'ਮੇਰੀ ਮਾਮੀ ਨੇ ਹੈਲਮਟ ਪਾਇਆ ਹੁੰਦਾ ਤਾਂ ਸ਼ਾਇਦ ਉਹ ਬਚ ਜਾਂਦੇ'

ਅਸ਼ੋਕ ਲਤਾ ਅਤੇ ਦਿਲਪ੍ਰੀਤ ਕੌਰ
ਫੋਟੋ ਕੈਪਸ਼ਨ ਅਸ਼ੋਕ ਲਤਾ (ਖੱਬੇ) ਅਤੇ ਦਿਲਪ੍ਰੀਤ ਕੌਰ ਦੋਵੇਂ ਚੰਡੀਗ੍ਹੜ ਵਿੱਚ ਸਕੂਟੀ ਚਲਾਉਂਦੀਆਂ ਹਨ।

"ਮੇਰੀ ਮਾਮੀ ਜੀ ਦੀ ਪਿਛਲੇ ਸਾਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਮੌਤ ਦਾ ਕਾਰਨ ਸੀ ਸਿਰ ਵਿੱਚ ਸੱਟ ਲੱਗਣਾ, ਜੇਕਰ ਉਨ੍ਹਾਂ ਦੇ ਹੈਲਮਟ ਪਾਇਆ ਹੁੰਦਾ ਤਾਂ ਸ਼ਾਇਦ ਉਹ ਬਚ ਜਾਂਦੇ"

ਇਹ ਸ਼ਬਦ ਚੰਡੀਗੜ੍ਹ ਵਿੱਚ ਪ੍ਰਾਈਵੇਟ ਨੌਕਰੀ ਕਰਨ ਵਾਲੀ ਦਿਲਪ੍ਰੀਤ ਕੌਰ ਦੇ ਹਨ। ਉਹ ਪਿਛਲੇ ਛੇ ਸਾਲਾਂ ਤੋਂ ਦੋ ਪਹੀਆ ਵਾਹਨ ਚਲਾ ਰਹੇ ਹਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਟੂ ਵ੍ਹੀਲਰ ਚਲਾਉਣ ਅਤੇ ਪਿੱਛੇ ਬੈਠਣ ਸਮੇਂ ਔਰਤਾਂ ਲਈ ਹੈਲਮਟ ਜ਼ਰੂਰੀ ਕੀਤੇ ਜਾਣ ਦੇ ਹਮਾਇਤੀ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦਿਲਪ੍ਰੀਤ ਕੌਰ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਹੈਲਮਟ ਪਾਉਣ ਵਿੱਚ ਕੋਈ ਬੁਰਾਈ ਹੈ, ਸਗੋਂ ਇਸ ਦਾ ਫ਼ਾਇਦਾ ਹੀ ਹੈ। ਇਸ ਪੂਰੇ ਮਾਮਲੇ ਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ।"

ਇਹ ਵੀ ਪੜ੍ਹੋ꞉

"ਜੇਕਰ ਕਿਸੇ ਨੂੰ ਲੱਗਦਾ ਹੈ ਕਿ ਹੈਲਮਟ ਪਾਉਣ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦਾ ਹੈ ਤਾਂ ਉਹ ਦਸਤਾਰ ਸਜਾ ਸਕਦਾ ਹੈ। ਮਸਲਾ ਸਿਰ ਦੀ ਸੁਰੱਖਿਆ ਦਾ ਹੈ ਇਸ ਵਿੱਚ ਫ਼ਾਇਦਾ ਵੀ ਸਾਡਾ ਹੈ।"

ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ ਉਹ ਹੈਲਮਟ ਨਹੀਂ ਸੀ ਪਾਉਂਦੇ ਪਰ ਛੇਤੀ ਹੀ ਨਵਾਂ ਹੈਲਮਟ ਖ਼ਰੀਦ ਕੇ ਪਾਉਣਾ ਸ਼ੁਰੂ ਕਰ ਦੇਣਗੇ।

ਅਸ਼ੋਕ ਲਤਾ ਵੀ ਚੰਡੀਗੜ੍ਹ ਵਿੱਚ ਦੋ ਪਹੀਆ ਵਾਹਨ ਰਾਹੀਂ ਰੋਜ਼ਾਨਾ ਆਪਣੇ ਦਫ਼ਤਰ ਅਤੇ ਘਰ ਦਾ ਪੈਂਡਾ ਤੈਅ ਕਰਦੇ ਹਨ।

ਫੋਟੋ ਕੈਪਸ਼ਨ ਦਿਲਪ੍ਰੀਤ ਮੁਤਾਬਕ ਹੈਲਮਟ ਪਾਉਣ ਵਿੱਚ ਕੋਈ ਬੁਰਾਈ ਹੈ, ਸਗੋਂ ਇਸ ਦਾ ਫ਼ਾਇਦਾ ਹੀ ਹੈ।

ਉਨ੍ਹਾਂ ਮੁਤਾਬਕ ਜਦੋਂ ਦਾ ਉਨ੍ਹਾਂ ਨੇ ਟੂ ਵ੍ਹੀਲਰ ਖ਼ਰੀਦਿਆ ਹੈ ਉਦੋਂ ਤੋ ਹੀ ਉਹ ਹੈਲਮਟ ਪਾ ਰਹੇ ਹਨ।

ਅਸ਼ੋਕ ਲਤਾ ਅਨੁਸਾਰ ਉਹ ਕਿਸੇ ਕਾਨੂੰਨ ਦੇ ਡਰ ਕਾਰਨ ਨਹੀਂ ਸਗੋਂ ਆਪਣੀ ਸੁਰੱਖਿਆ ਕਰਕੇ ਅਜਿਹਾ ਕਰ ਰਹੇ ਹਨ।

ਉਨ੍ਹਾਂ ਕਿਹਾ, "ਜ਼ਿੰਦਗੀ ਕੀਮਤੀ ਹੈ ਅਤੇ ਇਸ ਦਾ ਖ਼ਿਆਲ ਵੀ ਸਾਨੂੰ ਰੱਖਣਾ ਚਾਹੀਦਾ।"

ਇਹ ਵੀ ਪੜ੍ਹੋ꞉

ਚੰਡੀਗੜ੍ਹ ਵਿੱਚ ਹੈਲਮਟ ਬਾਰੇ ਨਵਾਂ ਨਿਯਮ

ਚੰਡੀਗੜ੍ਹ ਟਰਾਂਸਪੋਰਟ ਵਿਭਾਗ ਦੇ ਸਕੱਤਰ ਬੀਐਲ ਸ਼ਰਮਾ ਵੱਲੋਂ ਛੇ ਜੁਲਾਈ ਨੂੰ ਚੰਡੀਗੜ੍ਹ ਵਹੀਕਲ ਰੂਲ 1990 ਦੇ ਨਿਯਮ ਨੰਬਰ 193 ਵਿੱਚ ਸੋਧ ਦਾ ਹਵਾਲਾ ਦੇ ਕੇ ਹੈਲਮਟ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਜਦੋਂਕਿ ਇਸ ਤੋਂ ਪਹਿਲਾਂ ਔਰਤਾਂ ਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਤੋਂ ਛੋਟ ਸੀ। ਨਵੇਂ ਨਿਯਮਾਂ ਮੁਤਾਬਕ ਉਨ੍ਹਾਂ ਸਿੱਖ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਛੋਟ ਹੋਵੇਗੀ ਜੋ ਦਸਤਾਰ ਸਜਾ ਕੇ ਟੂ ਵ੍ਹੀਲਰ ਚਲਾਉਣਗੇ।

ਫੋਟੋ ਕੈਪਸ਼ਨ ਫਿਲਹਾਲ ਪੁਲੀਸ ਬਿਨਾਂ ਹੈਲਮਟ ਦੇ ਦੋ ਪਹੀਆ ਚਲਾਉਣ ਵਾਲੀਆ ਬੀਬੀਆਂ ਦੇ ਚਲਾਨ ਨਹੀਂ ਕੱਟ ਰਹੀ।

ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦਾ ਅੰਕੜਾ

ਟੂ-ਵੀਲ੍ਹਰ ਸਵਾਰ ਔਰਤਾਂ ਦੇ ਸੜਕ ਹਾਦਸੇ ਵਿੱਚ ਸਿਰ ਉੱਤੇ ਲੱਗੀ ਸੱਟ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਉੱਤੇ ਗ਼ੌਰ ਕਰਨ ਦੀ ਲੋੜ ਹੈ।

ਚੰਡੀਗੜ੍ਹ ਟਰੈਫ਼ਿਕ ਪੁਲਿਸ ਦੇ ਐਸਐਸਪੀ ਸਸ਼ਾਂਕ ਆਨੰਦ ਮੁਤਾਬਕ, "ਸਾਲ 2003 ਤੋਂ ਲੈ ਕੇ ਜੂਨ 2018 ਤੱਕ 43 ਔਰਤਾਂ ਦੀ ਮੌਤ ਹੋਈ।"

ਚੰਡੀਗੜ੍ਹ ਟਰੈਫ਼ਿਕ ਪੁਲਿਸ ਫ਼ਿਲਹਾਲ ਹੈਲਮਟ ਤੋਂ ਬਿਨਾ ਟੂ-ਵ੍ਹੀਲਰ ਚਲਾਉਣ ਵਾਲੀਆਂ ਔਰਤਾਂ ਦਾ ਚਲਾਨ ਨਹੀਂ ਕਰ ਰਹੀ ਸਗੋਂ ਇਸ ਬਾਰੇ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ।

ਸ਼੍ਰੋਮਣੀ ਕਮੇਟੀ ਦੀ ਦਲੀਲ

ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਫ਼ੈਸਲਾ ਸਿੱਖ ਮਰਯਾਦਾ ਦੇ ਉਲਟ ਹੈ।

ਫੋਟੋ ਕੈਪਸ਼ਨ "ਸਾਲ 2003 ਤੋਂ ਲੈ ਕੇ ਜੂਨ 2018 ਤੱਕ 43 ਔਰਤਾਂ ਦੀ ਮੌਤ ਹੋਈ।"

ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ "ਲੋਹ-ਟੋਪ ਪਾਉਣਾ ਸਿੱਖ ਸਿਧਾਂਤਾਂ ਦੇ ਉਲਟ ਹੈ ਇਸ ਲਈ ਇਸ ਨੂੰ ਸਿੱਖਾਂ ਉੱਤੇ ਥੋਪਣਾ ਨਹੀਂ ਚਾਹੀਦਾ। ਹੈਲਮਟ ਪਾਉਣਾ ਜਾਂ ਨਹੀਂ ਪਾਉਣਾ ਇਹ ਵਿਅਕਤੀ ਜਾਂ ਔਰਤ ਦੀ ਇੱਛਾ ਉੱਤੇ ਛੱਡ ਦੇਣਾ ਚਾਹੀਦਾ ਹੈ।"

ਦੂਜੇ ਪਾਸੇ ਇਸ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਜਾਗੀਰ ਕੌਰ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿਖੇ ਹੰਗਾਮੀ ਬੈਠਕ ਹੋਈ ਜਿਸ ਵਿੱਚ ਉਨ੍ਹਾਂ ਪ੍ਰਸ਼ਾਸਨ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ