ਬਿਦਰ ਵਿੱਚ ਭੀੜ ਨੇ ਅਫਵਾਹ ਦੇ ਪ੍ਰਭਾਵ ਹੇਠ ਆ ਕੇ ਕਤਲ ਕੀਤਾ ਇੱਕ ਹੋਰ ਨੌਜਵਾਨ
- ਇਮਰਾਨ ਕੁਰੈਸ਼ੀ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਨੂੰ ਹੈਦਰਾਬਾਦ ਦੇ ਚਾਰ ਨੌਜਵਾਨ ਆਪਣੇ ਇੱਕ ਦੋਸਤ ਨੂੰ ਮਿਲਣ ਬਿਦਰ ਦੇ ਇੱਕ ਪਿੰਡ ਪਹੁੰਚੇ।
ਬਿਦਰ ਦੇ ਐਸਪੀ ਡਾ. ਡੀ ਦੇਵਾਰਾਜ ਨੇ ਦੱਸਿਆ, "ਝੀਲ ਦੇ ਕੋਲ ਹੀ ਹਾਈ ਸਕੂਲ ਦੀਆਂ ਕੁਝ ਵਿਦਿਆਰਥਣਾਂ ਸਕੂਲੋਂ ਘਰ ਜਾ ਰਹੀਆਂ ਸਨ। ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਨੂੰ ਚਾਕਲੇਟ ਦੇਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਆਸਪਾਸ ਦੇ ਲੋਕਾਂ ਨੇ ਇਤਰਾਜ਼ ਕੀਤਾ ਅਤੇ ਗੱਲ ਕਹਾਸੁਣੀ ਤੱਕ ਜਾ ਪਹੁੰਚੀ।"
"ਪਿੰਡ ਵਾਲਿਆਂ ਦਾ ਸ਼ੱਕ ਇਸ ਕਰਕੇ ਵਧ ਗਿਆ ਕਿਉਂਕਿ ਲੜਕਿਆਂ ਦੀ ਨਵੀਂ ਕਾਰ ਦੇ ਪਿੱਛੇ ਕੋਈ ਨੰਬਰ ਪਲੇਟ ਵੀ ਨਹੀਂ ਸੀ। ਇਸ ਦੌਰਾਨ ਇੱਕ ਨੌਜਵਾਨ ਦੇ ਰਿਸ਼ਤੇਦਾਰ ਉੱਥੇ ਪਹੁੰਚੇ ਅਤੇ ਲੋਕਾਂ ਨੂੰ ਸਮਝਾਇਆ ਕਿ ਨੌਜਵਾਨ ਉਨ੍ਹਾਂ ਦੇ ਮਹਿਮਾਨ ਹਨ ਜਿਸ ਮਗਰੋਂ ਲੋਕਾਂ ਨੇ ਨੌਜਵਾਨਾਂ ਨੂੰ ਤੁਰੰਤ ਉਸ ਥਾਂ ਤੋਂ ਚਲੇ ਜਾਣ ਨੂੰ ਕਿਹਾ।"
ਇਹ ਵੀ ਪੜ੍ਹੋ꞉
ਤਸਵੀਰ ਸਰੋਤ, Reuters
ਚਾਰੋਂ ਲੜਕੇ ਆਪਣੀ ਕਾਰ ਲੈ ਕੇ ਉੱਥੋਂ ਤੇਜ਼ੀ ਨਾਲ ਨਿਕਲੇ। ਜਦੋਂ ਉਹ ਮੁਰਕੀ ਪਿੰਡ ਦੇ ਲਾਗੇ ਪਹੁੰਚੇ ਤਾਂ ਉੱਥੇ ਸੜਕ ਬੰਦ ਸੀ। ਇਸੇ ਦੌਰਾਨ ਉਨ੍ਹਾਂ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਧੱਕਾ ਵੀ ਦੇ ਦਿੱਤਾ ਜਿਸ ਕਰਕੇ ਕਾਰ ਅਤੇ ਮੋਟਰਸਾਈਕਲ 14 ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗੇ।
ਉਸ ਸਮੇਂ ਤੱਕ ਲੋਕਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਸਨ ਕਿਉਂਕਿ ਲੋਕਾਂ ਨੂੰ ਇਹ ਵੀ ਜਾਣਕਾਰੀ ਸੀ ਕਿ ਇਨ੍ਹਾਂ ਨੇ ਪਿਛਲੇ ਪਿੰਡ ਵਿੱਚ ਲੜਕੀਆਂ ਛੇੜਨ ਦੀ ਵੀ ਕੋਸ਼ਿਸ਼ ਕੀਤੀ ਸੀ।
ਪੁਲਿਸ ਨੇ ਪਹੁੰਚ ਕੇ ਇੱਕ ਨੌਜਵਾਨ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਭੇਜਿਆ। ਹਸਪਤਾਲ ਪਹੁੰਚਦਿਆਂ ਹੀ ਮੁਹੰਮਦ ਆਜ਼ਮ ਦੀ ਮੌਤ ਹੋ ਗਈ।
ਦੂਸਰੇ ਪਾਸੇ ਭੀੜ ਵਧ ਰਹੀ ਸੀ ਜਿਸ ਕਰਕੇ ਪੁਲਿਸ ਨੂੰ ਲਾਠੀ ਵਰਤਣੀ ਪਈ।
ਐਸਪੀ ਡਾ. ਡੀ ਦੇਵਾਰਾਜ ਨੇ ਦੱਸਿਆ," ਇਸ ਮਾਮਲੇ ਵਿੱਚ ਦੋ ਕੇਸ ਦਰਜ ਕੀਤੇ ਗਏ ਹਨ। ਭੀੜ ਇਸ ਕਰਕੇ ਇਕਠੀ ਹੋਈ ਕਿਉਂਕਿ ਉਨ੍ਹਾਂ ਨੂੰ ਵਟਸਐਪ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਹੰਡੀਕੇਰਾ ਪਿੰਡ ਵਿੱਚ ਚਾਰ ਨੌਜਵਾਨਾਂ ਨੇ ਲੜਕੀਆਂ ਛੇੜੀਆਂ ਹਨ।"
"ਇਸ ਵਟਸ ਐਪ ਮੈਸਜ ਵਿੱਚ ਪਿੰਡ ਵਾਲਿਆਂ ਅਤੇ ਨੌਜਵਾਨਾਂ ਦੀ ਹੱਥੋਪਾਈ ਦਾ ਵੀਡੀਓ ਵੀ ਭੇਜਿਆ ਗਿਆ ਸੀ। ਪੁਲਿਸ ਨੇ ਉਸ ਵਟਸਐਪ ਗਰੁੱਪ ਦੇ ਐਡਮਨਿਸਟਰੇਟਰ ਮਨੋਜ ਬਿਰਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵੀਡੀਓ ਪਾਉਣ ਵਾਲੇ ਅਮਨ ਪਾਟਿਲ ਜਿਸ ਨੇ ਵਟਸਐਪ ਗੁਰੱਪ ਵਿੱਚ ਵੀਡੀਓ ਪਾਈ ਸੀ ਉਸ ਨੂੰ ਵੀ ਫੜ ਲਿਆ ਹੈ।"
ਇਸ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਸਰਾਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਕੇਸ ਵੀ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ꞉