ਜੇਕਰ ਡਿਗਰੀ ਜਾਅਲੀ ਹੈ ਤਾਂ ਮੈਂ ਇਸ 'ਚ ਕੁਝ ਨਹੀਂ ਕਰ ਸਕਦੀ -ਹਰਮਨਪ੍ਰੀਤ ਕੌਰ

  • ਅਰਵਿੰਦ ਛਾਬੜਾ/ਸਰਬਜੀਤ ਧਾਲੀਵਾਲ
  • ਪੱਤਰਕਾਰ, ਬੀਬੀਸੀ
ਹਰਮਨਪ੍ਰੀਤ ਕੌਰ
ਤਸਵੀਰ ਕੈਪਸ਼ਨ,

ਹਰਮਨਪ੍ਰੀਤ ਨੇ ਪੰਜਾਬ ਪੁਲੀਸ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਰੇਲਵੇ ਵਿੱਚ ਵੀ ਨੌਕਰੀ ਕੀਤੀ ਹੈ।

"ਕਾਨੂੰਨ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ, ਭਾਵੇਂ ਉਹ ਕੌਮਾਂਤਰੀ ਖਿਡਾਰੀ ਹੋਵੇ ਜਾਂ ਫਿਰ ਕੋਈ ਆਮ ਵਿਅਕਤੀ। ਕਾਨੂੰਨ ਮੁਤਾਬਕ ਜੇਕਰ ਉਸ ਨੇ ਕੁਝ ਵੀ ਗ਼ਲਤ ਕੀਤਾ ਹੈ ਤਾਂ ਉਸ ਉੱਤੇ ਉਹੀ ਕਾਰਵਾਈ ਬਣਦੀ ਹੈ ਜਿਹੜੀ ਆਮ ਵਿਅਕਤੀ ਖ਼ਿਲਾਫ਼ ਹੁੰਦੀ ਹੈ"

ਇਹ ਸ਼ਬਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੁਲ ਲਖਨਪਾਲ ਨੇ ਭਾਰਤੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਦੇ ਕਥਿਤ ਡਿਗਰੀ ਵਿਵਾਦ ਬਾਰੇ ਟਿੱਪਣੀ ਕਰਦਿਆਂ ਕਹੇ।

ਪੂਰੇ ਵਿਵਾਦ ਬਾਰੇ ਲਖਨਪਾਲ ਨੇ ਕਿਹਾ ਕਿ ਜੇਕਰ ਹਰਮਨਪ੍ਰੀਤ ਨੇ ਕਥਿਤ ਧੋਖਾਧੜੀ ਕੀਤੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਖਿਲਾਫ ਕਾਰਵਾਈ ਨਾ ਕਰਨਾ ਗਲਤ ਹੋਵੇਗਾ।

ਇਹ ਵੀ ਪੜ੍ਹੋ꞉

ਉਨ੍ਹਾਂ ਨੇ ਬੀਬੀਸੀ ਪੰਜਾਬੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਹਰਮਨਪ੍ਰੀਤ ਇੱਕ ਕੌਮਾਂਤਰੀ ਪੱਧਰ ਦੀ ਖਿਡਾਰਨ ਹੈ ਅਤੇ ਉਨ੍ਹਾਂ ਨੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਡੀਐਸਪੀ ਦੀ ਪੋਸਟ ਸਬੰਧੀ ਯੋਗਤਾ ਵਿੱਚ ਛੋਟ ਦੇ ਸਕਦੀ ਹੈ ਪਰ ਜੇਕਰ ਉਸ ਨੇ ਕੁਝ ਵੀ ਗ਼ਲਤ ਕੀਤਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ।

ਹਰਮਨਪ੍ਰੀਤ ਦਾ ਪੱਖ਼

ਵਿਵਾਦ ਤੋਂ ਬਾਅਦ ਪਹਿਲੀ ਵਾਰ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਗਰੀ ਫ਼ਰਜ਼ੀ ਨਹੀਂ ਹੈ।

"ਜੇਕਰ ਮੇਰੀ ਡਿਗਰੀ ਫ਼ਰਜ਼ੀ ਹੁੰਦੀ ਤਾਂ ਮੈਂ ਜ਼ਿੰਦਗੀ ਵਿੱਚ ਇੰਨਾ ਵੱਡਾ ਰਿਸਕ ਨਾ ਲੈਂਦੀ, ਮੈ ਇਸ ਡਿਗਰੀ ਦੇ ਆਧਾਰ ਉੱਤੇ ਨੌਕਰੀ ਕੀਤੀ ਹੈ, ਜੇਕਰ ਹੁਣ ਇਹ ਆ ਰਿਹਾ ਹੈ ਕਿ ਡਿਗਰੀ ਜਾਅਲੀ ਹੈ ਤਾਂ ਮੈਂ ਇਸ ਵਿਚ ਕੁਝ ਨਹੀਂ ਕਰ ਸਕਦੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਰਮਨਪ੍ਰੀਤ ਕੌਰ ਇੱਕ ਮੈਚ ਦੌਰਾਨ

ਉਨ੍ਹਾਂ ਦੱਸਿਆ ਕਿ ਡਿਗਰੀ ਬਾਰੇ ਖੜ੍ਹੇ ਹੋਏ ਵਿਵਾਦ ਬਾਰੇ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਾ ਹੈ ਕਿਉਂਕਿ ਉਨ੍ਹਾਂ ਦਾ ਜ਼ਿਆਦਾ ਧਿਆਨ ਕ੍ਰਿਕਟ ਵਿੱਚ ਹੈ ਅਤੇ ਜੋ ਕੁਝ ਹੋ ਰਿਹਾ ਹੈ ਉਹ ਉਨ੍ਹਾਂ ਲਈ ਵੀ ਹੈਰਾਨੀਜਨਕ ਹੈ।

ਹਰਮਨਪ੍ਰੀਤ ਕੌਰ ਅਨੁਸਾਰ ਡਿਗਰੀ ਵਿਵਾਦ ਕਾਰਨ ਉਸ ਨੂੰ ਮਾਨਸਿਕ ਤੌਰ ਉੱਤੇ ਕਾਫ਼ੀ ਪੀੜਾ ਵਿੱਚੋਂ ਨਿਕਲਣਾ ਪਿਆ ਹੈ ਅਤੇ ਹੁਣ ਇਸ ਬਾਰੇ ਹੋਰ ਜ਼ਿਆਦਾ ਗੱਲਾਂ ਨਾ ਕਰ ਕੇ ਆਪਣਾ ਧਿਆਨ ਕ੍ਰਿਕਟ ਵਿੱਚ ਕੇਂਦਰਿਤ ਕਰ ਕੇ ਆਪਣੇ ਆਪ ਨੂੰ ਵਿਵਾਦ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਪੁਲਿਸ ਦੀ ਰਾਇ

ਵਿਵਾਦ ਬਾਰੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਅਰਵਿੰਦ ਛਾਬੜਾ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੁਰੇਸ਼ ਅਰੋੜਾ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਸਪੱਸ਼ਟ ਕੀਤਾ, "ਡੀਐਸਪੀ ਦੀ ਪੋਸਟ ਸਬੰਧੀ ਹਰਮਨਪ੍ਰੀਤ ਆਪਣੀ ਲੋੜੀਂਦੀ ਯੋਗਤਾ ਪੂਰੀ ਕਰ ਕੇ ਇਸ ਉੱਤੇ ਦੁਬਾਰਾ ਆ ਸਕਦੀ ਹੈ ਕਿਉਂਕਿ ਉਸ ਨੂੰ ਸਪੋਰਟਸ ਕੋਟੇ ਤਹਿਤ ਇਹ ਨੌਕਰੀ ਮਿਲੀ ਸੀ।"

ਤਸਵੀਰ ਕੈਪਸ਼ਨ,

ਹਰਮਨਪ੍ਰੀਤ ਕੌਰ ਅਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਸੁਰੇਸ਼ ਅਰੋੜਾ ਦੀ ਇੱਕ ਪੁਰਾਣੀ ਤਸਵੀਰ।

ਪੰਜਾਬ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਨ ਦੌਰਾਨ ਉਨ੍ਹਾਂ ਦੀ ਕਥਿਤ ਤੌਰ 'ਤੇ ਜਾਅਲੀ ਡਿਗਰੀ ਮਿਲੀ ਜਿਸ ਤੋਂ ਬਾਅਦ ਸੂਬਾ ਪੁਲਿਸ ਨੇ ਪੰਜਾਬ ਸਰਕਾਰ ਨੂੰ ਹਰਮਨਪ੍ਰੀਤ ਕੌਰ ਨੂੰ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਿਸ਼ ਕੀਤੀ ਸੀ ਜਿਸ ਉੱਤੇ ਅੰਤਿਮ ਫ਼ੈਸਲਾ ਸਰਕਾਰ ਨੇ ਲੈਣਾ ਹੈ।

ਇਹ ਵੀ ਪੜ੍ਹੋ꞉

ਕੌਣ ਹਨ ਹਰਮਨਪ੍ਰੀਤ ਕੌਰ

ਅਰਜੁਨ ਐਵਾਰਡ ਜੇਤੂ ਹਰਮਨਪ੍ਰੀਤ ਕੌਰ 2017 ਵਿੱਚ ਵੁਮੈਨ ਵਿਸ਼ਵ ਕੱਪ ਦੌਰਾਨ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਸੁਰਖ਼ੀਆਂ ਵਿੱਚ ਆਏ ਸਨ।

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਦੁੱਨੇਕੇ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਆਪਣੀ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ 171 ਦੌੜਾਂ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਦਿਲਚਸਪੀ ਲੈ ਕੇ ਹਰਮਨਪ੍ਰੀਤ ਦੀ ਨਿਯੁਕਤੀ ਕਰਵਾਈ ਸੀ।

ਇਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹਰਮਨਪ੍ਰੀਤ ਕੌਰ ਨੂੰ ਸੂਬਾ ਪੁਲਿਸ ਵਿਚ ਡੀਐਸਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ। ਇਸ ਤੋਂ ਪਹਿਲਾਂ ਹਰਮਨਪ੍ਰੀਤ ਭਾਰਤੀ ਰੇਲਵੇ ਵਿਚ ਨੌਕਰੀ ਕਰਦੇ ਸਨ।

ਇਸ ਤੋਂ ਬਾਅਦ ਸਾਲ 2018 ਦੇ ਮਾਰਚ ਮਹੀਨੇ ਵਿਚ ਹਰਮਨਪ੍ਰੀਤ ਕੌਰ ਨੂੰ ਡੀਐਸੀਪੀ ਵਜੋਂ ਪੰਜਾਬ ਪੁਲਿਸ ਵਿਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)