ਸਨੀ ਲਿਓਨੀ ਦੀ ਫਿਲਮ ਉੱਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਸਨੀ Image copyright Getty Images
ਫੋਟੋ ਕੈਪਸ਼ਨ ਮਹੇਸ਼ ਭੱਟ ਨੇ ਸਨੀ ਨੂੰ ਆਪਣੀ ਆਉਣ ਵਾਲੀ ਫਿਲਮ ਜਿਸਮ-2 ਵਿੱਚ ਅਦਾਕਾਰੀ ਦੀ ਪੇਸ਼ਕਸ਼ ਕੀਤੀ।

ਸਨੀ ਲਿਓਨੀ ਦੀ ਜ਼ਿੰਦਗੀ ਉੱਤੇ ਬਣੀ ਫਿਲਮ ਕਿਰਨਜੀਤ ਕੌਰ 'ਦਿ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ' ਦੇ ਟਾਈਟਲ ਵਿੱਚ ਕੌਰ ਸ਼ਬਦ ਵਰਤਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਬੀਬੀਸੀ ਨਾਲ ਗੱਲਬਾਤ ਵਿਚ ਸਨੀ ਲਿਓਨੀ ਦੀ ਫਿਲਮ ਵਿਚ ਕੌਰ ਸ਼ਬਦ ਵਰਤੇ ਜਾਣ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਫਿਲਮ ਦੇ ਟਾਈਟਲ ਵਿੱਚੋਂ ਕੌਰ ਸ਼ਬਦ ਹਟਾਇਆ ਜਾਵੇ।

ਇਹ ਵੀ ਪੜ੍ਹੋ :

ਇਸਾਈ ਬਣ ਚੁੱਕੀ ਹੈ ਸਨੀ ਲਿਓਨੀ

ਦਲਜੀਤ ਸਿੰਘ ਬੇਦੀ ਨੇ ਆਪਣੇ ਬਿਆਨ ਵਿਚ ਕਿਹਾ, 'ਸਨੀ ਲਿਓਨੀ ਆਪਣੀ ਅਸਲ ਪਛਾਣ ਬਦਲ ਚੁੱਕੀ ਹੈ, ਉਹ ਇਸਾਈ ਨਾਲ ਵਿਆਹ ਕਰਵਾ ਕੇ ਇਸਾਈ ਮਤ ਅਪਣਾ ਚੁੱਕੀ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਤਰ੍ਹਾਂ ਦੀ ਕਹਾਣੀ ਉੱਤੇ ਕੰਮ ਕਰ ਰਹੀ ਹੈ, ਉਸ ਨੂੰ ਸਿੱਖ ਨਾਂ ਨਹੀਂ ਵਰਤਣਾ ਚਾਹੀਦਾ ਇਸ ਨਾਲ ਸਿੱਖ ਭਾਵਨਾਵਾਂ ਨੂੰ ਸੱਟ ਵੱਜਦੀ ਹੈ।

ਉਨ੍ਹਾਂ ਕਿਹਾ ਕਿ ਕੌਰ ਗੁਰੂ ਸਾਹਿਬ ਵੱਲੋਂ ਔਰਤਾਂ ਲਈ ਬਖ਼ਸ਼ਿਆਂ ਸਤਿਕਾਰਯੋਗ ਸ਼ਬਦ ਹੈ, ਜਿਹੜੇ ਲੋਕ ਗੁਰ ਮਰਿਆਦਾ ਨੂੰ ਨਹੀਂ ਮੰਨਦੇ ਉਨ੍ਹਾਂ ਨੂੰ ਕੌਰ ਸ਼ਬਦ ਨਹੀਂ ਵਰਤਣਾ ਚਾਹੀਦਾ।

Image copyright Twitter

ਸ਼੍ਰੋਮਣੀ ਕਮੇਟੀ ਦੇ ਇਸ ਬਿਆਨ ਉੱਤੇ ਸੋਸ਼ਲ ਮੀਡੀਆ ਉੱਤੇ ਵੀ ਬਹਿਸ ਛਿੜ ਗਈ ਹੈ। ਕੁਝ ਲੋਕ ਸ਼੍ਰੋਮਣੀ ਕਮੇਟੀ ਦੇ ਬਿਆਨ ਦੀ ਆਲੋਚਨਾ ਕਰ ਰਹ ਨੇ ਅਤੇ ਕੁਝ ਉਸਦੇ ਹੱਕ ਵਿਚ ਖੜ੍ਹੇ ਦਿਖ ਰਹੇ ਹਨ

ਰਵਿੰਦਰ ਸਿੰਘ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਬਿਆਨ ਮੁਤਾਬਕ ਉਹ ਸਾਰੇ ਪੰਜਾਬੀ ਜਿਹੜੇ ਵਾਲ ਕੱਟਦੇ ਹਨ , ਸ਼ਰਾਬ ਪੀਂਦੇ ਹਨ, ਮੀਟ ਖਾਂਦੇ ਹਨ ਜਾਂ ਕੋਈ ਗੈਰ- ਨੈਤਿਕ ਕੰਮ ਕਰਦੇ ਹਨ, ਉਹ ਵੀ ਸਿੰਘ ਜਾਂ ਕੌਰ ਸ਼ਬਦ ਨਹੀਂ ਵਰਤ ਸਕਦੇ।

ਅਭਿਲਾਸ਼ਾ ਪਾਠਕ ਨਾਂ ਦੀ ਟਵਿੱਟਰ ਹੈਂਡਲਰ ਲਿਖਦੀ ਹੈ ਕਿ ਦੇਸ਼ ਨੇ ਪੋਰਨ ਸਟਾਰ ਨੂੰ ਅਦਾਕਾਰਾ ਵੱਜੋਂ ਆਸਾਨੀ ਨਾਲ ਅਪਣਾ ਲਿਆ, ਉਹ ਉਸ ਦੀ ਕਾਲਪਨਿਕ ਅਦਾਕਾਰੀ ਦੇ ਪ੍ਰਸ਼ੰਸਕ ਬਣ ਸਕਦੇ ਹਨ, ਉਹ ਕਿਰਨਜੀਤ ਕੌਰ ਦਾ ਨਾਂ ਵਾਲਾ ਕਿਰਦਾਰ ਨਹੀਂ ਕਰ ਸਕਦੀ। ਇਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ।

ਇੱਕ ਹੋਰ ਟਵਿੱਟਰ ਹੈਂਡਲਰ ਅਮਿਤ ਸ੍ਰੀਵਾਸਤਵ ਲਿਖਦਾ ਹੈ ਕਿ ਜੇਕਰ ਸਨੀ ਲਿਓਨੀ ਅਦਾਲਤ ਜਾਵੇ ਤਾਂ ਆਸਾਨੀ ਨਾਲ ਜਿੱਤ ਜਾਵੇਗੀ ਕਿਉਂਕਿ ਉਹ ਸਿੱਖ ਪਰਿਵਾਰ ਵਿਚ ਜਨਮੀ ਹੈ ਅਤੇ ਇਸ ਕੌਰ ਨਾਂ ਉਸਦਾ ਜਨਮ ਸਿੱਧ ਅਧਿਕਾਰ ਹੈ , ਭਾਵੇਂ ਉਹ ਸਿੱਖ ਧਰਮ ਨੂੰ ਮੰਨਦੀ ਹੈ ਜਾਂ ਨਹੀਂ।

ਪਰਤੀਕ ਗੁਪਤਾ ਨੇ ਲਿਖਿਆ "ਤਾਂ ਕੀ ਤੁਹਾਨੂੰ ਲਗਦਾ ਹੈ ਕਿ ਉਸ ਨੂੰ ਇਜ਼ਤ ਨਹੀਂ ਮਿਲਣੀ ਚਾਹੀਦੀ। ਇਹ 2018 ਹੈ ਯਾਰ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)