ਬੀਬੀਸੀ ਦੀਆਂ ਖ਼ਬਰਾਂ ਅੱਜ ਤੋਂ ਗੁਜਰਾਤੀ ਟੀਵੀ 'ਤੇ

ਬੀਬੀਸੀ ਗੁਜਰਾਤੀ
ਫੋਟੋ ਕੈਪਸ਼ਨ ਬੀਬੀਸੀ ਗੁਜਰਾਤੀ ਦੇ ਟੀਵੀ ਬੁਲੇਟਿਨ ਦੀ ਇੱਕ ਝਲਕ

ਬੀਬੀਸੀ ਨਿਊਜ਼ 16 ਜੁਲਾਈ ਨੂੰ ਆਪਣਾ ਪਹਿਲਾ ਗੁਜਰਾਤੀ ਟੀਵੀ ਬੁਲੇਟਿਨ ਸ਼ੁਰੂ ਕਰਨ ਜਾ ਰਿਹਾ ਹੈ। ਹਰ ਰੋਜ਼ ਅੱਧਾ ਘੰਟਾ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦਿਖਾਉਣ ਲਈ ਬੀਬੀਸੀ ਨਿਊਜ਼ ਗੁਜਰਾਤੀ ਨੇ ਗੁਜਰਾਤ ਦੇ ਜੀਐਸਟੀਵੀ ਨੈੱਟਵਰਕ ਨਾਲ ਸਮਝੌਤਾ ਕੀਤਾ ਹੈ।

ਗੁਜਰਾਤੀ ਆਪਣੀਆਂ ਸ਼ਾਮਾਂ ਵੱਖਰੇ ਤਰੀਕੇ ਨਾਲ ਗੁਜ਼ਾਰਦੇ ਹਨ। ਦੁਨੀਆਂ ਦੇ ਹੋਰ ਲੋਕ ਇਸ ਵੇਲੇ ਟੋਸਟ ਅਤੇ ਆਪਣੀ ਪਸੰਦੀਦਾ ਵਾਈਨ ਦਾ ਲੁਤਫ਼ ਉਠਾਉਂਦੇ ਹਨ। ਪਰ ਇਹ 'ਡਰਾਈ ਸਟੇਟ' ਆਪਣੀਆਂ ਸ਼ਾਮਾਂ ਆਪਣੇ ਮੁਤਾਬਕ ਗੁਜ਼ਾਰਦਾ ਹੈ।

ਗੁਜਰਾਤੀ ਲੋਕ ਲਜ਼ੀਜ਼ ਫਰਸਾਨ ਅਤੇ ਕਟਿੰਗ ਚਾਹ 'ਤੇ ਚਰਚਾ ਕਰਦੇ ਹੋਏ ਆਪਣੀ ਸ਼ਾਮ ਗੁਜ਼ਾਰਦੇ ਹਨ।

ਉਹ ਗੱਲ ਵੱਖਰੀ ਹੈ ਕਿ ਕੋਲਕਾਤਾ ਦੇ ਕੌਫ਼ੀ ਹਾਊਸ ਵਿੱਚ ਮੰਨਾ ਡੇਅ ਦਾ ਸੰਗੀਤ ਵੱਜਦਾ ਹੈ ਪਰ ਅਸੀਂ ਗੁਜਰਾਤੀ ਜਾਣਦੇ ਹਾਂ ਕਿ 'ਚਾਹ 'ਤੇ ਚਰਚਾ' ਕਿਵੇਂ ਹੁੰਦੀ ਹੈ।

ਹਾਲਾਂਕਿ ਇਹ 'ਚਰਚਾ' ਸਮਾਂ ਪਾ ਕੇ ਨਵੇਂ ਫਲੇਵਰ ਨਾਲ ਹੋਰ 'ਕੜਕ' ਹੋ ਜਾਂਦੀ ਹੈ। ਇਸ ਚਰਚਾ ਵਿੱਚ ਦਿਲਚਸਪ ਕਹਾਣੀਆਂ ਤੇ ਨਵਾਂ ਨਜ਼ਰੀਆ ਵੀ ਹੁੰਦਾ ਹੈ।

ਤਿਆਰੀ ਪੂਰੀ ਹੈ, ਬੀਬੀਸੀ ਨਿਊਜ਼ ਗੁਜਰਾਤੀ ਆਪਣਾ ਪਹਿਲਾ ਟੀਵੀ ਬੁਲੇਟਿਨ ਲਿਆ ਰਿਹਾ ਹੈ। 30 ਮਿੰਟਾਂ ਦਾ ਨਿਊਜ਼ ਬੁਲੇਟਿਨ 'ਬੀਬੀਸੀ ਸਮਾਚਾਰ' ਦੇ ਨਾਂ ਨਾਲ GSTV 'ਤੇ ਰੋਜ਼ ਰਾਤ 8 ਵਜੇ ਪ੍ਰਸਾਰਿਤ ਹੋਵੇਗਾ।

ਗੁਜਰਾਤ ਅਤੇ ਇਸ ਦੀ ਵਿਭਿੰਨਤਾ

ਇੱਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਰੇਗਿਸਤਾਨ, ਕੁਝ ਇਸ ਤਰ੍ਹਾਂ ਦੀ ਵਿਭਿੰਨਤਾ ਮਿਲਦੀ ਹੈ ਗੁਜਰਾਤ ਵਿੱਚ।

ਅਹਿਮਦਾਬਾਦ ਵਿੱਚ ਹਿੰਦੂ-ਇਸਲਾਮਿਕ-ਜੈਨ ਦੇ ਇਤਿਹਾਸਕ ਢਾਂਚੇ ਨੂੰ ਵਿਸ਼ਵ ਧਰੋਹਰ ਐਲਾਨਿਆ ਗਿਆ ਤਾਂ ਇੱਥੇ ਹੀ ਕਈ ਭਾਈਚਾਰਿਆਂ ਦੀਆਂ ਸੰਘਣੀਆਂ ਬਸਤੀਆਂ ਵੀ ਹਨ।

Image copyright Getty Images

ਜੇਕਰ ਗੁਜਰਾਤ ਇਸ ਗੱਲ ਉੱਤੇ ਮਾਣ ਕਰਦਾ ਹੈ ਕਿ ਇੱਥੇ ਸਭ ਤੋਂ ਵੱਧ ਸਫ਼ਲ ਮਹਿਲਾ ਕੋਆਪਰੇਟਿਵ ਸੋਸਾਈਟੀਆਂ ਹਨ ਤਾਂ ਇੱਥੇ ਬਹੁਤ ਬੁਰਾ ਲਿੰਗ ਅਨੁਪਾਤ ਵੀ ਹੈ। ਕਈ ਪਿੰਡ ਤਾਂ ਅਜਿਹੇ ਹਨ ਜਿੱਥੇ 1000 ਮਰਦਾਂ 'ਤੇ ਸਿਰਫ਼ 400 ਔਰਤਾਂ ਹੀ ਹਨ।

ਜੇਕਰ ਇਹ ਪੌਪ ਦੇ ਕਿੰਗ ਮੰਨੇ ਜਾਣ ਵਾਲੇ ਫ੍ਰੈਡੀ ਮਰਕਰੀ ਉਰਫ ਫਾਰੂਖ਼ ਬੁਲਸਾਰਾਦੀ ਦੀ ਧਰਤੀ ਹੈ ਜਿਨ੍ਹਾਂ ਨੇ ਗੇਅ ਐਂਥਮ ਬੋਹੇਮੀਅਨ ਰੈਪਸਡੀ ਲਿਖਿਆ ਤਾਂ ਇਸ ਧਰਤੀ 'ਤੇ ਰਾਜਕੁਮਾਰ ਮਾਨਵੇਂਦਰ ਸਿੰਘ ਗੋਹਿਲ ਵੀ ਹੋਏ ਹਨ ਜਿਨ੍ਹਾਂ ਨੂੰ ਲਿੰਗਕ ਇੱਛਾ ਨੂੰ ਜ਼ਾਹਿਰ ਕਰਨ 'ਤੇ 'ਗੱਦੀ ਤੋਂ ਲਾਹ' ਦਿੱਤਾ ਗਿਆ।

ਬੀਬੀਸੀ ਗੁਜਰਾਤੀ ਦੀ ਵੈੱਬਸਾਈਟ ਅਤੇ ਬੁਲੇਟਿਨ ਰਾਹੀਂ ਇਹ ਕੋਸ਼ਿਸ਼ ਹੈ ਕਿ ਅਜਿਹੇ ਵਿਰੋਧਾਭਾਸਾਂ ਬਾਰੇ ਹੋਰ ਘੋਖ ਪੜਤਾਲ ਕੀਤੀ ਜਾਵੇ ਅਤੇ ਜ਼ਿੰਮੇਵਾਰ ਪੱਤਰਕਾਰੀ ਰਾਹੀਂ ਲੋਕਾਂ ਤੱਕ ਇਸ ਨੂੰ ਪਹੁੰਚਾਇਆ ਜਾਵੇ।

ਅਣਕਹੀਆਂ ਤੇ ਦਿਲਚਸਪ ਕਹਾਣੀਆਂ, ਵੰਡੇ ਹੋਏ ਸਮਾਜ, ਲਿੰਗਕ ਵਿੰਭਿਨਤਾ, ਵਿਚਾਰਧਾਰਾ ਦਾ ਵਖਰੇਵਾਂ, ਸਿਆਸੀ ਉਥਲ ਪੁਥਲ ਅਤੇ ਠੋਸੀ ਗਈ ਨੈਤਿਕਤਾ। ਬੀਬੀਸੀ ਗੁਜਰਾਤੀ ਲਗਾਤਾਰ ਅਜਿਹਿਆਂ ਕਹਾਣੀਆਂ ਪੂਰੇ ਵਿਸ਼ਵ ਭਰ ਵਿੱਚੋਂ ਲਿਆਉਣ ਲਈ ਪ੍ਰਤੀਬੱਧ ਹੈ।

ਵਿਸ਼ਵ ਵੱਲ ਖੁੱਲ੍ਹਦੀ ਖਿੜਕੀ

Image copyright Getty Images

ਬੀਬੀਸੀ ਗੁਜਰਾਤੀ ਦਾ ਇਹ ਉਪਰਾਲਾ ਅਸਰਦਾਰ ਤੇ ਨਿਰਪੱਖ ਪੱਤਰਕਾਰੀ ਦੇ ਯੁੱਗ ਵਿੱਚ ਇੱਕ ਨਵਾਂ ਕਦਮ ਹੈ।

ਬੀਬੀਸੀ ਸਮਾਚਾਰ ਦੇਸ-ਵਿਦੇਸ਼ ਤੋਂ ਬਿਹਤਰੀਨ ਸਮੱਗਰੀ ਤੁਹਾਡੇ ਤੱਕ ਪਹੁੰਚਦਾ ਕਰੇਗਾ।

ਇਹ ਬੁਲੇਟਿਨ ਭਾਰਤ ਦੇ ਨਾਲ-ਨਾਲ ਹੋਰ ਮੁਲਕਾਂ ਤੋਂ ਖੇਡ, ਮਨੋਰੰਜਨ, ਵਪਾਰ, ਸਿਹਤ, ਸਿੱਖਿਆ ਦੀਆਂ ਖ਼ਬਰਾਂ ਅਤੇ ਔਰਤਾਂ ਦੀਆਂ ਪਸੰਦੀਦਾ ਕਹਾਣੀਆਂ ਲੈ ਕੇ ਆਵੇਗਾ।

ਪਿਛਲੇ ਸਾਲ ਸ਼ੁਰੂ ਹੋਇਆ ਸਫ਼ਰ

Image copyright Getty Images

2 ਅਕਤੂਬਰ 2017 ਨੂੰ ਬੀਬੀਸੀ ਗੁਜਰਾਤੀ ਵੈੱਬਸਾਈਟ ਸ਼ੁਰੂ ਹੋਈ ਅਤੇ ਨਾਲ ਹੀ ਸ਼ੁਰੂਆਤ ਹੋਈ ਤਿੰਨ ਹੋਰ ਭਾਸ਼ਾਵਾਂ ਵਿੱਚ ਬੀਬੀਸੀ ਦੀ ਸੇਵਾ ਦੀ।

ਭਾਰਤ ਵਿੱਚ ਬੀਬੀਸੀ ਦੀ ਪਹਿਲਾਂ ਤੋਂ ਹੀ ਹਿੰਦੀ, ਤਮਿਲ, ਬੰਗਲਾ, ਉਰਦੂ ਅਤੇ ਅੰਗਰੇਜ਼ੀ ਸੇਵਾ ਮੌਜੂਦ ਸੀ। ਹੁਣ ਨਵੀਆਂ ਭਾਸ਼ਾਵਾਂ ਵਿੱਚ ਸੇਵਾ ਸ਼ੁਰੂ ਹੋਈ ਤਾਂ ਬੀਬੀਸੀ ਹੁਣ ਕੁੱਲ 9 ਭਾਸ਼ਾਵਾਂ ਵਿੱਚ ਭਾਰਤ ਵਿੱਚ ਮੌਜੂਦ ਹੈ।

ਵਧੇਰੇ ਗੁਜਰਾਤੀਆਂ ਲਈ ਬੀਬੀਸੀ ਦੁਨੀਆਂ ਦਾ ਸਭ ਤੋਂ ਭਰੋਸੇਯੋਗ ਮੀਡੀਆ ਸੰਗਠਨ ਹੈ।

ਪਿਛਲੇ ਸਾਲ ਤੱਕ ਗੁਜਰਾਤੀ ਭਰੋਸੇਯੋਗ ਖ਼ਬਰਾਂ ਲਈ ਬੀਬੀਸੀ ਹਿੰਦੀ ਰੇਡੀਓ ਸੁਣਦੇ ਜਾਂ ਅੰਗਰੇਜ਼ੀ ਟੈਲੀਵਿਜ਼ਨ ਹੀ ਦੇਖਦੇ ਸਨ। ਬੀਬੀਸੀ ਗੁਜਰਾਤੀ ਦੇ ਆਉਣ ਨਾਲ ਅਸੀਂ ਇਸ ਵਿਰਾਸਤ ਨੂੰ ਆਪਣੀ ਭਾਸ਼ਾ ਵਿੱਚ ਹੋਰ ਅੱਗੇ ਤੋਰਾਂਗੇ।

ਗੁਜਰਾਤ ਦੀ ਧਰਤੀ ਨੇ ਮਹਾਤਮਾ ਗਾਂਧੀ, ਝਾਵੇਰੀਚੰਦ ਮੇਘਾਨੀ, ਦਾਦਾ ਭਾਈ ਨੌਰੋਜੀ, ਇੰਦੂਲਾਲ ਯਾਗਨਿਕ ਅਤੇ ਮੋਹੰਮਦ ਅੱਲਾਰਖਾ ਦੇ ਰੂਪ ਵਿੱਚ ਸਾਨੂੰ ਦਿੱਗਜ਼ ਪੱਤਰਕਾਰ ਤੇ ਵਿਚਾਰਕ ਦਿੱਤੇ।

10 ਮਹੀਨੇ ਦੇ ਸਫ਼ਰ ਦੌਰਾਨ ਗੁਜਰਾਤੀ ਪੱਤਰਕਾਰੀ ਵਿੱਚ ਬੀਬੀਸੀ ਗੁਜਰਾਤੀ ਨੇ ਆਪਣੀ ਖਾਸ ਪਛਾਣ ਬਣਾਈ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਕਾਫੀ ਮਕੂਬਲ ਹੋਈ ਹੈ।

8 ਵਜੇ ਕੀ ਹੋਵੇਗਾ?

Image copyright Getty Images

ਘੜੀ ਜਿਵੇਂ ਹੀ ਸ਼ਾਮ ਦੇ 8 ਵਜਾਉਂਦੀ ਹੈ ਇਸ ਸੂਬੇ ਦਾ ਇੱਕ ਸ਼ਹਿਰ ਦੂਜੇ ਨਾਲੋਂ ਵੱਖਰਾਂ ਦਿਖਣ ਲੱਗਦਾ ਹੈ। ਰਾਜਧਾਨੀ ਗਾਂਧੀਨਗਰ ਦੀ ਰਫ਼ਤਾਰ ਸ਼ਾਮ ਤੱਕ ਸੁਸਤ ਹੋ ਜਾਂਦੀ ਹੈ ਤਾਂ ਡਾਇਮੰਡ ਸਿਟੀ ਸੂਰਤ ਰੋਸ਼ਨ ਹੋ ਜਾਂਦੀ ਹੈ।

ਆਣੰਦ ਕੋਆਪਰੇਟਿਵ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਅਤੇ ਵਡੋਦਰਾ, ਰਾਜੋਕਟ ਵਿੱਚ ਵ੍ਹਾਈਟ ਕਾਲਰ ਨੌਕਰੀ ਕਰਨ ਵਾਲਿਆਂ ਦੀ ਘਰ ਵਾਪਸੀ ਹੁੰਦੀ ਹੈ ਤਾਂ ਦੂਜੇ ਪਾਸੇ ਅਹਿਮਦਾਬਾਦ ਦਾ ਮਾਨੇਕਚੌਕ ਖਾਣਪੀਣ ਦੇ ਸ਼ੌਕੀਨਾਂ ਨਾਲ ਖਚਾਖਚ ਭਰਿਆ ਹੁੰਦਾ ਹੈ।

ਯਾਨੀ ਜਦੋਂ ਘੜੀ 8 ਵਜਾਉਂਦੀ ਹੈ ਤਾਂ ਗੁਜਰਾਤ ਵਿਅਸਤ, ਊਰਜਾ, ਥੱਕਿਆ ਹੋਇਆ ਅਤੇ ਆਸ਼ਾ ਭਰਪੂਰ ਵੀ ਹੁੰਦਾ ਹੈ।

ਹੁਣ ਜੀਐਸਟੀਵੀ ਉੱਤੇ ਰਾਤ 8 ਵਜੇ ਪ੍ਰੇਰਣਾਦਾਇਕ ਤੇ ਜਾਣਕਾਰੀ ਭਰਪੂਰ ਬੀਬੀਸੀ ਗੁਜਰਾਤੀ ਦਾ ਬੁਲੇਟਿਨ 'ਬੀਬੀਸੀ ਸਮਾਚਾਰ' ਆਵੇਗਾ।

ਸੋ ਅੱਜ ਤੋਂ ਕਰ ਲਓ ਟਿਊਨ ਇਨ !

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)