ਪ੍ਰੈੱਸ ਰਿਵੀਊ: ਨਵਜੋਤ ਸਿੱਧੂ ਮੁਤਾਬਕ ਬਾਦਲਾਂ ਨੇ 10 ਸਾਲਾਂ 'ਚ ਹਵਾਈ ਸਫ਼ਰ 'ਚ ਖਰਚੇ 121 ਕਰੋੜ ਰੁਪਏ

ਨਵਜੋਤ ਸਿੱਧੂ Image copyright NARINDER NANU/AFP/Getty Images
ਫੋਟੋ ਕੈਪਸ਼ਨ ਨਿੱਜੀ ਹੈਲੀਕਾਪਰ 'ਤੇ ਪ੍ਰਤੀ ਘੰਟੇ ਦੀ ਲਾਗਤ ਨਾਲ 1.25 ਲੱਖ ਰੁਪਏ ਤੋਂ 2.6 ਲੱਖ ਰੁਪਏ ਦਾ ਖਰਚਾ ਆਉਂਦਾ ਹੈ

ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ 10 ਸਾਲਾਂ ਵਿੱਚ ਹਵਾਈ ਸਫਰਾਂ 'ਤੇ 121 ਕਰੋੜ ਰੁਪਏ ਖਰਚ ਕੀਤੇ ਹਨ।

ਜਾਣਕਾਰੀ ਮੁਤਾਬਕ ਬਾਦਲਾਂ ਨੇ ਹਰ ਰੋਜ਼ ਨਿੱਜੀ ਜਾਂ ਸੂਬੇ ਦੇ ਹੈਲੀਕਾਪਟਰ ਦੀ ਇੱਕ ਉਡਾਣ ਲਈ ਸੀ।

ਇਸ ਵਿੱਚ ਇਕੱਲੇ ਚਾਰਟਰ ਫਲਾਈਟ ਦੀ ਲਾਗਤ 10 ਸਾਲਾਂ 'ਚ 121 ਕਰੋੜ ਰੁਪਏ ਬਣ ਰਹੀ ਹੈ, ਜੋ ਹਰ ਮਹੀਨੇ ਔਸਤਨ 1 ਕਰੋੜ ਬਣਦੀ ਹੈ। ਨਿੱਜੀ ਹੈਲੀਕਾਪਰ 'ਤੇ ਪ੍ਰਤੀ ਘੰਟੇ ਦੀ ਲਾਗਤ ਨਾਲ 1.25 ਲੱਖ ਰੁਪਏ ਤੋਂ 2.6 ਲੱਖ ਰੁਪਏ ਦਾ ਖਰਚਾ ਆਉਂਦਾ ਹੈ।

ਹਾਲਾਂਕਿ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਅੰਕੜਿਆਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਸਿੱਧੂ ਝੂਠ ਬੋਲ ਰਹੇ ਹਨ।

ਇਹ ਵੀ ਪੜ੍ਹੋ:

ਵਿਦਿਆਰਥੀਆਂ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਨਾਲ ਸੈਲਫ਼ੀ ਲੈਣ 'ਤੇ ਮਿਲਣਗੇ 50 ਰੁਪਏ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਨੇ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਇੱਕ ਮੁਹਿੰਮ ਜਾਰੀ ਕੀਤੀ ਹੈ।

Image copyright Manohar Lal Khattar/Facebook
ਫੋਟੋ ਕੈਪਸ਼ਨ ਮੁਹਿੰਮ ਦਾ ਆਗਾਜ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁੜਗਾਓਂ ਨੇ ਕੀਤਾ।

ਇਸ ਦੇ ਤਹਿਤ ਉਨ੍ਹਾਂ ਨੂੰ ਆਪਣੇ ਲਗਾਏ ਪੌਦੇ ਨਾਲ ਸੈਲਫ਼ੀ ਲੈ ਕੇ ਅਤੇ ਇੱਕ ਐੱਪ 'ਤੇ ਅਪਲੋਡ ਕਰਨ 'ਤੇ ਹਰ 6 ਮਹੀਨਿਆਂ ਬਾਅਦ ਸੂਬਾ ਸਰਕਾਰ ਵੱਲੋਂ 50 ਰੁਪਏ ਮਿਲਣਗੇ।

ਸੂਬੇ ਵਿੱਚ ਹਰਿਆਲੀ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਇਸ 'ਪੌਦਾਗਿਰੀ' ਮੁਹਿੰਮ ਦਾ ਆਗਾਜ਼ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁੜਗਾਓਂ ਵਿੱਚ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਵਿੱਚ ਇੱਕ ਪੌਦਾ ਲਗਾ ਕੇ ਕੀਤਾ।

ਸੂਬਾ ਸਰਕਾਰ ਮੁਤਾਬਕ ਹਰਿਆਣਾ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਕਰੀਬ 22 ਲੱਖ ਹੈ ਅਤੇ ਹਰ ਇੱਕ ਬੱਚਾ ਮਾਨਸੂਨ ਮੌਸਮ ਦੇ ਤਹਿਤ ਇੱਕ-ਇੱਕ ਪੌਦਾ ਲਗਾਏਗਾ।

ਅਮਰੀਕੀ ਰਾਸ਼ਟਰਪਤੀ ਕਰਨਗੇ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਦਿ ਹਿੰਦੂ ਅਖ਼ਬਾਰ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਹ ਰੂਸ ਦੇ ਹਮ-ਅਹੁਦਾ ਵਲਾਦੀਮੀਰ ਪੁਤਿਨ ਨਾਲ ਹੋਣ ਵਾਲੀ ਆਪਣੀ ਆਗਾਮੀ ਮੀਟਿੰਗ 'ਚ ਸਾਲ 2016 ਦੀਆਂ ਅਮਰੀਕੀ ਚੋਣਾਂ 'ਚ ਦਖ਼ਲ ਦੇਣ ਵਾਲੇ 12 ਖੁਫ਼ੀਆਂ ਅਧਿਕਾਰੀਆਂ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਵੀ ਕਹਿ ਸਕਦੇ ਹਨ।

Image copyright REUTERS/Carlos Barria
ਫੋਟੋ ਕੈਪਸ਼ਨ ਅਮਰੀਕਾ ਰੂਸ ਨੂੰ ਦੋਸ਼ੀਆਂ ਨੂੰ ਅਮਰੀਕਾ ਦੇ ਹਵਾਲੇ ਕਰਨ ਲਈ ਕਹਿ ਸਕਦਾ ਹੈ

ਅਖ਼ਬਾਰ ਨੇ ਸੀਬੀਐਸ ਨੂੰ ਦਿੱਤੇ ਟਰੰਪ ਦੇ ਇੱਕ ਇੰਟਰਵਿਊ ਦੇ ਹਵਾਲੇ ਨਾਲ ਦੱਸਿਆ ਕਿ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਰੂਸੀ ਖੁਫ਼ੀਆਂ ਏਜੰਸੀਆਂ ਵੱਲੋਂ ਹਿਲੇਰੀ ਕਲਿੰਟਨ ਮੁਹਿੰਮ ਦੀਆਂ ਈਮੇਲਜ਼ ਨੂੰ ਹੈਕ ਬਾਰੇ ਵੀ ਪੁੱਛਣਗੇ ਤਾਂ ਉਨ੍ਹਾਂ ਨੇ ਕਿਹਾ, "ਠੀਕ ਹੈ, ਪਰ ਇਸ ਬਾਰੇ ਮੈਂ ਅਜੇ ਸੋਚਿਆ ਨਹੀਂ ਹੈ ਪਰ ਮੈਂ ਨਿਸ਼ਚਿਤ ਤੌਰ 'ਤੇ ਪੁੱਛ ਸਕਦਾ ਹਾਂ, ਪਰ, ਇਹ ਮਾਮਲਾ ਓਬਾਮਾ ਪ੍ਰਸ਼ਾਸਨ ਕਾਲ ਦਾ ਹੈ।"

ਉਨ੍ਹਾਂ ਨੇ ਦੱਸਿਆ ਕਿ ਰਿਪਬਲੀਕਨ ਪਾਰਟੀ ਵੀ ਰੂਸੀ ਖੁਫ਼ੀਆਂ ਏਜੰਸੀਆਂ ਦੇ ਨਿਸ਼ਾਨੇ 'ਤੇ ਸੀ ਪਰ ਵਧੀਆ ਸਾਈਬਰ ਸੁਰੱਖਿਆ ਨੇ ਬਚਾ ਲਿਆ।

350 ਪੁਲਿਸ ਵਾਲਿਆਂ ਦੀ ਤਾਇਨਾਤੀ 'ਚ ਹੋਇਆ ਦਲਿਤ ਦਾ ਵਿਆਹ

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਕਾਸਗੰਜ ਜ਼ਿਲ੍ਹੇ ਦੇ ਨਿਜ਼ਾਮਪੁਰ ਪਿੰਡ ਵਿੱਚ ਇੱਕ ਦਲਿਤ ਨੌਜਵਾਨ ਸੰਜੇ ਜਾਟਵ ਦਾ ਵਿਆਹ 350 ਜਵਾਨਾਂ ਦੀ ਤਾਇਨਾਤੀ 'ਚ ਹੋਇਆ।

Image copyright Getty Images
ਫੋਟੋ ਕੈਪਸ਼ਨ ਪਿੰਡਵਾਸੀਆਂ ਲਈ ਇਹ ਬੇਹੱਦ ਇਤਿਹਾਸਕ ਪਲ ਸੀ ਜਦੋਂ ਸੰਜੇ ਬੱਗੀ ਵਿੱਚ ਬੈਠ ਕੇ ਗੁਆਂਢੀ ਜ਼ਿਲ੍ਹੇ ਦੀ ਵਿੱਚ ਬਾਰਾਤ ਲੈ ਕੇ ਗਿਆ

ਖ਼ਬਰ ਮੁਤਾਬਕ ਦਰਅਸਲ ਸਥਾਨਕ ਠਾਕੁਰ ਭਾਈਚਾਰੇ ਨੇ ਕਥਿਤ ਤੌਰ 'ਤੇ ਸੰਜੇ ਦੇ ਵਿਆਹ ਨੂੰ ਖ਼ਰਾਬ ਕਰਨ ਦੀ ਧਮਕੀ ਦਿੱਤੀ ਸੀ।

ਪਿੰਡਵਾਸੀਆਂ ਲਈ ਇਹ ਬੇਹੱਦ ਇਤਿਹਾਸਕ ਪਲ ਸੀ ਜਦੋਂ ਸੰਜੇ ਬੱਗੀ ਵਿੱਚ ਬੈਠ ਕੇ ਗੁਆਂਢੀ ਜ਼ਿਲ੍ਹੇ ਵਿੱਚ ਬਾਰਾਤ ਲੈ ਕੇ ਗਿਆ। ਇਹ ਪਹਿਲੀ ਵਾਰ ਸੀ ਕਿ ਇੱਕ ਦਲਿਤ ਨੇ ਠਾਕੁਰਾਂ ਦੇ ਇਲਾਕੇ 'ਚੋਂ ਬਾਰਾਤ ਕੱਢੀ।

ਸੰਜੇ ਨੇ ਕਿਹਾ, "ਅਸੀਂ ਪੁਰਾਣੀਆਂ ਧਾਰਨਾਵਾਂ ਖ਼ਿਲਾਫ਼ ਆਪਣੇ ਮਾਣ, ਇੱਜ਼ਤ ਅਤੇ ਬਰਾਬਰੀ ਲਈ ਲੜਦੇ ਹਾਂ। ਅਸੀਂ ਸਿਰਫ਼ ਜਾਤੀ ਆਧਾਰਿਤ ਹੁੰਦੇ ਵਿਤਕਰਿਆਂ ਖ਼ਿਲਾਫ਼ ਆਵਾਜ਼ ਚੁੱਦਕੇ ਹਾਂ।"

ਇੱਕ ਪਰਿਵਾਰ ਦੇ 6 ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਦੈਨਿਕ ਭਾਸਕਰ ਅਖ਼ਬਾਰ ਮੁਤਾਬਕ ਝਾਰਖੰਡ ਹਜਾਰੀਬਾਗ਼ ਦੇ ਸਦਰ ਥਾਣਾ ਦੇ ਖਜਾਂਚੀ ਤਾਲਾਬ ਨੇੜੇ ਇੱਕ ਫਲੈਟ ਵਿੱਚ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀਆਂ ਲਾਸ਼ਾਂ ਸ਼ੱਕੀ ਹਾਲਤ ਵਿੱਚ ਮਿਲੀਆਂ।

Image copyright NIRAJ SINHA
ਫੋਟੋ ਕੈਪਸ਼ਨ ਦੋ ਬੱਚਿਆਂ ਸਣੇ ਦੋ ਔਰਤਾਂ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਹਨ

ਇਨ੍ਹਾਂ ਵਿੱਚ ਦੋ ਬੱਚਿਆਂ ਸਣੇ ਦੋ ਔਰਤਾਂ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਹਨ। ਪੁਲਿਸ ਮੁਤਾਬਕ ਮੌਕੇ 'ਤੇ ਮਿਲੇ 6 ਸੁਸਾਈਡ ਨੋਟਾਂ ਮੁਤਾਬਕ ਮੌਤ ਦਾ ਕਾਰਨ ਉਨ੍ਹਾਂ ਨੇ ਕਰਜ਼ੇ ਤੋਂ ਪ੍ਰੇਸ਼ਾਨੀ ਦੱਸਿਆ ਲਿਖਿਆ।

ਇਸ ਦੇ ਨਾਲ ਹੀ ਇੱਕ ਲਿਫਾਫੇ 'ਤੇ ਲਿਖਿਆ ਹੈ ਕਿ 10 ਸਾਲਾ ਬੇਟੇ ਅਮਨ ਨੂੰ ਫਾਂਸੀ 'ਤੇ ਲਟਕਾ ਨਹੀਂ ਸਕਦੇ ਸੀ ਇਸ ਲਈ ਉਸ ਦਾ ਕਤਲ ਕਰ ਦਿੱਤਾ ਜਦਕਿ 8 ਸਾਲਾ ਬੱਚੀ ਨੂੰ ਜ਼ਹਿਰ ਦਿੱਤੇ ਜਾਣ ਦਾ ਸ਼ੱਕ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਹ ਕਤਲ ਅਤੇ ਖੁਦਕੁਸ਼ੀ ਦੋਵਾਂ ਬਿੰਦੂਆਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)