਨਰਜੀ ਨੇ ਕੁਝ ਸਾਲ ਪਹਿਲਾਂ ਚਾਰ ਕਹਾਣੀਆਂ ਵਾਲੀ ਫ਼ਿਲਮ ਬੌਂਬੇ ਟੌਕੀਜ਼ ਬਣਾਈ ਸੀ।

ਵੱਡੇ ਸਟਾਰ ਵੀ ਸ਼ਾਮਲ

ਹੁਣ ਉਹ ਇੱਕ ਵਾਰ ਫਿਰ ਮਿਲ ਕੇ ਲਸਟ ਸਟੋਰੀਜ਼ ਨਾਮੀ ਫ਼ਿਲਮ ਬਣਾ ਰਹੇ ਹਨ। ਪਰ ਇਸ ਵਾਰ ਬਾਲੀਵੁੱਡ ਲਈ ਨਹੀਂ ,ਸਗੋਂ ਨੈੱਟਫਲਿਕਸ ਡਿਜੀਟਲ ਪਲੇਟਫਾਰਮ ਦੇ ਲਈ।

ਕਰਨ ਜੌਹਰ ਨੇ ਡਿਜੀਟਲ ਪਲੇਟਫਾਰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਇੱਕ ਇੰਟਰਵਿਊ ਵਿੱਚ ਕਿਹਾ, "ਮੈਂ ਵੱਡੇ ਪਰਦੇ 'ਤੇ ਬਣਾਈ ਫ਼ਿਲਮ ਦਾ ਭਗਤ ਹਾਂ ਪਰ ਅੱਜ ਦੀ ਸੱਚਾਈ ਡਿਜੀਟਲ ਪਲੇਟਫਾਰਮ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।"

Image copyright NEWS 18.COM
ਫੋਟੋ ਕੈਪਸ਼ਨ ਡਿਜੀਟਲ ਪਲੇਟਫਾਰਮ ਨੌਜਵਾਨ ਵਰਗ ਨੂੰ ਉਨ੍ਹਾਂ ਦੇ ਪਸੰਦੀਦਾ ਪ੍ਰੋਗਰਾਮ ਦੇ ਰਹੇ ਹਨ

ਇਸ ਪਲੇਟਫਾਰਮ ਵੱਲ ਲੋਕਾਂ ਦੇ ਵਧਦੇ ਝੁਕਾਅ ਨੂੰ ਦੇਖਦੇ ਹੋਏ ਮਾਹਿਰ ਕਹਿੰਦੇ ਹਨ ਕਿ ਦਿਨ ਦੂਰ ਨਹੀਂ ਜਦੋਂ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ,ਆਮਿਰ ਖ਼ਾਨ ਅਤੇ ਰਿਤੀਕ ਰੋਸ਼ਨ ਵਰਗੇ ਬਾਲੀਵੁੱਡ ਸਟਾਰ ਨਾਲ ਵੀ ਜਲਦੀ ਹੀ ਜੁੜ ਜਾਣਗੇ।

ਡਿਜੀਟਲ ਪਲੇਟਫਾਰਮ ਦੀ ਕਮਾਈ 'ਤੇ ਇੱਕ ਨਜ਼ਰ:

ਪਿਛਲੇ ਸਾਲ ਮਸ਼ਹੂਰੀਆਂ ਤੋਂ ਇਨ੍ਹਾਂ ਨੇ ਲਗਭਗ 115 ਅਰਬ ਰੁਪਏ ਕਮਾਏ ਅਤੇ ਸਬਸਕ੍ਰਿਪਸ਼ਨ ਤੋਂ ਲਗਭਗ 4 ਅਰਬ ਰੁਪਏ।

ਸਾਲ 2020 ਵਿੱਚ ਇਹ ਕਮਾਈ ਦੁੱਗਣੀ ਹੋਣ ਦੀ ਉਮੀਦ ਹੈ।

ਕਿੰਨਾ ਵੱਡਾ ਹੈ ਬਾਜ਼ਾਰ

ਮੀਡੀਆ ਇੰਡਸਟਰੀ ਦੀ ਰਿਪੋਰਟ ਮੁਤਾਬਕ 2018 ਦੇ ਅਖ਼ੀਰ ਤੱਕ ਭਾਰਤੀ ਮੀਡੀਆ ਦਾ ਵਪਾਰ ਡੇਢ ਖਰਬ ਰੁਪਏ (24 ਅਰਬ ਡਾਲਰ) ਤੋਂ ਵੱਧ ਹੋ ਜਾਵੇਗਾ ਜਿਸ ਵਿੱਚ ਟੀਵੀ 734 ਅਰਬ ਰੁਪਏ ਦੇ ਨਾਲ ਹੁਣ ਵੀ ਸਭ ਤੋਂ ਵੱਡਾ ਪਲੇਅਰ ਹੋਵੇਗਾ ਪਰ ਪੰਜ ਸਾਲ ਪੁਰਾਣਾ ਡਿਜੀਟਲ ਮੀਡੀਆ 151 ਅਰਬ ਰੁਪਏ ਦਾ ਹੋ ਚੁੱਕਿਆ ਹੋਵੇਗਾ।

ਜੇਕਰ ਇਸ ਵਿੱਚ ਐਨੀਮੇਸ਼ਨ ਅਤੇ ਆਨਲਾਈਨ ਗੇਮਿੰਗ ਨੂੰ ਜੋੜ ਦਿੱਤਾ ਜਾਵੇ ਤਾਂ 120 ਅਰਬ ਰੁਪਏ ਦਾ ਇਸ ਵਿੱਚ ਇਜ਼ਾਫਾ ਹੋ ਜਾਵੇਗਾ।

ਸਾਲ 2020 ਦੇ ਪ੍ਰੋਜੈਕਸ਼ਨ 'ਤੇ ਨਜ਼ਰ ਮਾਰੀ ਜਾਵੇ ਤਾਂ ਡਿਜੀਟਲ ਮੀਡੀਆ ਦੀ ਵਿਕਾਸ ਦਰ 25 ਫੀਸਦ ਹੋਵੇਗੀ ਜਦਕਿ ਟੀਵੀ ਲਗਭਗ 10 ਫ਼ੀਸਦ ਦੀ ਦਰ ਨਾਲ ਅੱਗੇ ਵਧੇਗਾ।

ਟੀਵੀ ਟਿਕੇਗਾ ਜਾਂ ਨਹੀਂ?

ਡਿਜੀਟਲ ਪਲੇਟਫਾਰਮ ਨੂੰ ਰਾਤੋਂ-ਰਾਤ ਮਿਲੀ ਸਫਲਤਾ ਦੇਖਦੇ ਹੋਏ ਕੇਬਲ ਅਤੇ ਡੀਟੀਐਚ ਕੰਪਨੀਆਂ ਉਨ੍ਹਾਂ ਨਾਲ ਮਕਾਬਲਾ ਕਰਨ ਦੀ ਤਿਆਰੀ ਕਰ ਰਹੀਆਂ ਹਨ ਜਾਂ ਫਿਰ ਉਨ੍ਹਾਂ ਨਾਲ ਹੱਥ ਮਿਲਾਉਣ ਦਾ ਫ਼ੈਸਲਾ ਕਰ ਚੁੱਕੇ ਹਨ ਜਾਂ ਇਸ 'ਤੇ ਵਿਚਾਰ ਕਰ ਰਹੇ ਹਨ।

ਫੋਟੋ ਕੈਪਸ਼ਨ ਟਾਟਾ ਸਕਾਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਿਰਤ ਨਾਗਪਾਲ

ਸਭ ਤੋਂ ਵੱਡੀ ਡੀਟੀਐਚ ਕੰਪਨੀਆਂ ਵਿੱਚੋਂ ਇੱਕ ਟਾਟਾ ਸਕਾਈ ਦੇ ਸੀਈਓ ਹਿਰਤ ਨਾਗਪਾਲ ਕਹਿੰਦੇ ਹਨ ਕਿ ਭਾਰਤ ਵਰਗੀ ਮੀਡੀਆ ਮਾਰਕਿਟ ਵਿੱਚ ਦੋਵਾਂ ਦਾ ਵਿਕਾਸ ਨਾਮੁਮਕਿਨ ਹੈ, ਜੇਕਰ ਦੋਵੇਂ ਹੱਥ ਮਿਲਾ ਲੈਣ।

ਟਾਟਾ ਸਕਾਈ ਨੇ ਹੱਥ ਮਿਲਾ ਲਿਆ ਹੈ, ਜਿਵੇਂ ਕਿ ਨਾਗਪਾਲ ਨੇ ਕਿਹਾ, "ਜਲਦੀ ਹੀ ਤੁਸੀਂ ਸਾਡੇ ਪਲੇਟਫਾਰਮ 'ਤੇ ਲਾਈਵ ਚੈਨਲਾਂ ਤੋਂ ਇਲਾਵਾ 'ਨੈੱਟਫਲਿਕਸ' ਅਤੇ 'ਹੌਟਸਟਾਰ' ਵਰਗੇ ਕਈ ਹੋਰ ਡਿਜੀਟਲ ਪਲੇਟਫਾਰਮ ਹਾਸਲ ਕਰ ਸਕੋਗੇ। ਤੁਸੀਂ ਉਸ ਨੂੰ ਟੀਵੀ ਸਕ੍ਰੀਨ 'ਤੇ ਦੇਖ ਸਕਦੇ ਹੋ। ਅਸੀਂ ਤੁਹਾਨੂੰ ਨਵੇਂ ਤਰੀਕੇ ਦਾ ਇੱਕ ਸਮਾਰਟ ਸੈਟਅਪ ਬੌਕਸ ਦਵਾਂਗੇ ਜਿਸ ਨਾਲ ਤੁਸੀਂ ਟੀਵੀ ਵੀ ਦੇਖ ਸਕੋਗੇ ਤੇ ਡਿਜੀਟਲ ਪਲੇਟਫਾਰਮ ਵੀ।"

ਦੇਸ ਦੇ 80 ਕਰੋੜ ਲੋਕ ਟੀਵੀ ਦੇਖਦੇ ਹਨ ਜਿਸਦਾ ਮਤਲਬ ਇਹ ਹੋਇਆ ਕਿ 50 ਕਰੋੜ ਆਬਾਦੀ ਕੋਲ ਅਜੇ ਵੀ ਟੀਵੀ ਨਹੀਂ ਹੈ ਯਾਨਿ ਟੀਵੀ ਦੇ ਪ੍ਰਸਾਰ ਦੀ ਅਜੇ ਵੀ ਗੁੰਜਾਇਸ਼ ਹੈ।

ਦੂਜੇ ਪਾਸੇ ਦੇਸ ਵਿੱਚ 50 ਕਰੋੜ ਲੋਕ ਇੰਟਰਨੈੱਟ ਨਾਲ ਜੁੜੇ ਹੋਏ ਹਨ ਅਤੇ 34 ਕਰੋੜ ਲੋਕਾਂ ਕੋਲ ਸਮਾਰਟ ਫ਼ੋਨ ਹੈ। ਯਾਨਿ ਡਿਜੀਟਲ ਪਲੇਟਫਾਰਮ ਦੇ ਵਿਕਾਸ ਦੀ ਭਾਰੀ ਗੁੰਜਾਇਸ਼ ਹੈ।

ਉੱਧਰ ਟੀਵੀ ਬਣਾਉਣ ਵਾਲੀਆਂ ਕੰਪਨੀਆਂ ਨੇ ਸਮਾਰਟ ਟੀਵੀ ਸੈੱਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਇੱਕ ਪੈਨ ਡਰਾਈਵ ਲਗਾ ਕੇ ਤੁਸੀਂ ਇੰਟਰਨੈੱਟ 'ਤੇ ਕਿਸੇ ਵੀ ਡਿਜੀਟਲ ਪਲੇਟਫਾਰਮ ਦੀ ਵੈੱਬਸਾਈਟ 'ਤੇ ਡਿਜੀਟਲ ਵੀਡੀਓ ਵਾਲੇ ਪ੍ਰੋਗਰਾਮ ਦੇਖ ਸਕਦੇ ਹੋ।

ਅਗਲੇ ਪੰਜ ਸਾਲਾਂ ਵਿੱਚ ਕਿਸਦਾ ਵਿਕਾਸ ਵੱਧ ਹੋਵੇਗਾ? 'ਹੌਟਸਟਾਰ' ਦੇ ਅਜਿਤ ਮੋਹਨ ਕਹਿੰਦੇ ਹਨ,"ਅਗਲੇ ਪੰਜ ਸਾਲਾਂ ਵਿੱਚ ਅਸੀਂ ਕਈ ਬਦਲਾਅ ਦੇਖਾਂਗੇ", ਇਸਦਾ ਮਤਲਬ ਇਹ ਕਿ ਟੀਵੀ ਅਤੇ ਡਿਜੀਟਲ ਮੀਡੀਆ ਦੋਵੇਂ ਅੱਗੇ ਵਧਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)