ਨਸ਼ੇ ਕਾਰਨ ਮਰੇ ਪੁੱਤਰ ਦੀ ਤਸਵੀਰ ਤੇ ‘ਕਫ਼ਨ’ ਲੈ ਕੇ ਘੁੰਮਦੇ ਮਾਂ-ਪਿਓ

  • ਰਵਿੰਦਰ ਸਿੰਘ ਰੌਬਿਨ
  • ਬੀਬੀਸੀ ਪੰਜਾਬੀ ਦੇ ਲਈ
ਤਸਵੀਰ ਕੈਪਸ਼ਨ,

ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ

'ਕਫ਼ਨ ਬੋਲ ਪਿਆ' ਕਿਸੇ ਕਿਤਾਬ ਜਾਂ ਲੇਖ ਦਾ ਸਿਰਲੇਖ ਨਹੀਂ, ਬਲਕਿ ਉਸ ਸ਼ਖ਼ਸ ਦਾ ਦਰਦ ਹੈ ਜਿਸ ਨੇ ਕਰੀਬ ਦੋ ਸਾਲ ਪਹਿਲਾਂ ਆਪਣਾ 27 ਸਾਲਾ ਜਵਾਨ ਪੁੱਤਰ ਗੁਆ ਦਿੱਤਾ ਜਿਸ ਦੀ ਮੌਤ ਦਾ ਕਾਰਨ ਸੀ ਨਸ਼ਾ।

ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਤਹਿਸੀਲ ਦੇ 50 ਸਾਲਾ ਮੁਖਤਿਆਰ ਸਿੰਘ ਬਿਜਲੀ ਮਹਿਕਮੇ ਵਿੱਚ ਲਾਈਨਮੈਨ ਹਨ, ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਅਜਿਹਾ ਸਦਮਾ ਲੱਗਿਆ ਕਿ ਉਨ੍ਹਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਜਿਸ ਦਾ ਨਾਂ ਰੱਖਿਆ 'ਕਫਨ ਬੋਲ ਪਿਆ'।

ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ:

ਮੁਖਤਿਆਰ ਸਿੰਘ ਹਰ ਘਰ ਦੇ ਦਰਵਾਜ਼ੇ 'ਤੇ ਜਾਂਦੇ ਹਨ ਅਤੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹਨ। ਉਨ੍ਹਾਂ ਨੇ ਕਾਲੇ ਰੰਗ ਦਾ ਚੋਲਾ ਤਿਆਰ ਕੀਤਾ ਹੈ ਜਿਸ ਉੱਤੇ ਲਿਖਿਆ ਹੈ 'ਕਫ਼ਨ ਬੋਲ ਪਿਆ'। ਇਹ ਚੋਲਾ ਪਾ ਕੇ ਘਰ-ਘਰ ਜਾਂਦੇ ਹਨ।

ਪਤਨੀ ਵੀ ਹੈ ਮੁਹਿੰਮ ਵਿੱਚ ਸ਼ਾਮਲ

ਇਸ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਦੇ ਕਈ ਹੋਰ ਵੀ ਜੀਅ ਹੁੰਦੇ ਹਨ। ਆਪਣੇ ਉਦਾਸੀ ਭਰੇ ਚਿਹਰੇ ਅਤੇ ਹੱਥ ਵਿੱਚ ਆਪਣੇ ਮੁੰਡੇ ਦੀ ਤਸਵੀਰ ਲੈ ਕੇ ਮੁਖਤਿਆਰ ਸਿੰਘ ਦੀ ਪਤਨੀ ਵੀ ਉਨ੍ਹਾਂ ਨਾਲ ਘਰ-ਘਰ ਜਾਂਦੀ ਹੈ।

ਤਸਵੀਰ ਕੈਪਸ਼ਨ,

ਪਤਨੀ ਵੀ ਮੁਹਿੰਮ ਵਿੱਚ ਸ਼ਾਮਲ ਹੈ ਅਤੇ ਆਪਣੇ ਮੁੰਡੇ ਦੀ ਤਸਵੀਰ ਚੁੱਕ ਕੇ ਰੱਖਦੀ ਹੈ

ਉਹ ਘਰ-ਘਰ ਜਾਂਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ।

ਮੁਖਤਿਆਰ ਸਿੰਘ ਕਹਿੰਦੇ ਹਨ, ''ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਨੌਜਵਾਨ ਨੂੰ ਨਸ਼ੇ ਦੀ ਲਤ ਲੱਗੇ। ਇਸ ਕਰਕੇ ਮੈਂ ਘਰ-ਘਰ ਜਾ ਕੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਨਸ਼ੇ ਤੋਂ ਆਪਣੇ ਪੁੱਤਾਂ ਨੂੰ ਬਚਾਉਣ। ਮੇਰੀ ਪਤਨੀ ਨੂੰ ਮੇਰੇ ਪੁੱਤ ਦੀ ਮੌਤ ਦਾ ਬਹੁਤ ਵੱਡਾ ਸਦਮਾ ਲੱਗਾ ਹੈ ਪਰ ਫੇਰ ਵੀ ਉਹ ਇਸ ਮੁਹਿੰਮ ਵਿੱਚ ਮੇਰੇ ਨਾਲ ਜਾਂਦੀ ਹੈ।''

ਸ਼ਨਿੱਚਰਵਾਰ ਅਤੇ ਐਤਵਾਰ ਜਦੋਂ ਉਹ ਛੁੱਟੀ 'ਤੇ ਹੁੰਦੇ ਹਨ ਤਾਂ ਆਪਣਾ ਮਿਸ਼ਨ ਚਲਾਉਂਦੇ ਹਨ। ਉਹ ਪੂਰੇ ਸ਼ਹਿਰ ਵਿੱਚ ਇਹ ਮੁਹਿੰਮ ਚਲਾਉਂਦੇ ਹਨ ਅਤੇ ਹਰ ਵਾਰਡ ਵਿੱਚ ਜਾਂਦੇ ਹਨ।

ਉਹ ਇਲਾਕਾ ਜਿਹੜਾ 1980 ਤੋਂ ਲੈ ਕੇ 1990 ਤੱਕ ਅੱਤਵਾਦ ਦੇ ਦੌਰ 'ਚ ਦਹਿਸ਼ਤ ਦੇ ਸਾਏ ਹੇਠ ਰਿਹਾ ਸੀ। ਇੱਥੇ ਸਾਰੇ ਉਨ੍ਹਾਂ ਨੂੰ 'ਕਫ਼ਨ ਵਾਲਾ ਬਾਬਾ' ਕਹਿੰਦੇ ਹਨ।

'ਕਫ਼ਨ ਬੋਲ ਪਿਆ, ਨਸ਼ਾ ਭਜਾਓ, ਪੁੱਤ ਬਚਾਓ'

2016 ਵਿੱਚ ਜਦੋਂ ਉਸ ਦੇ ਪੁੱਤਰ ਮਨਜੀਤ ਦੀ ਮੌਤ ਹੋਈ ਸੀ ਉਹ ਉਸ ਦੀ ਲਾਸ਼ ਨੂੰ ਕਫਨ ਪੁਆ ਕੇ ਐਸਡੀਐਮ ਦੇ ਦਫ਼ਤਰ ਲੈ ਗਏ। ਅਤੇ ਨਸ਼ਿਆ ਖ਼ਿਲਾਫ਼ ਮੰਗ ਪੱਤਰ ਸੌਂਪਿਆ ਸੀ।

ਤਸਵੀਰ ਕੈਪਸ਼ਨ,

ਸਾਰੇ ਉਨ੍ਹਾਂ ਨੂੰ 'ਕਫਨ ਵਾਲਾ ਬਾਬਾ' ਕਹਿੰਦੇ ਹਨ

ਇਹ ਇਲਾਕਾ ਬੁਰੀ ਤਰ੍ਹਾਂ ਨਸ਼ੇ ਦੀ ਗ੍ਰਿਫ਼ਤ 'ਚ ਹੈ। ਇੱਕ ਅੰਦਾਜ਼ੇ ਮੁਤਾਬਕ ਇੱਥੇ ਹਰ ਤੀਜੇ ਘਰ ਦਾ ਨੌਜਵਾਨ ਨਸ਼ੇ ਨਾਲ ਪੀੜਤ ਹੈ। ਉਸ ਨੇ ਚੋਗੇ 'ਤੇ ਲਿਖਿਆ ਹੈ ''ਕਫ਼ਨ ਬੋਲ ਪਿਆ, ਨਸ਼ਾ ਭਜਾਓ, ਪੁੱਤ ਬਚਾਓ''।

ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਉਨ੍ਹਾਂ ਦੀ ਇਸ ਮੁਹਿੰਮ ਵਿੱਚ ਮਦਦ ਕਰਦੀ ਹੈ। ਉਹ ਆਪਣੇ ਪੁੱਤਰ ਦੀ ਫੋਟੋ ਨੂੰ ਚੁੱਕ ਕੇ ਰੱਖਦੀ ਹੈ। ਜਿਸਦੀ 26 ਮਾਰਚ, 2016 ਨੂੰ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।

ਮੁਖਤਿਆਰ ਸਿੰਘ ਨੇ ਆਪਣੇ ਮੁੰਡੇ ਦੀ ਲਾਸ਼ ਨਾਲ ਪੱਟੀ ਦੀਆਂ ਸੜਕਾਂ 'ਤੇ ਮਾਰਚ ਵੀ ਕੱਢਿਆ ਸੀ।

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

2016 ਵਿੱਚ ਜਦੋਂ ਉਸਦੇ ਪੁੱਤਰ ਮਨਜੀਤ ਦੀ ਮੌਤ ਹੋਈ ਸੀ ਉਹ ਉਸਦੀ ਲਾਸ਼ ਨੂੰ ਕਫਨ ਪੁਆ ਕੇ ਐਸਡੀਐਮ ਦੇ ਦਫ਼ਤਰ ਲੈ ਗਏ

ਪ੍ਰਸ਼ਾਸਨ ਨੂੰ ਜਗਾਉਣ ਲਈ ਉਹ ਆਪਣੇ ਮੁੰਡੇ ਦੀ ਲਾਸ਼ ਨੂੰ ਐਸਡੀਐਮ ਦੇ ਦਫ਼ਤਰ ਲੈ ਕੇ ਗਏ ਸਨ। ਮੁੰਡੇ ਦੀ ਮੌਤ ਤੋਂ ਬਾਅਦ ਮੁਖਤਿਆਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਫ਼ੈਸਲਾ ਲਿਆ ਕਿ ਉਹ ਤਰਨ ਤਾਰਨ ਵਿੱਚ ਨਸ਼ੇ ਦਾ ਖਾਤਮਾ ਕਰ ਦੇਣਗੇ।

ਪ੍ਰਧਾਨ ਮੰਤਰੀ ਨੂੰ ਵੀ ਲਿਖੀ ਚਿੱਠੀ

ਉਨ੍ਹਾਂ ਦਾ ਕਹਿਣਾ ਹੈ, ''ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ। ਅਸੀਂ ਸਿਰਫ਼ ਉਸ ਮੁੰਡੇ ਦੇ ਮਾਂ-ਬਾਪ ਹਾਂ ਜਿਸ ਦੀ ਨਸ਼ੇ ਨਾਲ ਮੌਤ ਹੋ ਗਈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਪਰਿਵਾਰ ਵੀ ਅਜਿਹੇ ਦਰਦ ਵਿੱਚੋਂ ਲੰਘੇ।''

ਮੁਖਤਿਆਰ ਸਿੰਘ ਡਿਊਟੀ ਕਰਨ ਕਈ ਪਿੰਡਾਂ ਵਿੱਚ ਜਾਂਦੇ ਹਨ ਉੱਥੇ ਵੀ ਉਹ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਦੇ ਹਨ।

ਤਸਵੀਰ ਕੈਪਸ਼ਨ,

ਘਰ-ਘਰ ਜਾ ਕੇ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰਦੇ ਹਨ

ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਲਿਖੀ ਹੈ, ਹਾਲਾਂਕਿ ਉਹ ਨਹੀਂ ਜਾਣਦੇ ਕਿ ਇਹ ਚਿੱਠੀ ਪ੍ਰਧਾਨ ਮੰਤਰੀ ਨੂੰ ਮਿਲੀ ਵੀ ਹੈ ਜਾਂ ਨਹੀਂ।

ਉਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਮੁੰਡੇ ਨੂੰ ਨਸ਼ੇ ਦੀ ਲਤ ਲੱਗੀ ਹੈ ਤਾਂ ਉਨ੍ਹਾਂ ਨੇ ਉਸ ਨੂੰ ਬਚਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਜੋ ਕਿ ਨਾਕਾਮ ਗਈ ਤੇ ਉਸ ਦਾ ਅੰਤ ਬਹੁਤ ਹੀ ਮਾੜਾ ਹੋਇਆ।

ਉਹ ਨਿਰਾਸ਼ ਹਨ ਕਿ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਵਿੱਚ ਉਨ੍ਹਾਂ ਨੂੰ ਸਰਕਾਰ ਦਾ ਕੋਈ ਸਮਰਥਨ ਨਹੀਂ ਮਿਲਿਆ। ਉਹ ਮੰਨਦੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਨੂੰ ਰੋਕਣ ਵਿੱਚ ਸਰਕਾਰਾਂ ਨਾਕਾਮ ਰਹੀਆਂ ਹਨ।

ਸਤਨਾਮ ਕੌਰ, ਜਿਨ੍ਹਾਂ ਦੇ ਘਰ ਜਾ ਕੇ ਵੀ ਮੁਖਤਿਆਰ ਸਿੰਘ ਨੇ ਉਨ੍ਹਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਕੇ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ:

ਬਲਵਿੰਦਰ ਸਿੰਘ, ਜੋ ਕਿ ਇੱਕ ਦੁਕਾਨਦਾਰ ਹਨ ਉਨ੍ਹਾਂ ਨੇ ਮੁਖਤਿਆਰ ਸਿੰਘ ਦੀ ਇਸ ਮੁਹਿੰਮ ਲਈ ਹੌਂਸਲਾ ਅਫਜ਼ਾਈ ਕਰਦੇ ਹਨ।

ਭੁਪਿੰਦਰ ਕੌਰ ਦਾ ਕਹਿਣਾ ਹੈ ਕਿ ਜਾਗਰੂਕਤਾ ਫੈਲਾਉਣ ਲਈ ਅਜਿਹੀਆਂ ਹੋਰ ਬਹੁਤ ਸਾਰੀਆਂ ਮੁਹਿੰਮਾਂ ਦੀ ਲੋੜ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਨਸ਼ੇ ਖ਼ਿਲਾਫ ਲੋਕਾਂ ਨੂੰ ਜਾਗਰੂਕ ਕਰੀਏ ਕਿਉਂਕਿ ਇਲਾਕੇ ਵਿੱਚ ਵਧ ਰਹੀਆਂ ਜ਼ੁਰਮ ਦੀਆਂ ਘਟਨਾਵਾਂ ਅਤੇ ਸਮਾਜਿਕ ਬੁਰਾਈਆਂ ਨੂੰ ਇਸ ਦਾ ਮੂਲ ਕਾਰਨ ਸਮਝਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)