'ਜ਼ਬਰਦਸਤੀ ਮੈਨੂੰ ਰੇਪ ਪੀੜਤਾ ਬਣਾਇਆ ਜਾ ਰਿਹਾ ਹੈ ਤੇ ਪਤੀ ਨੂੰ ਰੇਪਿਸਟ'

मोगा रेप केस Image copyright Sukhjindar/SS Ramuvalia
ਫੋਟੋ ਕੈਪਸ਼ਨ ਦੋ ਮਹੀਨੇ ਪਹਿਲਾਂ ਹੀ ਸੁਖਜਿੰਦਰ ਮਾਂ ਬਣੀ ਤੇ 11 ਜੁਲਾਈ ਨੂੰ ਅਦਾਲਤ ਦਾ ਫੈਸਲਾ ਆ ਗਿਆ।

ਮੋਗਾ ਵਿੱਚ ਇਕ ਨਾਬਾਲਗ ਕੁੜੀ ਦਾ ਬਲਾਤਕਾਰ ਹੋਇਆ। ਕੁੜੀ ਦੇ ਪਿਤਾ ਨੇ ਮੁੰਡੇ ਖਿਲਾਫ਼ ਮਾਮਲਾ ਦਰਜ ਕਰਵਾ ਲਿਆ ਅਤੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਤਕਰੀਬਨ ਦੋ ਸਾਲ ਬਾਅਦ ਜਦੋਂ ਮੁੰਡਾ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਤਾਂ ਉਹ ਕੁੜੀ ਨੂੰ ਮਿਲਿਆ। ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਇੱਕ ਬੱਚੀ ਪੈਦਾ ਹੋਈ ਪਰ ਅਦਾਲਤ ਨੇ ਮੁੰਡੇ ਨੂੰ ਰੇਪ ਦਾ ਦੋਸ਼ੀ ਕਰਾਰ ਦਿੱਤਾ।

ਹੁਣ ਕੁੜੀ ਚਾਹੁੰਦੀ ਹੈ ਕਿ ਉਸ ਦੇ ਪਤੀ ਨੂੰ ਰਿਹਾਅ ਕਰ ਦਿੱਤਾ ਜਾਵੇ ਕਿਉਂਕਿ ਉਹ ਹੁਣ ਉਸ ਦੀ ਧੀ ਦਾ ਪਿਤਾ ਹੈ।

ਇਹ ਵੀ ਪੜ੍ਹੋ꞉

ਪਹਿਲੀ ਵਾਰੀ ਪੜ੍ਹਨ 'ਤੇ ਇਹ ਇੱਕ ਫਿਲਮ ਦੀ ਸਕ੍ਰਿਪਟ ਜਾਪਦੀ ਹੈ। ਹਾਲਾਂਕਿ ਲਿਖਣ ਵਾਲਿਆਂ ਨੇ ਇਸ "ਅਸਲ ਕਹਾਣੀ ਨਾਲ ਪੂਰੀ ਛੇੜਛਾੜ" ਕੀਤੀ ਹੈ।

ਅਸਲੀ ਕਹਾਣੀ ਇਸ ਸਕ੍ਰਿਪਟ ਤੋਂ ਕਿਤੇ ਵਧੇਰੇ ਦਿਲਚਸਪ ਹੈ।

ਅਜਿਹੀ ਕਹਾਣੀ ਜਿਸ ਵਿੱਚ ਅਪਰਾਧ, ਪਿਆਰ, ਵਿਛੋੜਾ, ਨਫ਼ਰਤ ਅਤੇ ਕਾਨੂੰਨੀ ਦਾਅ-ਪੇਂਚ ਹਨ।

ਤਾਂ ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ...

ਮੋਜ਼ਗੜ੍ਹ ਦੇ ਸੁਖਜਿੰਦਰ ਅਤੇ ਨੂਰਪੁਰ ਦੇ ਪਲਵਿੰਦਰ ਦੋਵੇਂ ਵੱਖ-ਵੱਖ ਪਿੰਡਾਂ ਵਿੱਚ ਵੱਡੇ ਹੋਏ, ਪਰ ਉਨ੍ਹਾਂ ਦਾ ਸਕੂਲ ਇੱਕੋ ਹੀ ਸੀ ਅਤੇ ਇੱਥੇ ਹੀ ਦੋਹਾਂ ਨੇ ਇੱਕ-ਦੂਜੇ ਨਾਲ ਕੁਝ ਵਾਅਦੇ ਕੀਤੇ।

"ਉਹ ਮੈਨੂੰ ਸਕੂਲ ਦੇ ਸਮੇਂ ਤੋਂ ਹੀ ਪਿਆਰ ਕਰਦਾ ਸੀ। ਮੈਂ ਸ਼ੁਰੂ ਵਿੱਚ ਉਸ ਨੂੰ ਪਿਆਰ ਨਹੀਂ ਕਰਦੀ ਸੀ ਪਰ ਉਹ ਇੰਨਾ ਪਿਆਰ ਕਰਦਾ ਸੀ ਕਿ ਮੈਨੂੰ ਹੌਲੀ-ਹੌਲੀ ਉਸ ਨਾਲ ਪਿਆਰ ਹੋ ਗਿਆ।"

ਹੁਣ ਦੋ ਮਹੀਨਿਆਂ ਦੀ ਬੱਚੀ ਦੀ ਮਾਂ ਉਸ ਵੇਲੇ ਨੌਵੀਂ ਜਮਾਤ ਵਿੱਚ ਸੀ ਅਤੇ ਪਲਵਿੰਦਰ 11ਵੀਂ ਵਿੱਚ।

Image copyright SS Ramuwalia/BBC
ਫੋਟੋ ਕੈਪਸ਼ਨ ਮੋਜ਼ਗੜ੍ਹ ਦੇ ਸੁਖਜਿੰਦਰ ਅਤੇ ਨੂਰਪੁਰ ਦੀ ਪਲਵਿੰਦਰ ਨਾਬਾਲਗ ਸਨ ਜਦੋਂ ਫਰਾਰ ਹੋਏ

ਦੋ ਨਾਬਾਲਗਾਂ ਦਾ ਪਿਆਰ ਵਿੱਚ ਵਿਸ਼ਵਾਸ ਸੀ। ਉਸੇ ਦੇ ਸਹਾਰੇ ਸੁਖਜਿੰਦਰ ਨੇ ਸਭ ਕੁਝ ਪਿੱਛੇ ਛੱਡ ਕੇ ਪਲਵਿੰਦਰ ਦਾ ਹੱਥ ਫੜ ਲਿਆ।

ਸੁਖਜਿੰਦਰ ਜੱਟ ਸਿੱਖ ਹੈ ਜਦੋਂਕਿ ਪਲਵਿੰਦਰ ਦਲਿਤ ਭਾਈਚਾਰੇ ਨਾਲ ਸਬੰਧਤ ਹੈ।

"ਮੇਰਾ ਭਰਿਆ ਪਰਿਵਾਰ ਸੀ- ਮਾਪੇ ਅਤੇ ਇੱਕ ਵੱਡਾ ਭਰਾ ਸੀ। ਪਰ ਮੈਨੂੰ ਪਿਆਰ ਨਹੀਂ ਮਿਲਿਆ। ਕੁੱਟਮਾਰ, ਗਾਲ੍ਹਾਂ ਸਭ ਕੁਝ ਹੁੰਦਾ ਸੀ ਉਸ ਘਰ ਵਿੱਚ। ਇੱਕ ਪਲਵਿੰਦਰ ਹੀ ਸੀ ਜੋ ਮੈਨੂੰ ਪਿਆਰ ਕਰਦਾ ਸੀ। ਮੈਂ ਉਸ ਨਾਲ ਭੱਜ ਗਈ, ਆਪਣੀ ਮਰਜ਼ੀ ਨਾਲ।"

ਨਾਬਾਲਗ ਫਰਾਰ ਹੋਏ

ਜਿਸ ਵੇਲੇ ਪਲਵਿੰਦਰ ਅਤੇ ਸੁਖਜਿੰਦਰ ਘਰੋਂ ਭੱਜੇ, ਦੋਵੇਂ ਨਾਬਾਲਗ ਸਨ। 2013 ਵਿੱਚ ਉਹ ਦੋਵੇਂ ਨਾਬਾਲਗ ਮੋਗਾ ਤੋਂ ਭੱਜਕੇ ਦਿੱਲੀ ਆ ਗਏ। ਦੋ ਮਹੀਨਿਆਂ ਲਈ ਦਿੱਲੀ ਵਿੱਚ ਰਹੇ। ਉੱਧਰ ਕੁੜੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ ਤਾਂ ਪੁਲਿਸ ਭਾਲ ਕਰ ਰਹੀ ਸੀ।

ਦੋ ਮਹੀਨਿਆਂ ਬਾਅਦ ਦਿੱਲੀ ਪੁਲਿਸ ਨੂੰ ਇਹ ਨਾਬਾਲਗ ਜੋੜਾ ਮਿਲ ਗਿਆ। ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਮੋਗਾ ਪਹੁੰਚੀ। ਸੁਖਜਿੰਦਰ ਦੇ ਪਿਤਾ ਨੇ ਪਲਵਿੰਦਰ ਦੇ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਸੁਖਜਿੰਦਰ ਦਾ ਕਹਿਣਾ ਹੈ, "ਮੈਂ ਬਹੁਤ ਰੋ ਰਹੀ ਸੀ ਕਿਉਂਕਿ ਉਸ ਤੋਂ ਬਾਅਦ ਜੋ ਹੋਣਾ ਸੀ ਮੈਨੂੰ ਉਸ ਦਾ ਅੰਦਾਜ਼ਾ ਸੀ।

Image copyright SS Ranuwalia/BBC
ਫੋਟੋ ਕੈਪਸ਼ਨ ਸੁਖਜਿੰਦਰ ਦੇ ਪਿਤਾ ਵੀਰ ਸਿੰਘ ਨੇ 4 ਦਸੰਬਰ 2013 ਨੂੰ ਪਲਵਿੰਦਰ ਦੇ ਖਿਲਾਫ਼ ਐੱਫ਼ਆਈਆਰ ਦਰਜ ਕਰਵਾਈ ਸੀ।

"ਮੇਰੇ ਘਰ ਵਾਲੇ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਮੈਂ ਉਨ੍ਹਾਂ ਨਾਲ ਨਹੀਂ ਜਾਣਾ ਚਾਹੁੰਦੀ ਸੀ। ਮੈਂ ਪਲਵਿੰਦਰ ਨਾਲ ਰਹਿਣਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਪਲਵਿੰਦਰ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਸੀ। ਮੈਨੂੰ ਕੁੱਟਿਆ ਅਤੇ ਧਮਕਾਇਆ। ਅਦਾਲਤ ਵਿੱਚ ਜ਼ਬਰਦਸਤੀ ਬਿਆਨ ਦਿਵਾਇਆ ਕਿ ਪਲਵਿੰਦਰ ਮੈਨੂੰ ਭਜਾ ਕੇ ਲੈ ਗਿਆ ਸੀ ਅਤੇ ਮੇਰੇ ਨਾਲ ਬਲਾਤਕਾਰ ਕੀਤਾ।"

ਹੁਣ ਇੱਥੇ ਕਹਾਣੀ ਵਿੱਚ ਟਵਿਸਟ ਆਉਂਦਾ ਹੈ...

ਦਰਅਸਲ ਜਦੋਂ ਪਲਵਿੰਦਰ ਅਤੇ ਸੁਖਜਿੰਦਰ ਘਰੋਂ ਭੱਜੇ ਸਨ ਤਾਂ ਦੋਵੇਂ ਨਾਬਾਲਗ ਸਨ ਪਰ ਦਸੰਬਰ 2013 ਵਿੱਚ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਤਾਂ ਪਲਵਿੰਦਰ ਬਾਲਗ ਹੋ ਚੁੱਕਿਆ ਸੀ। ਉਸ ਦੀ ਉਮਰ 18 ਸਾਲ ਅਤੇ ਇੱਕ ਮਹੀਨੇ ਸੀ।

ਪੁਲਿਸ ਕਾਰਵਾਈ ਤੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਅਤੇ ਪਲਵਿੰਦਰ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਸੁਖਜਿੰਦਰ ਨੇ ਕਿਹਾ, "ਮੈਂ ਪੁਲਿਸ ਦੇ ਸਾਹਮਣੇ ਉਹੀ ਗੱਲ ਕਹੀ ਜੋ ਸੱਚ ਸੀ ਪਰ ਲਗਭਗ ਪੰਜ ਮਹੀਨਿਆਂ ਬਾਅਦ ਜਦੋਂ ਸੈਸ਼ਨ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਮੈਨੂੰ ਕੁੱਟਿਆ ਜਾਂਦਾ, ਧਮਕਾਇਆ ਜਾਂਦਾ ਅਤੇ ਸਿਖਾਇਆ ਜਾਂਦਾ ਕਿ ਮੈਂ ਕੀ ਕਹਿਣਾ ਹੈ।"

ਇਹ ਵੀ ਪੜ੍ਹੋ꞉

22 ਮਹੀਨਿਆਂ ਬਾਅਦ 2016 ਵਿੱਚ ਪਲਵਿੰਦਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ।

ਜਦੋਂ ਪਲਵਿੰਦਰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਤਾਂ ਉਸ ਦੀ ਖ਼ਬਰ ਸੁਖਜਿੰਦਰ ਨੂੰ ਲੱਗੀ ਅਤੇ ਉਸ ਨੇ ਉਨ੍ਹਾਂ ਨਾਲ ਸੰਪਰਕ ਕੀਤਾ।

"ਮੇਰੇ ਕੋਲ ਪਲਵਿੰਦਰ ਦੇ ਘਰ ਵਾਲਿਆਂ ਦਾ ਨੰਬਰ ਸੀ। ਮੈਂ ਉਨ੍ਹਾਂ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਸਾਡੀ ਗੱਲਬਾਤ ਦੁਬਾਰਾ ਸ਼ੁਰੂ ਹੋਈ। ਅਸੀਂ ਇੱਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਮੈਂ ਇੱਕ ਵਾਰੀ ਫਿਰ ਘਰੋਂ ਭੱਜ ਗਈ ਪਰ ਇਸ ਸਮੇਂ ਮੈਂ ਇਕ ਬਾਲਗ ਸੀ।"

ਘਰੋਂ ਭੱਜ ਕੇ ਸੁਖਜਿੰਦਰ ਨੇ ਪਲਵਿੰਦਰ ਨਾਲ 4 ਜੁਲਾਈ 2017 ਨੂੰ ਇੱਕ ਸਥਾਨਕ ਗੁਰਦੁਆਰੇ ਵਿੱਚ ਵਿਆਹ ਕਰ ਲਿਆ।

Image copyright SS Ramuwalia
ਫੋਟੋ ਕੈਪਸ਼ਨ ਘਰੋਂ ਭੱਜ ਕੇ ਸੁਖਜਿੰਦਰ ਨੇ ਪਲਵਿੰਦਰ ਨਾਲ 4 ਜੁਲਾਈ 2017 ਨੂੰ ਇੱਕ ਸਥਾਨਕ ਗੁਰਦੁਆਰੇ ਵਿੱਚ ਵਿਆਹ ਕਰ ਲਿਆ

ਦੋਹਾਂ ਦਾ ਵਿਆਹ ਤਾਂ ਹੋ ਗਿਆ ਪਰ ਸੁਖਜਿੰਦਰ ਦੇ ਘਰਵਾਲਿਆਂ ਨੇ ਉਸ ਨੂੰ ਹਮੇਸ਼ਾਂ ਲਈ ਛੱਡ ਦਿੱਤਾ।

ਤਕਰੀਬਨ ਤਿੰਨ ਸਾਲ ਹੋ ਗਏ ਹਨ ਪਰ ਸੁਖਜਿੰਦਰ ਦੀ ਆਪਣੇ ਘਰ ਵਾਲਿਆਂ ਨਾਲ ਕੋਈ ਗੱਲਬਾਤ ਨਹੀਂ ਹੋਈ। ਨਾਂ ਹੀ ਉਨ੍ਹਾਂ ਨੇ ਕਦੇ ਉਸ ਦੀ ਖ਼ਬਰ ਲਈ।

ਅਚਾਨਕ ਅਦਾਲਤ ਦਾ ਫੈਸਲਾ ਆ ਗਿਆ

ਪਰ ਸੁਖਜਿੰਦਰ ਖੁਸ਼ ਸੀ। ਸਹੁਰੇ ਦੀ ਮੌਤ ਹੋ ਚੁੱਕੀ ਹੈ। ਘਰ ਵਿੱਚ ਸੱਸ ਹੈ ਅਤੇ ਇੱਕ ਨਨਾਣ। ਦੋ ਮਹੀਨੇ ਪਹਿਲਾਂ ਉਹ ਮਾਂ ਬਣੀ। ਪਰਿਵਾਰ ਪੂਰਾ ਹੋ ਗਿਆ ਪਰ ਬੀਤੀ 11 ਜੁਲਾਈ ਨੂੰ ਸੈਸ਼ਨ ਕੋਰਟ ਦਾ ਫੈਸਲਾ ਆ ਗਿਆ। ਉਸੇ ਕੇਸ ਵਿੱਚ ਜੋ ਸੁਖਜਿੰਦਰ ਦੇ ਪਿਤਾ ਵੀਰ ਸਿੰਘ ਨੇ ਦਰਜ ਕਰਵਾਇਆ ਸੀ।

ਸੈਸ਼ਨ ਕੋਰਟ ਨੇ ਪਲਵਿੰਦਰ ਨੂੰ ਸੱਤ ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਹ ਫੈਸਲਾ ਉਸ ਨੂੰ ਬਾਲਗ ਮੰਨ ਕੇ ਦਿੱਤਾ ਗਿਆ ਹੈ।

ਸੁਖਜਿੰਦਰ ਨੂੰ ਅਦਾਲਤ ਦਾ ਫੈਸਲਾ ਨਾਮਨਜ਼ੂਰ

ਮਨੁੱਖੀ ਕਦਰਾਂ ਕੀਮਤਾਂ ਦੀ ਦੁਹਾਈ ਪਾਉਂਦੀ ਉਹ ਕਹਿੰਦੀ ਹੈ, "ਹੁਣ ਉਸ ਨੂੰ ਜੇਲ੍ਹ ਕਿਉਂ ਭੇਜ ਰਹੇ ਹੋ। ਹੁਣ ਤਾਂ ਉਹ ਮੇਰਾ ਪਤੀ ਹੈ। ਮੇਰੀ ਦੋ ਮਹੀਨਿਆਂ ਦੀ ਧੀ ਦਾ ਪਿਤਾ ਹੈ। ਉਸ ਬਿਨਾਂ ਸਾਡਾ ਘਰ ਕਿਵੇਂ ਚੱਲੇਗਾ? ਅਦਾਲਤ ਇਹ ਕਿਉਂ ਨਹੀਂ ਸੋਚਦੀ ਕਿ ਉਹ ਚੰਗਾ ਆਦਮੀ ਸੀ, ਤਾਂ ਹੀ ਤਾਂ ਉਸ ਨੇ ਇਹ ਸਭ ਕੁਝ ਹੋਣ ਦੇ ਬਾਵਜੂਦ ਮੇਰੇ ਨਾਲ ਵਿਆਹ ਕਰਵਾਇਆ। ਉਹ ਪਿਆਰ ਵੀ ਕਰਦਾ ਹੈ ਅਤੇ ਉਸ ਨੇ ਕਦੇ ਜ਼ਬਰਦਸਤੀ ਨਹੀਂ ਕੀਤੀ। ਅਸੀਂ ਦੋਵੇਂ ਪਿਆਰ ਕਰਦੇ ਹਾਂ। ਉਦੋਂ ਵੀ ਕਰਦੇ ਸੀ ਜਦੋਂ ਮੈਂ ਪਹਿਲੀ ਵਾਰੀ ਭੱਜੀ ਸੀ।"

ਪਲਵਿੰਦਰ ਵੱਲੋਂ ਵਕੀਲ ਐੱਸਐੱਸ ਰਾਮੂਵਾਲੀਆ ਇਹ ਮਾਮਲਾ ਦੇਖ ਰਹੇ ਹਨ।

ਇਹ ਵੀ ਪੜ੍ਹੋ꞉

ਉਹ ਦੱਸਦੇ ਹਨ, "ਸੁਖਜਿੰਦਰ ਦੇ ਪਿਤਾ ਵੀਰ ਸਿੰਘ ਨੇ 4 ਦਸੰਬਰ 2013 ਨੂੰ ਪਲਵਿੰਦਰ ਦੇ ਖਿਲਾਫ਼ ਐੱਫ਼ਆਈਆਰ ਦਰਜ ਕਰਵਾਈ ਸੀ। ਪਲਵਿੰਦਰ 'ਤੇ ਆਈ.ਪੀ.ਸੀ. ਦੀ ਧਾਰਾ 363, 366 ਏ, 376, 380, 411 ਤਹਿਤ ਧਰਮਕੋਟ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਵੀਰ ਸਿੰਘ ਦਾ ਕਹਿਣਾ ਸੀ ਕਿ ਪਲਵਿੰਦਰ ਸਿੰਘ ਉਨ੍ਹਾਂ ਦੀ ਧੀ ਨੂੰ ਭਜਾ ਕੇ ਲੈ ਗਿਆ ਸੀ ਅਤੇ ਉਸ ਨਾਲ ਰੇਪ ਕੀਤਾ। ਉਸ ਵੇਲੇ ਦੋਵੇਂ ਹੀ ਨਾਬਾਲਗ ਸਨ।"

ਪਲਵਿੰਦਰ ਦੇ ਨਾਲ-ਨਾਲ ਵੀਰ ਸਿੰਘ ਨੇ ਉਨ੍ਹਾਂ ਦੀ ਮਾਂ, ਪਿਤਾ ਅਤੇ ਭੈਣ ਨੂੰ ਵੀ ਮੁਲਜ਼ਮ ਬਣਾਇਆ।

ਰਾਮੂਵਾਲੀਆ ਦੱਸਦੇ ਹਨ ਕਿ ਪਹਿਲਾਂ ਤਾਂ ਸੈਸ਼ਨ ਕੋਰਟ ਨੇ ਉਸ ਨੂੰ ਨਾਬਾਲਗ ਮੰਨਿਆ ਪਰ ਬਾਅਦ ਵਿੱਚ ਕੋਰਟ ਨੇ ਆਪਣੇ ਹੀ ਫੈਸਲੇ ਨੂੰ ਪਲਟਦੇ ਹੋਏ ਕਿਹਾ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਉਦੋਂ ਉਹ 18 ਸਾਲ ਇੱਕ ਮਹੀਨੇ ਦਾ ਸੀ ਇਸ ਲਈ ਉਸ ਤੇ ਬਾਲਗ ਦੇ ਤਹਿਤ ਹੀ ਮੁਕਦਮਾ ਚੱਲੇਗਾ।

ਇਸ ਦੌਰਾਨ ਪਲਵਿੰਦਰ ਦੀ ਭੈਣ ਨੂੰ ਨਾਬਾਲਗ ਮੰਨਦੇ ਹੋਏ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਮੁਕੱਦਮੇ ਦੇ ਦੌਰਾਨ ਹੀ ਪਲਵਿੰਦਰ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਹੁਣ ਜਦੋਂ 11 ਜੁਲਾਈ ਨੂੰ ਫੈਸਲਾ ਆਇਆ ਹੈ ਤਾਂ ਅਦਾਲਤ ਨੇ ਉਸ ਦੀ ਮਾਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

ਰਾਮੂਵਾਲੀਆ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਦੇ ਨਜ਼ਰੀਏ ਤੋਂ ਵੇਖਦੇ ਹੋ ਤਾਂ ਇਹ ਫੈਸਲਾ ਉਨ੍ਹਾਂ ਲਈ ਪਰੇਸ਼ਾਨੀ ਵਾਲਾ ਹੈ। ਹੁਣ ਜੋ ਫ਼ੈਸਲਾ ਆਇਆ ਹੈ ਉਹ ਸੁਖਜਿੰਦਰ ਨੂੰ ਇੱਕ ਨਾਬਾਲਗ ਮੰਨਦੇ ਹੋਏ ਦਿੱਤਾ ਗਿਆ ਹੈ ਅਤੇ ਪਲਵਿੰਦਰ ਨੂੰ ਬਾਲਗ।

ਇਹ ਵੀ ਪੜ੍ਹੋ꞉

ਸੁਖਜਿੰਦਰ ਨੇ ਕਿਹਾ, "ਮੇਰੇ ਲਈ ਤਾਂ ਹਰ ਪਾਸਿਓਂ ਹੀ ਪਰੇਸ਼ਾਨੀ ਹੈ। ਮੇਰੇ ਘਰ ਵਿੱਚ ਕੋਈ ਨਹੀਂ ਹੈ ਜੋ ਸਾਡਾ ਧਿਆਨ ਰੱਖੇ।"

ਜਦੋਂ ਸੁਖਜਿੰਦਰ ਤੋਂ ਆਪਣੇ ਪਿਤਾ ਵੀਰ ਸਿੰਘ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਤੁਹਾਨੂੰ ਪਾਪਾ ਦਾ ਮੋਬਾਈਲ ਨੰਬਰ ਤਾਂ ਦੇ ਦੇਵਾਂਗੀ ਪਰ ਮੈਂ ਖੁਦ ਗੱਲ ਨਹੀਂ ਕਰਾਂਗੀ।"

ਪਿਤਾ ਹਾਲੇ ਵੀ ਨਾਰਾਜ਼

ਵੀਰ ਸਿੰਘ ਦੀ ਨਾਰਾਜ਼ਗੀ ਉਨ੍ਹਾਂ ਦੇ ਸ਼ਬਦਾਂ ਤੋਂ ਝਲਕਦੀ ਹੈ। ਉਹ ਅੱਜ ਵੀ ਧੀ ਨੂੰ ਮਾਫ਼ ਨਹੀਂ ਕਰ ਸਕੇ ਹਨ। ਉਨ੍ਹਾਂ ਨੂੰ ਤਾਂ ਇਸ ਮਾਮਲੇ ਦੀ ਜਾਣਕਾਰੀ ਵੀ ਨਹੀਂ ਸੀ।

ਉਹ ਕਹਿੰਦੇ ਹਨ, "ਅਸੀਂ ਵਿਆਹ ਨਹੀਂ ਕਰਵਾਇਆ ਸੀ। ਅਸੀਂ ਇਸ ਵਿਆਹ ਨੂੰ ਨਹੀਂ ਮੰਨਦੇ।"

ਹੁਣ ਤੁਹਾਡੀ ਧੀ ਦਾ ਪਰਿਵਾਰ ਹੈ ਤਾਂ ਕੀ ਤੁਸੀਂ ਕੇਸ ਵਾਪਿਸ ਲਓਗੇ?

"ਨਹੀਂ, ਅਸੀਂ ਕੇਸ ਵਾਪਸ ਨਹੀਂ ਲਵਾਂਗੇ।"

ਉੱਥੇ ਹੀ ਸੁਖਜਿੰਦਰ ਸਿਰਫ਼ ਇੱਕ ਗੱਲ ਕਹਿੰਦੀ ਹੈ।

"ਜਦੋਂ ਮੈਂ ਕਹਿ ਰਹੀ ਹਾਂ ਕਿ ਮੇਰਾ ਰੇਪ ਨਹੀਂ ਹੋਇਆ ਹੈ, ਮੈਂ ਉਸ ਨਾਲ ਆਪਣੀ ਮਰਜ਼ੀ ਨਾਲ ਸੀ ਤਾਂ ਕੋਈ ਵੀ ਇਹ ਕਿਵੇਂ ਕਹਿ ਸਕਦਾ ਹੈ ਕਿ ਮੇਰਾ ਰੇਪ ਹੋਇਆ ਹੈ। ਕੀ ਇਹ ਗਲਤ ਨਹੀਂ ਹੈ? ਜ਼ਬਰਦਸਤੀ ਮੈਨੂੰ ਰੇਪ ਪੀੜਤਾ ਬਣਾਇਆ ਜਾ ਰਿਹਾ ਹੈ ਅਤੇ ਮੇਰੇ ਪਤੀ ਨੂੰ ਜੋ ਮੈਨੂੰ ਪਿਆਰ ਕਰਦਾ ਹੈ, ਉਸ ਨੂੰ ਰੇਪਿਸਟ।"

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)