ਕੇਰਲ ਸਰੀਰਕ ਸ਼ੋਸ਼ਣ ਮਾਮਲਾ: 'ਸਰੀਰਕ ਸ਼ੋਸ਼ਣ ਦੇ ਡਰੋਂ ਚਰਚ 'ਚ ਕਨਫੈਸ਼ਨ ਤੋਂ ਪਹਿਲਾਂ ਲੋਕ ਦੋ ਵਾਰ ਸੋਚਣਗੇ'

ਔਰਤਾਂ ਦਾ ਸਰੀਰਕ ਸ਼ੋਸ਼ਣ Image copyright Getty Images
ਫੋਟੋ ਕੈਪਸ਼ਨ ਮਹਿਲਾਂ ਵੱਲੋਂ ਪਾਦਰੀਆਂ 'ਤੇ ਲਾਏ ਗਏ ਇਲਜ਼ਾਮਾਂ ਨੇ ਚਰਚ ਵਿੱਚ ਕਨਫੈਸ਼ਨ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ

ਕੇਰਲ ਦੀ ਇੱਕ ਚਰਚ ਦੇ ਚਾਰ ਪਾਦਰੀਆਂ 'ਤੇ ਇੱਕ ਵਿਆਹੁਤਾ ਨੇ ਕਈ ਸਾਲਾਂ ਤੱਕ ਕਥਿਤ ਸਰੀਰਕ ਸ਼ੋਸ਼ਣ ਅਤੇ ਬਲੈਕਮੇਲ ਕਰਨ ਦਾ ਇਲਜ਼ਾਮ ਲਾਇਆ ਹੈ।

ਇਸ ਘਟਨਾ ਨੇ ਭਾਰਤੀ ਚਰਚ ਵਿੱਚ ਕਨਫੈਸ਼ਨ (ਆਪਣੀਆਂ ਗ਼ਲਤੀਆਂ ਨੂੰ ਕਬੂਲ ਕਰਨਾ) ਦੀ ਪਵਿੱਤਰਤਾ ਦੀ ਗ਼ਲਤ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਕਨਫੈਸ਼ਨ ਈਸਾਈ ਧਰਮ ਵਿੱਚ ਇੱਕ ਪਵਿੱਤਰ ਸੰਸਕਾਰ ਹੈ। ਇੱਕ ਪਾਦਰੀ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਨਾ ਭਗਵਾਨ ਸਾਹਮਣੇ ਆਪਣੀਆਂ ਨਿੱਜੀ ਗੱਲਾਂ ਦੱਸਣ ਵਾਂਗ ਹੈ।

ਇਹ ਵੀ ਪੜ੍ਹੋ:

ਹੁਣ ਤੱਕ ਚਰਚ ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲਿਆਂ ਨੇ ਗ਼ਲਤੀ ਕਬੂਲ ਕਰਨ ਦੇ ਰੂਪ ਵਿੱਚ ਸਿਰਫ਼ ਕਥਿਤ ਦੁਰਵਰਤੋਂ ਦੀ ਗੱਲ ਸੁਣੀ ਸੀ ਪਰ ਕੇਰਲ ਦੇ ਇਸ ਮਾਮਲੇ ਨੇ ਗਿਰਜਾਘਰਾਂ ਵਿਚਾਲੇ ਪੂਰੀ ਬਹਿਸ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਹੈ।

'ਕਈ ਸਾਲ ਹੁੰਦਾ ਰਿਹਾ ਸਰੀਰਕ ਸ਼ੋਸ਼ਣ'

ਕੇਰਲ ਮਾਮਲੇ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਇੱਕ ਮਹਿਲਾ ਨੇ ਪਾਦਰੀ ਸਾਹਮਣੇ ਕਨਫੈਸ਼ਨ ਦੌਰਾਨ ਕਿਹਾ ਕਿ 16 ਸਾਲ ਦੀ ਉਮਰ ਤੋਂ ਲੈ ਕੇ ਵਿਆਹ ਹੋਣ ਤੱਕ ਇੱਕ ਪਾਦਰੀ ਉਸਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੀਬੀਸੀ ਹਿੰਦੀ ਨੂੰ ਉਸਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ, "ਉਸ ਨੇ ਇਹ ਕਨਫੈਸ਼ਨ ਵਿਆਹ ਤੋਂ ਬਾਅਦ ਚਰਚ ਵਿੱਚ ਕੀਤਾ।ਪਾਦਰੀ ਉਸ ਨੂੰ ਸੈਕਸ ਲਈ ਬਲੈਕਮੇਲ ਕਰਦਾ ਰਿਹਾ।"

Image copyright Getty Images
ਫੋਟੋ ਕੈਪਸ਼ਨ ਮਹਿਲਾ ਨੇ ਪਾਦਰੀਆਂ 'ਤੇ ਕਈ ਸਾਲਾਂ ਤੱਕ ਉਸਦਾ ਸਰੀਰ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ

ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਜਦੋਂ ਉਸ ਮਹਿਲਾ ਨੇ ਇੱਕ ਹੋਰ ਪਾਦਰੀ ਨੂੰ ਇਹ ਸਭ ਦੱਸਿਆ ਤਾਂ ਉਸ ਵੱਲੋਂ ਵੀ ਉਸਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਉਸ ਪਾਦਰੀ ਨੇ ਉਸਦੇ ਨਾਲ ਕਾਲਜ ਵਿੱਚ ਪੜ੍ਹਾਈ ਕੀਤੀ ਸੀ। ਪੂਰੀ ਤਰ੍ਹਾਂ ਨਿਰਾਸ਼ ਇਹ ਮਹਿਲਾ ਜਦੋਂ ਪਾਦਰੀ-ਕਾਊਂਸਲਰ ਕੋਲ ਪੁੱਜੀ, ਜਿਹੜਾ ਦਿੱਲੀ ਤੋਂ ਕੋਚੀ ਆਇਆ ਸੀ ਤਾਂ ਉੱਥੇ ਵੀ ਉਸ ਨਾਲ ਮਾੜਾ ਵਤੀਰਾ ਹੋਇਆ।"

ਕਿਵੇਂ ਮਾਮਲਾ ਸਾਹਮਣੇ ਆਇਆ?

ਇਹ ਮਾਮਲਾ ਕੁਝ ਮਹੀਨੇ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਉਸਦੇ ਪਤੀ ਨੂੰ ਮਹਿਲਾ ਦੀ ਈਮੇਲ ਵਿੱਚ ਇੱਕ ਪੰਜ ਤਾਰਾ ਹੋਟਲ ਦਾ ਬਿੱਲ ਮਿਲਿਆ। ਅਧਿਕਾਰੀ ਨੇ ਕਿਹਾ, "ਉਹ ਸੋਨੇ ਦੇ ਗਹਿਣੇ ਵੇਚ ਕੇ ਹੋਟਲ ਦੇ ਬਿੱਲ ਅਦਾ ਕਰ ਰਹੀ ਸੀ।"

ਹੁਣ ਤੱਕ ਪੁਲਿਸ ਮਹਿਲਾ ਦੇ ਬਿਆਨ ਦੇ ਆਧਾਰ 'ਤੇ ਇਸ ਨੂੰ ਰੇਪ ਦਾ ਮਾਮਲਾ ਸਮਝ ਕੇ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਕਿਹਾ, "ਬਲੈਕਮੇਲ ਜ਼ਰੀਏ ਸੈਕਸ ਲਈ ਮਿਲੀ ਸਹਿਮਤੀ ਰੇਪ ਹੈ। ਉਸ ਨੂੰ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਦੇਣ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।"

ਮਹਿਲਾ ਦੇ ਪਤੀ ਨੇ ਮਲੰਕਾਰਾ ਆਰਥੋਡਕਸ ਸੀਰੀਆਈ ਚਰਚ ਵਿੱਚ ਵੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।

Image copyright Getty Images
ਫੋਟੋ ਕੈਪਸ਼ਨ ਇਸ ਮੁੱਦੇ ਨੇ ਧਰਮ ਸ਼ਾਸਤਰੀਆਂ ਅਤੇ ਸਮਾਜਿਕ ਕਾਰਕੁਨਾਂ ਵਿਚਾਲੇ ਬਹਿਸ ਛਿੜ ਦਿੱਤੀ ਹੈ

ਸਿਸਟਰ ਅਭਿਆ ਕਤਲ ਮਾਮਲੇ ਨਾਲ ਜੁੜੇ ਮਨੁੱਖੀ ਅਧਿਕਾਰ ਕਾਰਕੁਨ ਜੋਮੋਨ ਪੁਥੇਨਪੁਰਾਕਲ ਨੇ ਕਿਹਾ, "ਇਹ ਘਟਨਾ ਫਰਵਰੀ ਵਿੱਚ ਵਾਪਰੀ ਸੀ ਅਤੇ ਚਾਰ ਮਹੀਨੇ ਤੱਕ ਕੋਈ ਜਾਂਚ ਨਹੀਂ ਹੋਈ, ਭਾਵੇਂ ਹੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ। ਚਰਚ ਦੀ ਜਾਂਚ ਸਮਿਤੀ ਨੇ ਅਜੇ ਤੱਕ ਪਤੀ ਜਾਂ ਪਤਨੀ ਦੇ ਬਿਆਨ ਵੀ ਦਰਜ ਨਹੀਂ ਕੀਤੇ।"

ਪਰ ਗ਼ੈਰ-ਕੈਥੋਲਿਕ ਅਤੇ ਕੈਥੋਲਿਕ ਚਰਚ ਵਿੱਚ ਸਰੀਰਕ ਸ਼ੋਸ਼ਣ ਦਾ ਇਹ ਮੁੱਦਾ ਧਰਮ ਸ਼ਾਸਤਰੀ, ਔਰਤਾਂ ਅਤੇ ਸਮਾਜਿਕ ਕਾਰਕੁਨਾਂ ਵਿਚਾਲੇ ਬਹਿਸ ਦਾ ਮੁੱਦਾ ਹੈ, ਜਿਨ੍ਹਾਂ ਨੇ ਚਰਚ ਵਿਚਾਲੇ ਮੁਹਿੰਮ ਛੇੜੀ ਹੋਈ ਹੈ।

ਨਾਰੀਵਾਦੀ ਧਰਮ ਸ਼ਾਸਤਰੀ ਕੋਚੁਰਾਨੀ ਅਬ੍ਰਾਹਿਮ ਨੇ ਬੀਬੀਸੀ ਨੂੰ ਕਿਹਾ, "ਭਾਰਤ ਵਿੱਚ ਸਰੀਰਕ ਸਬੰਧਾਂ ਬਾਰੇ ਅੱਜ ਵੀ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਚਰਚ ਵਿੱਚ ਸਰੀਰਕ ਸ਼ੋਸ਼ਣ ਨਾਲ ਜੁੜਿਆ ਕੋਈ ਡਾਟਾ ਉਪਲਬਧ ਨਹੀਂ ਹੈ ਕਿਉਂਕਿ ਕੋਈ ਇਸ 'ਤੇ ਗੱਲ ਨਹੀਂ ਕਰਦਾ।"

...ਤਾਂ ਕਨਫੈਸ਼ਨ ਤੋਂ ਉੱਠ ਜਾਵੇਗਾ ਭਰੋਸਾ

ਪਰ ਈਸਾਈ ਭਾਈਚਾਰੇ ਨਾਲ ਜੁੜੇ ਮੁੱਦਿਆਂ ਦੇ ਸਮੀਖਿਅਕ ਅਤੇ ਮੈਟਰਸ ਇੰਡੀਆ ਪੋਰਟਲ ਦੇ ਐਡੀਟਰ ਜੋਸ ਕਵੀ ਇਸ ਮਾਮਲੇ ਦੇ ਈਸਾਈ ਭਾਈਚਾਰੇ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਤ ਹਨ, ਖ਼ਾਸ ਕਰਕੇ ਉਨ੍ਹਾਂ 'ਤੇ ਜਿਹੜੇ ਕਨਫੈਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ।

ਇਹ ਵੀ ਪੜ੍ਹੋ:

ਜੋਸ ਕਵੀ ਕਹਿੰਦੇ ਹਨ, "ਇਹ ਮੈਂ ਪਹਿਲੀ ਵਾਰ ਸੁਣਿਆ ਹੈ ਕਿ ਇੱਕ ਪਾਦਰੀ ਕਨਫੈਸ਼ਨ ਦੀ ਗੱਲ ਨੂੰ ਉਜਾਗਰ ਕਰ ਰਿਹਾ ਹੈ। ਇਹ ਅਸਲ ਵਿੱਚ ਮਾੜੀ ਗੱਲ ਹੈ ਕਿਉਂਕਿ ਇਸ ਨਾਲ ਲੋਕਾਂ ਦਾ ਕਨਫੈਸ਼ਨ ਤੋਂ ਭਰੋਸਾ ਉੱਠ ਜਾਵੇਗਾ।"

ਕੋਚੁਰਾਨੀ ਨੇ ਕਿਹਾ, "ਕਨਫੈੱਸ ਦਾ ਸਿੱਧਾ ਮਤਲਬ ਇਨਸਾਨ ਦੇ ਅਧਿਆਤਮਕ ਵਿਕਾਸ ਨਾਲ ਜੁੜਿਆ ਹੈ। ਇਸਦੀ ਗ਼ਲਤ ਵਰਤੋਂ ਇੱਕ ਖ਼ਤਰਨਾਕ ਲੱਛਣ ਹੈ। ਤਾਂ, ਲੋਕ ਕਹਿਣਗੇ ਜੇਕਰ ਮੈਂ ਕਿਸੇ ਚੀਜ਼ ਨੂੰ ਲੈ ਕੇ ਪਸ਼ਚਾਤਾਪ ਕਰ ਰਿਹਾ ਹਾਂ ਤਾਂ ਸਿੱਧਾ ਭਗਵਾਨ ਸਾਹਮਣੇ ਹੀ ਅਜਿਹਾ ਕਿਉਂ ਨਾ ਕਰਾਂ। ਜਾਂ ਪਾਦਰੀ ਕੋਲ ਜਾਣ ਦੀ ਥਾਂ ਆਪਣੇ ਕਿਸੇ ਦੋਸਤ ਸਾਹਮਣੇ ਕਿਉਂ ਨਾ ਬੋਲਾਂ।"

ਉਹ ਸਹਿਮਤ ਹਨ ਕਿ ਅਜਿਹੇ ਮਾਮਲਿਆਂ ਕਰਕੇ ਲੋਕ ਸਰੀਰਕ ਸ਼ੋਸ਼ਣ ਦੇ ਡਰ ਕਾਰਨ ਚਰਚ ਵਿੱਚ ਕਨਫੈਸ਼ਨ ਤੋਂ ਪਹਿਲਾਂ ਦੋ ਵਾਰ ਸੋਚਣਗੇ।

'ਵਧੇਰੇ ਨੌਜਵਾਨ ਅੱਜ ਚਰਚ ਨਹੀਂ ਜਾਂਦੇ'

ਸਮਾਜਿਕ ਕਾਰਕੁਨ ਅਤੇ ਕੈਥੋਲਿਕ ਬਿਸ਼ਪ ਕਾਊਂਸਲ ਆਫ਼ ਇੰਡੀਆ (ਸੀਬੀਸੀਆਈ) ਵਿੱਚ ਸਾਬਕਾ ਕਮਿਸ਼ਨਰ ਵਰਜੀਨੀਆ ਸਾਲਦਾਨਹਾ ਕਹਿੰਦੀ ਹੈ ਕਿ ਨੌਜਵਾਨ ਪਹਿਲਾਂ ਹੀ ਚਰਚ ਨਹੀਂ ਜਾ ਰਹੇ ਹਨ।

Image copyright Getty Images
ਫੋਟੋ ਕੈਪਸ਼ਨ 1999 ਵਿੱਚ ਕੇਰਲ 'ਚ ਇੱਕ ਪਾਦਰੀ ਤੋਂ ਨਾਬਾਲਿਗ ਦੇ ਗਰਭਵਤੀ ਹੋਣ ਦਾ ਮਾਮਲਾ ਵੀ ਸਾਹਣਾ ਆਇਆ ਸੀ (ਸੰਕੇਤਿਕ ਤਸਵੀਰ)

ਸਾਲਦਾਨਹਾ ਕਹਿੰਦੀ ਹੈ, "ਪੜ੍ਹੇ-ਲਿਖੇ ਲੋਕਾਂ ਵਿੱਚੋਂ ਘੱਟੋ-ਘੱਟ 50 ਫ਼ੀਸਦ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਭਗਵਾਨ ਵਿੱਚ ਵੱਖਰੇ ਤਰੀਕੇ ਨਾਲ ਭਰੋਸਾ ਕਰਨਗੇ, ਪਾਦਰੀ ਜ਼ਰੀਏ ਨਹੀਂ। ਇਸ ਲਈ ਅੱਜ ਤੁਸੀਂ ਘੱਟ ਲੋਕਾਂ ਨੂੰ ਚਰਚ ਜਾਂਦੇ ਦੇਖਦੇ ਹੋ, ਉਹ ਹੋਰ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ।"

ਇੱਕ ਨਨ ਦੇ ਨਾਲ ਵੀ ਹੋਇਆ ਸੀ ਸਰੀਰਕ ਸ਼ੋਸ਼ਣ?

1999 ਵਿੱਚ ਕੇਰਲ 'ਚ ਇੱਕ ਪਾਦਰੀ ਤੋਂ ਗਰਭਵਤੀ ਹੋਣ ਵਾਲੀ ਨਾਬਾਲਿਗ ਦਾ ਮਾਮਲਾ ਚੁੱਕਣ ਵਾਲੇ ਪ੍ਰੋਫੈਸਰ ਸੈਬੇਸੀਟਿਅਨ ਵੱਤਮੱਤਮ ਕਹਿੰਦੇ ਹਨ, "ਪਾਦਰੀ ਵੱਲੋਂ ਸਰੀਰਕ ਸ਼ੋਸ਼ਣ ਕਰਨਾ ਇੱਕ ਤੱਥ ਹੈ ਪਰ ਚਰਚ ਉਸ 'ਤੇ ਪਰਦਾ ਪਾਉਣ ਲਈ ਜਿਸ ਰਸਤੇ ਚੱਲ ਪਿਆ ਹੈ ਉਹ ਵੱਧ ਗੰਭੀਰ ਮੁੱਦਾ ਹੈ।"

ਪ੍ਰੋਫੈਸਰ ਸੈਬੇਸੀਟਿਅਨ ਅਤੇ ਕੋਚੁਰਾਨੀ ਉਸ ਵੇਲੇ ਨੂੰ ਯਾਦ ਕਰਦੇ ਹਨ ਕਿ ਕਿਵੇਂ ਇੱਕ ਨਾਬਾਲਿਗ ਨਾਲ ਰੇਪ ਜਾਂ ਇੱਕ ਨਨ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ। ਨਨ ਨੇ ਇੱਕ ਬਿਸ਼ਪ ਖ਼ਿਲਾਫ਼ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਿਵੇਂ ਚਰਚ ਪ੍ਰਸ਼ਾਸਨ ਨੇ ਇਸਦੀ ਸੂਚਨਾ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਵਾਲੀ ਏਜੰਸੀਆਂ ਨੂੰ ਨਹੀਂ ਦਿੱਤੀ ਸੀ।

Image copyright Thinkstock
ਫੋਟੋ ਕੈਪਸ਼ਨ ਸ਼ਿਕਾਇਤ ਤੋਂ ਬਾਅਦ ਚਰਚ ਨੇ ਚਾਰਾਂ ਪੁਜਾਰੀਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ

ਜਲੰਧਰ ਦੇ ਬਿਸ਼ਪ ਫਰੈਂਕੋ ਮੁਲਕਕਲ ਦੇ ਖ਼ਿਲਾਫ਼ ਸ਼ਿਕਾਇਤ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਨਨ ਦੇ ਬਿਆਨ ਨੂੰ ਕੋਟਯਮ ਜ਼ਿਲ੍ਹੇ ਦੇ ਚੰਗਾਨਾਸਰੀ ਵਿੱਚ ਮੈਜਿਸਟ੍ਰੇਟ ਸਾਹਮਣੇ ਰਿਕਾਰਡ ਕੀਤਾ ਗਿਆ।

ਨਨ ਨੇ ਬਿਸ਼ਪ 'ਤੇ 2014 ਤੋਂ 2016 ਵਿਚਾਲੇ ਉਸ ਨਾਲ ਵਾਰ-ਵਾਰ ਰੇਪ ਅਤੇ ਗ਼ੈਰ-ਕੁਦਰਤੀ ਸਬੰਧ ਬਣਾਉਣ ਦੇ ਇਲਜ਼ਾਮ ਲਗਾਏ। ਪਰ ਚਰਚ ਨੇ ਕਿਹਾ ਉਸ ਨੂੰ ਨਨ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ।

ਉਸ ਪਾਦਰੀ ਨਾਲ ਕੀ ਕੀਤਾ ਗਿਆ?

ਕੋਚੁਰਾਨੀ ਕਹਿੰਦੀ ਹੈ, "2014 ਦੇ ਮਾਮਲੇ ਵਿੱਚ ਨਨ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਸੀ ਅਤੇ ਪੁਰਸ਼ ਪਾਦਰੀ ਨੂੰ ਉੱਚ ਸਿੱਖਿਆ ਲਈ ਰੋਮ ਭੇਜ ਦਿੱਤਾ ਗਿਆ ਸੀ।"

Image copyright Getty Images
ਫੋਟੋ ਕੈਪਸ਼ਨ ਕੁਝ ਸਮਾਂ ਪਹਿਲਾਂ ਇੱਕ ਨਨ ਦੇ ਵੀ ਸ਼ੋਸ਼ਣ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ

ਹਾਲ ਹੀ ਦੇ ਸਾਲਾਂ ਵਿੱਚ, ਪੋਪ ਨੇ ਕੈਥੋਲਿਕ ਚਰਚ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਵੀ ਔਰਤਾਂ ਅਤੇ ਬੱਚਿਆਂ ਦੇ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾਂ ਮਿਲਣ ਤਾਂ ਤੁਰੰਤ ਐਕਸ਼ਨ ਲੈਣ ਵਾਲੀਆਂ ਕਾਨੂੰਨੀ ਏਜੰਸੀਆਂ ਨੂੰ ਸੂਚਿਤ ਕਰੋ। ਪਰ ਮਲੰਕਾਰਾ, ਆਰਥੋਡੌਕਸ ਸੀਰੀਆਈ ਚਰਚ ਦੀ ਅਜਿਹੇ ਮਾਮਲਿਆਂ ਵਿੱਚ ਇੱਕ ਵੱਖਰੀ ਹੀ ਪ੍ਰਕਿਰਿਆ ਹੈ।

ਕੇਰਲ ਦੇ ਇਸ ਨਵੇਂ ਮਾਮਲੇ ਵਿੱਚ ਮਲੰਕਾਰਾ ਆਰਥੋਡੌਕਸ ਸੀਰੀਆਈ ਚਰਚ ਦੇ ਬੁਲਾਰੇ ਪ੍ਰੋਫੈਸਰ ਪੀਸੀ ਐਲੀਆਸ ਨੇ ਬੀਬੀਸੀ ਨੂੰ ਦੱਸਿਆ, "ਇੱਕ ਅੰਦਰੂਨੀ ਜਾਂਚ ਚੱਲ ਰਹੀ ਹੈ। ਇੱਕ ਵਾਰ ਇਹ ਪੂਰਾ ਹੋ ਜਾਵੇ ਤਾਂ ਫਿਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਵੇਗਾ।''

ਸ਼ਿਕਾਇਤ ਵਿੱਚ ਪੁਲਿਸ ਜਾਂਚ ਸ਼ੁਰੂ ਹੋਣ ਦੇ ਤੁਰੰਤ ਬਾਅਦ, ਚਰਚ ਨੇ ਆਪਣੇ ਚਾਰ ਪੁਜਾਰੀਆਂ ਨੂੰ ਉਨ੍ਹਾਂ ਦੇ ਕੰਮ ਤੋਂ ਹਟਾ ਦਿੱਤਾ ਹੈ। ਹਾਲਾਂਕਿ, ਇਹ ਬਦਲਾਅ ਵੀ ਸਾਬਕਾ ਮੁੱਖ ਮੰਤਰੀ ਵੀ ਐਸ ਅਚੁਤਾਨੰਦਨ ਦੇ ਸੂਬਾ ਪੁਲਿਸ ਮੁਖੀ ਨਾਲ ਗੱਲਬਾਤ ਤੋਂ ਬਾਅਦ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)