ਝੋਨੇ ਦੇ ਖੇਤ ਤੋਂ ਸੁਨਹਿਰੀ ਟਰੈਕ ਤੱਕ, ਹਿਮਾ ਦਾਸ ਦਾ ਸਫ਼ਰ

ਹਿਮਾ ਦਾਸ Image copyright Getty Images
ਫੋਟੋ ਕੈਪਸ਼ਨ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਤੋਂ ਬਾਅਦ ਹਿਮਾ ਦਾਸ

"ਬੇਸ਼ੱਕ ਸ਼ੁਰੂ ਵਿੱਚ ਉਹ ਪਿੱਛੇ ਸੀ ਪਰ ਮੈਨੂੰ ਤਾਂ ਪਤਾ ਸੀ ਕਿ ਅੱਜ ਉਹ ਗੋਲਡ ਮੈਡਲ ਜਿੱਤਣ ਵਾਲੀ ਹੈ।"

ਮਾਣ, ਖੁਸ਼ੀ ਅਤੇ ਉਸ ਨਾਲੋਂ ਵੀ ਵੱਧ ਜਿੱਤ ਦੇ ਵਿਸ਼ਵਾਸ ਨਾਲ ਭਰੇ ਹੋਏ ਇਹ ਸ਼ਬਦ ਹਿਮਾ ਦਾਸ ਦੇ ਕੋਚ ਨਿਪੁਣ ਦਾਸ ਦੇ ਹਨ, ਜੋ ਉਨ੍ਹਾਂ ਤੋਂ ਹਜ਼ਾਰਾਂ ਮੀਲ ਦੂਰ ਗੁਹਾਟੀ ਵਿੱਚ ਉਸ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

ਕਿਸੇ ਕੌਮਾਂਤਰੀ ਐਥਲੈਟਿਕਸ ਟਰੈਕ 'ਤੇ ਭਾਰਤੀ ਐਥਲੀਟ ਦੇ ਹੱਥਾਂ ਵਿੱਚ ਤਿਰੰਗਾ ਅਤੇ ਚਿਹਰੇ 'ਤੇ ਮੁਸਕਾਨ, ਅਜਿਹੀ ਤਸਵੀਰ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹਰ ਹਿੰਦੁਸਤਾਨੀ ਕਰ ਰਿਹਾ ਸੀ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਅਸਾਮ ਦੀ ਰਹਿਣ ਵਾਲੀ ਹਿਮਾ ਦੀ ਇਸ ਕੌਮਾਂਤਰੀ ਕਾਮਯਾਬੀ ਤੋਂ ਬਾਅਦ ਫਿਨਲੈਂਡ ਤੋਂ ਲੈ ਕੇ ਪੂਰੇ ਹਿੰਦਸਤਾਨ ਤੱਕ ਚਰਚਾ ਹੈ।

ਇੰਤਜ਼ਾਰ ਦਾ ਇਹ ਸਮਾਂ ਵੀਰਵਾਰ ਦੇਰ ਰਾਤ ਉਸ ਵੇਲੇ ਆਇਆ ਜਦੋਂ ਫਿਨਲੈਂਡ ਦੇ ਟੈਂਪੇਅਰ ਸ਼ਹਿਰ ਵਿੱਚ 18 ਸਾਲ ਦੀ ਹਿਮਾ ਦਾਸ ਨੇ ਇਤਿਹਾਸ ਰਚਦੇ ਹੋਏ, ਆਈਏਐਫ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੌੜ ਮੁਕਾਬਲੇ 'ਚ ਪਹਿਲਾਂ ਸਥਾਲ ਹਾਸਿਲ ਕੀਤਾ।

ਹਿਮਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਟ੍ਰੈਕ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

ਅਸਾਮ ਦੀ ਰਹਿਣ ਵਾਲੀ ਹਿਮਾ ਦੀ ਇਸ ਕਾਮਯਾਬੀ ਤੋਂ ਬਾਅਦ ਫਿਨਲੈਂਡ ਤੋਂ ਲੈ ਕੇ ਪੂਰੇ ਹਿੰਦੁਸਤਾਨ ਤੱਕ ਚਰਚਾ ਹੈ।

ਗੁਹਾਟੀ ਵਿੱਚ ਮੌਜੂਦ ਹਿਮਾ ਦੇ ਕੋਚ ਨਿਪੁਣ ਦਾਸ ਦੀ ਆਵਾਜ਼ 'ਚ ਮਾਣ ਅਤੇ ਖੁਸ਼ੀ ਦਾ ਅਹਿਸਾਸ ਇੱਕੋ ਵੇਲੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

ਉਹ ਹੱਸਦੇ ਹੋਏ ਕਹਿੰਦੇ ਹਨ ਕਿ ਮੈਨੂੰ ਯਕੀਨ ਸੀ ਕਿ ਹਿਮਾ ਫਿਨਲੈਂਡ ਵਿੱਚ ਕੁਝ ਵੱਡਾ ਕਰਕੇ ਆਵੇਗੀ, ਪਰ ਉਹ ਗੋਲਡ ਜਿੱਤ ਲਵੇਗੀ ਇਸ ਦਾ ਅੰਦਾਜ਼ਾ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਨਹੀਂ ਸੀ।

Image copyright facebook/hima das
ਫੋਟੋ ਕੈਪਸ਼ਨ ਹਿਮਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਟ੍ਰੈਕ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ

ਹਿਮਾ ਨੇ 400 ਮੀਟਰ ਦੀ ਦੌੜ ਵਿੱਚ 51.46 ਸੈਕੰਡ ਦਾ ਸਮਾਂ ਲਗਾ ਕੇ ਗੋਲਡ ਮੈਡਲ ਜਿੱਤਿਆ, ਦੂਜੇ ਨੰਬਰ 'ਤੇ ਰੋਮਾਨੀਆ ਦੀ ਐਂਡਰੀਆ ਮਿਕਲੋਸ ਨੇ 52.07 ਸੈਕੰਡ ਨਾਲ ਅਤੇ ਅਮਰੀਕਾ ਦੀ ਟੇਲਰ ਮੈਨਸਨ 52.28 ਸੈਕੰਡ ਨਾਲ ਤੀਜੇ ਨੰਬਰ 'ਤੇ ਰਹੀ।

ਅੰਤ 'ਚ ਰਫ਼ਤਾਰ ਫੜ੍ਹਨ ਦੀ ਤਕਨੀਕ

ਸ਼ੁਰੂਆਤੀ 35 ਸੈਕੰਡ ਤੱਕ ਹਿਮਾ ਮੋਹਰਲੇ ਤਿੰਨਾਂ 'ਚ ਵੀ ਨਹੀਂ ਸੀ, ਹਿੰਦੁਸਤਾਨ ਵਿੱਚ ਅੱਜ ਸਾਰੇ ਲੋਕ ਹਿਮਾ ਦੀ ਚਰਚਾ ਕਰ ਰਹੇ ਹਨ ਪਰ ਸ਼ਾਇਦ ਹੀ ਕਿਸੇ ਨੇ ਉਸ ਦੀ ਇੰਨੀ ਵੱਡੀ ਕਾਮਯਾਬੀ ਦੀ ਉਮੀਦ ਕੀਤੀ ਹੋਣੀ।

ਪਰ ਇੱਕ ਸ਼ਖ਼ਸ ਸੀ ਜਿਨ੍ਹਾਂ ਨੇ ਹਿਮਾ ਦੀ ਇਸ ਰੇਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਸੀ। ਉਹ ਸਨ ਉਨ੍ਹਾਂ ਦੇ ਕੋਚ ਨਿਪੁਣ ਦਾਸ।

Image copyright Getty Images
ਫੋਟੋ ਕੈਪਸ਼ਨ ਨਿਪੁਣ ਮੁਤਾਬਕ ਹਿਮਾ ਦਾਸ ਨੂੰ ਟ੍ਰੈਕ ਦੇ ਮੋੜ 'ਤੇ ਥੋੜ੍ਹਾ ਸਮੱਸਿਆ ਹੁੰਦੀ ਹੈ

ਹਿਮਾ ਦੇ ਇੰਝ ਅਖ਼ੀਰਲੇ ਵੇਲੇ ਰਫ਼ਤਾਰ ਫੜਨ ਬਾਰੇ ਉਹ ਕਹਿੰਦੇ ਹਨ, "ਰੇਸ ਵਿੱਚ ਜਦੋਂ ਆਖ਼ਰੀ 100 ਮੀਟਰ ਤੱਕ ਹਿਮਾ ਚੌਥੇ ਸਥਾਨ 'ਤੇ ਸੀ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹ ਇਸ ਵਾਰ ਗੋਲਡ ਲੈ ਕੇ ਆਵੇਗੀ, ਮੈਂ ਉਸ ਦੀ ਤਕਨੀਕ ਨੂੰ ਜਾਣਦਾ ਹਾਂ, ਉਹ ਸ਼ੁਰੂ ਵਿੱਚ ਥੋੜ੍ਹੀ ਹੌਲੀ ਹੀ ਰਹਿੰਦੀ ਹੈ ਅਤੇ ਆਪਣੀ ਪੂਰੀ ਊਰਜਾ ਅਖ਼ੀਰਲੇ 100 ਮੀਟਰ ਵਿੱਚ ਲਗਾ ਦਿੰਦੀ ਹੈ, ਇਹੀ ਉਸ ਦੀ ਖ਼ਾਸੀਅਤ ਹੈ।"

ਨਿਪੁਣ ਕਹਿੰਦੇ ਹਨ, "ਹਿਮਾ ਦਾਸ ਨੂੰ ਟਰੈਕ ਦੇ ਮੋੜ 'ਤੇ ਥੋੜ੍ਹੀ ਸਮੱਸਿਆ ਹੁੰਦੀ ਹੈ, ਇਹ ਬਹੁਤ ਮਾਮੂਲੀ ਜਿਹੀ ਦਿੱਕਤ ਹੈ, ਇਹੀ ਕਾਰਨ ਹੈ ਕਿ ਸ਼ੁਰੂਆਤ ਵਿੱਚ ਉਹ ਹਮੇਸ਼ਾ ਪਿੱਛੇ ਹੀ ਰਹਿੰਦੀ ਹੈ ਪਰ ਜਦੋਂ ਟਰੈਕ ਸਿੱਧਾ ਹੋ ਜਾਂਦਾ ਹੈ ਤਾਂ ਉਹ ਤੇਜ਼ੀ ਨਾਲ ਰਿਕਵਰ ਕਰਦੇ ਹੋਏ ਸਭ ਤੋਂ ਅੱਗੇ ਨਿਕਲ ਜਾਂਦੀ ਹੈ।"

ਇਹ ਵੀ ਪੜ੍ਹੋ:

ਪਹਿਲਾਂ ਫੁੱਟਬਾਲ ਦੀ ਸ਼ੌਕੀਨ ਸੀ ਹਿਮਾ

ਨਿਪੁਣ ਦਾਸ ਦੇ ਕੋਲ ਹਿਮਾ ਸਾਲ 2017 ਜਨਵਰੀ ਮਹੀਨੇ 'ਚ ਆਈ ਸੀ, ਅਸਾਮ ਦੇ ਨੌਗਾਓਂ ਜ਼ਿਲੇ ਦੀ ਰਹਿਣ ਵਾਲੀ ਹਿਮਾ ਰਾਜਧਾਨੀ ਗੁਹਾਟੀ 'ਚ ਇੱਕ ਕੈਂਪ 'ਚ ਹਿੱਸਾ ਲੈਣ ਆਈ ਸੀ। ਜਦੋਂ ਨਿਪੁਣ ਦੀ ਨਜ਼ਰ ਉਸ 'ਤੇ ਪਈ।

ਨਿਪੁਣ ਇਸ ਮੁਲਾਕਾਤ ਬਾਰੇ ਦੱਸਦੇ ਹਨ, "ਉਹ ਜਨਵਰੀ ਦਾ ਮਹੀਨਾ ਸੀ ਹਿਮਾ ਇੱਕ ਸਥਾਨਕ ਕੈਂਪ ਵਿੱਚ ਹਿੱਸਾ ਲੈਣ ਰਾਜਧਾਨੀ ਗੁਹਾਟੀ ਆਈ ਸੀ, ਉਹ ਜਿਸ ਤਰ੍ਹਾਂ ਟਰੈਕ 'ਤੇ ਦੌੜ ਰਹੀ ਸੀ, ਮੈਨੂੰ ਲੱਗਿਆ ਕਿ ਇਸ ਕੁੜੀ ਵਿੱਚ ਅੱਗੇ ਤੱਕ ਜਾਣ ਦੀ ਕਾਬਲੀਅਤ ਹੈ।"

ਇਸ ਤੋਂ ਬਾਅਦ ਨਿਪੁਣ ਹਿਮਾ ਦੇ ਪਿੰਡ ਉਨ੍ਹਾਂ ਦੇ ਮਾਤਾ ਪਿਤਾ ਨਾਲ ਮਿਲਣ ਗਏ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਹਿਮਾ ਨੂੰ ਬਿਹਤਰ ਕੋਚਿੰਗ ਲਈ ਗੁਹਾਟੀ ਭੇਜ ਦੇਣ।

ਹਿਮਾ ਦੇ ਮਾਤਾ-ਪਿਤਾ ਗੁਹਾਟੀ ਵਿੱਚ ਉਨ੍ਹਾਂ ਦੇ ਰਹਿਣ ਦਾ ਖਰਚ ਨਹੀਂ ਚੁੱਕ ਸਕਦੇ ਹਨ ਪਰ ਬੇਟੀ ਨੂੰ ਅੱਗੇ ਵਧਦੇ ਹੋਏ ਵੀ ਦੇਖਣਾ ਚਾਹੁੰਦੇ ਸਨ। ਇਸ ਮੁਸ਼ਕਿਲ ਸਥਿਤੀ ਵਿੱਚ ਨਿਪੁਣ ਨੇ ਹੀ ਇੱਕ ਰਸਤਾ ਕੱਢਿਆ।

ਉਹ ਦੱਸਦੇ ਹਨ, "ਮੈਂ ਹਿਮਾ ਦੇ ਮਾਤਾ-ਪਤਾ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹਿਮਾ ਦੇ ਗੁਹਾਟੀ ਵਿੱਚ ਰਹਿਣ ਦਾ ਖਰਚ ਮੈਂ ਖ਼ੁਦ ਚੁੱਕਾਂਗਾ, ਬਸ ਤੁਸੀਂ ਉਸ ਨੂੰ ਜਾਣ ਦੀ ਮਨਜ਼ੂਰੀ ਦੇ ਦਿਉ। ਇਸ ਤੋਂ ਬਾਅਦ ਉਹ ਹਿਮਾ ਨੂੰ ਬਾਹਰ ਭੇਜਣ ਲਈ ਤਿਆਰ ਹੋ ਗਏ।"

ਸ਼ੁਰੂਆਤ ਵਿੱਚ ਹਿਮਾ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਸੀ, ਉਹ ਆਪਣੇ ਪਿੰਡ ਜਾਂ ਜ਼ਿਲ੍ਹੇ ਦੇ ਕੋਲ ਛੋਟੇ-ਵੱਡੇ ਫੁੱਟਬਾਲ ਮੈਚ ਖੇਡ ਕੇ 100-200 ਰੁਪਏ ਜਿੱਤ ਲੈਂਦੀ ਸੀ।

ਫੁੱਟਬਾਲ ਵਿੱਚ ਬਹੁਤ ਦੌੜਨਾ ਪੈਂਦਾ ਸੀ, ਇਸੇ ਕਾਰਨ ਹਿਮਾ ਦਾ ਸਟੈਮਿਨਾ ਚੰਗਾ ਬਣਦਾ ਰਿਹਾ, ਜਿਸ ਕਾਰਨ ਉਹ ਟਰੈਕ 'ਤੇ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ।

ਨਿਪੁਣ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਹਿਮਾ ਨੂੰ ਫੁੱਟਬਾਲ ਤੋਂ ਐਥਲੈਟਿਕਸ ਵਿੱਚ ਆਉਣ ਲਈ ਤਿਆਰ ਕੀਤਾ ਤਾਂ ਸ਼ੁਰੂਆਤ ਵਿੱਚ 200 ਮੀਟਰ ਦੀ ਤਿਆਰੀ ਕਰਵਾਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ 400 ਮੀਟਰ 'ਚ ਵਧੇਰੇ ਕਾਮਯਾਬ ਰਹੇਗੀ।

Image copyright facebook/nipun das
ਫੋਟੋ ਕੈਪਸ਼ਨ ਸ਼ੁਰੂਆਤ ਵਿੱਚ ਹਿਮਾ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਸੀ, ਉਹ ਆਪਣੇ ਪਿੰਡ ਜਾਂ ਜ਼ਿਲ੍ਹੇ ਦੇ ਕੋਲ ਫੁੱਟਬਾਲ ਮੈਚ ਖੇਡ ਕੇ 100-200 ਰੁਪਏ ਜਿੱਤ ਲੈਂਦੀ ਸੀ

ਖੇਤਾਂ 'ਚ ਕੰਮ ਕਰਦੇ ਨੇ ਪਿਤਾ

ਹਿਮਾ ਇੱਕ ਸਾਂਝੇ ਪਰਿਵਾਰ ਨਾਲ ਸੰਬੰਧਤ ਹੈ। ਉਨ੍ਹਾਂ ਦੇ ਘਰ ਵਿੱਚ ਕੁੱਲ 16 ਮੈਂਬਰ ਹਨ ਅਤੇ ਘਰ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਬਸ ਆਪਣੇ ਖਾਣ-ਪੀਣ ਦੀ ਵਿਵਸਥਾ ਹੋ ਜਾਂਦੀ ਹੈ।

ਨਿਪੁਣ ਇਸ ਬਾਰੇ ਦੱਸਦੇ ਹਨ, "ਹਿਮਾ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਵੀ ਨਹੀਂ ਹੈ, ਉਨ੍ਹਾਂ ਦੇ ਪਿਤਾ ਕਿਸਾਨ ਹਨ, ਖੇਤੀਬਾੜੀ ਕਰਦੇ ਹਨ, ਜਦਕਿ ਮਾਂ ਘਰ ਸੰਭਾਲਦੀ ਹੈ।"

ਹਿਮਾ ਜਿੱਥੇ ਰਹਿੰਦੀ ਹੈ ਉੱਥੇ ਅਕਸਰ ਹੜ੍ਹ ਵੀ ਆ ਜਾਂਦਾ ਹੈ, ਇਸ ਕਾਰਨ ਵੀ ਪਰਿਵਾਰ ਨੂੰ ਕਈ ਵਾਰ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ।

ਨਿਪੁਣ ਦੱਸਦੇ ਹਨ, "ਨੌਗਾਓਂ ਵਿੱਚ ਅਕਸਰ ਹੜ੍ਹ ਦੇ ਹਾਲਾਤ ਬਣ ਜਾਂਦੇ ਹਨ, ਉਹ ਥਾਂ ਬੇਹੱਦ ਵਿਕਸਿਤ ਨਹੀਂ ਨਹੀਂ ਹੈ, ਜਦੋਂ ਹਿਮਾ ਪਿੰਡ ਵਿੱਚ ਰਹਿੰਦੀ ਸੀ ਤਾਂ ਹੜ੍ਹ ਕਾਰਨ ਕਈ ਦਿਨਾਂ ਤੱਕ ਪ੍ਰੈਕਟਿਸ ਨਹੀਂ ਕਰ ਪਾਉਂਦੀ ਸੀ ਕਿਉਂਕਿ ਜਿਸ ਖੇਤ ਜਾਂ ਮੈਦਾਨ ਵਿੱਚ ਉਹ ਦੌੜਣ ਦੀ ਤਿਆਰੀ ਕਰਦੀ ਸੀ, ਹੜ੍ਹ ਦੌਰਾਨ ਉਹ ਪਾਣੀ ਦਾ ਤਾਲਾਬ ਬਣ ਜਾਂਦਾ। ਇਹੀ ਕਾਰਨ ਸੀ ਕਿ ਮੈਂ ਉਸ ਨੂੰ ਗੁਹਾਟੀ ਲੈ ਆਇਆ।"

Image copyright Hima das/facebook
ਫੋਟੋ ਕੈਪਸ਼ਨ ਹਿਮਾ ਨੇ ਕਿਹਾ ਹੈ ਕਿ ਉਹ ਦੇਸ ਲਈ ਗੋਲਡ ਮੈਡਲ ਜਿੱਤ ਕੇ ਬੇਹੱਦ ਖੁਸ਼ ਹੈ ਅਤੇ ਅੱਗੇ ਵੀ ਹੋਰ ਮੈਡਲ ਜਿੱਤਣ ਦੀ ਕੋਸ਼ਿਸ਼ ਕਰੇਗੀ

ਪ੍ਰਧਾਨ ਮੰਤਰੀ-ਰਾਸ਼ਟਰਪਤੀ ਦੀ ਵਧਾਈ

ਹਿਮਾ ਨੂੰ ਮਿਲੀ ਇਸ ਕਾਮਯਾਬੀ ਤੋਂ ਬਾਅਦ ਪੂਰਾ ਦੇਸ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਕਾਮਯਾਬੀ ਲਈ ਟਵੀਟ ਕਰਕੇ ਵਧਾਈ ਦਿੱਤੀ ਹੈ।

ਹਿਮਾ ਨੇ ਵੀ ਸਾਰਿਆਂ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਦੇਸ ਲਈ ਗੋਲਡ ਮੈਡਲ ਜਿੱਤ ਕੇ ਬੇਹੱਦ ਖੁਸ਼ ਹੈ, ਉਹ ਅੱਗੇ ਵੀ ਹੋਰ ਮੈਡਲ ਜਿੱਤਣ ਦੀ ਕੋਸ਼ਿਸ਼ ਕਰੇਗੀ।

ਅਪ੍ਰੈਲ ਵਿੱਚ ਗੋਲਡ ਕੌਸਟ ਕਾਮਨਵੈਲਥ ਖੇਡਾਂ ਦੀ 400 ਮੀਟਰ ਦੇ ਮੁਕਾਬਲੇ ਵਿੱਚ ਹਿਮਾ ਦਾਸ 6ਵੇਂ ਸਥਾਨ 'ਤੇ ਰਹੀ ਸੀ। ਇਸ ਮੁਕਾਬਲੇ ਵਿੱਚ ਉਸ ਨੇ 51.32 ਸੈਕੰਡ ਵਿੱਚ ਦੌੜ ਪੂਰੀ ਕੀਤੀ ਸੀ।

ਇਸੇ ਰਾਸ਼ਟਰ ਮੰਡਲ ਖੇਡਾਂ ਦੇ 4X400 ਮੀਟਰ ਮੁਕਾਬਲੇ ਵਿੱਚ ਵੀ ਉਹ ਸ਼ਾਮਿਲ ਸੀ, ਉਦੋਂ ਭਾਰਤੀ ਟੀਮ 7ਵੇਂ ਸਥਾਨ 'ਤੇ ਰਹੀ ਸੀ।

ਇਸ ਤੋਂ ਇਲਾਵਾ ਹਾਲ ਹੀ ਵਿੱਚ ਗੁਹਾਟੀ 'ਚ ਹੋਏ ਅੰਤਰਰਾਜੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।

ਹਿਮਾ ਦੀ ਇਸ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੇ ਕੋਚ ਨਿਪੁਣ ਦਾਸ ਕਹਿੰਦੇ ਹਨ, "ਅਜੇ ਤੱਕ ਸਿਰਫ਼ ਕੁਝ ਲੋਕਾਂ ਦੀਆਂ ਨਜ਼ਰਾਂ ਹੀ ਹਿਮਾ 'ਤੇ ਰਹਿੰਦੀਆਂ ਸਨ, ਹੁਣ ਤਾਂ ਪੂਰਾ ਦੇਸ ਹੀ ਹਿਮਾ ਨੂੰ ਦੇਖ ਰਿਹਾ ਹੈ। ਮੈਂ ਉਸ ਦਾ ਗੁਹਾਟੀ ਪਹੁੰਚਣ ਦਾ ਇੰਤਜ਼ਾਰ ਕਰ ਰਿਹਾ ਹਾਂ, ਉਸ ਨੂੰ ਪੋਰਕ ਬਹੁਤ ਪਸੰਦ ਹੈ, ਉਹ ਵੀ ਉਨ੍ਹਾਂ ਲਈ ਰੱਖਿਆ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ