ਹਰਿਆਣਾ ਦਾ ਉਹ ਕਤਲਕਾਂਡ ਜੋ ਅਭੈ ਚੌਟਾਲਾ ਦਾ ਪਿੱਛਾ ਨਹੀਂ ਛੱਡ ਰਿਹਾ

  • ਸਤ ਸਿੰਘ
  • ਰੋਹਤਕ ਤੋਂ ਬੀਬੀਸੀ ਲਈ
ਅਭੈ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਓਮ ਪ੍ਰਕਾਸ ਚੌਟਾਲਾ ਕੋਲ ਉਸ ਸਮੇਂ ਸੂਬੇ ਦੀ ਵਾਗ ਡੋਰ ਸੀ ਪਰ ਉਹ ਵਿਧਾਇਕ ਨਹੀਂ ਸਨ।

ਇੱਕ ਰਿਟਾਇਰਡ ਪੁਲਿਸ ਅਫ਼ਸਰ ਦੀ ਅਰਜੀ ਪ੍ਰਵਾਨ ਕਰਦਿਆਂ ਰੋਹਤਕ ਦੀ ਜਿਲ੍ਹਾ ਅਦਾਲਤ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਅਭੈ ਚੌਟਾਲਾ ਨੂੰ ਛੇ ਹੋਰ ਮੁਲਜ਼ਮਾਂ ਸਮੇਤ ਨੋਟਿਸ ਭੇਜਿਆ ਹੈ।

ਇਹ ਨੋਟਿਸ ਵਧੀਕ ਅਤੇ ਜਿਲ੍ਹਾ ਸੈਸ਼ਨ ਜੱਜ ਜਸਟਿਸ ਫਖਰੁੱਦੀਨ ਦੀ ਅਦਾਲਤ ਵੱਲੋਂ 10 ਜੁਲਾਈ ਨੂੰ ਭੇਜਿਆ ਗਿਆ ਹੈ।

ਘਟਨਾ 28 ਫਰਵਰੀ 1990 ਦੀ ਹੈ, ਜਿਸ ਵਿੱਚ 10 ਜਾਨਾਂ ਗਈਆਂ ਸਨ ਜਿਨ੍ਹਾਂ ਤੋਂ ਇਲਾਵਾ ਇੱਕ ਪਟੀਸ਼ਨਰ ਦਾ ਭਰਾ ਵੀ ਸੀ।

ਪਟੀਸ਼ਨਰ ਰਾਮ ਪਾਲ ਸਿੰਘ ਦੇ ਭਰਾ ਹਰੀ ਸਿੰਘ ਦੇ ਮੈਹਮ ਦੀਆਂ ਜ਼ਿਮਨੀ ਚੋਣਾਂ ਸਮੇਂ ਬੈਂਸੀ ਪਿੰਡ ਦੇ ਪੋਲਿੰਗ ਬੂਥ ਉੱਪਰ ਚੱਲੀ ਗੋਲੀ ਮੌਕੇ ਉੱਥੇ ਮੌਜੂਦ ਸੀ ਅਤੇ ਉਸ ਦੀ ਹਸਪਤਾਲ ਜਾਂਦਿਆਂ ਰਾਹ ਵਿੱਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ꞉

ਮੌਜੂਦਾ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਦੇ ਨਾਲ ਸ਼ਮਸ਼ੇਰ ਸਿੰਘ ਹਰਿਆਣਾ ਪੁਲੀਸ ਵਿੱਚ ਸਾਬਕਾ ਡੀਆਈਜੀ, ਸੁਰੇਸ਼ ਚੰਦਰ ਸਾਬਕਾ ਏਐਸਪੀ ਕਰਨਾਲ, ਸੁਖਦੇਵ ਰਾਜ ਰਾਣਾ ਸਾਬਕਾ ਡੀਐਸਪੀ ਭਿਵਾਨੀ, ਭੁਪਿੰਦਰ ਪੱਪੂ ਅਤੇ ਅਜੀਤ ਸਿੰਘ ਹੋਰਾਂ ਨੂੰ ਨੋਟਿਸ ਭੋਜੇ ਗਏ ਹਨ।

ਅਦਾਲਤ ਨੇ ਰਿਵੀਊ ਕੀਤੀ ਪਟੀਸ਼ਨ ਨੂੰ ਪ੍ਰਵਾਨ ਕੀਤਾ ਅਤੇ ਸਾਰੇ ਸੱਤਾਂ ਮੁਲਜ਼ਮਾਂ ਨੂੰ 7 ਸਤੰਬਰ, 2018 ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਜਦੋਂ ਅਭੈ ਚੌਟਾਲਾ ਨਾਲ ਉਨ੍ਹਾਂ ਦੀ ਟਿੱਪਣੀ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੀਬੀਆਈ ਨੇ ਇਸ ਕੇਸ ਦੀ ਜਾਂਚ ਕਰਕੇ ਕਾਫੀ ਸਮਾਂ ਪਹਿਲਾਂ ਆਪਣੀ ਕਲੋਜ਼ਰ ਰਿਪੋਰਟ ਜਮਾਂ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਇੱਕ ਕਮਿਸ਼ਨ ਨੇ ਵੀ ਜਾਂਚ ਕਰਕੇ ਆਪਣੀ ਕਲੋਜ਼ਰ ਰਿਪੋਰਟ ਦੇ ਦਿੱਤੀ ਹੈ। ਜਾਂਚ ਸਮੇਂ ਕਾਂਗਰਸ ਦੀ ਸਰਕਾਰ ਸੀ ਅਤੇ ਦੋਹਾਂ ਜਾਂਚ ਏਜੰਸੀਆਂ ਨੂੰ ਉਨ੍ਹਾਂ ਖਿਲਾਫ਼ ਕੁਝ ਨਹੀਂ ਸੀ ਮਿਲਿਆ।

ਉਨ੍ਹਾਂ ਕਿਹਾ, "ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਸਰਕਾਰ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਜੇ ਇਸ ਵਿੱਚ ਕੁਝ ਸਚਾਈ ਹੁੰਦੀ ਤਾਂ ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਹੁੰਦਾ।"

ਕੀ ਸੀ ਮਹਿਮ ਕਤਲਕਾਂਡ?

ਚੌਧਰੀ ਦੇਵੀ ਲਾਲ ਦੇ ਉੱਪ ਪ੍ਰਧਾਨ ਮੰਤਰੀ ਬਣਨ ਕਰਕੇ ਖਾਲੀ ਹੋਈ ਮੇਹਮ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ 27 ਫਰਵਰੀ, 1990 ਨੂੰ ਕਰਵਾਈਆਂ ਗਈਆਂ ਸਨ।

ਬੂਥ ਕੈਪਚਰਿੰਗ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਮਿਲਣ ਮਗਰੋਂ ਚੋਣ ਕਮਿਸ਼ਨ ਨੇ ਹਲਕੇ ਦੇ 8 ਪੋਲਿੰਗ ਬੂਥਾਂ ਉੱਪਰ ਮੁੜ ਵੋਟਿੰਗ ਕਰਵਾਉਣ ਦੇ ਹੁਕਮ ਦਿੱਤੇ ਸਨ। ਉਸ ਸਮੇਂ ਓਮ ਪ੍ਰਕਾਸ਼ ਚੌਟਾਲਾ ਜਨਤਾ ਦਲ ਦੇ ਉਮੀਦਵਾਰ ਸਨ।

ਪਟੀਸ਼ਨਰ ਨੇ ਬਿਆਨ ਕੀਤਾ ਹੈ ਕਿ ਉਸ ਦਿਨ ਸਵੇਰੇ 8 ਵਜੇ ਉਹ ਪੋਲਿੰਗ ਬੂਥ ਦੇ ਬਾਹਰ ਗੇਟ ਤੇ ਖੜ੍ਹੇ ਸਨ ਜਦੋਂ ਮੁਲਜ਼ਮ ਸ਼ਮਸ਼ੇਰ ਸਿੰਘ ਸਾਬਕਾ ਡੀਆਈਜੀ, ਅਭੈ ਚੌਟਾਲਾ, ਭੁਪਿੰਦਰ ਜੋ ਕਿ ਵਰਦੀ ਵਿੱਚ ਸਨ ਆਪਣੇ ਹੱਥਿਆਰਬੰਦ ਸਾਥੀਆਂ ਨਾਲ ਸਕੂਲ ਵਿੱਚ ਦਾਖਲ ਹੋਏ।

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ,

ਚੌਧਰੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ ਚੌਟਾਲਾ ਕੋਲ ਉਸ ਸਮੇਂ ਸੂਬੇ ਦੀ ਵਾਗ ਡੋਰ ਸੀ।ਇਨੈਲੋ ਨੇਤਾ ਅਭੈ ਚੌਟਾਲਾ ਦੀ ਪੁਰਾਣੀ ਤਸਵੀਰ

''ਜਦੋਂ ਅਨੰਦ ਸਿੰਘ (ਜੋ ਕਿ ਖ਼ੁਦ ਵੀ ਉਮੀਦਵਾਰ ਸੀ) ਦੇ ਵੱਡੇ ਭਰਾ ਧਰਮਪਾਲ ਨੇ ਪੋਲਿੰਗ ਬੂਥ ਵਿੱਚ ਦਾਖਲ ਹੋਣ ਤੋਂ ਵਰਜਿਆ ਤਾਂ ਅਭੈ ਚੌਟਾਲਾ ਨੇ ਉਨ੍ਹਾਂ ਨੂੰ ਆਪਣਾ ਦਿਮਾਗ ਦਰਸੁਤ ਕਰਨ ਨੂੰ ਕਿਹਾ ਅਤੇ ਉਨ੍ਹਾਂ ਵੱਲ ਇੱਕ ਫਾਇਰ ਕੀਤਾ ਜੋ ਕਿ ਕੋਲ ਖੜ੍ਹੇ ਨਿੰਨਦਾਨਾ ਪਿੰਡ ਦੇ ਦਲਬੀਰ ਨੂੰ ਲੱਗਿਆ।''

''ਸ਼ਮਸ਼ੇਰ ਸਿੰਘ ਨੇ ਵੀ ਜਨਤਾ ਵੱਲ ਨੂੰ ਇੱਕ ਫਾਇਰ ਕੀਤਾ ਜੋ ਕਿ ਪਟੀਸ਼ਨਰ ਦੇ ਭਰਾ ਹਰੀ ਸਿੰਘ ਦੇ ਲੱਗਿਆ ਅਤੇ ਉਹ ਸੜਕ 'ਤੇ ਹੀ ਗਿਰ ਗਏ।''

ਉਨ੍ਹਾਂ ਦਾ ਦਾਅਵਾ ਹੈ ਕਿ ਇਸ ਮਗਰੋਂ ਏਐਸਪੀ ਸੁਰੇਸ਼ ਚੰਦਰ ਨੇ ਵੀ ਗੋਲੀਆਂ ਚਲਾਈਆਂ ਜਿਸ ਕਰਕੇ 10 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਟੀਸ਼ਨਰ ਨੇ ਇੱਕ ਮੰਗਵੀਂ ਗੱਡੀ ਵਿੱਚ ਆਪਣੇ ਭਰਾ ਦੇ ਇਲਾਜ ਲਈ ਉਸ ਨਾਲ ਹਸਪਤਾਲ ਜਾਣਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਲੱਖਣ ਮਾਜਰਾ ਤੋਂ ਅੱਗੇ ਨਹੀਂ ਵਧਣ ਦਿੱਤਾ ਜਿਸ ਕਰਕੇ ਉਨ੍ਹਾਂ ਦੇ ਭਰਾ ਦੀ ਰਾਹ ਵਿੱਚ ਮੌਤ ਹੋ ਗਈ।

ਤਿੰਨ ਦਹਾਕਿਆਂ ਦੀ ਲੜਾਈ

ਪਟੀਸ਼ਨਰ ਨੇ 28 ਫਰਵਰੀ, 1990 ਨੂੰ ਮੇਹਮ ਪੁਲੀਸ ਸਟੇਸ਼ਨ ਤੇ ਇਸ ਬਾਰੇ ਅਰਜੀ ਦਿੱਤੀ ਪਰ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਕੇ ਮੋੜ ਦਿੱਤਾ ਗਿਆ ਪਰ ਕੋਈ ਕੇਸ ਨਹੀਂ ਦਰਜ ਕੀਤਾ ਗਿਆ।

ਪਟੀਸ਼ਨਰ ਮੁਤਾਬਕ ਪੁਲੀਸ ਨੇ 1 ਮਾਰਚ 1990 ਨੂੰ ਇੱਕ ਐਫਆਈਆਰ ਦਰਜ ਕੀਤੀ ਪਰ ਜ਼ਮੀਨੀ ਤੌਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਪਟੀਸ਼ਨਰ ਨੇ ਸਥਾਨਕ ਪੁਲੀਸ ਅਤੇ ਹੋਰ ਸੀਨੀਅਰ ਪੁਲੀਸ ਅਫ਼ਸਾਰਾਂ ਨੂੰ ਕਾਰਵਾਈ ਲਈ ਕੋਈ ਸੰਪਰਕ ਕੀਤਾ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਇਹ ਵੀ ਪੜ੍ਹੋ꞉

ਆਖ਼ਰਕਾਰ ਲੰਮੇਂ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੇ 3 ਨਵੰਬਰ ਸਾਲ 2016 ਵਿੱਚ ਐਸਪੀ ਰੋਹਤਕ ਨੂੰ ਇੱਕ ਵਿਸਥਰਿਤ ਅਰਜੀ ਦਿੱਤੀ ਜਿਨ੍ਹਾਂ ਨੇ ਇਹ ਡੀਐਸਪੀ ਮਹਿਮ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਕਰਨ ਲਈ ਫਾਰਵਰਡ ਕਰ ਦਿੱਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਇਸ ਮਗਰੋਂ ਉਨ੍ਹਾਂ ਨੇ ਮੇਹਮ ਦੀ ਅਦਾਲਤ ਨੂੰ ਮੁਲਜ਼ਮਾਂ ਖਿਲਾਫ ਕਰਨ ਲਈ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 302, 148/149/201/34 ਤਹਿਤ 12 ਜੂਨ 2018 ਨੂੰ ਅਰਜੀ ਲਾਈ ਜੋ ਕਿ ਜੇਐਮਆਈਸੀ ਵਿਵੇਕ ਸਿੰਘ ਨੇ ਇਹ ਅਰਜੀ ਖਾਰਜ ਕਰ ਦਿੱਤੀ।

ਪਿਛੋਕੜ

ਉਸ ਸਮੇ ਨੂੰ ਯਾਦ ਕਰਦਿਆਂ ਸਥਾਨਕ ਪੱਤਰਕਾਰ ਸਰਵਧਾਮਨ ਸਾਂਗਵਨ ਨੇ ਦੱਸਿਆ ਕਿ ਉਸ ਸਮੇਂ ਚੌਧਰੀ ਦੇਵੀ ਲਾਲ ਹਰਿਆਣੇ ਦੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਵੀਪੀ ਸਿੰਘ ਦੀ ਸਰਕਾਰ ਵਿੱਚ ਉੱਪ ਪ੍ਰਧਾਨ ਮੰਤਰੀ ਦਾ ਅਹੁਦਾ ਲੈਣ ਲਈ ਅਸਤੀਫਾ ਦੇ ਦਿੱਤਾ ਸੀ।।

ਚੌਧਰੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ ਚੌਟਾਲਾ ਕੋਲ ਉਸ ਸਮੇਂ ਸੂਬੇ ਦੀ ਵਾਗ ਡੋਰ ਸੀ ਪਰ ਉਹ ਵਿਧਾਇਕ ਨਹੀਂ ਸਨ ਅਤੇ ਉਨ੍ਹਾਂ ਲਈ 6 ਮਹੀਨੇ ਦੇ ਅੰਦਰ ਵਿਧਾਇਕ ਬਣਨਾ ਜਰੂਰੀ ਸੀ।

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ,

ਸਰਵਧਾਮਨ ਸਾਂਗਵਨ ਨੇ ਦੱਸਿਆ ਕਿ ਉਸ ਸਮੇਂ ਚੌਧਰੀ ਦੇਵੀ ਲਾਲ ਹਰਿਆਣੇ ਦੇ ਮੁੱਖ ਮੰਤਰੀ ਸਨ।

ਚੌਧਰੀ ਦੇਵੀ ਲਾਲ ਵੱਲੋਂ ਖਾਲੀ ਕੀਤੀ ਸੀਟ ਮਹਿਮ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ। ਓਮ ਪ੍ਰਕਾਸ ਚੌਟਾਲਾ ਲਈ ਮੁੱਖ ਮੰਤਰੀ ਬਣੇ ਰਹਿਣ ਲਈ ਇਨ੍ਹਾਂ ਚੋਣਾਂ ਨੂੰ ਜਿੱਤਣਾ ਬਹੁਤ ਜ਼ਰੂਰੀ ਸੀ।

ਓਮ ਪ੍ਰਕਾਸ਼ ਚੌਟਾਲਾ ਨੇ ਮੇਹਮ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਪਰ ਚੌਧਰੀ ਦੇਵੀ ਲਾਲ ਦੇ ਇੱਕ ਭਰੋਸੇਮੰਦ ਸਹਿਯੋਗੀ ਅਨੰਦ ਸਿੰਘ ਡਾਂਗੀ ਨੇ ਵੀ ਆਪਣੇ ਕਾਗਜ਼ ਭਰ ਦਿੱਤੇ ਜਿਸ ਕਰਕੇ ਮੁਕਾਬਲਾ ਫਸਵਾਂ ਹੋ ਗਿਆ।

ਉਨ੍ਹਾਂ ਦੱਸਿਆ ਕਿ ਬੈਂਸੀ ਪਿੰਡ ਵਿੱਚ ਹੋਈ ਗੋਲੀਬਾਰੀ ਕਰਕੇ 10 ਜਾਨਾਂ ਗਈਆਂ ਸਨ ਜਿਨ੍ਹਾਂ ਵਿੱਚ ਪਟੀਸ਼ਨਰ ਰਾਮਫਲ ਦਾ ਭਰਾ ਹਰੀ ਸਿੰਘ ਵੀ ਸ਼ਾਮਲ ਸੀ।

ਕੇਸ ਵਿੱਚ ਐਨਾ ਸਮਾਂ ਕਿਉਂ ਲੱਗਿਆ ?

ਐਡਵੋਕੇਟ ਸਰਵਜੀਤ ਸਿੰਘ ਸਾਂਗਵਾਨ ਨੇ ਕਿਹਾ ਕਿ ਜਦੋਂ ਪਟੀਸ਼ਨਰ ਹਰਿਆਣਾ ਸਰਕਾਰ ਦੀ ਨੌਕਰੀ ਵਿੱਚ ਸਨ ਤਾਂ ਉਨ੍ਹਾਂ ਨੇ ਹਰਿਆਣਾ ਪੁਲਿਸ ਨੂੰ ਇਸ ਦੀ ਪੈਰਵੀ ਲਈ ਲਿਖਤੀ ਅਰਜ਼ੀਆਂ ਰਾਹੀਂ ਜ਼ੋਰ ਪਾਇਆ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ,

ਐਡਵੋਕੇਟ ਸਰਵਜੀਤ ਸਿੰਘ ਸਾਂਗਵਾਨ ਨੇ ਕਿਹਾ ਕਿ ਪੁਲੀਸ ਕਈ ਸਾਲ ਕੇਸ ਨੂੰ ਲਟਕਾਉਂਦੀ ਰਹੀ।

ਪੁਲੀਸ ਕਈ ਸਾਲ ਕੇਸ ਨੂੰ ਲਟਕਾਉਂਦੀ ਰਹੀ।

ਜਦੋਂ ਪੁਲੀਸ ਤੋਂ ਐਫਆਈਆਰ ਦੀ ਸਟੇਟਸ ਰਿਪੋਰਟ ਮੰਗੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਕੋਲ ਕੋਈ ਇਸ ਐਫਆਈਆਰ ਬਾਰੇ ਉਨ੍ਹਾਂ ਕੋਲ ਕੋਈ ਰਿਕਾਰਡ ਉਪਲਬਧ ਨਹੀਂ ਸੀ।

ਅਖ਼ੀਰੀ ਪਟੀਸ਼ਨਰ ਰਾਮ ਫਾਲ ਜੋ ਕਿ ਏਐਸਆਈ ਦੇ ਅਹੁਦੇ ਤੋਂ ਪੰਜ ਸਾਲ ਪਹਿਲਾਂ ਰਿਟਾਇਰਡ ਹੋਏ ਹਨ। ਉਨ੍ਹਾਂ ਨੇ ਅਦਾਲਤ ਸਾਰੇ ਪਾਸਿਓਂ ਹਾਰ ਕੇ ਅਦਾਲਤ ਵਿੱਚ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਨੋਟਿਸ ਮੁਤਾਬਕ ਸਾਰਿਆਂ ਮੁਲਜ਼ਮਾਂ ਨੂੰ 7 ਸਤੰਬਰ ਨੂੰ ਅਦਾਲਤ ਵਿੱਚ ਹਾਜ਼ਰ ਹੋਣਾ ਪਵੇਗਾ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)