'ਹਰ ਰੋਜ਼ ਦੋ ਮੀਲ ਤੋਂ ਪਾਣੀ ਦਾ ਘੜਾ ਚੁੱਕ ਕੇ 16 ਚੱਕਰ ਲਾਉਂਦੀ ਹਾਂ'

ਹਰਿਆਣਾ Image copyright Sat Singh/bbc

55 ਸਾਲਾਂ ਦੀਂ ਰੋਸ਼ਨੀ ਦੇਵੀ ਦਾ ਵਿਆਹ 30 ਸਾਲ ਪਹਿਲਾਂ ਰੋਹਤਕ ਜ਼ਿਲ੍ਹੇ ਦੇ ਪਿੰਡ ਘਿਲੋਦ ਦੇ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ।

ਰੋਸ਼ਨੀ ਆਪਣੇ ਪਤੀ ਤੇ ਬੱਚਿਆਂ ਨਾਲ ਖ਼ੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਪਰ ਇਸ ਪਿੰਡ ਵਿੱਚ ਵਿਆਹੇ ਜਾਣ ਲਈ ਉਹ ਪਾਣੀ ਦੀ ਘਾਟ ਕਰਕੇ ਖ਼ੁਦ ਨੂੰ ਕੋਸਦੀ ਹੈ।

ਰੋਸ਼ਨੀ ਕਹਿੰਦੀ ਹੈ, ''ਮੈਂ ਹਰ ਰੋਜ਼ ਘਿਲੋਦ ਦੇ ਬਾਹਰਵਾਰ ਕਰੀਬ 2 ਕਿਲੋਮੀਟਰ ਦੇ ਦੂਰੀ ਤੋਂ ਪਾਣੀ ਦੇ ਸਥਾਨ ਤੋਂ ਆਪਣੇ ਸਿਰ ਉੱਤੇ ਪਾਣੀ ਦੇ ਭਰੇ ਘੜੇ ਰੱਖ ਕੇ 16 ਚੱਕਰ ਲਗਾਉਂਦੀ ਹਾਂ।''

ਉਨ੍ਹਾਂ ਮੁਤਾਬਕ 55 ਸਾਲ ਦੀ ਇਸ ਉਮਰ ਵਿੱਚ ਉਨ੍ਹਾਂ ਦੇ ਗੋਡੇ ਤੇ ਪਿੱਠ ਦੁਖਦੀ ਹੈ ਅਤੇ ਉਹ 20 ਸਾਲ ਵੱਧ ਉਮਰ ਦੀ ਲਜ਼ਰ ਆਉਂਦੀ ਹੈ।

ਉਹ ਦੱਸਦੀ ਹੈ ਕਿ ਭਾਵੇਂ ਤਿਓਹਾਰ ਦੇ ਦਿਨ ਹੋਣ ਜਾਂ ਮੀਂਹ ਪੈਂਦਾ ਹੋਵੇ...ਪਾਣੀ ਭਰਨ ਦੇ ਇਸ ਕੰਮ ਵਿੱਚ ਕੋਈ ਛੁੱਟੀ ਨਹੀਂ ਹੈ।

ਇਹ ਵੀ ਪੜ੍ਹੋ:

Image copyright Sat Singh/bbc
ਫੋਟੋ ਕੈਪਸ਼ਨ ਪਿੰਡ ਦੀਆਂ ਹੋਰ ਔਰਤਾਂ ਰੋਜ਼ਾਨਾ ਪਾਣੀ ਭਰਨ ਲਈ ਸਿਰ ਉੱਤੇ ਭਾਂਡੇ ਰੱਖ ਕੇ ਕਈ ਚੱਕਰ ਲਗਾਉਂਦੀਆਂ ਹਨ।

ਇਹੀ ਕਹਾਣੀ ਪਿੰਡ ਦੀਆਂ ਹੋਰ ਔਰਤਾਂ ਦੀ ਵੀ ਹੈ, ਜੋ ਰੋਜ਼ਾਨਾ ਪਾਣੀ ਭਰਨ ਲਈ ਆਪਣੇ ਸਿਰ ਉੱਤੇ ਪਾਣੀ ਦੇ ਭਰੇ ਭਾਂਡੇ ਰੱਖ ਕੇ ਕਈ ਚੱਕਰ ਲਗਾਉਂਦੀਆਂ ਹਨ।

ਪਿੰਡ ਦੀ ਸਿਆਸਤ ਤੇ ਸਮਾਜਿਕ ਕੰਮਾਂ ਵਿੱਚ ਸਰਗਰਮ ਰਹਿਣ ਵਾਲੇ 54 ਸਾਲਾਂ ਦੇ ਧਰਮਬੀਰ ਦੇਸਵਾਲ ਕਹਿੰਦੇ ਹਨ ਕਿ ਦਹਾਕਿਆਂ ਤੋਂ ਪਿੰਡ ਪੀਣ ਦੇ ਪਾਣੀ ਲਈ ਖੂਹਾਂ 'ਤੇ ਨਿਰਭਰ ਸਨ।

ਉਨ੍ਹਾਂ ਮੁਤਾਬਕ ਇਹ ਖੂਹ ਸੁੱਕ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਪਾਣੀ ਲਈ ਸਰਕਾਰੀ ਪਾਣੀ ਦੇ ਟੈਂਕਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਜੋ ਬਹੁਤਾ ਸਮਾਂ ਖ਼ਰਾਬ ਰਹਿੰਦੇ ਹਨ।

ਪਿੰਡ ਦੇ ਕੁਝ ਪਰਿਵਾਰਾਂ ਨੇ ਆਪਣੇ ਪੱਧਰ ਉੱਤੇ ਖੇਤਾਂ ਲਈ ਟਿਊਬਵੈੱਲ ਲਗਵਾ ਲਏ ਹਨ ਅਤੇ ਇਸ ਨਾਲ ਉਨ੍ਹਾਂ ਦੇ ਪੀਣ ਦੇ ਪਾਣੀ ਦੀ ਲੋੜ ਪੂਰੀ ਹੁੰਦੀ ਹੈ, ਪਰ ਬਾਕੀਆਂ ਲਈ ਸਰਕਾਰੀ ਪਾਣੀ ਦੀ ਸਪਲਾਈ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ।

ਪਾਣੀ ਦੀ ਸਪਲਾਈ ਰੋਹਤਕ ਤੋਂ ਘਿਲੋੜ ਪਿੰਡ ਤੱਕ ਹਰ 42 ਦਿਨਾਂ ਬਾਅਦ ਹੁੰਦੀ ਹੈ ਪਰ ਨਹਿਰ ਵਿੱਚ ਘੱਟ ਪਾਣੀ ਹੋਣ ਅਤੇ ਲੋਕ ਸਿਹਤ ਵਿਭਾਗ ਧਿਆਨ ਨਾ ਦੇਣ ਕਰਕੇ ਪਾਣੀ ਦੇ ਟੈਂਕਰ ਸੁੱਕੇ ਰਹਿੰਦੇ ਹਨ।

Image copyright Sat Singh/bbc
ਫੋਟੋ ਕੈਪਸ਼ਨ ਪਾਣੀ ਦੀ ਘਾਟ ਲੋਕ ਪਿਆਸੇ ਰਹਿਣ ਜਾਂ ਫ਼ਿਰ ਮਹਿੰਗਾ ਪਾਣੀ ਖਰੀਦਣ ਲਈ ਮਜਬੂਰ ਹਨ।

ਉਨ੍ਹਾਂ ਮੁਤਾਬਕ ਪੰਚਾਇਤ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਚਾਰ ਸਾਲਾਂ ਵਿੱਚ ਚਾਰ ਵਾਰ ਨਿਯਮਿਤ ਤੌਰ ਉੱਤੇ ਪਾਣੀ ਮੁਹੱਈਆ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਪਰ ਕੋਈ ਫਾਇਦਾ ਨਾ ਹੋਇਆ।

ਪਾਣੀਪਤ-ਰੋਹਤਕ ਹਾਈਵੇਅ 'ਤੇ ਪੈਂਦੇ ਪਿੰਡ ਘਿਲੋਦ ਪਿੰਡ ਦੇ ਸਰਪੰਚ ਬਲਵਾਨ ਸਿੰਘ ਰੰਗਾ ਕਹਿੰਦੇ ਹਨ ਕਿ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਮਿਲਦਾ ਤੇ ਉਹ ਪਿਆਸੇ ਰਹਿਣ ਜਾਂ ਫ਼ਿਰ ਮਹਿੰਗਾ ਪਾਣੀ ਖਰੀਦਣ ਲਈ ਮਜਬੂਰ ਹਨ।

ਸਰਪੰਚ ਅੱਗੇ ਕਹਿੰਦੇ ਹਨ, "ਇੱਕ ਪਾਣੀ ਦੇ ਟੈਂਕਰ ਦੀ ਕੀਮਤ 600 ਰੁਪਏ ਹੈ, ਜਿਸ ਨਾਲ ਇੱਕ ਪਰਿਵਾਰ ਇੱਕ ਹਫ਼ਤਾ ਹੀ ਕੱਢ ਸਕਦਾ ਹੈ ਪਰ ਪਿੰਡ ਦੇ ਸਾਰੇ ਪਰਿਵਾਰ ਇੰਨੇ ਅਮੀਰ ਨਹੀਂ ਕਿ ਇੰਨਾ ਪੈਸਾ ਖ਼ਰਚ ਸਕਣ।"

ਰੇਲਵੇ ਟਰੈਕ ਰੋਕਿਆ, ਮਾਮਲਾ ਦਰਜ

ਰੋਹਤਕ ਵਿੱਚ ਪਾਣੀ ਹੋਣ ਦੇ ਬਾਵਜੂਦ ਪਿੰਡ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਘਿਲੋੜ ਵਾਸੀਆਂ 'ਚ ਗੁੱਸਾ ਦੇਖਣ ਨੂੰ ਮਿਲਿਆ।

ਬੁੱਧਵਾਰ ਨੂੰ ਪਿੰਡ ਵਾਸੀਆਂ ਨੇ ਗੋਹਾਣਾ ਰੇਲ ਟਰੈਕ 'ਤੇ ਬੈਠ ਕੇ ਗੋਹਾਣਾ-ਪਾਣੀਪਤ ਰੇਲ ਦੀ ਆਵਾਜਾਈ ਰੋਕੀ ਰੱਖੀ।

Image copyright Sat Singh/bbc
ਫੋਟੋ ਕੈਪਸ਼ਨ ਹਾਲਤ ਇਹ ਹਨ ਕਿ ਸੋਕਾਂ ਕੋਲ ਪਖਾਨੇ ਜਾਣ ਲਈ ਵੀ ਪਾਣੀ ਨਹੀਂ ਹੈ।

ਪ੍ਰਸ਼ਾਸਨ ਦੇ ਉਨ੍ਹਾਂ ਨੂੰ ਦੋ ਦਿਨਾਂ ਅੰਦਰ ਪਾਣੀ ਦੇਣ ਦੇ ਭਰੋਸੇ ਤੋਂ ਬਾਅਦ ਇਸ ਮਾਮਲੇ ਨੂੰ ਹੱਲ ਕੀਤਾ ਗਿਆ।

ਪੁਲਿਸ ਮੁਤਾਬਕ ਰੇਲ ਟਰੈਕ ਰੋਕਣ ਕਰਕੇ ਘਿਲੋਦ ਪਿੰਡ ਦੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਸਰਪੰਚ ਬਲਵਾਨ ਰੰਗਾ ਨੇ ਕਿਹਾ, "ਜਦੋਂ ਅਧਿਕਾਰੀਆਂ ਨੇ ਸਾਡੀ ਗੱਲ ਸੁਣਨੀ ਬੰਦ ਕਰ ਦਿੱਤੀ ਤਾਂ ਸਾਨੂੰ ਰੇਲ ਟਰੈਕ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ।"

ਉਨ੍ਹਾਂ ਮੁਤਾਬਕ ਉਹ ਇਸ ਤਰ੍ਹਾਂ ਦੇ ਹਾਲਤ ਵਿਚ ਹਨ ਕਿ ਉਨ੍ਹਾਂ ਕੋਲ ਪਖਾਨੇ ਜਾਣ ਲਈ ਵੀ ਪਾਣੀ ਨਹੀਂ ਹੈ।

ਗਰਮੀਆਂ ਵਿੱਚ ਪਾਣੀ ਦੀ ਘਾਟ ਸਿਖਰਾਂ 'ਤੇ

ਪਿੰਡ ਵਿੱਚ ਤਿੰਨ ਪਾਣੀ ਦੇ ਟੈਂਕਰ ਹਨ ਜਿਨ੍ਹਾਂ 'ਚ ਪਾਣੀ ਦੀ ਸਮਰੱਥਾ 1,40,25000 ਲੀਟਰ ਹੈ, ਪਰ ਇਹ ਸਾਰੇ ਸੁੱਕੇ ਹੋਏ ਹਨ।

ਲੋਕ ਸਿਹਤ ਵਿਭਾਗ ਦੇ ਐਸਡੀਓ ਰਾਹੁਲ ਬੇਰਵਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ ਪਰ ਇਸ ਸਬੰਧੀ ਸਮੱਸਿਆ ਪਿੱਛੋਂ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦਿੱਲੀ ਵਿੱਚ ਪਾਣੀ ਪਿੱਛੇ ਬਜ਼ੁਰਗ ਦਾ ਕਤਲ

ਉਨ੍ਹਾਂ ਕਿਹਾ, "ਪਹਿਲਾਂ ਨਹਿਰ ਦਾ ਪਾਣੀ ਉਨ੍ਹਾਂ ਨੂੰ ਹਰ 22 ਦਿਨਾਂ ਬਾਅਦ ਦਿੱਤਾ ਜਾਂਦਾ ਸੀ, ਪਰ ਹੁਣ 42 ਦਿਨਾਂ ਬਾਅਦ ਦਿੱਤਾ ਜਾਂਦਾ ਹੈ। ਨਹਿਰ ਵਿੱਚ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਜਿਸ ਕਾਰਨ ਪਾਣੀ ਦੀ ਸਪਲਾਈ ਵਿੱਚ ਔਕੜਾਂ ਆ ਰਹੀਆਂ ਹਨ।"

ਬੇਰਵਾਲ ਨੇ ਕਿਹਾ ਕਿ ਬਿਜਲੀ ਮਹਿਕਮੇ ਤੇ ਲੋਕ ਸਿਹਤ ਵਿਭਾਗ ਵਿਚਾਲੇ ਤਾਲਮੇਲ ਦੀ ਕਮੀ ਹੈ।

ਉਨ੍ਹਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਦੋਵਾਂ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਤਾਲਮੇਲ ਬਣਾਉਣ ਅਤੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਲਈ ਕਿਹਾ ਗਿਆ ਹੈ।

ਗਰਮੀਆਂ ਦੌਰਾਨ ਪਿੰਡਾਂ ਵਿੱਚ ਪਾਣੀ ਦਾ ਸੰਕਟ ਹੋਰ ਵਧ ਜਾਂਦਾ ਹੈ।

ਪਿੰਡ ਘਿਲੋਦ ਦੀ 55 ਸਾਲਾ ਰਾਜਵੰਤੀ ਦੇਵੀ ਪਾਣੀ ਦੇ ਹਲਾਤ ਨੂੰ ਲੈ ਕੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਉਹ ਕਹਿੰਦੇ ਹਨ, "ਮਰਦ ਤਾਂ ਖੇਤਾਂ ਵਿੱਚ ਚਲੇ ਜਾਂਦੇ ਹਨ ਜਾਂ ਫ਼ਿਰ ਪਿੰਡ ਦੀ ਸੱਥ ਵਿੱਚ ਤਾਸ਼ ਖੇਡ ਕੇ ਸਮਾਂ ਕੱਢ ਲੈਂਦੇ ਹਨ, ਪਰ ਉਨ੍ਹਾਂ ਵਰਗੀਆਂ ਔਰਤਾਂ ਨੂੰ ਪਰਿਵਾਰ ਅਤੇ ਪਸ਼ੂਆਂ ਲਈ ਪਾਣੀ ਲੈਣ ਲਈ ਤਪਦੀ ਗਰਮੀ ਵਿੱਚ ਜਾਣਾ ਪੈਂਦਾ ਹੈ।"

ਤਿੰਨ ਬੱਚਿਆਂ ਦੀ ਮਾਂ ਰਾਜਵੰਤੀ ਮੁਤਾਬਕ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਪਿੰਡ ਦੇ ਟੈਂਕਰ ਚੋਂ ਪਾਣੀ ਲਿਆਉਣ ਲਈ ਨਾਲ ਲੈ ਕੇ ਜਾਂਦੀ ਹੈ।

ਉਹ ਅੱਗੇ ਕਹਿੰਦੇ ਹਨ, "ਅਸੀਂ ਇੰਨੇ ਅਮੀਰ ਨਹੀਂ ਹਾਂ ਕਿ ਪਾਣੀ ਦੇ ਟੈਂਕਰ ਲਈ ਪੈਸੇ ਭਰ ਸਕੀਏ।"

Image copyright Sat Singh/bbc
ਫੋਟੋ ਕੈਪਸ਼ਨ ਪਾਣੀ ਭਰਨ ਦੀ ਮਸ਼ੱਕਤ ਔਰਤਾਂ ਨੂੰ ਹੀ ਕਰਨੀ ਪੈਂਦੀ ਹੈ।

ਉੱਧਰ 61 ਸਾਲਾਂ ਦੀ ਕਮਲੇਸ਼ ਦੇਸਵਾਲ ਦਾ ਘਰ ਪਿੰਡ ਦੇ ਬਾਹਰਵਾਰ ਹੈ ਅਤੇ ਉਹ ਆਪਣੀ 20 ਸਾਲਾਂ ਦੀ ਧੀ ਦਾ ਵਿਆਹ ਅਜਿਹੇ ਪਿੰਡ ਵਿੱਚ ਕਰਨਾ ਚਾਹੁੰਦੇ ਹਨ ਜਿੱਥੇ ਪਾਣੀ ਦੀ ਕੋਈ ਕਮੀ ਨਾ ਹੋਵੇ।

ਉਹ ਕਹਿੰਦੇ ਹਨ, "ਸਾਡਾ ਜਨਮ ਤੇ ਪਾਲਣ ਪੋਸ਼ਣ ਅਜਿਹੇ ਸਮਿਆਂ ਵਿੱਚ ਹੋਇਆ ਕਿ ਅਸੀਂ ਇਹ ਸਭ ਕਰ ਰਹੇ ਹਾਂ ਪਰ ਅੱਜ ਕੱਲ੍ਹ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਹਾਸਿਲ ਕਰ ਰਹੇ ਹਨ ਕਿ ਜੇਕਰ ਉਹ ਅਜਿਹੇ ਕਿਸੇ ਪਿੰਡ ਵਿੱਚ ਵਿਆਹੇ ਜਾਂਦੇ ਹਨ ਜਿੱਥੇ ਪਾਣੀ ਦੀ ਕਮੀ ਹੋਵੇ ਤਾਂ ਇਸ ਤਰ੍ਹਾਂ ਪਾਣੀ ਸਿਰ 'ਤੇ ਢੋਹਣ ਲਈ ਸੰਘਰਸ਼ ਨਹੀਂ ਕਰ ਸਕਦੇ।"

ਸਰਪੰਚ ਬਲਵਾਨ ਰੰਗਾ ਯਾਦ ਕਰਦੇ ਹਨ ਕਿ 1979 ਵਿੱਚ ਸਾਬਕਾ ਮੁੱਖ ਮੰਤਰੀ ਮਰਹੂਮ ਦੇਵੀ ਲਾਲ ਉਨ੍ਹਾਂ ਦੇ ਪਿੰਡ ਆਏ ਸਨ ਅਤੇ ਪੂਰੀ ਪੰਚਾਇਤ ਨੇ ਉਨ੍ਹਾਂ ਸਾਹਮਣੇ ਪਾਣੀ ਦੇ ਸੰਕਟ ਨੂੰ ਦੂਰ ਕਰਨ ਦੀ ਗੱਲ ਰੱਖੀ ਸੀ।

ਇਹ ਵੀ ਪੜ੍ਹੋ:

ਸਰਪੰਚ ਕਹਿੰਦੇ ਹਨ, "ਇਹ ਚੌਧਰੀ ਦੇਵੀ ਲਾਲ ਕਰਕੇ ਹੀ ਹੋਇਆ ਕਿ ਪਾਣੀ ਦੀ ਸਪਲਾਈ ਲਈ ਕੰਮ ਹੋਇਆ ਤੇ ਉਨ੍ਹਾਂ ਨੂੰ ਪਾਣੀ ਮਿਲਣਾ ਸ਼ੁਰ ਹੋ ਗਿਆ।"

ਉਨ੍ਹਾਂ ਅੱਗੇ ਕਿਹਾ ਕਿ ਪਿੰਡ ਵਾਸੀਆਂ ਨੇ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ 15 ਸਾਲ ਪਹਿਲਾਂ ਪਾਈਪ ਰਾਹੀਂ ਪਾਣੀ ਦੀ ਸਪਲਾਈ ਹੋਣ ਲੱਗੀ।

Image copyright Sat Singh/bbc
ਫੋਟੋ ਕੈਪਸ਼ਨ ਸੈਂਟਰਲ ਗਰਾਊਂਡ ਵਾਟਰ ਬੋਰਡ (CGWB) ਮੁਤਾਬਕ ਦੱਖਣੀ ਤੇ ਪੱਛਮੀ ਹਰਿਆਣਾ ਦੇ 11 ਜਿਲ੍ਹਿਆਂ ਵਿੱਚ ਬਹੁਤਾ ਜ਼ਮੀਨੀ ਪਾਣੀ ਪੀਣ ਦੇ ਲਾਇਕ ਨਹੀਂ ਹੈ।

ਉਹ ਕਹਿੰਦੇ ਹਨ, "ਪਾਈਪ ਰਾਹੀਂ ਆਉਣ ਵਾਲਾ ਪਾਣੀ ਇਨਸਾਨਾਂ ਲਈ ਪੀਣ ਦੇ ਕਾਬਿਲ ਨਹੀਂ ਹੈ, ਇਸ ਲਈ ਸਾਨੂੰ ਰਿਠਾਲ ਰਿੰਡ ਦੇ ਨੇੜੇ ਟਿਊਬਵੈੱਲ ਲਗਵਾਉਣਾ ਪਿਆ ਅਤੇ ਪੀਣ ਵਾਲੇ ਪਾਣੀ ਦੀ ਜ਼ਰੂਰਤ ਲਈ ਪਾਈਪਾਂ ਵਿਛਾਉਣੀਆਂ ਪਈਆਂ।"

ਰੋਹਤਕ ਦੇ ਲੋਕ ਸਿਹਤ ਵਿਭਾਗ ਦੇ ਇੰਜੀਨਿਅਰ ਈਸ਼ਵਰ ਜੈਨ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਘਾਟ ਨਹਿਰ ਦੇ ਪਾਣੀ ਦੇ 22 ਦਿਨਾਂ ਤੋਂ 32 ਦਿਨਾਂ ਤੱਕ ਅਤੇ ਕਈ ਵਾਰ ਇਸ ਤੋਂ ਵੀ ਵੱਧ ਸਮੇਂ ਕਰਕੇ ਹੋ ਰਹੀ ਹੈ।

ਉਨ੍ਹਾਂ ਕਿਹਾ, "ਸਾਡੇ ਪਾਣੀ ਦੇ ਟੈਂਕਰਾਂ ਦੀ ਸਮਰੱਥਾ ਪੁਰਾਣੇ ਹਿਸਾਬ ਨਾਲ ਹੈ ਇਸ ਕਰਕੇ 10 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਦੇ ਵਕਫ਼ੇ ਕਾਰਨ ਪਾਣੀ ਸੁੱਕ ਜਾਂਦਾ ਹੈ ਅਤੇ ਘਿਲੋਦ ਵਰਗੇ ਪਿੰਡਾਂ ਚ ਸਮੱਸਿਆ ਬਣ ਜਾਂਦੀ ਹੈ।"

ਉਨ੍ਹਾਂ ਮੁਤਾਬਕ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਮਹਿਕਮੇ ਵੱਲੋਂ ਟਿਊਬਵੈੱਲ ਲਗਾਏ ਗਏ ਹਨ ਤਾਂ ਜੋ ਪਾਣੀ ਦੀ ਸਪਲਾਈ ਦੇ ਪਾੜੇ ਨੂੰ ਦੂਰ ਕੀਤਾ ਦਾ ਸਕੇ।

ਸੈਂਟਰਲ ਗਰਾਊਂਡ ਵਾਟਰ ਬੋਰਡ (CGWB) ਮੁਤਾਬਕ ਦੱਖਣੀ ਤੇ ਪੱਛਮੀ ਹਰਿਆਣਾ ਦੇ 11 ਜਿਲ੍ਹਿਆਂ ਵਿੱਚ ਬਹੁਤਾ ਜ਼ਮੀਨੀ ਪਾਣੀ ਪੀਣ ਦੇ ਲਾਇਕ ਨਹੀਂ ਹੈ।

Image copyright Sat Singh/bbc
ਫੋਟੋ ਕੈਪਸ਼ਨ ਰਿਪੋਰਟ ਮੁਤਾਬਕ ਨਾਇਟ੍ਰੇਟ ਅਤੇ ਫਲੋਰਾਇਡ ਦੀ ਮਾਤਰਾ ਵਧੇਰੇ ਹੋਣ ਕਰਕੇ ਪਾਣੀ ਇਨਸਾਨਾਂ ਦੇ ਪੀਣਯੋਗ ਨਹੀਂ ਹੈ।

ਰਿਪੋਰਟ ਮੁਤਾਬਕ ਨਾਇਟ੍ਰੇਟ ਅਤੇ ਫਲੋਰਾਇਡ ਦੀ ਮਾਤਰਾ ਵਧੇਰੇ ਹੋਣ ਕਰਕੇ ਪਾਣੀ ਇਨਸਾਨਾਂ ਦੇ ਪੀਣਯੋਗ ਨਹੀਂ ਹੈ।

ਰੈੱਡ ਜੋਨ 'ਚ ਆਉਣ ਵਾਲੇ ਜਿਲ੍ਹਿਆਂ ਵਿੱਚ ਭਿਵਾਨੀ, ਫਤਿਹਾਬਾਦ, ਝੱਜਰ, ਮੇਵਾਤ ਅਤੇ ਸਿਰਸਾ ਸ਼ਾਮਿਲ ਹਨ।

ਇਸੇ ਰਿਪੋਰਟ ਮੁਤਾਬਕ 100 ਬਲਾਕ ਵਿੱਚੋਂ ਹਰਿਆਣਾ ਦੇ 43 ਬਲਾਕਾਂ ਨੂੰ ਡਾਰਕ ਜੋਨ ਐਲਾਨਿਆ ਗਿਆ ਸੀ ਅਤੇ 20 ਬਲਾਕ ਮਾਰਜਿਨ ਲਾਈਨ ਦੇ ਨੇੜੇ ਸਨ ਅਤੇ 47 ਬਲਾਕ ਸੁਰੱਖਿਅਤ ਜੋਨ ਵਿੱਚ ਹਨ।

ਚੰਡੀਗੜ੍ਹ ਵਿੱਚ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਰੀਜਨਲ ਡਾਇਰੈਕਟਰ ਅਨੂਪ ਨਾਗਰ ਨੇ ਕਿਹਾ ਕਿ ਉਨ੍ਹਾਂ ਨੇ ਖਾਰੇ ਪਾਣੀ ਦੇ ਸੈਂਪਲ ਲਏ ਹਨ ਅਤੇ ਇਸ ਬਾਰੇ ਉਨ੍ਹਾਂ ਵੱਲੋਂ ਰਿਪੋਰਟ ਅਜੇ ਤਿਆਰ ਕੀਤੀ ਜਾਣੀ ਹੈ।

ਗੁਰੂਗ੍ਰਾਮ ਦੇ ਲੋਕ ਸਿਹਤ ਵਿਭਾਗ ਦੇ ਅਫ਼ਸਰ ਲਲਿਤ ਅਰੋੜਾ ਨੇ ਕਿਹਾ ਕਿ ਹਰਿਆਣਾ ਦਾ ਇੱਕ ਤਿਹਾਈ ਪਾਣੀ ਖਾਰਾ ਹੈ ਅਤੇ ਬਾਕੀ ਹਿੱਸੇ ਨੂੰ ਮਾਰਜਿਨ ਲਾਈਨ (ਗ੍ਰੇਅ) ਐਲਾਨਿਆ ਗਿਆ ਹੈ ਪਰ ਪੱਛਮੀ ਹਰਿਆਣਾ ਵਿੱਚ ਹਾਲਤ ਚਿੰਤਾਜਨਕ ਹੈ।

ਅਰੋੜਾ ਮੁਤਾਬਕ ਮੀਂਹ ਦੀ ਕਮੀ ਕਾਰਨ ਜ਼ਮੀਨ ਦਾ ਪਾਣੀ ਘੱਟਦਾ ਜਾ ਰਿਹਾ ਹੈ।

ਇਹ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)