ਭਾਰਤ ਦੇ ਇੰਜੀਨੀਅਰਾਂ ਨੇ ਇੰਝ ਦਿੱਤਾ ਥਾਈਲੈਂਡ ਆਪਰੇਸ਼ਨ ਨੂੰ ਅੰਜਾਮ

ਆਖ਼ਰਕਾਰ ਪਿਛਲੇ ਹਫ਼ਤੇ ਐਤਵਾਰ ਨੂੰ ਥਾਈਲੈਂਡ ਦੀ ਗੁਫ਼ਾ ਵਿੱਚ ਫਸੇ 12 ਬੱਚਿਆਂ ਅਤੇ ਫੁੱਟਬਾਲ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਬੱਚੇ ਕਰੀਬ ਦੋ ਹਫ਼ਤੇ ਤੋਂ ਵੱਧ ਸਮਾਂ ਗੁਫ਼ਾ ਵਿੱਚ ਫਸੇ ਰਹੇ। ਮੀਂਹ ਅਤੇ ਝੱਖੜ ਕਾਰਨ ਬਚਾਅ ਕਾਰਜ ਟੀਮ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ।
ਬਹੁਤੇ ਲੋਕ ਭਾਰਤ ਦੀ ਕਿਰਲੌਸਕਰ ਬ੍ਰਦਰਜ਼ ਲਿਮਿਟਡ ਕੰਪਨੀ (KBL) ਬਾਰੇ ਨਹੀਂ ਜਾਣਦੇ, ਉਹ ਕੰਪਨੀ ਜਿਹੜੀ ਥਾਈਲੈਂਡ ਦੇ ਬਚਾਅ ਕਾਰਜਾਂ ਵਿੱਚ ਸ਼ਾਮਲ ਸੀ। ਇਸ ਕੰਪਨੀ ਨੇ ਆਪਰੇਸ਼ਨ ਵਿੱਚ ਵਰਤੀ ਗਈ ਤਕਨੀਕ ਬਾਰੇ ਥਾਈਲੈਂਡ ਨੂੰ ਦੱਸਿਆ ਸੀ, ਗੁਫ਼ਾ ਵਿੱਚੋਂ ਪਾਣੀ ਕੱਢਣ ਲਈ ਜਿਹੜੇ ਪੰਪਾਂ ਦੀ ਵਰਤੋਂ ਕੀਤੀ ਗਈ ਉਸ ਬਾਰੇ ਵੀ ਉਨ੍ਹਾਂ ਨੇ ਹੀ ਸਲਾਹ ਦਿੱਤੀ।
ਥਾਈ ਸਰਕਾਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਹ ਮਦਦ ਮੰਗੀ ਸੀ। KBL ਨੇ ਆਪਣੀ 5 ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚੋਂ 2 ਭਾਰਤੀ, ਇੱਕ ਅਮਰੀਕੀ ਅਤੇ ਦੋ ਥਾਈਲੈਂਡ ਦੀ ਸਹਾਇਕ ਕੰਪਨੀ ਦੇ ਹੀ ਸਨ।
ਇਹ ਵੀ ਪੜ੍ਹੋ:
- ਥਾਈਲੈਂਡ ਦੀ ਗੁਫ਼ਾ 'ਚੋਂ ਬੱਚੇ ਇਸ ਤਰ੍ਹਾਂ ਸੁਰੱਖਿਅਤ ਕੱਢੇ ਗਏ
- ਬੱਚਿਆਂ ਨੂੰ ਗੁਫ਼ਾ ਅੰਦਰੋਂ ਕੱਢਣ ਦਾ ਮਿਸ਼ਨ ਜਾਰੀ
- ਥਾਈਲੈਂਡ: ਗੁਫ਼ਾ 'ਚੋਂ 8 ਬੱਚੇ ਬਾਹਰ, ਹੁਣ ਬਾਕੀ 5 ਲਈ ਤਿਆਰੀਆਂ
5 ਮੈਂਬਰ ਟੀਮ ਵਿੱਚ ਪ੍ਰਸਾਦ ਕੁਲਕਰਨੀ ਵੀ ਸ਼ਾਮਲ ਸਨ, ਜਿਹੜੇ ਇੱਕ ਡਿਜ਼ਾਈਨ ਹੈੱਡ ਦੇ ਤੌਰ 'ਤੇ ਕੰਮ ਕਰਦੇ ਹਨ ਅਤੇ ਭਾਰਤੀ ਟੀਮ ਨੂੰ ਵੀ ਉਨ੍ਹਾਂ ਨੇ ਲੀਡ ਕੀਤਾ। ਇਸ ਟੀਮ ਵਿੱਚ ਸ਼ਾਮ ਸ਼ੁਕਲਾ, ਫਿਲਿਪ ਡੀਲਨੇਅ, ਰੇਮਕੋ ਵਲੀਸਚ ਅਤੇ ਐਡੀਸੋਰਨ ਜਿੰਦਾਪੁਨ ਸ਼ਾਮਲ ਸਨ। ਪ੍ਰਸਾਦ ਕੁਲਕਰਨੀ ਮਹਾਰਾਸ਼ਟਰ ਦੇ ਸਾਂਗਲੀ ਤੋਂ ਹਨ ਅਤੇ ਸ਼ਾਮ ਸ਼ੁਕਲਾ ਪੁਣੇ ਦੇ ਰਹਿਣ ਵਾਲੇ ਹਨ।
ਬਚਾਅ ਕਾਰਜਾਂ ਦੌਰਾਨ ਲਗਾਤਾਰ ਬਾਰਿਸ਼ ਹੋ ਰਹੀ ਸੀ ਅਤੇ ਤੂਫ਼ਾਨ ਕਾਰਨ ਮੁਸ਼ਕਿਲਾਂ ਹੋਰ ਵੱਧ ਰਹੀਆਂ ਸਨ। ਗੁਫ਼ਾ ਵਿੱਚ ਵਧਦੇ ਪਾਣੀ ਦੇ ਪੱਧਰ ਨੇ ਆਪਰੇਸ਼ਨ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਸੀ। ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਫ਼ਾ ਵਿੱਚੋਂ ਪਾਣੀ ਕੱਢਣ ਦਾ ਆਪਰੇਸ਼ਨ ਕਿਵੇਂ ਚਲਾਇਆ ਗਿਆ।
ਔਖਾ ਅਤੇ ਮੁਸ਼ਕਿਲਾਂ ਨਾਲ ਭਰਿਆ ਆਪਰੇਸ਼ਨ
23 ਜੂਨ ਦੀ ਗੱਲ ਹੈ ਜਦੋਂ 12 ਫੁੱਟਬਾਲ ਖਿਡਾਰੀ ਥਾਈਲੈਂਡ ਦੀ ਗੁਫ਼ਾ ਵਿੱਚ ਫਸ ਗਏ ਇਸ ਖ਼ਬਰ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। 12 ਮੁੰਡਿਆਂ ਦਾ ਗਰੁੱਪ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਦੇਖਣ ਲਈ ਗਏ ਸਨ, ਅਚਾਨਕ ਹੜ੍ਹ ਆ ਗਿਆ ਤੇ ਉਹ ਸਾਰੇ ਗੁਫ਼ਾ ਵਿੱਚ ਹੀ ਫਸ ਗਏ।
2 ਜੁਲਾਈ ਨੂੰ ਉਨ੍ਹਾਂ ਦੀ ਖੋਜ ਕੀਤੀ ਗਈ ਸੀ ਉਸ ਤੋਂ ਪਹਿਲਾਂ 9 ਦਿਨ ਉਨ੍ਹਾਂ ਨੇ ਗੁਫ਼ਾ ਦੇ ਅੰਦਰ ਬਹੁਤ ਹੀ ਘੱਟ ਖਾਣੇ ਅਤੇ ਬਹੁਤ ਹੀ ਘੱਟ ਰੋਸ਼ਨੀ ਵਿੱਚ ਕੱਢੇ। ਖ਼ਬਰਾਂ ਇਹ ਵੀ ਆ ਰਹੀਆਂ ਸਨ ਕਿ ਇਹ ਆਪਰੇਸ਼ਨ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ।
ਭਾਰੀ ਮੀਂਹ ਅਤੇ ਪਾਣੀ ਦਾ ਪੱਧਰ ਵੱਧਣ ਕਾਰਨ ਇਹ ਆਪਰੇਸ਼ਨ ਐਤਵਾਰ 8 ਜੁਲਾਈ ਨੂੰ ਸ਼ੁਰੂ ਕੀਤਾ ਗਿਆ।
ਥਾਈ ਸਰਕਾਰ ਨੇ ਥਾਈਲੈਂਡ ਵਿੱਚ ਭਾਰਤੀ ਅੰਬੈਸੀ ਨੂੰ ਮਦਦ ਲਈ ਗੁਹਾਰ ਲਾਈ। ਉਨ੍ਹਾਂ ਨੇ ਕਿਰਲੌਸਕਰ ਭਰਾਵਾਂ ਤੋਂ ਗੁਫ਼ਾ ਅੰਦਰੋਂ ਪਾਣੀ ਬਾਹਰ ਕੱਢਣ ਲਈ ਪੰਪਾਂ ਦੀ ਮੰਗ ਕੀਤੀ। KBL ਦੀ ਥਾਈਲੈਂਡ ਵਿੱਚ ਸਹਾਇਕ ਕੰਪਨੀ ਹੈ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਇਹ ਯੋਜਨਾ ਬਣਾਈ।
ਉਨ੍ਹਾਂ ਨੇ ਆਪਰੇਸ਼ਨ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਸੂਚੀ ਤਿਆਰ ਕੀਤੀ ਅਤੇ ਪੰਜ ਮੈਂਬਰੀ ਟੀਮ ਨੂੰ ਜ਼ਰੂਰੀ ਉਪਕਰਨਾਂ ਅਤੇ ਪੰਪਾਂ ਦੇ ਨਾਲ ਤੁਰੰਤ ਥਾਈਲੈਂਡ ਲਈ ਰਵਾਨਾ ਕੀਤਾ।
ਥਾਈ ਆਰਮੀ ਵੱਲੋਂ ਹੁਣ ਤੱਕ ਦੇ ਕੀਤੇ ਗਏ ਵੱਡੇ ਆਪਰੇਸ਼ਾਂ ਦਾ ਇਹ ਵੀ ਇੱਕ ਹਿੱਸਾ ਹੈ। ਪ੍ਰਸਾਦ ਕੁਲਕਰਨੀ ਵੱਲੋਂ ਲੀਡ ਕੀਤੀ ਜਾ ਰਹੀ ਭਾਰਤੀ ਟੀਮ ਨੇ ਦੂਜੇ ਦਿਨ ਆਪਣਾ ਕੰਮ ਸ਼ੁਰੂ ਕੀਤਾ। ਲਗਾਤਾਰ ਪੈ ਰਹੇ ਮੀਂਹ ਅਤੇ ਆ ਰਹੇ ਤੂਫ਼ਾਨ ਨੇ ਗੁਫ਼ਾ ਵਿੱਚ ਫਸੇ ਮੁੰਡਿਆ ਤੱਕ ਪਹੁੰਚ ਮੁਸ਼ਕਿਲ ਬਣਾ ਦਿੱਤਾ ਸੀ। ਗੁਫ਼ਾ ਵਿੱਚ ਉਨ੍ਹਾਂ ਦੁਆਲੇ ਹਰ ਪਾਸੇ ਪਾਣੀ ਸੀ।
ਕਿਵੇਂ ਚਲਾਇਆ ਗਿਆ ਆਪਰੇਸ਼ਨ
ਥਾਈ ਆਰਮੀ ਨੇ ਬੱਚਿਆਂ ਨੂੰ ਬਾਹਰ ਕੱਢਣ ਲਈ ਦੁਨੀਆਂ ਤੋਂ ਮਦਦ ਲਈ ਸੀ। ਉਨ੍ਹਾਂ ਨੂੰ ਖਾਣ ਦੀਆਂ ਚੀਜ਼ਾਂ ਅਤੇ ਮੈਡੀਕਲ ਮਦਦ ਮੁਹੱਈਆ ਕਰਵਾਈ ਜਾ ਰਹੀ ਸੀ।
ਪ੍ਰਸਾਦ ਕੁਲਰਨੀ ਨੇ ਟਾਈਮਜ਼ ਨਿਊਜ਼ ਨੈੱਟਵਰਕ ਨਾਲ ਇਸ ਆਪਰੇਸ਼ਨ ਬਾਰੇ ਗੱਲਬਾਤ ਕੀਤੀ, ''ਆਪਰੇਸ਼ਨ ਤੁਰੰਤ ਸ਼ੁਰੂ ਕੀਤਾ ਗਿਆ ਸੀ। ਅਸੀਂ 5 ਜੁਲਾਈ ਨੂੰ ਥਾਈਲੈਂਡ ਪਹੁੰਚ ਗਏ ਸੀ। ਸਾਡਾ ਮੁੱਖ ਕੰਮ ਪਾਣੀ ਨੂੰ ਬਾਹਰ ਕੱਢਣਾ ਅਤੇ ਬਚਾਅ ਕਾਰਜ ਟੀਮ ਦੀ ਮਦਦ ਕਰਨਾ ਸੀ।ਗੁਫ਼ਾ ਵਿੱਚ 90 ਡਿਗਰੀ ਦਾ ਮੋੜ ਸੀ। ਇਸ ਤੋਂ ਇਲਾਵਾ ਸਤਹ ਵੀ ਖੁਰਦਰੀ ਸੀ। ਅਜਿਹੇ ਹਾਲਾਤਾਂ ਵਿੱਚ ਗੁਫ਼ਾ ਦੇ ਬਿਲਕੁਲ ਅੰਦਰ ਤੱਕ ਪਹੁੰਚਣਾ ਬਹੁਤ ਔਖਾ ਸੀ। ''
ਇਹ ਵੀ ਪੜ੍ਹੋ:
- ਹੈਰਾਨ ਕਰ ਦੇਵੇਗੀ ਮੁੰਡਿਆਂ ਨੂੰ ਗੁਫ਼ਾ 'ਚੋਂ ਕੱਢਣ ਦੀ ਕਹਾਣੀ
- ਬੱਚਿਆਂ ਨੂੰ ਆਕਸੀਜਨ ਦੇਣ ਗਏ ਗੋਤਾਖੋਰ ਦੀ ਗੁਫ਼ਾ 'ਚ ਮੌਤ
- ਗੁਫ਼ਾ 'ਚ ਫਸੇ ਥਾਈ ਖਿਡਾਰੀ ਇੰਝ ਬਾਹਰ ਕੱਢੇ ਜਾ ਸਕਦੇ ਹਨ
ਗੁਫ਼ਾ ਦੇ ਬਾਹਰ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਸੀ। ਇੱਥੋਂ ਤੱਕ ਕਿ ਸਕੂਬਾ ਡਾਈਵਰ ਵੀ ਉਸ ਸਮੇਂ ਉਨ੍ਹਾਂ ਮੁੰਡਿਆ ਤੱਕ ਨਹੀਂ ਪਹੁੰਚ ਪਾ ਰਹੇ ਸੀ।
ਉਨ੍ਹਾਂ ਦੀ ਟੀਮ ਨੇ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਇਸ ਬਾਰੇ ਵੀ ਪ੍ਰਸਾਦ ਕੁਲਕਰਨੀ ਨੇ ਗੱਲਬਾਤ ਕੀਤੀ,''ਇੱਕ ਹੋਰ ਸਮੱਸਿਆ ਹਨੇਰੇ ਦੀ ਸੀ ਅਤੇ ਧੁੰਦ ਤੇ ਭਾਫ਼ ਕਾਰਨ ਘੱਟ ਵਿਖਾਈ ਦੇ ਰਿਹਾ ਸੀ। ਜਦੋਂ ਮੀਂਹ ਰੁਕਿਆ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸੀ। ਬਿਜਲੀ ਦਾ ਕੱਟ ਲੱਗਿਆ ਹੋਇਆ ਸੀ। ਇਸ ਕਰਕੇ ਕੋਈ ਬਦਲ ਨਹੀਂ ਸੀ ਪਰ ਪੰਪਾਂ ਦੀ ਘੱਟ ਸਮਰਥਾ ਦੀ ਵਰਤੋਂ ਕੀਤੀ ਗਈ।''
ਗੁਫ਼ਾ ਵਿੱਚੋਂ ਪੂਰੀ ਤਰ੍ਹਾਂ ਪਾਣੀ ਬਾਹਰ ਕੱਢਣ ਦਾ ਕੰਮ ਪ੍ਰਸਾਦ ਅਤੇ ਉਨ੍ਹਾਂ ਦੀ ਟੀਮ ਨੇ ਕੀਤਾ। ਉਨ੍ਹਾਂ ਨੇ 8 ਦਿਨ ਕੰਮ ਕੀਤਾ।
ਥਾਈ ਸਰਕਾਰ ਵੱਲੋਂ ਹੌਸਲਾ ਅਫਜ਼ਾਈ
ਇਸ ਬਚਾਅ ਕਾਰਜ ਨੂੰ ਪੂਰੀ ਦੁਨੀਆਂ ਦੇ ਮੀਡੀਆ ਨੇ ਕਵਰ ਕੀਤਾ। ਪੂਰੀ ਦੁਨੀਆਂ ਵਿੱਚ ਲੋਕ ਮੁੰਡਿਆਂ ਦੇ ਸੁਰੱਖਿਅਤ ਬਾਹਰ ਆਉਣ ਲਈ ਪ੍ਰਾਰਥਨਾ ਕਰ ਰਹੇ ਸਨ। ਆਖ਼ਰਕਾਰ ਆਪ੍ਰੇਸ਼ਨ ਕਾਮਯਾਬ ਹੋਇਆ। ਥਾਈ ਸਰਕਾਰ ਵੱਲੋਂ ਭਾਰਤੀ ਦੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ।
ਥਾਈ ਸਰਕਾਰ ਵੱਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਧੰਨਵਾਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਗੁਫ਼ਾ 'ਚੋਂ ਫੁੱਟਬਾਲ ਟੀਮ 9 ਦਿਨ ਬਾਅਦ ਸੁਰੱਖਿਅਤ ਮਿਲੀ
- ਗੁਫ਼ਾ 'ਚੋਂ ਕੱਢੇ ਬੱਚਿਆਂ ਨੂੰ ਹੋ ਸਕਦੀਆਂ ਇਹ ਬਿਮਾਰੀਆਂ
- ਗੁਫ਼ਾ 'ਚ ਫਸੇ ਬੱਚਿਆਂ ਦਾ ਸੁਨੇਹਾ, 'ਨਾ ਕਰੋ ਫਿਕਰ, ਅਸੀਂ ਹਾਂ ਬਹਾਦਰ'
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਸਰਕਾਰ ਨੇ ਥਾਈ ਸਰਕਾਰ ਦੀ ਮਦਦ ਕੀਤੀ ਹੋਵੇ। ਸਾਲ 2011 ਵਿੱਚ ਜਦੋਂ ਥਾਈਲੈਂਡ ਵਿੱਚ ਭਾਰੀ ਹੜ੍ਹ ਆਇਆ ਸੀ ਭਾਰਤ ਸਰਕਾਰ ਨੇ ਉਦੋਂ ਵੀ ਕਿਰਲੌਸਕਰ ਕੰਪਨੀ ਜ਼ਰੀਏ ਥਾਈ ਸਰਕਾਰ ਦੀ ਮਦਦ ਕੀਤੀ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)