ਪ੍ਰੈੱਸ ਰਿਵੀਊ: ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫਸਰ ਨੂੰ ਕੀਤਾ ਗਿਆ ਘਰੋਂ ਬੇਘਰ

ਪਾਕਸਿਤਾਨ Image copyright Getty Images
ਫੋਟੋ ਕੈਪਸ਼ਨ (ਸੰਕੇਤਕ ਤਸਵੀਰ) ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨੂੰ ਕੁੱਟ ਕੇ ਕੱਢਿਆ ਘਰੋਂ ਬਾਹਰ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਸ਼ਾਹੀਨ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਰਿਵਾਰ ਸਮੇਤ ਜ਼ਬਰਦਸਤੀ ਲਾਹੌਰ ਵਿੱਚ ਉਨ੍ਹਾਂ ਦੇ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ।

ਮੰਗਲਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਦੱਸਿਆ ਕਿ ਐਵਾਕਿਊ ਟਰੱਸਟ ਪ੍ਰਾਪਰਟੀ ਬੋਰਡ ਨੇ ਉਨ੍ਹਾਂ ਨੂੰ ਚੱਲ ਰਹੇ ਪ੍ਰਾਪਰਟੀ ਵਿਵਾਦ ਦੇ ਤਹਿਤ ਜ਼ਬਰਦਸਤੀ ਘਰੋਂ ਬੇਘਰ ਕਰ ਦਿੱਤਾ ਹੈ।

ਉਹ ਵੀਡੀਓ 'ਚ ਕਹਿ ਰਹੇ ਹਨ, "ਮੇਰੀ ਪੱਗੜੀ ਲਾਹ ਦਿੱਤੀ ਅਤੇ ਵਾਲ ਖੋਲ੍ਹ ਦਿੱਤੇ"। ਵੀਡੀਓ ਵਿੱਚ ਉਹ ਪੁਲਿਸ ਵਾਲਿਆਂ ਨੂੰ ਇਹ ਕਹਿੰਦੇ ਨਜ਼ਰ ਆਏ ਹਨ ਕਿ ਉਹ ਜਿੱਥੇ 1947 ਤੋਂ ਰਹਿ ਰਹੇ ਹਨ ਉਥੇ ਉਨ੍ਹਾਂ ਨੂੰ 10 ਮਿੰਟ ਤਾਂ ਹੋਰ ਦੇ ਦੇਣ।

ਇਹ ਵੀ ਪੜ੍ਹੋ:

ਵਪਾਰ ਕਰਨ ਦੇ ਸੰਦਰਭ ਪੰਜਾਬ 20ਵੇਂ ਰੈਂਕ

ਦਿ ਟਾਈਮਜ਼ ਆਫ ਇੰਡੀਆ ਅਖ਼ਬਾਰ ਮੁਤਾਬਕ ਕੇਂਦਰ ਸਰਕਾਰ ਵੱਲੋਂ ਵਪਾਰ ਕਰਨ ਵਾਲੇ ਸੂਬਿਆਂ ਬਾਰੇ ਜਾਰੀ ਕੀਤੇ ਗਏ ਇੱਕ ਸਰਵੇਅ ਮੁਤਾਬਕ ਆਂਧਰਾ ਪ੍ਰਦੇਸ਼ ਨੂੰ ਪਹਿਲਾਂ ਰੈਂਕ ਹਾਸਿਲ ਹੋਇਆ ਹੈ।

Image copyright INDRANIL MUKHERJEE/AFP/Getty Images
ਫੋਟੋ ਕੈਪਸ਼ਨ ਪੰਜਾਬ ਨੂੰ ਇਸ ਸੂਚੀ ਵਿੱਚ 20ਵਾਂ, ਦਿੱਲੀ ਨੂੰ 23ਵਾਂ ਅਤੇ ਚੰਡੀਗੜ੍ਹ ਨੂੰ 28ਵਾਂ ਰੈਂਕ ਮਿਲਿਆ

ਜਦਕਿ ਦੂਜੇ ਥਾਂ 'ਤੇ ਤੇਲੰਗਾਨਾ, ਤੀਜੇ 'ਤੇ ਹਰਿਆਣਾ, ਪੰਜਾਬ ਨੂੰ ਇਸ ਸੂਚੀ ਵਿੱਚ 20ਵਾਂ, ਦਿੱਲੀ ਨੂੰ 23ਵਾਂ ਅਤੇ ਚੰਡੀਗੜ੍ਹ ਨੂੰ 28ਵਾਂ ਰੈਂਕ ਮਿਲਿਆ ਹੈ।

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਸਨਅਤੀ ਨੀਤੀ ਅਤੇ ਪ੍ਰੋਮੋਸ਼ਨ ਵਿਭਾਗ (ਡੀਆਈਪੀਪੀ) ਵੱਲੋਂ ਕਰਵਾਇਆ ਗਿਆ ਇਹ ਸਰਵੇਅ ਰੈਂਕਿੰਗ ਬਿਜ਼ਨੈਸ ਰਿਫੌਰਮ ਐਕਸ਼ਨ ਪਲਾਨ ਦੇ ਤਹਿਤ 369 ਐਕਸ਼ਨ ਪੁਆਇੰਟ ਨਾਲ 330 ਦੇ ਅਨੁਪਾਲਣ 'ਤੇ ਆਧਾਰਿਤ ਹੈ। ਜਿਸ ਵਿੱਚ ਸੂਬੇ ਨੇ ਸੌ ਫੀਸਦ ਅੰਕ ਹਾਸਿਲ ਕੀਤੇ ਹਨ।

ਇਹ ਵੀ ਪੜ੍ਹੋ:

ਆਤਮਘਾਤੀ ਹਮਲੇ ਦੀ ਤਿਆਰੀ ਨੂੰ ਕੀਤਾ ਫੇਲ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਵੱਡੇ ਕਾਊਂਟਰ ਆਪਰੇਸ਼ਨ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਨੇ ਨਵੀਂ ਦਿੱਲੀ 'ਤੇ ਹਮਲੇ ਦੀ ਫਿਰਾਕ ਵਿੱਚ ਆਈਐਸ ਅਫ਼ਗਾਨ ਦੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਆਈਐਸ ਵੱਲੋਂ ਭੇਜਿਆ ਗਿਆ ਇਹ ਵਿਅਕਤੀ ਦਿੱਲੀ ਵਿੱਚ ਇੱਕ ਇੰਜੀਨੀਅਰਿੰਗ ਵਿਦਿਆਰਥੀ ਵਜੋਂ ਰਹਿ ਰਿਹਾ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅਫ਼ਗਾਨਿਸਤਾਨ ਵਿੱਚ ਤਾਇਨਾਤ ਅਮਰੀਕੀ ਸੈਨਾ ਦੀ ਹਿਰਾਸਤ ਵਿੱਚ ਹੈ।

ਰੇਪ ਮਾਮਲਿਆਂ 'ਤੇ ਹੋ ਸਕਦੀ ਹੈ ਫਾਸਟ-ਟ੍ਰੈਕ ਆਦਲਤਾਂ ਦੀ ਸਥਾਪਨਾ

ਦਿ ਟ੍ਰਿਬਿਊਨ ਮੁਤਾਬਕ ਕਾਨੂੰਨ ਅਤੇ ਨਿਆਂ ਮੰਤਰਾਲੇ ਬਲਾਤਕਾਰ ਦੇ ਕੇਸਾਂ ਦੇ ਟ੍ਰਾਇਲ ਲਈ ਦੇਸ ਭਰ ਵਿੱਚ ਲਗਾਈਆਂ ਜਾਣ ਵਾਲੀਆਂ "ਵਿਸ਼ੇਸ਼" ਅਦਾਲਤਾਂ ਬਾਰੇ ਯੋਜਨਾ ਤਿਆਰ ਕਰ ਰਿਹਾ ਹੈ।

Image copyright Getty Images

ਇਹ ਅਦਾਲਤਾਂ ਆਰਡੀਨੈਂਸ ਦਾ ਹਿੱਸਾ ਬਣਨਗੀਆਂ, ਜਿਸ ਵਿੱਚ ਅਦਾਲਤਾਂ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਲਈ ਸਜ਼ਾ ਸੁਣਾਏ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਫਾਸਟ-ਟਰੈਕ ਅਦਾਲਤਾਂ ਬਿਹਤਰ ਜਾਂਚ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਅਜਿਹੇ ਕੇਸਾਂ ਵਿੱਚ ਤੇਜ਼ੀ ਨਾਲ ਮੁਕੱਦਮੇ ਚਲਾਉਣ ਲਈ ਵੱਡੀ ਸਕੀਮ ਦਾ ਹਿੱਸਾ ਹੋਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)