'ਆਮ ਚੋਣਾਂ 'ਚ ਹਿੰਦੂ-ਮੁਸਲਿਮ ਦਾ ਪੱਤਾ ਖੇਡਿਆ ਜਾਵੇਗਾ' : ਬਲਾਗ਼

Rahul Gandhi Image copyright @INC

ਭਾਜਪਾ ਆਗੂਆਂ ਨੇ ਰਾਹੁਲ ਗਾਂਧੀ 'ਤੇ ਸਿਰਫ਼ ਮੁਸਲਮਾਨਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰਨ ਦਾ ਇਲਜ਼ਾਮ ਲਗਾਇਆ ਹੈ। ਭਾਵੇਂ ਰਾਹੁਲ ਹੁਣ ਕਹਿੰਦੇ ਰਹਿਣ ਕਿ ਉਨ੍ਹਾਂ ਦੀ ਗੱਲ ਨੂੰ ਉਰਦੂ ਅਖ਼ਬਾਰ ਇਨਕਲਾਬ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਪਰ ਭਾਜਪਾ ਦੇ ਆਗੂਆਂ ਮੁਤਾਬਕ 'ਹੁਣ ਤਾਂ ਕਾਂ ਕੰਨ ਲੈ ਉੱਡਿਆ'।

ਪਹਿਲਾਂ ਦਿੱਲੀ ਵਿੱਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਕਾਂ ਕੰਨ ਲੈ ਉੱਡਿਆ। ਅਗਲੇ ਦਿਨ ਹੋਰ ਉੱਚੀ ਆਵਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਮਗੜ੍ਹ ਵਿੱਚ ਕਿਹਾ, ਭਰਾਵੋ ਤੇ ਭੈਣੋਂ, ਕਾਂ ਕੰਨ ਲੈ ਉੱਡਿਆ ਹੈ।

ਹੁਣ ਇਹ ਪਤਾ ਲਗਾਉਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਕਾਂ ਕੰਨ ਕਿਉਂ ਲੈ ਉੱਡਿਆ ਅਤੇ ਜੇਕਰ ਲੈ ਉੱਡਿਆ ਹੈ ਤਾਂ ਕਿਸ ਟਾਹਣੀ 'ਤੇ ਜਾ ਬੈਠਿਆ ਹੈ!

ਅਤੇ ਸਾਰੇ ਹੀ ਉਸ ਕਾਂ ਦੀ ਭਾਲ ਵਿੱਚ ਨਿਕਲ ਪਏ, ਜੋ ਕੰਨ ਲੈ ਕੇ ਉੱਡ ਗਿਆ ਸੀ।

ਇਹ ਵੀ ਪੜ੍ਹੋ:

ਆਮ ਚੋਣਾਂ ਭਾਵੇਂ ਇੱਕ ਸਾਲ ਬਾਅਦ ਹੋਣ ਪਰ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਰਣਭੇਰੀ ਵਜਾ ਦਿੱਤੀ ਹੈ।

ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣਾਂ ਵਿੱਚ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਨਾਮ ਨਾਲ ਸੰਬੋਧਨ ਕਰਨਾ ਬੰਦ ਕਰ ਦਿੱਤਾ ਹੈ। ਇਸ ਵਾਰ ਰਾਹੁਲ ਗਾਂਧੀ ਨੂੰ ਮੋਦੀ ਯੁਵਰਾਜ ਨਹੀਂ ਬਲਕਿ ਇੱਕ ਨਵੇਂ ਨਾਮ ਨਾਲ ਬੁਲਾ ਰਹੇ ਹਨ - ਸ਼੍ਰੀਮਾਨ ਨਾਮਦਾਰ।

ਇਹ ਸਭ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੀ ਆਹਟ ਹੈ, ਆਹਟ ਨਹੀਂ ਬਲਕਿ ਗੜਬੜਾਹਤ ਕਹੋ।

Image copyright PTI
ਫੋਟੋ ਕੈਪਸ਼ਨ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨਿਆ ਮੁੱਦਾ ਬੇਸ਼ੱਕ ਵਿਕਾਸ ਹੋਵੇ ਪਰ ਦਰਅਸਲ ਚੋਣਾਂ ਹਿੰਦੂ-ਮੁਸਲਮਾਨ ਧਰੁਵੀਕਰਨ 'ਤੇ ਹੀ ਲੜੀਆਂ ਜਾਣਗੀਆਂ

ਕੰਟ੍ਰੋਲ ਸਾਡਾ ਪਰ ਗੜਬੜੀ ਦੀ ਜ਼ਿੰਮੇਵਾਰੀ ਕਾਂਗਰਸ ਦੀ

ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਦੇਸ ਦੇ 22 ਸੂਬਿਆਂ ਵਿੱਚ ਭਾਜਪਾ (ਐਨਡੀਏ) ਸੱਤਾ ਵਿੱਚ ਹੈ।

ਪੁਲਿਸ, ਫੌਜ, ਖੁਫ਼ੀਆ ਏਜੰਸੀਆਂ ਭਾਜਪਾ ਸਰਕਾਰ ਦੇ ਕੰਟ੍ਰੋਲ ਵਿੱਚ ਹਨ, ਫੇਰ ਵੀ ਦੇਸ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ 2019 ਤੱਕ ਇਸ ਦੇਸ ਵਿੱਚ ਹੋਣ ਵਾਲੇ ਕਿਸੇ ਵੀ ਸੰਭਾਵਿਤ ਫਿਰਕੂ ਦੰਗਿਆਂ ਲਈ ਪਹਿਲਾਂ ਹੀ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ।

ਉਨ੍ਹਾਂ ਨੇ ਕਿਹਾ, "ਜੇਕਰ ਕਾਂਗਰਸ ਪਾਰਟੀ 2019 ਦੀਆਂ ਚੋਣਾਂ ਧਰਮ ਦੇ ਆਧਾਰ 'ਤੇ ਲੜਣਾ ਚਾਹੁੰਦੀ ਹੈ ਤਾਂ ਸਾਨੂੰ ਡਰ ਹੈ ਕਿ ਹੁਣ ਤੱਕ ਸੰਪ੍ਰਦਾਇਕ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਜੇਕਰ ਤਣਾਅ ਹੁੰਦਾ ਹੈ ਤਾਂ ਜ਼ਿੰਮੇਵਾਰੀ ਕਾਂਗਰਸ ਦੀ ਹੋਵੇਗੀ।"

ਸ਼ੁੱਕਰਵਾਰ ਨੂੰ ਨਿਰਮਲਾ ਸੀਤਾਰਮਨ ਦੀ ਪ੍ਰੈੱਸ ਕਾਨਫਰੰਸ ਅਤੇ ਸ਼ਨਿਚਰਵਾਰ ਨੂੰ ਆਜ਼ਮਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨਾਲ ਠੀਕ-ਠਾਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨਿਆ ਮੁੱਦਾ ਬੇਸ਼ੱਕ ਵਿਕਾਸ ਹੋਵੇ ਪਰ ਦਰਅਸਲ ਚੋਣਾਂ ਹਿੰਦੂ-ਮੁਸਲਮਾਨ ਧਰੁਵੀਕਰਨ 'ਤੇ ਹੀ ਲੜੀਆਂ ਜਾਣਗੀਆਂ।

ਭਾਰਤੀ ਜਨਤਾ ਪਾਰਟੀ ਨੇ ਢੋਲ ਵਜਾ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਕਾਂਗਰਸ ਤੋਂ ਇੱਕ ਕਦਮ ਅੱਗੇ ਤੁਰ ਕੇ ਉਸੇ 'ਤੇ ਇਲਜ਼ਾਮ ਲਗਾ ਦਿੱਤਾ ਹੈ ਕਿ ਦਰਅਸਲ ਅਗਲੀਆਂ ਚੋਣਾਂ ਕਾਂਗਰਸ ਧਰਮ ਦੇ ਨਾਮ 'ਤੇ ਲੜਨਾ ਚਾਹੁੰਦੀ ਹੈ।

Image copyright PTI
ਫੋਟੋ ਕੈਪਸ਼ਨ ਕਿੱਸਾ ਸ਼ੁਰੂ ਹੋਇਆ ਦੈਨਿਕ ਜਾਗਰਣ ਦੇ ਉਰਦੂ ਅਖ਼ਬਾਰ ਡੇਅਲੀ ਇਨਕਲਾਬ ਦੇ ਸਿਰਲੇਖ ਤੋਂ

ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ?

ਕਿੱਸਾ ਸ਼ੁਰੂ ਹੋਇਆ ਦੈਨਿਕ ਜਾਗਰਣ ਦੇ ਉਰਦੂ ਅਖ਼ਬਾਰ ਡੇਅਲੀ ਇਨਕਲਾਬ ਦੇ ਸਿਰਲੇਖ ਤੋਂ।

ਜਿਸ ਦਿਨ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਮੁਸਲਮਾਨ ਬੁੱਧੀਜੀਵੀਆਂ ਨਾਲ ਮੁਲਾਕਾਤ ਕੀਤੀ। ਉਸ ਦੇ ਅਗਲੇ ਦਿਨ ਉਰਦੂ ਅਖ਼ਬਾਰ ਇਨਕਲਾਬ ਨੇ ਉਨ੍ਹਾਂ ਦੇ ਹਵਾਲੇ ਨਾਲ ਸਿਰਲੇਖ 'ਚ ਲਿਖਿਆ-'ਹਾਂ, ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ।'

ਹੁਣ ਬੇਸ਼ੱਕ ਇਹ ਖ਼ਬਰ ਕਿਸੇ ਟੀਵੀ ਚੈਨਲ, ਕਿਸੇ ਕੌਮੀ ਅਖ਼ਬਾਰ ਵਿੱਚ ਨਾ ਛਪੀ ਹੋਵੇ ਪਰ ਸਿਆਸਤ ਦੇ ਜੂਸ ਵਿੱਚ ਨੱਕੋਨੱਕ ਭਰੇ ਇਨਕਲਾਬ ਅਖ਼ਬਾਰ ਦੇ ਉਸ ਸਿਰਲੇਖ ਨੂੰ ਭਾਰਤੀ ਜਨਤਾ ਪਾਰਟੀ ਨਿਚੋੜੇ ਬਿਨਾਂ ਕਿਵੇਂ ਛੱਡਦੀ?

ਨਰਿੰਦਰ ਮੋਦੀ ਬ੍ਰੈਂਡ ਦੀ ਸਿਆਸਤ ਵਿੱਚ ਕੀ ਇਹ ਸੰਭਵ ਹੈ ਕਿ ਅਜਿਹੀ ਰਸਭਰੀ ਖ਼ਬਰ ਛਪੇ ਅਤੇ ਭਾਜਪਾ ਉਸ ਨੂੰ ਨਜ਼ਰਅੰਦਾਜ਼ ਕਰ ਦੇਵੇ?

ਇਹ ਵੀ ਪੜ੍ਹੋ:

ਕੀ ਰਾਹੁਲ ਗਾਂਧੀ ਨੇ ਸਚਮੁੱਚ ਮੁਸਲਮਾਨ ਬੁੱਧਜੀਵੀਆਂ ਨਾਲ ਹੋਈ ਮੁਲਾਕਾਤ ਵਿੱਚ ਕਾਂਗਰਸ ਨੂੰ ਮੁਸਲਮਾਨਾਂ ਦੀ ਪਾਰਟੀ ਦੱਸਿਆ?

ਇਸ ਤੋਂ ਪਹਿਲਾਂ ਕਿ ਕਾਂਗਰਸ ਪਾਰਟੀ ਮਾਮਲੇ ਨੂੰ ਸਮਝ ਸਕਦੀ, ਰੱਖਿਆ ਮੰਤਰੀ ਅਤੇ ਭਾਜਪਾ ਨੇਤਾ ਨਿਰਮਲਾ ਸੀਤਾਰਮਨ ਨੇ ਇਨਕਲਾਬ ਅਖ਼ਬਾਰ ਦੇ ਪੰਨੇ ਦਾ ਨੇਜਾ ਬਣਾ ਕੇ ਕਾਂਗਰਸ ਪਾਰਟੀ ਦੀ ਛਾਤੀ 'ਚ ਟੰਗ ਦਿੱਤਾ।

ਫੇਰ ਅਗਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੇਜੇ ਨੂੰ ਹੋਰ ਤਿੱਖਾ ਕੀਤਾ।

Image copyright PTI
ਫੋਟੋ ਕੈਪਸ਼ਨ ਸਿਆਸਤ ਦੇ ਜੂਸ ਵਿੱਚ ਨੱਕੋਨੱਕ ਭਰੇ ਇਨਕਲਾਬ ਅਖ਼ਬਾਰ ਦੇ ਉਸ ਸਿਰਲੇਖ ਨੂੰ ਭਾਰਤੀ ਜਨਤਾ ਪਾਰਟੀ ਨਿਚੋੜੇ ਬਿਨਾਂ ਕਿਵੇਂ ਛੱਡਦੀ?

ਮੋਦੀ ਨੇ ਕੱਸਿਆ ਤੰਜ

ਆਜ਼ਮਗੜ੍ਹ ਵਿੱਚ ਸ਼ਨਿਚਰਵਾਰ ਨੂੰ ਇੱਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸ਼੍ਰੀਮਾਨ ਨਾਮਦਾਰ ਨੇ ਕਿਹਾ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਮੈਨੂੰ ਹੈਰਾਨੀ ਨਹੀਂ ਹੋ ਰਹੀ ਹੈ। ਪਹਿਲਾਂ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਖ਼ੁਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਕੁਦਰਤੀ ਸਰੋਤਾਂ 'ਤੇ ਪਹਿਲਾਂ ਅਧਿਕਾਰ ਮੁਸਲਮਾਨਾਂ ਦਾ ਹੈ।"

"ਮੈਂ ਕਾਂਗਰਸ ਪਾਰਟੀ ਦੇ ਨਾਮਦਾਰ ਕੋਲੋਂ ਪੁੱਛਣਾ ਚਾਹੁੰਦਾ ਹਾਂ-ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ, ਤੁਹਾਨੂੰ ਠੀਕ ਲੱਗੇ, ਤੁਹਾਨੂੰ ਮੁਬਾਰਕ। ਪਰ ਤੁਸੀਂ ਦੱਸੋ (ਮੁਸਲਮਾਨ) ਮਰਦਾਂ ਦੀ ਹੈ ਜਾਂ ਔਰਤਾਂ ਦੀ।"

ਸ਼ਾਇਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਦੇ ਪ੍ਰਤੀ ਕਥਿਤ ਹਮਦਰਦੀ ਨੂੰ ਇੱਕ ਇਲਜ਼ਾਮ ਵਜੋਂ ਸਾਹਮਣੇ ਰੱਖਿਆ ਅਤੇ ਸਿੱਧੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੋਣਾ ਠਾਕ ਸਮਝਦੀ ਹੈ ਤਾਂ ਉਸ ਨੂੰ ਮੁਬਾਰਕ ਹੋਵੇ।

ਉਨ੍ਹਾਂ ਤੋਂ ਪਹਿਲਾਂ ਦਿੱਲੀ ਵਿੱਚ ਨਿਰਮਲਾ ਸੀਤਾਰਮਨ ਨੇ ਵੀ ਇਹੀ ਸਵਾਲ ਚੁੱਕਿਆ-ਕੀ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਹੈ। ਜੇਕਰ ਰਾਹੁਲ ਗਾਂਧੀ ਅਜਿਹਾ ਕਹਿੰਦੇ ਹਨ ਤਾਂ ਇਹ ਸੰਵਿਧਾਨ ਦੇ ਖ਼ਿਲਾਫ਼ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਖ਼ੈਰ ਖੁੱਲੀ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਹੁਣ ਤੱਕ ਬਚਦੇ ਰਹੇ ਹਨ, ਪਰ ਨਿਰਮਲਾ ਸੀਤਾਰਮਨ ਨਾਲ ਵੀ ਕਿਸੇ ਪੱਤਰਕਾਰ ਨੇ ਸਵਾਲ ਨਹੀਂ ਕੀਤਾ ਕਿ ਕੀ ਭਾਰਤੀ ਜਨਤਾ ਪਾਰਟੀ ਹਿੰਦੂ ਹਿੱਤ ਸਮਰਥਨ ਕਰਦੀ ਹੈ ਜਾਂ ਨਹੀਂ? ਕੀ ਉਹ ਕਹਿ ਸਕਦੀ ਹੈ ਕਿ ਭਾਜਪਾ ਹਿੰਦੂ ਸਮਰਥਕ ਪਾਰਟੀ ਨਹੀਂ ਹੈ?

ਖ਼ੁਦ ਕਾਂਗਰਸ ਜਿਵੇਂ ਹੁਣ ਤੱਕ ਨਰਿੰਦਰ ਮੋਦੀ ਦੀ ਭਾਜਪਾ ਕੋਲੋਂ ਹਰ ਕਦਮ 'ਤੇ ਜਿਸ ਤਰ੍ਹਾਂ ਮਾਤ ਖਾਂਦੀ ਆ ਰਹੀ ਹੈ, ਉਂਝ ਹੀ ਇਸ ਮੁੱਦੇ 'ਤੇ ਵੀ ਪੱਛੜ ਗਈ ਹੈ।

ਭਾਜਪਾ ਇੱਕ ਵੀ ਅਜਿਹਾ ਮੌਕਾ ਨਹੀਂ ਛੱਡਦੀ ਜਿਸ ਵਿੱਚ ਰਾਹੁਲ ਗਾਂਧੀ ਕਿਸੇ ਨਾ ਕਿਸੇ ਕਾਰਨ ਉਲਝ ਜਾਣ ਜਾਂ ਉਨ੍ਹਾਂ ਨੂੰ ਸਫ਼ਾਈ ਦੇਣੀ ਪਵੇ। ਇਹ ਭਾਜਪਾ ਦੀ ਸਫ਼ਲਤਾ ਹੈ।

Image copyright TWITTER @shaktisinhgohil
ਫੋਟੋ ਕੈਪਸ਼ਨ ਜਦੋਂ ਦਿੱਲੀ ਅਤੇ ਆਜ਼ਮਗੜ੍ਹ ਵਿੱਚ ਭਾਜਪਾ ਢੋਲ-ਨਗਾਰੇ ਕੁੱਟ ਕੇ ਐਲਾਨ ਕਰ ਰਹੀ ਸੀ ਕਿ ਕਾਂ ਕੰਨ ਲੈ ਗਿਆ ਤਾਂ ਕਾਂਗਰਸ ਨੇ ਕੀ ਕੀਤਾ?

ਫੇਰ ਕਾਂਗਰਸ ਨੇ ਕੀ ਕੀਤਾ?

ਜਦੋਂ ਦਿੱਲੀ ਅਤੇ ਆਜ਼ਮਗੜ੍ਹ ਵਿੱਚ ਭਾਜਪਾ ਢੋਲ-ਨਗਾਰੇ ਕੁੱਟ ਕੇ ਐਲਾਨ ਕਰ ਰਹੀ ਸੀ ਕਿ ਕਾਂ ਕੰਨ ਲੈ ਗਿਆ ਤਾਂ ਕਾਂਗਰਸ ਨੇ ਕੀ ਕੀਤਾ?

ਕਾਂਗਰਸ ਪਾਰਟੀ ਨੇ ਟਵੀਟ ਕੀਤਾ, "ਪ੍ਰਧਾਨ ਮੰਤਰੀ ਭਾਰਤ ਦੀ ਜਨਤਾ ਨੂੰ ਲਗਾਤਾਰ ਝੂਠ ਬੋਲ ਰਹੇ ਹਨ। ਅਸੁਰੱਖਿਆ ਦੀ ਭਾਵਨਾ ਉਨ੍ਹਾਂ 'ਤੇ ਹਾਵੀ ਹੋ ਰਹੀ ਹੈ। ਕਿਸ ਗੱਲ ਤੋਂ ਡਰੇ ਹੋਏ ਹੋ, ਤੁਸੀਂ ਮੋਦੀ ਜੀ?"

ਕਾਂਗਰਸ ਪਾਰਟੀ ਨੇ ਆਪਣੇ ਇੱਕ ਬੁਲਾਰੇ ਸ਼ਕਤੀ ਸਿੰਘ ਗੋਹਿਲ ਕੋਲੋਂ ਕਹਾਇਆ, "ਹੁਣ ਕਿਸੇ ਛੋਟੇ ਜਿਹੇ ਅਖ਼ਬਾਰ ਦੇ ਕੋਨੇ ਵਿੱਚ ਕੁਝ ਵੀ ਛਪਵਾ ਲਓ ਅਤੇ ਬਾਅਦ ਵਿੱਚ ਉਸ ਨਿਊਜ਼ ਦੀ ਸੱਚਾਈ ਦੇਖੇ ਬਿਨਾਂ ਪ੍ਰਧਾਨ ਮੰਤਰੀ ਅਜਿਹੇ ਬਿਆਨ ਦੇਣ, ਇਹ ਸਾਡੇ ਸਾਰਿਆਂ ਲਈ ਸ਼ਰਮ ਦੀ ਗੱਲ ਹੈ। ਕੱਲ੍ਹ ਮੈਂ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਕੁਝ ਲਿਖਵਾ ਦਿਆਂ ਅਤੇ ਕਹਾਂ ਕਿ ਇਹ ਅਖ਼ਬਾਰ ਵਿੱਚ ਛਪਿਆ ਹੈ?"

ਇੱਕ ਪਾਸੇ ਭਾਜਪਾ ਦੇ ਸਿਰਕੱਢ ਆਗੂ, ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਕਾਂਗਰਸ 'ਤੇ ਮੁਸਲਮਾਨ ਸਿਆਸਤ ਖੇਡਣ ਦੇ ਇਲਜ਼ਾਮ ਲਗਾ ਰਹੀ ਹੈ, ਮੁਕਾਬਲੇ ਵਿੱਚ ਕਾਂਗਰਸ ਵੱਲੋਂ ਸ਼ਕਤੀ ਸਿੰਘ ਗੋਹਿਲ ਕਮਜ਼ੋਰ ਨਜ਼ਰ ਆ ਰਹੇ ਹਨ।

ਖ਼ੈਰ ਜਾਣ ਦਓ, ਕਾਂਗਰਸ ਵਿੱਚ ਵੈਸੇ ਵੀ ਸਿਰਕੱਢ ਆਗੂ ਹੈ ਕੌਣ?

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)