ਪ੍ਰੈੱਸ ਰਿਵੀਊ: 'ਨਸ਼ਿਆਂ ਕਾਰਨ ਪੰਜਾਬ ਵਿੱਚ ਰੋਜ਼ਾਨਾ ਇੱਕ ਮੌਤ'

ਪੰਜਾਬ, ਨਸ਼ਿਆਂ Image copyright Getty Images

ਅੱਜ ਦੇ ਅਖ਼ਬਾਰਾਂ ਵਿੱਚ ਛਪੀਆਂ ਅਹਿਮ ਖ਼ਬਰਾਂ ਵਿੱਚੋਂ ਪੰਜਾਬ ਵਿੱਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ, ਕੇਂਦਰ ਸਰਕਾਰ ਨੂੰ ਨੋਟਿਸ ਤੋਂ ਇਲਾਵਾ ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ 32 ਹਜ਼ਾਰ ਕਰੋੜ ਦਾ ਜੁਰਮਾਨਾ।

ਨਸ਼ਿਆਂ ਕਾਰਨ ਪੰਜਾਬ ਵਿੱਚ ਰੋਜ਼ਾਨਾ ਇੱਕ ਮੌਤ

ਅੰਗਰੇਜ਼ੀ ਅਖ਼ਬਾਰ ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਰੋਜ਼ਾਨਾ ਔਸਤਨ ਇੱਕ ਮੌਤ ਨਸ਼ਿਆਂ ਕਾਰਨ ਹੋ ਰਹੀ ਹੈ।

ਖ਼ਬਰ ਮੁਤਾਬਕ ਅਖ਼ਬਾਰ ਵੱਲੋਂ ਇਸ ਬਾਬਤ 15 ਮਈ ਤੋਂ ਲੈ ਕੇ ਹੁਣ ਤੱਕ ਹਾਸਿਲ ਕੀਤੇ ਗਏ ਪੋਸਟ-ਮਾਰਟਮ ਦੇ ਰਿਕਾਰਡ ਦੱਸਦੇ ਹਨ ਕਿ ਮੌਤ ਦੇ ਕਾਰਨ ਨਸ਼ੇ ਹਨ।

ਤਕਰੀਬਨ 60 ਨੌਜਵਾਨਾਂ ਦੀਆਂ ਇਹ ਪੋਸਟ ਮਾਰਟਮ ਰਿਪੋਰਟਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀਆਂ ਹਨ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਪੰਜਾਬ ਦੇ ਲਗਭਗ 15 ਜ਼ਿਲ੍ਹਿਆਂ ਦੀਆਂ ਰਿਪੋਰਟਾਂ ਸ਼ਾਮਿਲ ਹਨ

ਅਖ਼ਬਾਰ ਦੀ ਖ਼ਬਰ ਮੁਤਾਬਕ ਨਸ਼ਿਆਂ ਨਾਲ ਪੀੜਤ ਨੌਜਵਾਨਾਂ ਦੀ ਉਮਰ 18 ਤੋਂ 35 ਸਾਲ ਸੀ। ਇਹ ਮੌਤਾਂ ਪੰਜਾਬ ਦੇ ਲਗਭਗ 15 ਜ਼ਿਲ੍ਹਿਆਂ ਦੀਆਂ ਹਨ, ਜਿਸ ਵੱਚੋਂ ਬਹੁਤੇ ਮਾਝਾ ਤੇ ਦੋਆਬਾ ਦੇ ਹਨ।

ਪਰਵਾਸੀ ਪੰਜਾਬੀ ਨੂੰ 6.7 ਕਰੋੜ ਦਾ ਜੁਰਮਾਨਾ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬੀ ਮੂਲ ਦੇ ਡਰੱਗ ਡੀਲਰ ਵੁਲਵਰਹੈਮਪਨ ਵਾਸੀ ਦਲਜਿੰਦਰ ਬੱਸੀ ਨੂੰ ਯੂਕੇ ਦੀ ਅਦਾਲਤ ਨੇ 6.7 ਕਰੋੜ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਵੈਸਟ ਮਿਡਲੈਂਡਜ਼ ਵਿੱਚ ਦਲਜਿੰਦਰ ਬੱਸੀ ਡੀਲਰਾਂ ਨੂੰ ਡਰੱਗ ਸਪਲਾਈ ਕਰਦਾ ਸੀ। 36 ਸਾਲਾ ਬੱਸੀ ਨੂੰ ਫ਼ਰਵਰੀ ਵਿੱਚ 13 ਸਾਲ ਲਈ ਜੇਲ੍ਹ ਦੀ ਸਜ਼ਾ ਹੋਈ ਸੀ।

ਜਾਂਚ ਤੋਂ ਪਤਾ ਲੱਗਿਆ ਸੀ ਕਿ ਬੱਸੀ ਆਪਣੇ ਘਰ ਵਿੱਚ ਕਈ ਥਾਵਾਂ ਤੇ ਪੈਸਾ ਤੇ ਏ-ਕਲਾਸ ਦਾ ਡਰੱਗ ਪਾਊਡਰ ਲੁਕੋ ਕੇ ਰੱਖਦਾ ਸੀ।

ਸੋਸ਼ਲ ਮੀਡੀਆ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸੋਸ਼ਲ ਮੀਡੀਆ ਬਾਬਤ ਇੱਕ ਨੋਟਿਸ ਜਾਰੀ ਕੀਤਾ ਹੈ।

ਕੇਂਦਰ ਸਰਕਾਰ ਦੀ ਅਰਜ਼ੀ ਸੀ ਕਿ ਸੋਸ਼ਲ ਮੀਡੀਆ ਦੇ ਸੰਚਾਰ ਨੂੰ ਲੈ ਕੇ ਨਿਗਰਾਨੀ ਰੱਖੀ ਜਾਵੇ।

ਸੁਪਰੀਮ ਕੋਰਟ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜੇ ਹਰ ਟਵੀਟ ਜਾਂ ਵੱਟਸਐਪ ਮੈਸੇਜ ਦੀ ਨਿਗਰਾਨੀ ਹੋਵੇਗੀ ਤਾਂ ''ਅਸੀਂ ਇੱਕ ਨਿਗਰਾਨ ਦੇਸ ਦੇ ਤੌਰ 'ਤੇ ਅੱਗੇ ਵੱਧ ਰਹੇ ਹਾਂ।''

Image copyright Getty Images
ਫੋਟੋ ਕੈਪਸ਼ਨ ਸੁਪਰੀਮ ਕੋਰਟ ਦੀ ਕੇਂਦਰ ਸਰਕਾਰ ਦੀ ਸੋਸ਼ਲ ਮੀਡੀਆ ਨਿਗਰਾਨੀ ਬਾਬਤ ਸਖ਼ਤ ਟਿੱਪਣੀ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਸੋਸ਼ਲ ਮੀਡੀਆ ਨਿਗਰਾਨੀ ਦੇ ਫ਼ੈਸਲੇ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਮਹੂਆ ਮੋਇਤਰਾ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੇ ਸੁਣਵਾਈ ਦੌਰਾਨ ਜਸਟਿਸ ਡੀ ਵਾਈ ਚੰਦਰਚੂਡ ਨੇ ਇਹ ਟਿੱਪਣੀ ਕੀਤੀ

ਇਸ ਮਸਲੇ 'ਤੇ ਅਗਲੀ ਸੁਣਵਾਲੀ ਤਿੰਨ ਅਗਸਤ ਨੂੰ ਹੋਵੇਗੀ।

ਜੌਹਨਸਨ ਐਂਡ ਜੌਹਨਸਨ ਕੰਪਨੀ ਨੂੰ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਨਿਊ ਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਅਮਰੀਕਾ ਦੀ ਸੈਂਟ ਲੁਇਸ ਅਦਾਲਤ ਨੇ ਬੇਬੀ ਪਾਊਡਰ ਬਣਾਉਣ ਵਾਲੀ ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ 'ਤੇ 32 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

Image copyright Getty Images
ਫੋਟੋ ਕੈਪਸ਼ਨ ਪਾਊਡਰ ਬਣਾਉਣ ਵਾਲੀ ਕੰਪਨੀ 'ਤੇ ਕਈ ਮਹਿਲਾਵਾਂ ਨੇ ਇਲਜ਼ਾਮ ਲਗਾਏ ਸਨ

ਕੰਪਨੀ ਉੱਤੇ ਇਲਜ਼ਾਮ ਸਨ ਕਿ ਇਸ ਦੇ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੁੰਦਾ ਹੈ।

ਇਸ ਬਾਬਤ ਪੂਰੀ ਦੁਨੀਆਂ ਤੋਂ ਹਜ਼ਾਰਾਂ ਮਹਿਲਾਵਾਂ ਨੇ ਸ਼ਿਕਾਇਤ ਵੀ ਕੀਤੀ ਸੀ। 6 ਹਫ਼ਤਿਆਂ ਦੇ ਟ੍ਰਾਇਲ ਤੋਂ ਬਾਦ ਕੋਰਟ ਨੇ ਕੰਪਨੀ ਨੂੰ ਦੋਸ਼ੀ ਮੰਨਿਆ ਅਤੇ 22 ਮਹਿਲਾਵਾਂ ਦੇ ਦਾਅਵਿਆਂ ਨੂੰ ਸਹੀ ਮੰਨਦਿਆਂ ਇਨ੍ਹਾਂ ਨੂੰ 32 ਹਜ਼ਾਰ ਕਰੋੜ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)