ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਕਿਉਂ ਹੈ ਮੁਸ਼ਕਲ?

ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਬੇਕਾਰ ਸਾਬਿਤ ਹੋ ਰਹੀਆਂ ਹਨ Image copyright Getty Images
ਫੋਟੋ ਕੈਪਸ਼ਨ ਤਾਜ ਮਹਿਲ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਬੇਕਾਰ ਸਾਬਿਤ ਹੋ ਰਹੀਆਂ ਹਨ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਤਾਜ ਮਹਿਲ ਨੂੰ ਹੋਣ ਵਾਲੇ ਨੁਕਸਾਨ 'ਤੇ ਸਖ਼ਤ ਟਿੱਪਣੀ ਕੀਤੀ ਹੈ।

ਦਰਅਸਲ ਆਗਰਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਭਾਰੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਸੰਗਮਰਮਰ ਨਾਲ ਬਣੀ ਇਸ ਇਮਾਰਤ ਦਾ ਸਫੇਦ ਰੰਗ ਹੁਣ ਹਰੇ ਰੰਗ ਵਿੱਚ ਬਦਲ ਰਿਹਾ ਹੈ।

ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਹੈ ਕਿ ਤਾਜ ਮਹਿਲ ਨੂੰ ਬਚਾਇਆ ਜਾਵੇ ਜਾਂ ਬੰਦ ਜਾਂ ਜ਼ਮੀਂਦੋਜ਼ ਕਰ ਦਿੱਤਾ ਜਾਵੇ।

ਇਸ ਤੋਂ ਪਹਿਲਾਂ 9 ਮਈ ਨੂੰ ਸੁਪਰੀਮ ਕੋਰਟ ਨੇ ਤਾਜ ਮਹਿਲ ਦੀ ਸਾਂਭ ਸੰਭਾਲ ਦੀ ਸਥਿਤੀ ਨੂੰ ਲੈ ਕੇ ਭਾਰਤੀ ਪੁਰਾਸਰੀ ਸਰਵੇਖਣ ਨੂੰ ਵੀ ਆੜੇ ਹੱਥੀ ਲਿਆ ਸੀ।

ਕੋਰਟ ਨੇ ਕਿਹਾ ਸੀ ਕਿ ਜੇ ਤਾਜ ਮਹਿਲ ਨੂੰ ਬਚਾਉਣਾ ਹੈ ਤਾਂ ਕੇਂਦਰ ਸਰਕਾਰ ਨੂੰ ਏਐਸਆਈ ਦੀ ਥਾਂ ਦੂਜੇ ਬਦਲ ਦੀ ਤਲਾਸ਼ ਕਰਨੀ ਚਾਹੀਦੀ ਹੈ।

ਤਾਜ ਮਹਿਲ ਨੂੰ ਆਪਣੇ ਪੁਰਾਣੇ ਸਰੂਪ ਵਿੱਚ ਵਾਪਸ ਲਿਆਉਣ ਲਈ ਸਮੇਂ-ਸਮੇਂ 'ਤੇ ਕਈ ਤਰੀਕੇ ਦੀਆਂ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਪਰ ਹੁਣ ਤੱਕ ਕੋਈ ਵੀ ਕੋਸ਼ਿਸ਼ ਇੰਨੀ ਕਾਰਗਰ ਨਹੀਂ ਸਾਬਿਤ ਹੋਈ ਹੈ ਜਿਸ ਨਾਲ ਤਾਜ ਮਹਿਲ ਦੀ ਖੂਬਰਸੂਰਤੀ ਨੂੰ ਵਾਪਸ ਲਿਆਇਆ ਜਾ ਸਕੇ।

Image copyright Getty Images
ਫੋਟੋ ਕੈਪਸ਼ਨ ਤਾਜ ਮਹਿਲ ਨੂੰ ਕਈ ਪਾਸਿਓ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਆਖਿਰ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਤਾਜ ਮਹਿਲ ਦੀ ਇੰਨੀ ਮਾੜੀ ਹਾਲਤ ਹੋਈ।

ਸਾਲ 2015 ਵਿੱਚ ਭਾਰਤ ਅਤੇ ਅਮਰੀਕਾ ਦੇ ਰਿਸਰਚਰਾਂ ਨੇ ਤਾਜ ਮਹਿਲ ਦੇ ਪ੍ਰਦੂਸ਼ਣ ਦੇ ਕਾਰਨਾਂ ਦੀ ਜਾਂਚ ਕਰਨ ਲਈ ਇੱਕ ਸ਼ੋਧ ਕੀਤਾ ਸੀ ਜਿਸ ਦੇ ਨਤੀਜੇ ਇੱਕ ਮੰਨੇ-ਪਰਮੰਨੇ ਜਰਨਲ 'ਇਨਵਾਇਰਮੈਂਟਲ ਸਾਈਂਸ ਅਤੇ ਟੈਕਨੌਲਜੀ' ਵਿੱਚ ਪ੍ਰਕਾਸ਼ਿਤ ਹੋਏ ਸਨ।

ਇਸਦੇ ਲੇਖਕਾਂ ਵਿੱਚੋਂ ਇੱਕ ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਸਚਦਾਨੰਦ ਤ੍ਰਿਪਾਠੀ ਨੇ ਬੀਬੀਸੀ ਨੂੰ ਇਸ ਬਾਰੇ ਗੱਲ ਕਰਦੇ ਹੋਏ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ।

ਤਾਜ ਮਹਿਲ ਦੇ ਪ੍ਰਦੂਸ਼ਣ ਦਾ ਕਾਰਨ

ਪ੍ਰੋਫੈਸਰ ਤ੍ਰਿਪਾਠੀ ਦੱਸਦੇ ਹਨ, "ਤਾਜ ਮਹਿਲ ਦਾ ਰੰਗ ਬਦਲਣ ਦਾ ਕਾਰਨ ਪਾਰਟੀਕੁਲੇਟ ਮੈਟਰ ਹੈ ਜਿਸ ਨਾਲ ਦਿੱਲੀ ਅਤੇ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਸਥਿੱਤ ਤਮਾਮ ਦੂਜੇ ਸ਼ਹਿਰ ਵੀ ਜੂਝ ਰਹੇ ਹਨ।''

"ਇਸਦੇ ਇਲਾਵਾ ਕੂੜਾ ਜਲਾਉਣ ਕਾਰਨ ਜੋ ਵੀ ਧੂਆਂ ਅਤੇ ਰਾਖ ਹਵਾ ਵਿੱਚ ਉੱਡਦੀ ਹੈ ਉਹ ਉੱਡ ਕੇ ਤਾਜ ਮਹਿਲ 'ਤੇ ਜਾ ਕੇ ਬੈਠ ਜਾਂਦੀ ਹੈ ਜਿਸ ਨਾਲ ਉਸ ਦੇ ਰੰਗ ਵਿੱਚ ਅੰਤਰ ਆਉਂਦਾ ਹੈ।''

Image copyright Getty Images
ਫੋਟੋ ਕੈਪਸ਼ਨ ਤਾਜ ਮਹਿਲ ਦੇ ਬਦਲਦੇ ਰੰਗ ਲਈ ਕਾਰਖਾਨਿਆਂ ਤੇ ਗੱਡੀਆਂ ਦਾ ਧੂੰਆਂ ਜ਼ਿੰਮੇਵਾਰ ਹੈ

ਉੱਥੇ ਹੀ ਸੈਂਟਰ ਫੌਰ ਸਾਈਂਸ ਐਂਡ ਇਨਵਾਇਰਮੈਂਟ ਨਾਲ ਜੁੜੀ ਸ਼ਾਂਭਵੀ ਸ਼ੁਕਲਾ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਤਾਜ ਮਹਿਲ ਨੂੰ ਹੋਣ ਵਾਲੇ ਨੁਕਸਾਨ ਦੇ ਦੂਜੇ ਕਾਰਨਾਂ ਵੱਲ ਇਸ਼ਾਰਾ ਕੀਤਾ।

ਸ਼ਾਂਭਵੀ ਸ਼ੁਕਲਾ ਕਹਿੰਦੇ ਹਨ, "ਸਾਲ 2013 ਵਿੱਚ ਵੀ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਤਾਜ ਮਹਿਲ ਦੇ ਰੰਗ ਵਿੱਚ ਪੀਲਾਪਨ ਆ ਰਿਹਾ ਹੈ ਹੁਣ ਉਸਦਾ ਰੰਗ ਹਰਾ ਹੋਣ ਦੀ ਗੱਲ ਵੀ ਕੀਤੀ ਜਾ ਰਹੀ ਹੈ।''

"ਜੇ ਇਸਦੇ ਕਾਰਨਾਂ ਦੀ ਗੱਲ ਕਰੀਏ ਤਾਂ ਆਗਰਾ ਵਿੱਚ ਨਗਰ ਨਿਗਮ ਦਾ ਸੌਲਿਡ ਵੇਸਟ ਜਲਾਉਣਾ ਇਸਦਾ ਮੁੱਖ ਕਾਰਨ ਹੈ।''

"ਇਸਦੇ ਨਾਲ ਹੀ ਤਾਜ ਮਹਿਲ ਦੇ ਆਲੇ-ਦੁਆਲੇ ਕਾਫੀ ਵੱਡੀ ਗਿਣਤੀ ਵਿੱਚ ਕਾਰਖਾਨੇ ਵੀ ਹਨ। ਜਦੋਂ ਦਿੱਲੀ ਵਿੱਚੋਂ ਪੁਰਾਣੀ ਗੱਡੀਆਂ ਉੱਤੇ ਬੈਨ ਲਾਇਆ ਜਾਂਦਾ ਹੈ ਤਾਂ ਇਹ ਗੱਡੀਆਂ ਇਨ੍ਹਾਂ ਸ਼ਹਿਰਾਂ ਵਿੱਚ ਪਹੁੰਚ ਜਾਂਦੀਆਂ ਹਨ ਜਿਨ੍ਹਾਂ ਕਾਰਨ ਆਗਰਾ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਰਿਹਾ ਹੈ।''

ਇਹ ਵੀ ਪੜ੍ਹੋ:

ਆਗਰਾ ਵਿੱਚ ਪ੍ਰਦੂਸ਼ਣ ਦੇ ਹੋਰ ਕਾਰਨਾਂ ਬਾਰੇ ਸ਼ਾਂਭਵੀ ਸ਼ੁਕਲਾ ਕਹਿੰਦੇ ਹਨ, "ਆਗਰਾ ਵਿੱਚ ਬਾਇਓਮਾਸ ਨੂੰ ਜਲਾਇਆ ਜਾਂਦਾ ਹੈ ਜਿਸ ਨਾਲ ਪੀਐੱਮ 2.5 ਪੋਲਿਊਟੈਂਟ ਨਿਕਲਦਾ ਹੈ। ਇਸਦੇ ਇਲਾਵਾ ਗੱਡੀਆਂ ਦੇ ਧੂਏਂ ਅਤੇ ਕਾਰਖਾਨੇ ਦੇ ਧੂਏਂ ਤੋਂ ਨਿਕਲਦੀ ਨਾਈਟਰੋਜ਼ਨ ਡਾਇਓਕਸਾਈਡ ਦੇ ਸੰਪਰਕ ਵਿੱਚ ਆ ਕੇ 2.5 ਪੋਲਿਊਟੈਂਟ ਦੇ ਕਣ ਉਨ੍ਹਾਂ ਦੇ ਨਾਲ ਚਿਪਕ ਜਾਂਦੇ ਹਨ ਅਤੇ ਇਹ ਤਾਜ ਮਹਿਲ 'ਤੇ ਜਾ ਕੇ ਬੈਠ ਜਾਂਦੇ ਹਨ।''

ਤਾਜ ਮਹਿਲ ਦੇ ਬਚਾਅ ਦਾ ਤਰੀਕਾ

ਤਾਜ ਮਹਿਲ ਨੂੰ ਹੋ ਰਹੇ ਨੁਕਸਾਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਸ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਾਉਣ ਦੀ ਗੱਲ ਵੀ ਸਾਹਮਣੇ ਆਈ ਸੀ।

ਪਰ ਸ਼ਾਂਭਵੀ ਸ਼ੁਕਲਾ ਮੰਨਦੇ ਹਨ ਕਿ ਜਦੋਂ ਤੱਕ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਨਹੀਂ ਕੀਤਾ ਜਾਵੇਗਾ ਤਦ ਤੱਕ ਲੀਪਾਪੋਤੀ ਨਾਲ ਕੰਮ ਨਹੀਂ ਚੱਲੇਗਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਤਾਜ ਮਹਿਲ ਨੂੰ ਬਚਾਉਣ ਲਈ ਮਿੱਟੀ ਦਾ ਲੇਪ ਵੀ ਲਾਇਆ ਗਿਆ ਸੀ

ਕਾਨਪੁਰ ਆਈਆਈਟੀ ਦੇ ਪ੍ਰੋਫੈਸਰ ਤ੍ਰਿਪਾਠੀ ਵੀ ਇਸੇ ਤਰਕ ਨਾਲ ਸਹਿਮਤ ਹੁੰਦੇ ਹੋਏ ਮੁੱਖ ਸਮੱਸਿਆਵਾਂ ਦੇ ਹੱਲ ਵੱਲ ਜ਼ੋਰ ਦਿੰਦੇ ਹਨ।

ਉਹ ਕਹਿੰਦੇ ਹਨ, "ਮਕਸਦ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਸਥਾਨਕਤ-ਖੇਤਰੀ ਅਤੇ ਦੂਰ-ਦਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਪ੍ਰਦੂਸ਼ਣ ਦੇ ਕਣਾਂ ਨੂੰ ਰੋਕੀਏ।''

"ਸਥਾਨਕ ਪੱਧੜ 'ਤੇ ਸੜ੍ਹਕਾਂ ਦੇ ਦੋਵੇਂ ਪਾਸੇ ਫੁੱਟਪਾਥ 'ਤੇ ਘਾਹ ਵਿਛਾਈ ਜਾ ਸਕਦੀ ਹੈ ਜਿਸ ਨਾਲ ਧੂੜ ਉੱਡਣਾ ਬੰਦ ਹੋ ਸਕਦੀ ਹੈ।''

"ਜੇ ਸ਼ਹਿਰ ਦੇ ਕੂੜੇ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਾਇਆ ਜਾ ਸਕੇ ਅਤੇ ਉਸਨੂੰ ਜਲਾਇਆ ਨਾ ਜਾਵੇ ਤਾਂ 2.5 ਪੋਲੀਊਟੈਂਟ ਨੂੰ ਫੌਰਨ ਰੋਕਿਆ ਜਾ ਸਕਦਾ ਹੈ।''

ਪ੍ਰੋਫੈਸਰ ਤ੍ਰਿਪਾਠੀ ਦੱਸਦੇ ਹਨ ਕਿ ਇਸ ਸਮੱਸਿਆ ਦੇ ਹੱਲ ਦੇ ਲਈ ਪਾਵਰ ਪਲਾਂਟ ਵਰਗੇ ਤਰੀਕੇ ਵੀ ਤਲਾਸ਼ੇ ਜਾ ਸਕਦੇ ਹਨ ਜਿਸ ਲਈ ਬਿਹਤਰ ਤਕਨੀਕ ਦੀ ਲੋੜ ਪਵੇਗੀ।

ਦਿੱਲੀ ਦਾ ਪ੍ਰਦੂਸ਼ਣ ਵੀ ਹੈ ਕਾਰਨ

ਪ੍ਰੋਫੈਸਰ ਤ੍ਰਿਪਾਠੀ ਨੇ ਰਿਸਰਚ ਵਿੱਚ ਇਹ ਸਿੱਟਾ ਕੱਢਿਆ ਕਿ ਤਾਜ ਮਹਿਲ ਨੂੰ ਹੋਣ ਵਾਲੇ ਨੁਕਸਾਨ ਲਈ ਰੇਗਿਸਤਾਨੀ ਧੂੜ ਵੀ ਇਹ ਅਹਿਮ ਭੂਮਿਕਾ ਨਿਭਾਉਂਦੀ ਹੈ।

ਦਿੱਲੀ ਦੇ ਪ੍ਰਦੂਸ਼ਣ ਬਾਰੇ ਉਹ ਦੱਸਦੇ ਹਨ, "ਸਰਦੀਆਂ ਦੀ ਮੌਸਮ ਵਿੱਚ ਦਿੱਲੀ ਵਿੱਚ ਜੋ ਪ੍ਰਦੂਸ਼ਣ ਵੇਖਣ ਨੂੰ ਮਿਲਦਾ ਹੈ ਉਹ ਉੱਤਰ ਪੱਛਮੀ ਹਵਾਵਾਂ ਕਾਰਨ ਆਗਰਾ ਤੱਕ ਜਾਂਦਾ ਹੈ।''

Image copyright Getty Images
ਫੋਟੋ ਕੈਪਸ਼ਨ ਤਾਜ ਮਹਿਲ ਦੇ ਆਲੇ-ਦੁਆਲੇ ਕਈ ਕਾਰਨਖਾਨੇ ਹਨ

"ਅਸੀਂ ਦਿੱਲੀ ਅਤੇ ਇਸਦੇ ਉੱਤਰੀ ਪੱਛਮ ਵਿੱਚ ਜੋ ਸੂਬੇ ਹਨ ਉਨ੍ਹਾਂ ਵਿੱਚ ਜੇ ਹਵਾ ਦੇ ਪ੍ਰਦੂਸ਼ਣ ਨੂੰ ਘਟਾਵਾਂਗੇ ਤਾਂ ਤਾਜ ਮਹਿਲ 'ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ।

ਕੀ ਵਿਦੇਸ਼ੀ ਮਦਦ ਨਾਲ ਹੋਵੇਗਾ ਫਾਇਦਾ?

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਤਾਜ ਮਹਿਲ ਨੂੰ ਉਸਦੀ ਖੂਬਸੂਰਤੀ ਵਾਪਸ ਦੇਣ ਲਈ ਟਿੱਪਣੀ ਕੀਤੀ ਸੀ ਕਿ ਤਾਜ ਮਹਿਲ ਨੂੰ ਜੇ ਬਚਾਉਣਾ ਹੈ ਤਾਂ ਏਐੱਸਆਈ ਨੂੰ ਇਸ ਤੋਂ ਵੱਖ ਕਰਨਾ ਹੋਵੇਗਾ।

ਅਜਿਹੇ ਵਿੱਚ ਇਸ ਸਮੱਸਿਆ ਦੇ ਲਈ ਵਿਦੇਸ਼ੀ ਏਜੰਸੀਆਂ ਦੀ ਮਦਦ ਤੇ ਪ੍ਰੋਫੈਸਰ ਤ੍ਰਿਪਾਠੀ ਕਹਿੰਦੇ ਹਨ, "ਇਸ ਨਾਲ ਕੋਈ ਖਾਸ ਫਾਇਦਾ ਨਹੀਂ ਹੋਵੇਗਾ ਕਿਉਂਕਿ ਸਾਡੇ ਕੋਲ ਅਧਿਐਨ ਅਤੇ ਤਕਨੀਕ ਮੌਜੂਦ ਹੈ ਅਤੇ ਸਾਨੂੰ ਇਸਦਾ ਹੱਲ ਵੀ ਪਤਾ ਹੈ ਜਿਨ੍ਹਾਂ ਨੂੰ ਅਮਲ ਵਿੱਚ ਲਾਉਣਾ ਜ਼ਰੂਰੀ ਹੈ।''

Image copyright Getty Images
ਫੋਟੋ ਕੈਪਸ਼ਨ ਤਾਜ ਮਹਿਲ ਦੇ ਵਿਗੜਦੇ ਸਰੂਪ ਲਈ ਦਿੱਲੀ ਦਾ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ

ਸੁਪਰੀਮ ਕੋਰਟ ਵਿੱਚ ਤਾਜ ਮਹਿਲ ਨੂੰ ਬਚਾਉਣ ਲਈ ਸੀਨੀਅਰ ਵਕੀਲ ਐਮ ਸੀ ਮਹਿਤਾ ਇੱਕ ਲੰਬੇ ਵਕਤ ਤੋਂ ਕਾਨੂੰਨੀ ਲੜਾਈ ਲੜ ਰਹੇ ਹਨ।

ਉਨ੍ਹਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਪਹਿਲਾ ਹੁਕਮ 1993 ਵਿੱਚ ਦਿੱਤਾ ਸੀ ਕਿ ਤਾਜ ਮਹਿਲ ਦੇ ਆਲੇ-ਦੁਆਲੇ 500 ਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਜਾਵੇ।

ਇਸ ਤੋਂ ਬਾਅਦ ਤਾਜ ਮਹਿਲ ਦੇ ਕਰੀਬ ਸਥਿਤ ਕਾਰਖਾਨਿਆਂ ਅਤੇ ਸ਼ਮਸ਼ਾਨ ਘਾਟਾਂ ਨੂੰ ਬੰਦ ਕਰਵਾਇਆ ਗਿਆ ਪਰ ਇਸਦੇ ਬਾਵਜੂਦ ਹਵਾ ਪ੍ਰਦੂਸ਼ਣ ਦੇ ਮਾਮਲੇ ਵਿੱਚ ਆਗਰਾ ਸਭ ਤੋਂ ਮਾੜੇ ਹਾਲਾਤ ਵਾਲੇ ਸ਼ਹਿਰਾਂ ਵਿੱਚ ਅੱਠਵੇਂ ਨੰਬਰ 'ਤੇ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)