‘9 ਮਹੀਨੇ ਪ੍ਰਿੰਸੀਪਲ, ਅਧਿਆਪਕ ਤੇ ਵਿਦਿਆਰਥੀ ਕਰਦੇ ਰਹੇ ਮੇਰਾ ਰੇਪ’: ਸਾਰਣ ਗੈਂਗ ਰੇਪ ਦੀ ਗ੍ਰਾਊਂਡ ਰਿਪੋਰਟ

SEETU TIWARI/BBC Image copyright SEETU TIWATI/BBC

"ਮੇਰੇ ਨਾਲ ਸਕੂਲ ਵਿੱਚ ਰੇਪ ਹੋਇਆ...ਸਕੂਲ ਦੇ ਲੜਕੇ, ਟੀਚਰ ਅਤੇ ਪ੍ਰਿੰਸੀਪਲ ਸਾਰੇ ਰੇਪ ਕਰਦੇ ਸਨ ਅਤੇ ਮੈਂ ਘਰ ਆ ਕੇ ਬੇਸੁੱਧ ਪੈ ਜਾਂਦੀ ਸੀ... "

ਪੰਦਰਾਂ ਸਾਲ ਦੀ ਗੂੜ੍ਹੇ ਸਾਂਵਲੇ ਰੰਗ ਦੀ ਦੁਬਲੀ-ਪਤਲੀ ਅੰਕਿਤਾ (ਬਦਲਿਆ ਹੋਇਆ ਨਾਮ) ਦੀਆਂ ਇਹ ਗੱਲਾਂ ਕਿਸੇ ਨੂੰ ਵੀ ਹਲੂਣ ਕੇ ਰੱਖ ਦੇਣ।

ਇਹ ਮਾਮਲਾ ਬਿਹਾਰ ਦੇ ਸਾਰਣ (ਛਪਰਾ) ਜ਼ਿਲ੍ਹੇ ਦੇ ਏਕਮਾ ਥਾਣੇ ਅਧੀਨ ਪੈਂਦੇ ਇਲਾਕੇ ਦਾ ਹੈ।

ਅੰਕਿਤਾ ਇੱਥੋਂ ਦੇ ਹੀ ਇੱਕ ਨਿੱਜੀ ਸਕੂਲ ਵਿੱਚ ਦਸਵੀਂ ਦੀ ਵਿਦਿਆਰਥਣ ਹੈ। ਉਸ ਦਾ ਕਹਿਣਾ ਹੈ ਕਿ ਬੀਤੇ ਨੌਂ ਮਹੀਨਿਆਂ ਤੋਂ ਉਸ ਨਾਲ ਬਲਾਤਕਾਰ ਹੋ ਰਿਹਾ ਸੀ।

ਇਹ ਵੀ ਪੜ੍ਹੋ꞉

ਅੰਕਿਤਾ ਨੇ ਦੱਸਿਆ, "ਇਨ੍ਹਾਂ ਨੌਂ ਮਹੀਨਿਆਂ ਵਿੱਚ ਸਿਰਫ ਇੱਕ ਮਹੀਨੇ ਜਦੋਂ ਸਕੂਲ ਛੁੱਟੀਆਂ ਲਈ ਬੰਦ ਸੀ ਤਾਂ ਮੇਰੇ ਨਾਲ ਰੇਪ ਨਹੀਂ ਕੀਤਾ ਗਿਆ....।"

ਇਸ ਮਾਮਲੇ ਵਿੱਚ ਰਿਪੋਰਟ ਲਿਖੇ ਜਾਣ ਤੱਕ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਅਧਿਆਪਕ ਵੀ ਸ਼ਾਮਲ ਹਨ।

ਸਾਰਣ ਦੇ ਐਸਪੀ ਹਰਿਕਿਸ਼ੋਰ ਰਾਏ ਨੇ ਦੱਸਿਆ, "ਪੀੜਤ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਸਾਨੂੰ ਰਿਪੋਰਟ ਦਾ ਇੰਤਜ਼ਾਰ ਹੈ। ਅਸੀਂ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।"


ਪੀੜਤਾ ਦੀ ਖਾਮੋਸ਼ੀ ਬਾਰੇ ਸਵਾਲ

ਹਾਲਾਂਕਿ ਇਸ ਮਾਮਲੇ ਵਿੱਚ ਇੱਕ ਵੀਡੀਓ (ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਦਾ ਵੀਡੀਓ) ਵਾਇਰਲ ਹੋਣ ਦੀ ਗੱਲ ਵਾਰ-ਵਾਰ ਕੀਤੀ ਜਾ ਰਹੀ ਹੈ ਜਦਕਿ ਅੰਕਿਤਾ ਨੇ ਕੋਈ ਵੀ ਵੀਡੀਓ ਬਣਾਏ ਜਾਣ ਦੀ ਗੱਲ ਤੋਂ ਇਨਕਾਰ ਕੀਤਾ ਹੈ।

ਇਸ ਤੋਂ ਇਲਾਵਾ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਪੀੜਤ ਆਖਰ ਨੌਂ ਮਹੀਨੇ ਚੁੱਪ ਕਿਉਂ ਰਹੀ?

ਅਸੀਂ ਇਹੀ ਸਵਾਲ ਅੰਕਿਤਾ ਦੇ ਪਿਤਾ ਨੂੰ ਪੁੱਛਿਆ, ਤਾਂ ਉਨ੍ਹਾਂ ਦੱਸਿਆ, "ਅੰਕਿਤਾ ਦੀ ਮਾਂ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਲੰਘੇ ਦੋ ਸਾਲਾਂ ਤੋਂ ਮੈਂ ਪਰਸਾ ਬਾਜ਼ਾਰ ਬੰਬ ਕਾਂਡ ਵਿੱਚ ਜੇਲ੍ਹ ਕੱਟ ਰਿਹਾ ਸੀ। ਕੁਝ ਦਿਨ ਪਹਿਲਾਂ ਜਦੋਂ ਮੈਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਤਾਂ ਇਹ ਗੱਲ ਮੇਰੇ ਸਾਹਮਣੇ ਆਈ।"

Image copyright SEETU TIWARI/BBC
ਫੋਟੋ ਕੈਪਸ਼ਨ ਅੰਕਿਤਾ ਇਸੇ ਨਿੱਜੀ ਸਕੂਲ ਵਿੱਚ ਦਸਵੀਂ ਦੀ ਵਿਦਿਆਰਥਣ ਹੈ।

ਕਥਿਤ ਤੌਰ ਤੇ ਨੌਂ ਮਹੀਨਿਆਂ ਤੋਂ ਚੱਲ ਰਿਹਾ ਇਹ ਮਾਮਲਾ ਲੰਘੀ 5 ਜੁਲਾਈ ਨੂੰ ਰੋਸ਼ਨੀ ਵਿੱਚ ਆਇਆ।

ਉਸ ਦਿਨ ਅੰਕਿਤਾ ਖਾਣੇ ਦੀ ਛੁੱਟੀ ਦੇ ਸਮੇਂ ਸਕੂਲੋਂ ਘਰ ਆਈ ਸੀ।

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਅੰਕਿਤਾ ਦੇ ਚਾਚਾ ਦੱਸਦੇ ਹਨ, "ਉਸਦੇ ਕੱਪੜਿਆਂ ਨੂੰ ਖ਼ੂਨ ਲੱਗਿਆ ਹੋਇਆ ਸੀ। ਉਸਦੀ ਮਾਂ ਨੇ ਜਦੋਂ ਗੱਲ ਅੰਕਿਤਾ ਦੇ ਪਿਤਾ ਨੂੰ ਦੱਸੀ ਤਾਂ ਉਨ੍ਹਾਂ ਨੇ ਅੰਕਿਤਾ ਨੂੰ ਪੁੱਛਿਆ ਜਿਸ ਮਗਰੋਂ ਸਾਨੂੰ ਮਾਮਲੇ ਦਾ ਪਤਾ ਲੱਗਿਆ ਅਤੇ ਅਸੀਂ ਪੁਲਿਸ ਵਿੱਚ ਸ਼ਿਕਾਇਤ ਕੀਤੀ।"

ਇਹ ਵੀ ਪੜ੍ਹੋ꞉

ਇਸ ਕੇਸ ਵਿੱਚ 15 ਵਿਦਿਆਰਥੀਆਂ, ਪ੍ਰਿੰਸੀਪਲ ਅਤੇ ਦੋ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਸੂਬੇ ਦੇ ਮਹਿਲਾ ਕਮਿਸ਼ਨ ਨੇ ਵੀ ਇਸ ਦਾ ਨੋਟਿਸ ਲਿਆ ਹੈ।

Image copyright SEETU TIWARI/BBC
ਫੋਟੋ ਕੈਪਸ਼ਨ ਅੰਕਿਤਾ ਦੇ ਪਿਤਾ ਜੇਲ੍ਹ ਕੱਟ ਕੇ ਮੁੜੇ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ। (ਅੰਕਿਤਾ ਆਪਣੇ ਪਿਤਾ ਨਾਲ)

ਕਮਿਸ਼ਨ ਦੀ ਮੈਂਬਰ ਊਸ਼ਾ ਵਿਦਿਆਰਥੀ ਨੇ ਦੱਸਿਆ, "ਅਸੀਂ ਇਸ ਮਾਮਲੇ ਵਿੱਚ ਰਿਪੋਰਟ ਮੰਗੀ ਹੈ ਅਤੇ ਜੇ ਮਾਮਲੇ ਵਿੱਚ ਸਚਾਈ ਮਿਲੀ ਤਾਂ ਕਮਿਸ਼ਨ ਦੀ ਪਹਿਲ ਇਹੀ ਹੋਵੇਗੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ।"

ਜਿੱਥੇ ਅੰਕਿਤਾ ਦੇ ਘਰ ਮੀਡੀਆ ਵਾਲਿਆਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ ਉੱਥੇ ਪ੍ਰਿੰਸੀਪਲ ਦੇ ਘਰ ਸ਼ੁਭਚਿੰਤਕਾਂ ਦੀ ਭੀੜ ਲੱਗੀ ਹੋਈ ਹੈ।

ਪ੍ਰਿੰਸੀਪਲ ਦਾ ਪਰਿਵਾਰ

ਸਥਾਨਕ ਲੋਕ ਦੱਸਦੇ ਹਨ ਕਿ ਪਰਸਗੜ੍ਹ ਨਾਮ ਦੀ ਇਮਾਰਤ ਪ੍ਰਿੰਸੀਪਲ ਦੀ ਹੀ ਮਲਕੀਅਤ ਹੈ ਅਤੇ ਉਹ ਇੱਥੋਂ ਦੇ ਰਸੂਖ਼ਦਾਰ ਜਿੰਮੀਂਦਾਰ ਹਨ।

ਇਹ ਵੀ ਪੜ੍ਹੋ꞉

ਅਠਾਰਾਂ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਤੋਂ ਕੁਝ ਦੂਰੀ 'ਤੇ ਇਹ ਨਿੱਜੀ ਸਕੂਲ ਖੋਲ੍ਹਿਆ ਸੀ।

ਪ੍ਰਿੰਸੀਪਲ ਦੇ ਨਾਲ-ਨਾਲ ਪੁਲਿਸ ਨੇ ਉਨ੍ਹਾਂ ਦੇ ਦੋ ਨਾਬਾਲਗ ਪੁੱਤਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋਵਾਂ 'ਤੇ ਹੀ ਨਾਬਾਲਗ ਨਾਲ ਧੱਕਾ ਕਰਨ ਦਾ ਇਲਜ਼ਾਮ ਹੈ।

Image copyright SEETU TIWARI/BBC
ਫੋਟੋ ਕੈਪਸ਼ਨ ਪ੍ਰਿੰਸੀਪਲ ਦਾ ਪਰਿਵਾਰ- ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਲਈ ਸੁਰੱਖਿਆ ਚਾਹੀਦੀ ਹੈ।

ਚਾਰ ਬੱਚਿਆਂ ਦੇ ਬਾਪ ਅਤੇ ਮੁਲਜ਼ਮ ਦੀ ਵੱਡੀ ਬੇਟੀ ਨੇ ਦੱਸਿਆ, "ਸਕੂਲ ਵਿੱਚ 450 ਬੱਚੇ ਪੜ੍ਹਦੇ ਹਨ, ਆਸ-ਪਾਸ ਦੇ ਇਲਾਕੇ ਦੇ ਵੀ ਬੱਚੇ ਇੱਥੇ ਪੜ੍ਹਦੇ ਹਨ। ਸਕੂਲ ਦਾ ਅਕਸ ਖ਼ਰਾਬ ਕਰਨ ਲਈ ਹੀ ਇਹ ਸਭ ਕੀਤਾ ਜਾ ਰਿਹਾ ਹੈ। ਵਰਨਾ 18 ਸਾਲਾਂ ਵਿੱਚ ਤਾਂ ਅੱਜ ਤੱਕ ਕੋਈ ਗੱਲ ਨਹੀਂ ਹੋਈ ਸੀ।"

ਇਹ ਵੀ ਪੜ੍ਹੋ꞉

ਉਧਰ ਪ੍ਰਿੰਸੀਪਲ ਦੀ ਪਤਨੀ ਨੂੰ ਸਕੂਲ ਅਤੇ ਧੀਆਂ ਦੀ ਹਿਫ਼ਾਜ਼ਤ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ। ਉਹ ਕਹਿੰਦੇ ਹਨ, " ਵਾਰ-ਵਾਰ ਸਕੂਲ ਜਲਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਮੈਨੂੰ ਅਤੇ ਮੇਰੀਆਂ ਧੀਆਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।"

ਪੀੜਤਾ ਦੇ ਜਾਣਕਾਰਾਂ ਦੀ ਰਾਇ

ਇਸ ਮਾਮਲੇ ਵਿੱਚ ਅਸੀਂ ਅੰਕਿਤਾ ਦੇ ਜਮਾਤੀਆਂ ਨਾਲ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।

ਇਨ੍ਹਾਂ ਵਿਦਿਆਰਥੀਆਂ ਮੁਤਾਬਕ ਉਨ੍ਹਾਂ ਨੂੰ ਕਦੇ ਸਕੂਲ ਦੇ ਕਿਸੇ ਅਧਿਆਪਕ ਜਾਂ ਪ੍ਰਿੰਸੀਪਲ ਦਾ ਰਵੱਈਆ ਇਤਰਾਜ਼ਯੋਗ ਨਹੀਂ ਲੱਗਿਆ।

Image copyright SEETU TIWARI/BBC

ਇਸ ਤੋਂ ਇਲਾਵਾ, ਅੰਕਿਤਾ ਦੇ ਨਾਲ ਖੇਡਣ ਅਤੇ ਪੜ੍ਹਨ ਵਾਲੀਆਂ ਲੜਕੀਆਂ ਕਹਿੰਦੀਆਂ ਹਨ ਕੁਝ ਮਹੀਨਿਆਂ ਤੋਂ ਉਸ ਦੇ ਰਵੱਈਏ ਵਿੱਚ ਬਦਲਾਅ ਆਇਆ ਸੀ ਅਤੇ ਉਸਨੇ ਦੂਜੀਆਂ ਲੜਕੀਆਂ ਨਾਲ ਖੇਡਣਾ ਬੰਦ ਕਰ ਦਿੱਤਾ ਸੀ।

ਅੰਕਿਤਾ ਦੇ ਪਿਤਾ ਨੂੰ ਇਨਸਾਫ਼ ਦੀ ਉਮੀਦ ਹੈ।

ਉਹ ਕਹਿੰਦੇ ਹਨ, "ਜੋ ਮੇਰੀ ਧੀ ਨਾਲ ਹੋਇਆ, ਉਹ ਕਿਸੇ ਹੋਰ ਦੀ ਧੀ-ਭੈਣ ਜਾਂ ਬੇਟੀ ਨਾਲ ਨਾ ਹੋਵੇ, ਇਸ ਲਈ ਅਸੀਂ ਇਨਸਾਫ਼ ਦੀ ਮੰਗ ਰਹੇ ਹਾਂ।"

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)