ਨੋਇਡਾ ਇਮਾਰਤ ਹਾਦਸਾ: 'ਮੈਂ ਬਿਲਡਿੰਗ ਆਪਣੀਆਂ ਅੱਖਾਂ ਸਾਹਮਣੇ ਡਿੱਗਦੀ ਦੇਖੀ'

ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲਗਦੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਦੋ ਇਮਾਰਤਾਂ ਢਹਿ ਜਾਣ ਨਾਲ ਕੁਝ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹੁਣ ਤੱਕ ਮਲਬੇ ਹੇਠਾਂ ਦੱਬੇ ਗਏ ਤਿੰਨ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ।
ਸ਼ਾਹ ਬੇਰੀ ਪਿੰਡ ਵਿੱਚ ਇਹ ਹਾਦਸਾ ਰਾਤ 8 ਤੋਂ ਸਾਢੇ ਅੱਠ ਦੇ ਵਿਚਾਲੇ ਵਾਪਰਿਆ। ਢਹਿਣ ਵਾਲੀਆਂ ਇਮਾਰਤਾਂ ਵਿੱਚੋਂ ਇੱਕ ਉਸਾਰੀ ਹੇਠ ਸੀ ਜਦਕਿ ਦੂਜੀ ਦੋ ਸਾਲ ਪਹਿਲਾਂ ਬਣ ਕੇ ਤਿਆਰ ਹੋਈ ਸੀ।
ਹਾਲੇ ਤੱਕ ਅਧਿਕਾਰਕ ਅੰਕੜਾ ਨਹੀਂ ਮਿਲਿਆ ਹੈ ਕਿ ਇੱਤੇ ਕਿੰਨੇ ਲੋਕ ਰਹਿੰਦੇ ਸਨ ਅਤੇ ਅਤੇ ਕਿੰਨੇ ਲੋਕ ਮਲਬੇ ਹੇਠ ਦੱਬੇ ਹੋ ਸਕਦੇ ਹਨ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਲਬੇ ਹੇਠ ਦੱਬੇ ਗਏ ਲੋਕਾਂ ਦੀ ਗਿਣਤੀ 10 ਹੋ ਸਕਦੀ ਹੈ।

ਦੱਬੇ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਸਨੀਫ਼ਰ ਡੌਗਜ਼ ਦੀ ਵੀ ਮਦਦ ਲਈ ਜਾ ਰਹੀ ਹੈ
ਐਨਡੀਆਰਐਫ ਦੇ ਕਮਾਂਡੇਂਟ ਪੀਕੇ ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਸਮੇਂ ਐਨਡੀਆਰਐਫ ਦੀਆਂ ਪੰਜ ਟੀਮਾਂ ਯਾਨੀ 200 ਲੋਕ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਦੋ ਲਾਸ਼ਾਂ ਕੱਢੀਆਂ ਗਈਆਂ ਹਨ ਹੋ ਸਕਦਾ ਹੈ ਕਿ ਉਹ ਮਜ਼ਦੂਰਾਂ ਦੀਆਂ ਹੋਣ।

ਆਰਸੀ ਬੇਗ਼ਮ ਇਸ ਇਲਾਕੇ ਵਿੱਚ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਉਸ ਦੇ ਮੁਤਾਬਕ ਹਾਦਸਾ ਉਸ ਦੀਆਂ ਅੱਖਾਂ ਸਾਹਮਣੇ ਵਾਪਰਿਆ।
ਆਰਸੀ ਬੇਗ਼ਮ ਨੇ ਬੀਬੀਸੀ ਨੂੰ ਦੱਸਿਆ, "ਮੈਂ ਇਮਾਰਤ ਨੂੰ ਆਪਣੀਆਂ ਅੱਖਾਂ ਸਾਹਮਣੇ ਡਿੱਗਦੇ ਦੇਖਿਆ। ਮੈਂ ਦੇਖਿਆ ਕਿ ਨਵੀਂ ਬਿਲਡਿੰਗ ਅਚਾਨਕ ਡਿੱਗੀ ਅਤੇ ਧੂੜ ਦਾ ਬੱਦਲ ਉੱਠਿਆ। ਇਸ ਤੋਂ ਬਾਅਦ ਅਸੀਂ ਇੱਥੋਂ ਭੱਜ ਗਏ। ਥੋੜੀ ਹੀ ਦੇਰ ਬਾਅਦ ਪੁਰਾਣੀ ਬਿਲਡਿੰਗ ਵੀ ਡਿੱਗ ਗਈ। ਆਰਸੀ ਮੁਤਾਬਕ ਪੁਰਾਣੀ ਬਿਲਡਿੰਗ ਵਿੱਚ ਕਦੇ ਜ਼ਿਆਦਾ ਲੋਕ ਨਹੀਂ ਦੇਖੇ ਗਏ।"
ਘਟਨਾ ਵਾਲੀ ਥਾਂ 'ਤੇ ਰਹਿਣ ਵਾਲੇ ਮਿੰਟੂ ਡੇਕਾ ਤੇ ਉਨ੍ਹਾਂ ਦੀ ਪਤਨੀ ਸ਼ਿਖਾ ਡੇਕਾ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਇੱਥੇ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲਾਂ ਨਵੀਂ ਨਹੀਂ ਪੁਰਾਣੀ ਇਮਾਰਤ ਡਿੱਗੀ ਸੀ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਘਟਨਾ ਸਾਢੇ ਅੱਠ ਵਜੇ ਨਹੀਂ ਬਲਿਕ ਸਵਾ ਨੌ ਵਜੇ ਦੇ ਕਰੀਬ ਵਾਪਰੀ।

ਸ਼ਿਖਾ ਡੇਕਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਵਾ ਨੌਂ ਵਜੇ ਬਾਜ਼ਾਰ ਤੋਂ ਵਾਪਸ ਪਰਤ ਰਹੇ ਸੀ। ਅਸੀਂ ਨਵੀਂ ਇਮਾਰਤ ਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਪੁਰਾਣੀ ਇਮਾਰਤ ਵਿੱਚ ਦੋ ਤਿੰਨ ਪਰਿਵਾਰ ਰਹਿੰਦੇ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਤਾਂ ਕੱਲ੍ਹ ਹੀ ਗ੍ਰਹਿ ਪ੍ਰਵੇਸ਼ ਕੀਤਾ ਸੀ।"
ਸ਼ਿਖਾ ਦਾ ਦਾਅਵਾ ਹੈ ਕਿ ਜੋ ਮਜ਼ਦੂਰ ਉਸਾਰੀ ਹੇਠ ਬਿਲਡਿੰਗ ਵਿੱਚ ਕੰਮ ਕਰਦੇ ਸਨ ਉਨ੍ਹਾਂ ਦੇ ਪਰਿਵਾਰ ਰਾਤ ਨੂੰ ਪੁਰਾਣੀ ਬਿਲਡਿੰਗ ਚਲੇ ਜਾਂਦੇ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ 15-16 ਮਜ਼ਦੂਰਾਂ ਦੇ ਪਰਿਵਾਰ ਸਨ।
ਕੇਂਦਰੀ ਸੰਸਕ੍ਰਿਤੀ ਮੰਤਰੀ ਅਤੇ ਗੌਤਮ ਬੁੱਧ ਨਗਰ ਦੇ ਸਾਂਸਦ ਮਹੇਸ਼ ਸ਼ਰਮਾ ਵੀ ਇੱਤੇ ਪਹੁੰਚੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।