'ਮੇਰੇ ਭਾਈਚਾਰੇ ਨੂੰ ਲੋਕ ਥਾਂ-ਥਾਂ ਘੇਰ ਕੇ ਕੁੱਟਦੇ ਮਾਰਦੇ ਨੇ'

  • ਡਾ਼ ਨਰਾਇਣ ਭੋਸਲੇ
  • ਧੂਲੇ,ਮਹਾਰਾਸ਼ਟਰ ਤੋਂ ਬੀਬੀਸੀ ਲਈ
ਨਰਨਦਾ ਭੋਸਲੇ

ਤਸਵੀਰ ਸਰੋਤ, PRAVIN THAKARE

ਤਸਵੀਰ ਕੈਪਸ਼ਨ,

ਨਰਨਦਾ ਭੋਸਲੇ ਦੇ ਪਰਿਵਾਰ ਦੇ ਜੀਅ ਵੀ ਭੀੜ ਹੱਥੋਂ ਜਾਨ ਗਵਾਉਣ ਵਾਲਿਆਂ ਵਿੱਚ ਸ਼ਾਮਲ ਸਨ।

"ਪਿੰਡ ਕਿਹੜਾ ਹੈ ਤੁਹਾਡਾ? ਨਾਂ ਕੀ ਹੈ? ਤੇਰੇ ਪਰਿਵਾਰ ਵਿੱਚ ਕਿੰਨੀਆਂ ਔਰਤਾਂ ਮਰਦ ਹਨ? ਤੁਸੀਂ ਇੱਥੇ ਕਿਉਂ ਆਏ ਹੋ? ਤੁਸੀਂ ਦਿਨੇਂ ਘਰ ਦੇਖਦੇ ਹੋ ਅਤੇ ਰਾਤ ਨੂੰ ਚੋਰੀਆਂ ਕਰਦੇ ਹੋ। ਇਹ ਗੁੱਟ ਘੜੀ ਕਿੱਥੋਂ ਆਈ? ਫੜ੍ਹੋ ਇਨ੍ਹਾਂ ਨੂੰ ਮਾਰੋ, ਗਲੇ ਵਿੱਚ ਸੋਨੇ ਦਾ ਮੰਗਲ ਸੂਤਰ ਇਹ ਕਿੱਥੋਂ ਚੋਰੀ ਕੀਤਾ?"

ਪਿੰਡ ਦੇ ਕੁਝ ਲੋਕਾਂ ਨੇ ਸਾਨੂੰ ਇਨ੍ਹਾਂ ਸਵਾਲਾਂ ਨਾਲ ਘੇਰ ਲਿਆ।

ਅਸੀਂ ਮੱਧ ਪ੍ਰਦੇਸ਼ ਦੇ ਇੱਕ ਕਸਬੇ ਵਿੱਚ ਸੀ, ਜਦੋਂ ਸਾਨੂੰ ਇਹ ਸਭ ਝੱਲਣਾ ਪਿਆ। ਭੀੜ ਸਾਨੂੰ ਮਾਰਨ ਲੱਗ ਪਈ। ਸਾਡੇ ਨਾਲ ਆਏ ਬੱਚੇ ਅਤੇ ਔਰਤਾਂ ਰੋਣ ਲੱਗ ਪਈਆਂ। ਹੋ- ਹੱਲਾ ਸੁਣ ਕੇ ਕੁਝ ਹੋਰ ਪਿੰਡ ਵਾਲੇ ਮੌਕੇ 'ਤੇ ਇਕੱਠੇ ਹੋ ਗਏ।

ਇਹ ਵੀ ਪੜ੍ਹੋ꞉

ਕੁਝ ਲੋਕਾਂ ਨੇ ਸਾਨੂੰ ਕੁੱਟਣ ਦੀਆਂ ਅਤੇ ਕੁਝ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕੁਝ ਲੋਕ ਸਾਨੂੰ ਪਿੰਡ ਦੇ ਮੁਖੀਆ ਕੋਲ ਲਿਜਾਣ ਦੀ ਗੱਲ ਕਰ ਰਹੇ ਸਨ ਤਾਂ ਕੁਝ ਲੋਕ ਪੁਲਿਸ ਨੂੰ ਫੜਾਉਣ ਬਾਰੇ ਕਹਿ ਰਹੇ ਸਨ। ਅਸੀਂ 15-20 ਲੋਕਾਂ ਦਾ ਸਮੂਹ ਸੀ ਅਤੇ ਸਾਡੇ ਵਿੱਚੋ ਕੁਝ ਨੂੰ ਪਤਾ ਸੀ ਕਿ ਇਹੋ-ਜਿਹੇ ਹਾਲਾਤ ਨਾਲ ਕਿਵੇਂ ਨਿਪਟਣਾ ਹੈ।

ਤਸਵੀਰ ਸਰੋਤ, PRAVIN THAKARE

ਤਸਵੀਰ ਕੈਪਸ਼ਨ,

ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ ਲੋਕ ਅਜਿਹੇ ਹੀ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਘੁੰਮਕੜ ਜ਼ਿੰਦਗੀ ਜਿਊਂਦੇ ਹਨ।

"ਅਸੀਂ ਚੋਰ ਨਹੀਂ ਹਾਂ। ਸਾਨੂੰ ਪੁਲਿਸ ਕੋਲ ਲੈ ਚੱਲੋ। ਸਾਡੇ ਕੋਲ ਸਥਾਨਕ ਪੁਲਿਸ ਵੱਲੋਂ ਦਿੱਤਾ ਸਰਟੀਫਿਕੇਟ ਹੈ ਕਿ ਅਸੀਂ ਚੋਰ ਨਹੀਂ ਹਾਂ। ਅਸੀਂ ਤਾਂ ਰੱਬ ਦੇ ਨਾਂ ਤੇ ਗਜਾ ਕਰਦੇ ਹੋਏ ਘੁੰਮਦੇ ਹਾਂ। ਇਹ ਸਾਡਾ ਪਤਾ ਹੈ, ਅਸੀਂ ਫਲਾਂ-ਫਲਾਂ ਪਿੰਡ ਤੋਂ ਹਾਂ ਅਤੇ ਅੱਗੇ ਇਸ ਪਿੰਡ ਚੱਲੇ ਹਾਂ।" ਇਨ੍ਹਾਂ ਗੱਲਾਂ ਨਾਲ ਅਸੀਂ ਭੀੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਸਾਨੂੰ ਬੁਰੀ ਤਰ੍ਹਾਂ ਕੁੱਟਣ ਮਗਰੋਂ ਉਹ ਸਾਨੂੰ ਪੁਲਿਸ ਕੋਲ ਲੈ ਗਏ। ਪੁਲਿਸ ਨੇ ਸਾਡੇ ਨਾਲ ਪੂਰਾ ਪੁਲਿਸੀਆ ਸਲੂਕ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਸਾਡੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਸਾਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ। ਅਸੀਂ ਉਸ ਕਸਬੇ ਤੋਂ ਬਾਹਰ ਆ ਕੇ ਕਈ ਦਿਨਾਂ ਤੱਕ ਲਗਾਤਾਰ ਤੁਰਦੇ ਰਹੇ। ਕੋਈ ਪਿੰਡ ਸਾਨੂੰ ਠਾਹਰ ਨਹੀਂ ਦੇਵੇਗਾਂ ਉਹ ਸਾਰੇ ਸਾਨੂੰ ਚੋਰ ਸਮਝਦੇ ਹਨ ਨਾ ਕਿ ਇਨਸਾਨ।

ਮੇਰੀ ਉਮਰ ਸਕੂਲ ਜਾਣ ਵਾਲੀ ਉਮਰ ਸੀ ਪਰ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦਾ ਬੱਚਾ ਹੋਣ ਕਰਕੇ ਆਪਣੇ ਮਾਪਿਆਂ ਨਾਲ ਹਮੇਸ਼ਾ ਹੀ ਘੁੰਮਦਾ ਰਹਿੰਦਾ ਸੀ।

ਮੈਨੂੰ ਮੇਰੇ ਪਿਤਾ ਨੇ ਬੋਰਡਿੰਗ ਸਕੂਲ ਵਿੱਚ ਦਾਖਲ ਕਰਾ ਦਿੱਤਾ ਪਰ ਇਸ ਦੇ ਬਾਵਜੂਦ ਪਿਛਲੇ 35-40 ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਦਾ ਕਈ ਵਾਰ ਸਾਹਮਣਾ ਕੀਤਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਬੱਚੇ ਚੋਰੀ ਹੋਣਾ ਕਿਸੇ ਲਈ ਵੀ ਬਹੁਤ ਵੱਡਾ ਡਰ ਹੋ ਸਕਦਾ ਹੈ, ਅਜਿਹਾ ਸੋਚਣ ਨਾਲ ਹੀ ਲੋਕਾਂ ਦੀ ਘਬਰਾਹਟ ਵੱਧ ਜਾਂਦੀ ਹੈ।

ਜਦੋਂ ਮੈਂ ਧੂਲੇ, ਮਹਾਰਾਸ਼ਟਰ ਵਿੱਚ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ 5 ਜੀਆਂ ਦੇ ਭੀੜ ਵੱਲੋਂ ਕਤਲ ਦੀ ਖ਼ਬਰ ਸੁਣੀ ਤਾਂ ਇਹ ਸਾਰੀਆਂ ਘਟਨਾਵਾਂ ਮੇਰੀਆਂ ਅੱਖਾਂ ਸਾਹਮਣੇ ਤਾਜ਼ਾ ਹੋ ਗਈਆਂ।

ਡਰ ਦਾ ਮਾਹੌਲ

ਭੀੜ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਮਹਾਰਾਸ਼ਟਰ ਸਮੇਤ ਪੂਰੇ ਭਾਰਤ ਵਿੱਚ ਹੀ ਵੱਖੋ-ਵੱਖ ਸਾਧਨਾਂ ਰਾਹੀਂ ਫੈਲ ਰਹੀਆਂ ਹਨ। ਧੂਲੇ ਦੇ ਰਾਇਨਪਾੜਾ ਦੀ ਭੀੜ ਵੀ ਅਜਿਹੀਆਂ ਹੀ ਅਫਵਾਹਾਂ ਦੀ ਸ਼ਿਕਾਰ ਸੀ ਜਿਸ ਨੇ ਸ਼ੋਲਾਪੁਰ ਜ਼ਿਲ੍ਹੇ ਦੇ ਮੰਗਲਵੇੜਾ ਨਾਲ ਸੰਬੰਧਿਤ 5 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਬੇਰਹਿਮ ਭੀੜ ਤਰਕ ਦਾ ਪੱਲਾ ਖੋ ਬੈਠੀ ਸੀ। ਭੀੜ ਕਦੇ ਵੀ ਛਾਣਬੀਣ ਕਰਨ ਜਾਂ ਪੁਲਿਸ ਕੋਲ ਜਾਣ ਦੀ ਕਸ਼ਟ ਨਹੀਂ ਚੁੱਕਦੀ। ਭੀੜ ਇੰਨੀਂ ਬੇਰਹਿਮ ਹੋ ਜਾਂਦੀ ਹੈ ਕਿ ਇਹ ਮਨੁੱਖੀ ਸਰੀਰ ਦੀ ਸ਼ਕਲ ਹੀ ਵਿਗਾੜ ਦਿੰਦੀ ਹੈ, ਜੋ ਕਿ ਇੱਕ ਦਹਿਲਾ ਦੇਣ ਵਾਲਾ ਕੰਮ ਹੈ।

ਸ਼ੋਲਾਪੁਰ ਦੇ 12 ਤਾਲੁਕਿਆਂ ਵਿੱਚ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਵੱਸਦੇ ਹਨ। ਭਾਈਚਾਰਾ ਇਸ ਘਟਨਾ ਤੋਂ ਬਾਅਦ ਡਰਿਆ ਹੋਇਆ ਹੈ। ਉਨ੍ਹਾਂ ਦਾ ਇੱਕੋ ਸਵਾਲ ਹੈ 'ਕਿ ਬਚੀਏ ਕਿਵੇਂ?'

ਤਸਵੀਰ ਸਰੋਤ, PRAVIN THAKRE

ਤਸਵੀਰ ਕੈਪਸ਼ਨ,

ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ ਲੋਕ, ਵਿਚਕਾਰ ਨਰਮਦਾ ਭੋਂਸਲੇ ਨੂੰ ਦੇਖਿਆ ਜਾ ਸਕਦਾ ਹੈ।

ਭਾਈਚਾਰਾ ਜੋ ਕਿ ਰਵਾਇਤੀ ਤੌਰ ਤੇ ਦਾਨ ਮੰਗ ਕੇ ਗੁਜ਼ਾਰਾ ਕਰਨ ਵਾਲਾ ਘੁੰਮਕੜ ਭਾਈਚਾਰਾ ਹੈ। ਇਸ ਘਟਨਾ ਤੋਂ ਬਾਅਦ ਹਰ ਕੋਈ ਆਪਣੇ ਰਿਸ਼ਤੇਦਾਰਾਂ ਦੀ ਹਿਫ਼ਾਜ਼ਤ ਲਈ ਫਿਕਰਮੰਦ ਹੈ। ਇਹ ਕੋਈ ਇਸ ਕਿਸਮ ਦੀ ਪਹਿਲੀ ਘਟਨਾ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਵੀ ਔਰੰਗਾਬਾਦ, ਅਹਿਮਦਨਗਰ, ਨਾਂਦੇੜ, ਅਕੋਲਾ ਅਤੇ ਮਹਾਰਾਸ਼ਟਰ ਤੋਂ ਬਾਹਰ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਲੋਕਾਂ ਨੇ ਭਾਈਚਾਰੇ ਨੂੰ ਇਸ ਪ੍ਰਕਾਰ ਨਿਸ਼ਾਨਾ ਬਣਾਇਆ ਜਿਵੇਂ ਉਹ ਚੋਰ, ਡਾਕੂ, ਤਾਂਤਰਿਕ ਜਾਂ ਕਾਲਾ ਜਾਦੂ ਕਰਨ ਵਾਲੇ ਜਾਂ ਬੱਚੇ ਚੁੱਕਣ ਵਾਲੇ ਹੋਣ।

ਰਾਇਨਪਾੜਾ ਦੀ ਘਟਨਾ ਤੋਂ ਬਾਅਦ ਜਿਹੜੇ ਵੀ ਸਮੂਹ ਗਜ਼ਾ ਕਰਨ ਨਿਕਲੇ ਹੋਏ ਸਨ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ।

ਭਾਈਚਾਰੇ ਦੇ ਕਈ ਲੋਕ ਚੋਲੇ ਪਾਉਂਦੇ ਹਨ ਅਤੇ ਮੱਥੇ ਉੱਤੇ ਲਾਲ ਟਿੱਕਾ ਲਾ ਕੇ ਘੁੰਮਦੇ ਰਹਿੰਦੇ ਹਨ। ਉਨ੍ਹਾਂ ਨੂੰ ਪਿੰਡ ਤੋਂ ਬਾਹਰ ਨਾ ਜਾਣ ਲਈ ਕਿਹਾ ਗਿਆ ਹੈ।

ਸ਼ਿਵਾ ਜੀ ਦੇ ਸਮੇਂ ਨਾਲ ਜੁੜਿਆ ਪਿਛੋਕੜ

ਮਹਾਰਾਸ਼ਟਰ ਵਿੱਚ ਇਸ ਭਾਈਚਾਰੇ ਦੇ 5 ਲੱਖ ਤੋਂ ਵੱਧ ਲੋਕ ਵਸਦੇ ਹਨ। ਉਹ ਆਪਣੇ ਪਹਿਰਾਵੇ,ਨਾਵਾਂ ਅਤੇ ਗੋਤਾਂ ਆਦਿ ਕਰਕੇ ਮਰਾਠੀ ਭਾਈਚਾਰੇ ਨਾਲ ਰਲਦੇ-ਮਿਲਦੇ ਹਨ। ਇਨ੍ਹਾਂ ਦਾ ਇਤਿਹਾਸ ਸ਼ਿਵਾਜੀ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ।

ਤਸਵੀਰ ਸਰੋਤ, PRAVIN THAKRE

ਤਸਵੀਰ ਕੈਪਸ਼ਨ,

ਰਾਇਨਪਾੜਾ ਵਿੱਚ ਨਗਰ ਪੰਚਾਇਤ ਦਾ ਉਹ ਕਮਰਾ ਜਿੱਥੇ ਭਾਈਚਾਰੇ ਦੇ ਲੋਕਾਂ ਨੂੰ ਭੀੜ ਨੇ ਮਾਰਿਆ।

ਉਹ ਮੰਦਰਾਂ ਦੀ ਸਫਾਈ ਕਰਦੇ ਅਤੇ ਦੂਸਰੇ ਦਰਜੇ ਦੀਆਂ ਧਾਰਮਿਕ ਗਤੀਵਿਧੀਆਂ ਕਰਦੇ ਪਰ ਉਨ੍ਹਾਂ ਨੇ ਕਦੇ ਵੀ ਇੱਕ ਥਾਂ ਟਿਕ ਕੇ ਕੰਮ ਨਹੀਂ ਕੀਤਾ। ਇਸੇ ਕਰਕੇ ਉਹ ਗਜ਼ਾ ਕਰਕੇ ਹੀ ਗੁਜਾਰਾ ਕਰਦੇ ਆ ਰਹੇ ਹਨ।

ਉਹ ਗਜ਼ਾ ਕਰਨ ਸਮੇਂ ਆਪਣੇ ਨਾਲ ਨੰਦੀ ਬਲਦ ਰਖਦੇ ਹਨ, ਭਵਿੱਖ ਦੱਸਦੇ ਹਨ ਅਤੇ ਅੰਗੂਠੀਆਂ ਦੇ ਨਗ ਵੇਚਦੇ ਹਨ।

ਇਹ ਵੀ ਪੜ੍ਹੋ꞉

ਭਾਈਚਾਰੇ ਨੇ ਮੁਸ਼ਕਿਲਾਂ ਦੇਖੀਆਂ ਹਨ। ਇਨ੍ਹਾਂ ਦਾ ਕੋਈ ਜੱਦੀ ਪਿੰਡ ਨਹੀਂ, ਠਿਕਾਣਾ ਨਹੀਂ ਜ਼ਮੀਨ ਨਹੀਂ ਰਾਸ਼ਨ ਕਾਰਡ ਨਹੀਂ ਹਨ ਵੋਟਰ ਕਾਰਡ ਨਹੀਂ ਹਨ। ਇਨ੍ਹਾਂ ਕੋਲ ਨਾ ਹੀ ਸਿਖਿਆ ਹੈ ਅਤੇ ਨਾ ਹੀ ਸਰਕਾਰੀ ਨੌਕਰੀਆਂ ਹਨ।

ਪਿਛਲੇ 30-40 ਸਾਲਾਂ ਦੌਰਾਨ ਇਨ੍ਹਾਂ ਲੋਕਾਂ ਨੇ ਨੌਕਰੀਆਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਬਾੜੀਏ ਦਾ ਕੰਮ ਕਰਦੇ ਹਨ, ਮੱਝਾਂ ਪਾਲਦੇ ਹਨ ਅਤੇ ਗੈਸੀ ਚੁੱਲ੍ਹਿਆਂ ਦੀ ਆਦਿ ਦੀ ਮੁਰੰਮਤ ਕਰਦੇ ਹਨ।

ਸਾਖਰਤਾ ਦਰ 0.05 ਫੀਸਦੀ ਤੋਂ ਵੀ ਘੱਟ ਹੈ। ਮੈਂ ਇਸੇ ਭਾਈਚਾਰੇ ਵਿੱਚੋਂ ਪੀਐਚਡੀ ਕਰਨ ਵਾਲਾ ਪਹਿਲਾ ਵਿਅਕਤੀ ਹਾਂ। ਤੁਸੀਂ ਮੇਰੀ ਮਿਸਾਲ ਤੋਂ ਹਾਲਾਤ ਦਾ ਅੰਦਾਜ਼ਾ ਲਾ ਸਕਦੇ ਹੋ।

ਤਸਵੀਰ ਸਰੋਤ, PRAVIN THAKRE

ਤਸਵੀਰ ਕੈਪਸ਼ਨ,

ਰਾਇਨਪਾੜਾ ਪਿੰਡ ਵਿੱਚ ਘਟਨਾ ਮਗਰੋਂ ਸੁੰਨ ਛਾਈ ਹੋਈ ਹੈ।

ਸਾਡੇ ਭਾਈਚਾਰੇ ਵਿੱਚੋਂ ਮੁਸ਼ਕਿਲ ਨਾਲ 700-800 ਲੋਕ ਹੀ ਸਰਕਾਰੀ ਨੌਕਰੀ ਵਿੱਚ ਹਨ। ਔਰਤਾਂ ਦੀ ਸਾਖਰਤਾ ਦਰ ਇਸ ਤੋਂ ਵੀ ਮਾੜੀ ਹੈ। ਭਾਈਚਾਰੇ ਲਈ ਗਜਾ ਕਰਨ ਤੋਂ ਇਲਾਵਾ ਗੁਜਾਰਾ ਕਰਨ ਦੇ ਹੋਰ ਵੀ ਸਾਧਨ ਭਾਲਣੇ ਪੈਣਗੇ। ਸਮਾਜ ਗਜਾ ਕਰਨ ਵਾਲਿਆਂ ਨੂੰ ਚੋਰ ਅਤੇ ਠੱਗ ਸਮਝਣ ਲੱਗ ਪਿਆ ਹੈ।

ਗਜਾ ਕਰਨੀ ਛੱਡ ਦਿਓ

ਮੈਂ ਆਪਣੇ ਗਜਾ ਕਰਨ ਵਾਲੇ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਇਹ ਕੰਮ ਛੱਡ ਦਿਓ। ਇਹ ਸਮਾਂ ਆਤਮ ਨਿਰਭਰ ਹੋਣ ਦਾ ਹੈ। ਕੋਈ ਨਹੀਂ ਜਾਣਦਾ ਕਦੋਂ, ਤੁਹਾਡੇ 'ਤੇ ਹਮਲਾ ਕਰ ਦਿੱਤਾ ਜਾਵੇ। ਗਜਾ ਉੱਪਰ ਨਿਰਭਰ ਰਹਿ ਕੇ ਕੋਈ ਭਲਾ ਨਹੀਂ ਹੋਣ ਵਾਲਾ ਸਗੋਂ ਤੁਹਾਡਾ ਆਪਣਾ ਨੁਕਸਾਨ ਹੀ ਹੋਵੇਗਾ।

ਜ਼ਿੰਦਗੀ ਵਿੱਚ ਸਖ਼ਤ ਫੈਸਲਾ ਲੈਣ ਦਾ ਸਮਾਂ ਹੈ। ਜਦੋਂ ਤੱਕ ਅਸੀਂ ਜਾਤੀ ਵੰਡ ਦੀਆਂ ਦਿੱਤੀਆਂ ਭੂਮਿਕਾਵਾਂ ਨਿਭਾਉਣਾ ਨਹੀਂ ਛਡਦੇ, ਇਸ ਜਾਲ ਵਿੱਚੋਂ ਨਹੀਂ ਨਿਕਲ ਸਕਦੇ।

ਡਾ਼ ਅੰਬੇਦਕਰ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਮਰੇ ਹੋਏ ਡੰਗਰ ਢੋਣ ਅਤੇ ਖਾਣ ਤੋਂ ਰੋਕਿਆ ਸੀ। ਭਾਈਚਾਰੇ ਨੂੰ ਸ਼ੁਰੂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਵਿੱਚ ਭਾਈਚਾਰਾ ਇਸ ਕੰਮ ਨਾਲ ਜੁੜਿਆ ਕਲੰਕ ਲਾਹੁਣ ਵਿੱਚ ਸਫਲ ਹੋ ਗਿਆ। ਇਹੀ ਕੰਮ ਹੁਣ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਨੂੰ ਕਰਨ ਦੀ ਜ਼ਰੂਰਤ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭੀੜ ਸੱਭਿਆ ਸਮਾਜ ਲਈ ਸੋਚਣ ਸਮਝਣ ਦੀ ਸਮਰੱਥਾ ਅਤੇ ਗੱਲਬਾਤ ਨਾਲ ਮੁੱਦੇ ਸੁਲਝਾਉਣ ਦਾ ਰਸਤਾ ਖ਼ਤਮ ਕਰ ਦਿੰਦੀ ਹੈ।

ਉਨ੍ਹਾਂ ਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ। ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇਸ ਭਾਈਚਾਰੇ ਨੂੰ ਗਜਾ ਕਰਨ ਤੋਂ ਰੋਕੇ। ਉਨ੍ਹਾਂ ਨੂੰ ਨੌਕਰੀਆਂ ਦੇਵੇ ਅਤੇ ਉਨ੍ਹਾਂ ਨੂੰ ਕੌਸ਼ਲ ਸਿਖਾਵੇ। ਵਸੰਤਰਾਓ ਨਾਇਕ ਆਰਥਿਕ ਵਿਕਾਸ ਕਾਰਪੋਰੇਸ਼ ਰਾਹੀਂ ਮਿਲਣ ਵਾਲੀ ਸਹਾਇਤਾ ਵਧਾਵੇ।

ਸਰਕਾਰ ਇਸ ਭਾਈਚਾਰੇ ਦੀ ਜਾਤੀ ਸਰਟੀਫਿਕੇਟ, ਰਾਸ਼ਨ ਕਾਰਡ ਅਧਾਰ ਕਾਰਡ ਆਦਿ ਹਾਸਲ ਕਰਨ ਵਿੱਚ ਮਦਦ ਕਰੇ। ਉਨ੍ਹਾਂ ਲਈ ਰਿਹਾਇਸ਼ੀ ਸਕੂਲ ਖੋਲ੍ਹੇ ਜਾਣ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਚੰਗੀ ਖੁਰਾਕ ਦਿੱਤੀ ਜਾਵੇ। ਜੇ ਅਸੀਂ ਅਜਿਹਾ ਕਰਨ ਵਿੱਚ ਸਫ਼ਲ ਹੋ ਗਏ ਤਾਂ ਰਾਇਨਪਾੜਾ ਵਰਗੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਵਿੱਚ ਵੀ ਸਫ਼ਲ ਹੋ ਜਾਵਾਂਗਾ।

(ਪਿਛਲੇ ਮਹੀਨੇ ਮਹਾਰਾਸ਼ਟਰ ਦੇ ਧੂਲੇ ਵਿੱਚ ਭੀੜ ਵੱਲੋਂ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ ਪੰਜ ਵਿਅਕਤੀਆਂ ਨੂੰ ਵਟਸਐਪ ਉੱਪਰ ਬੱਚੇ ਚੁੱਕੇ ਜਾਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਕਤਲ ਕਰ ਦਿੱਤਾ ਗਿਆ ਸੀ। ਇਹ ਲੇਖ ਉਸੇ ਨਾਥਪੰਥੀ ਦਾਵਰੀ ਗੋਸਵਾਮੀ ਭਾਈਚਾਰੇ ਦੇ ਇਤਿਹਾਸ ਅਤੇ ਵਰਤਮਾਨ ਬਾਰੇ, ਉਸੇ ਭਾਈਚਾਰੇ ਨਾਲ ਸੰਬੰਧਤ ਪਹਿਲੇ ਪੀਐਚਡੀ ਪ੍ਰੋਫੈਸਰ ਵੱਲੋਂ ਬੀਬੀਸੀ ਲਈ ਲਿਖਿਆ ਗਿਆ ਹੈ।ਇਸ ਲੇਖ ਵਿਚਲੇ ਵਿਚਾਰ ਉਨ੍ਹਾਂ ਦੇ ਨਿੱਜੀ ਹਨ।)

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)