ਆਖਿਰ ਇੱਕ ਵੀਡੀਓ ਕਿਵੇਂ ਇੱਕ ਸ਼ਖਸ ਦੇ ਕਤਲ ਦਾ ਕਾਰਨ ਬਣਿਆ?- ਗਰਾਊਂਡ ਰਿਪੋਰਟ

ਲੋਕਾਂ ਨੇ ਕਾਰ ਤੇ ਅੰਨੇਵਾਹ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ
ਫੋਟੋ ਕੈਪਸ਼ਨ ਲੋਕਾਂ ਨੇ ਕਾਰ ਤੇ ਅੰਨੇਵਾਹ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ

"ਘਟਨਾ ਤੋਂ ਬਾਅਦ ਪਿੰਡ ਖਾਲ੍ਹੀ ਹੋ ਚੁੱਕਾ ਹੈ। ਸਾਰੇ ਖੌਫ਼ ਵਿੱਚ ਹਨ। ਹਿੰਸਾ ਦੀ ਸੰਭਾਵਨਾ ਨੂੰ ਦੇਖਦੇ ਹੋਏ ਦੁਕਾਨਾਂ ਬੰਦ ਹਨ। ਗ੍ਰਿਫ਼ਤਾਰੀ ਦੇ ਡਰ ਕਾਰਨ ਅੱਧੇ ਲੋਕ ਪਿੰਡ ਛੱਡ ਕੇ ਜਾ ਚੁੱਕੇ ਹਨ।''

ਇਹ ਸ਼ਬਦ ਹਨ ਮੁਰਕੀ ਪਿੰਡ ਦੇ ਬਜ਼ੁਰਗ ਰਾਜਿੰਦਰ ਪਟੇਲ ਦੇ। ਕਰਨਾਟਕ ਦੇ ਬਿਦਰ ਜ਼ਿਲ੍ਹੇ ਦਾ ਮੁਰਕੀ ਪਿੰਡ ਜਿੱਥੇ ਬੱਚਾ ਚੋਰੀ ਦੇ ਸ਼ੱਕ ਵਿੱਚ ਭੀੜ ਨੇ ਇੱਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।

ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਵੱਟਸਐੱਪ 'ਤੇ ਵਾਇਰਲ ਹੋਏ ਵੀਡੀਓ ਦੇ ਕਾਰਨ ਹੋਇਆ ਸੀ।

ਇੱਕ ਵੀਡੀਓ ਕਿਸੇ ਦੀ ਮੌਤ ਦਾ ਕਾਰਨ ਕਿਵੇਂ ਬਣ ਜਾਂਦਾ ਹੈ ਇਸਦਾ ਪਤਾ ਲਗਾਉਣ ਲਈ ਬੀਬੀਸੀ ਤੇਲੁਗੂ ਦੀ ਟੀਮ ਕਰਨਾਟਕ ਦੇ ਬਿਦਰ ਜ਼ਿਲ੍ਹੇ ਵਿੱਚ ਪਹੁੰਚੀ।

ਆਖਰ ਅਜਿਹਾ ਕੀ ਹੋਇਆ ਸੀ ਕਿ ਹੈਦਰਾਬਾਦ ਦੇ ਪੰਜ ਦੋਸਤ ਇੱਕ ਯਾਤਰਾ 'ਤੇ ਨਿਕਲੇ ਅਤੇ ਸਭ ਕੁਝ ਬੁਰੇ ਸੁਫ਼ਨੇ ਵਿੱਚ ਤਬਦੀਲ ਹੋ ਗਿਆ। ਇਸ ਘਟਨਾ ਵਿੱਚ ਉਨ੍ਹਾਂ ਨੇ ਆਪਣਾ ਇੱਕ ਦੋਸਤ ਖੋਹ ਦਿੱਤਾ ਜਿਸਦੇ ਦੋ ਬੱਚੇ ਹਨ।

ਆਜ਼ਮ, ਸਲਮਾਨ, ਸਲਮ, ਨੂਰ ਅਤੇ ਅਫ਼ਰੋਜ਼ ਆਪਣੀ ਨਵੀਂ ਕਾਰ ਤੋਂ ਆਪਣੇ ਪਰਿਵਾਰ ਨੂੰ ਮਿਲਣ ਲਈ ਕਰਨਾਟਕ ਲਈ ਨਿਕਲੇ ਸਨ।

13 ਜੁਲਾਈ ਦੀ ਸ਼ਾਮ ਨੂੰ ਉਹ ਹੈਦਰਾਬਾਦ ਤੋਂ 190 ਕਿਲੋਮੀਟਰ ਦੂਰ ਹੰਡੀਕੇਰਾ ਪਿੰਡ ਪਹੁੰਚੇ। ਇਸ ਪਿੰਡ ਵਿੱਚ ਮੁਸਲਮਾਨਾਂ ਦੇ 20 ਅਤੇ ਲਿੰਗਾਇਤ ਭਾਈਚਾਰੇ ਦੇ ਕਰੀਬ 150 ਪਰਿਵਾਰ ਰਹਿੰਦੇ ਹਨ। ਪਿੰਡ ਦੇ ਚਾਰੇ ਪਾਸੇ ਹਰਿਆਵਲ ਹੈ।

ਵੀਡੀਓ ਬਣਾਇਆ ਅਤੇ ਗਰੁੱਪ ਵਿੱਚ ਪਾ ਦਿੱਤਾ

ਅਫ਼ਰੋਜ਼ ਦੱਸਦੇ ਹਨ, "ਆਪਣੇ ਪਰਿਵਾਰਾਂ ਨੂੰ ਇੱਥੇ ਪਹੁੰਚਣ ਤੋਂ ਬਾਅਦ ਅਸੀਂ ਲੋਕਾਂ ਨੇ ਖਾਣਾ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਅਸੀਂ ਖੇਤ ਜਾਣ ਦੀ ਯੋਜਨਾ ਬਣਾ ਰਹੇ ਸੀ ਜੋ ਘਰ ਤੋਂ 6 ਕਿਲੋਮੀਟਰ ਦੂਰ ਸੀ।''

ਫੋਟੋ ਕੈਪਸ਼ਨ ਤਿੰਨੋਂ ਨੌਜਵਾਨ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਾਮਯਾਬੀ ਨਹੀਂ ਮਿਲੀ

"ਰਾਹ ਵਿੱਚ ਸਾਨੂੰ ਸਕੂਲ ਤੋਂ ਵਾਪਸ ਆਉਂਦੇ ਕੁਝ ਬੱਚੇ ਮਿਲੇ। ਸਾਡਾ ਦੋਸਤ ਸਲਮਾਨ ਕਤਰ ਦਾ ਰਹਿਣ ਵਾਲਾ ਸੀ। ਉਹ ਕਤਰ ਤੋਂ ਕੁਝ ਚਾਕਲੇਟ ਲਿਆਇਆ ਸੀ। ਉਸ ਨੇ ਉਹ ਚਾਕਲੇਟਾਂ ਬੱਚਿਆਂ ਵਿੱਚ ਵੰਡ ਦਿੱਤੀਆਂ।

ਇਸ ਤੋਂ ਬਾਅਦ ਅਸੀਂ ਝੀਲ ਵੱਲ ਵਧਣ ਲੱਗੇ। ਕੁਝ ਦੂਰ ਚੱਲਣ ਤੋਂ ਬਾਅਦ ਅਸੀਂ ਆਪਣੀਆਂ ਕੁਰਸੀਆਂ ਲਗਾਈਆਂ ਅਤੇ ਬੈਠ ਗਏ। ਇਸ ਤੋਂ ਪਹਿਲਾਂ ਅਸੀਂ ਕੁਝ ਸਮਝ ਸਕਦੇ ਕੁਝ ਪਿੰਡ ਵਾਲਿਆਂ ਨੇ ਸਾਨੂੰ ਘੇਰ ਲਿਆ।''

"ਸਾਡੀ ਕਾਰ ਦੀ ਹਵਾ ਕੱਢ ਦਿੱਤੀ। ਉਹ ਲੋਕ ਸਾਨੂੰ ਬੱਚਾ ਚੋਰ ਕਹਿ ਰਹੇ ਹਨ। ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਕੁਝ ਸੁਣਨ ਨੂੰ ਤਿਆਰ ਨਹੀਂ ਸਨ। ਅਸੀਂ ਆਪਣੇ ਪਰਿਵਾਰ ਵਾਲਿਆਂ ਨੂੰ ਮਦਦ ਲਈ ਸੱਦਿਆ।''

ਉੱਥੇ ਆਮਿਰ ਪਾਟਿਲ ਨਾਂ ਦਾ ਇੱਕ ਸ਼ਖਸ ਸੀ ਜੋ ਇਹ ਸਭ ਕੁਝ ਕੈਮਰੇ ਵਿੱਚ ਰਿਕਾਰਡ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਇੱਕ ਵੱਟਸਐੱਪ ਗਰੁੱਪ ਵਿੱਚ ਇਹ ਵੀਡੀਓ ਪਾ ਦਿੱਤਾ। ਇਸ ਗਰੁੱਪ ਵਿੱਚ ਕਰੀਬ 200 ਲੋਕ ਸਨ।

ਫੋਟੋ ਕੈਪਸ਼ਨ ਅਫਰੋਜ਼ ਨੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖੇ ਤਾਂ ਘਰ ਮਦਦ ਲਈ ਫੋਨ ਕੀਤਾ

ਇਸੇ ਵਿਚਾਲੇ ਅਫ਼ਰੋਜ਼ ਦੇ ਚਾਚਾ ਮੁਹੰਮਦ ਯਾਕੂਬ ਉਨ੍ਹਾਂ ਦੀ ਮਦਦ ਕਰਨ ਲਈ ਪਹੁੰਚੇ। ਪਿੰਡ ਵਾਲੇ ਉਨ੍ਹਾਂ ਦੀ ਵੀ ਸੁਣਨ ਨੂੰ ਤਿਆਰ ਨਹੀਂ ਸਨ।

ਯਾਕੂਬ ਦੱਸਦੇ ਹਨ, "ਉਹ ਲੋਕ ਸਾਡੇ ਮੁੰਡਿਆਂ 'ਤੇ ਬੱਚੇ ਚੋਰੀ ਦਾ ਇਲਜ਼ਾਮ ਲਾ ਰਹੇ ਸਨ। ਪਿੰਡ ਵਾਲੇ ਸਾਡੀ ਕਾਰ 'ਤੇ ਪੱਥਰ ਸੁੱਟਣ ਲੱਗੇ ਅਤੇ ਸਾਡੇ ਮੁੰਡਿਆਂ ਨੂੰ ਕੁੱਟਣ ਲੱਗੇ।''

"ਨੂਰ ਦੇ ਸਿਰ 'ਤੇ ਸੱਟ ਲੱਗੀ ਸੀ। ਅਸੀਂ ਉਸ ਨੂੰ ਕਿਸੇ ਤਰੀਕੇ ਨਾਲ ਭੀੜ ਤੋਂ ਪਾਸੇ ਕੀਤਾ ਅਤੇ ਇੱਕ ਬਾਈਕ 'ਤੇ ਭੇਜ ਦਿੱਤਾ। ਅਫਰੋਜ਼ ਪਿੰਡ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।''

"ਸਲਮਾਨ ਅਤੇ ਆਜ਼ਮ ਉੱਥੋਂ ਕਾਰ ਲੈ ਕੇ ਨਿਕਲ ਗਏ। ਅਸੀਂ ਸੋਚਿਆ ਕਿ ਮਾਮਲਾ ਸੁਲਝ ਗਿਆ ਹੈ ਅਤੇ ਅਸੀਂ ਹੁਣ ਘਰ ਮਿਲਾਂਗੇ ਪਰ ਪੰਜ ਮਿੰਟ ਦੇ ਅੰਦਰ ਮੇਰੇ ਕੋਲ ਕਿਸੇ ਮੁੰਡੇ ਦਾ ਫੋਨ ਆਇਆ ਕਿ ਕਾਰ ਕਿਸੇ ਗੱਡੇ ਵਿੱਚ ਡਿੱਗ ਗਈ ਹੈ।''

ਉਹ ਅੱਗੇ ਦੱਸਦੇ ਹਨ ਕਿ ਇਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਇੱਕ ਬੁਰੇ ਸੁਫਨੇ ਵਾਂਗ ਸੀ। ਯਾਕੂਬ ਕਹਿੰਦੇ ਹਨ ਕਿ ਉਨ੍ਹਾਂ ਨੇ ਅਫ਼ਰੋਜ਼ ਅਤੇ ਆਪਣੇ ਬੱਚਿਆਂ ਨੂੰ ਦੂਜੇ ਘਰ ਭੇਜ ਦਿੱਤਾ ਤਾਂ ਜੋ ਉਹ ਉੱਥੇ ਸੁਰੱਖਿਅਤ ਰਹਿ ਸਕਣ।

ਕੁਝ ਹੀ ਦੇਰ ਵਿੱਚ ਲੋਕ ਇਕੱਠੇ ਹੋ ਗਏ

ਪੰਜ ਮਿੰਟ ਦੇ ਅੰਦਰ ਇੱਕ ਤੋਂ ਬਾਅਦ ਇੱਕ ਯੋਜਨਾ ਬਣਦੀ ਗਈ। ਸ਼ਾਮ ਕਰੀਬ 5.15 ਵਜੇ ਵੀਡੀਓ ਵੱਟਸਐੱਪ ਗਰੁੱਪ ਵਿੱਚ ਭੇਜਿਆ ਗਿਆ ਸੀ।

ਫੋਟੋ ਕੈਪਸ਼ਨ ਮਦਦ ਲਈ ਪਹੁੰਚੇ ਅਫਰੋਜ਼ ਦੇ ਚਾਚਾ ਯਾਕੂਬ ਦੀ ਗੱਲ ਵੀ ਪਿੰਡ ਵਾਲਿਆਂ ਨੇ ਨਹੀਂ ਮੰਨੀ

ਮੁਰਕੀ ਪਿੰਡ ਦੇ ਬੱਸ ਸਟਾਪ ਨੇੜੇ ਇੱਕ ਚਾਹ ਦੀ ਦੁਕਾਨ ਲਾਉਣ ਵਾਲੇ ਵਿਜੇ ਪਾਟਿਲ ਦੱਸਦੇ ਹਨ, "ਸਾਨੂੰ ਇੱਕ ਵੀਡੀਓ ਗਰੁੱਪ ਵਿੱਚ ਮਿਲਿਆ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਲਾਲ ਕਾਰ ਵਿੱਚ ਬੱਚਾ ਚੋਰੀ ਕਰਨ ਵਾਲਾ ਸਮੂਹ ਸਾਡੇ ਪਿੰਡ ਮੁਰਕੀ ਵੱਲ ਭੱਜ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਨੇ ਸਾਡੀ ਦੁਕਾਨ ਦੀ ਕੁਰਸੀ ਅਤੇ ਟੇਬਲ ਕੱਢ ਕੇ ਰਾਹ ਬੰਦ ਕਰ ਦਿੱਤਾ।''

"ਕਾਰ ਤੇਜ਼ ਰਫ਼ਤਾਰ ਵਿੱਚ ਸੀ। ਮੇਰੀਆਂ ਅੱਖਾਂ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਤੇਜ਼ ਕਾਰ ਇੱਕ ਪੁਲੀਆ ਨਾਲ ਟਕਰਾਈ ਅਤੇ ਸੜਕ ਦੇ ਕਿਨਾਰੇ ਇੱਕ ਟੋਏ ਵਿੱਚ ਜਾ ਡਿੱਗੀ। ਲੋਕ ਇਸ ਗੱਲ ਨਾਲ ਗੁੱਸੇ ਵਿੱਚ ਸਨ ਕਿ ਕਾਰ ਕਹਿਣ 'ਤੇ ਵੀ ਨਹੀਂ ਰੋਕੀ ਜਾ ਰਹੀ ਸੀ। ਉਨ੍ਹਾਂ ਨੇ ਕਾਰ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।''

ਫੋਟੋ ਕੈਪਸ਼ਨ ਪਿੰਡ ਵਿੱਚ ਖੌਫ਼ ਕਾਰਨ ਦੁਕਾਨਾਂ ਬੰਦ ਹਨ

"ਕੁਝ ਹੀ ਦੇਰ ਵਿੱਚ ਕਰੀਬ 600 ਲੋਕ ਇਕੱਠਾ ਹੋ ਗਏ। ਦੇਖਦੇ ਹੀ ਦੇਖਦੇ ਹਜ਼ਾਰ ਲੋਕ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਉੱਥੇ ਪਹੁੰਚ ਗਏ।''

ਵਿਜੇ ਕਹਿੰਦੇ ਹਨ ਕਿ ਉਸ ਘਟਨਾ ਤੋਂ ਬਾਅਦ ਉਹ ਵੱਟਸਐੱਪ ਗਰੁੱਪ ਤੋਂ ਬਾਹਰ ਹੋ ਗਏ ਸਨ।

ਪੁਲਿਸ ਦੀ ਜਾਂਚ

ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਵੀਡੀਓ ਵਿੱਚ ਭੀੜ ਕਾਰ ਤੋਂ ਇੱਕ ਸ਼ਖਸ ਨੂੰ ਬਾਹਰ ਕੱਢ ਕੇ ਡੰਡੇ ਨਾਲ ਕੁੱਟ ਰਹੀ ਹੈ।

ਫੋਟੋ ਕੈਪਸ਼ਨ ਮੁਰਕੀ ਪਿੰਡ 250 ਸਭ ਤੋਂ ਪਿਛੜੇ ਪਿੰਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

ਉੱਥੇ ਹੀ ਦੂਜੇ ਲੋਕ ਕਾਰ 'ਤੇ ਪੱਥਰ ਸੁੱਟਦੇ ਦੇਖੇ ਜਾ ਸਕਦੇ ਹਨ। ਕਰੀਬ ਪੰਜ ਹਜ਼ਾਰ ਦੀ ਆਬਾਦੀ ਵਾਲਾ ਮੁਰਕੀ ਪਿੰਜ ਕਮਲ ਨਗਰ ਪੁਲਿਸ ਥਾਣੇ ਅਧੀਨ ਆਉਂਦਾ ਹੈ। ਥਾਣਾ ਖੇਤਰ ਵਿੱਚ ਇਹ ਆਪਣੇ ਤਰੀਕੇ ਦੀ ਪਹਿਲੀ ਘਟਨਾ ਹੈ। ਪਿੰਡ ਦੀ ਸਰਹੱਦ ਮਹਾਰਾਸ਼ਟਰ ਨਾਲ ਲੱਗਦੀ ਹੈ।

ਪਿਛੜੇ ਪਿੰਡਾਂ ਵਿੱਚ ਸ਼ੁਮਾਰ ਹੈ ਮੁਰਕੀ

ਪੰਚਾਇਤ ਰਾਜ ਮੰਤਰਾਲੇ ਦੇ 250 ਪਿਛੜੇ ਪਿੰਡਾਂ ਵਿੱਚੋਂ ਇੱਕ ਹੈ ਮੁਰਕੀ। 2011 ਦੀ ਮਰਦਮ ਸ਼ੁਮਾਰੀ ਰਿਪੋਰਟ ਅਨੁਸਾਰ ਇੱਥੋਂ ਦੀ 74 ਫੀਸਦ ਆਬਾਦੀ ਪੜ੍ਹੀ-ਲਿਖੀ ਹੈ।

ਪਿੰਡ ਵਿੱਚ ਤਿਲਾਂ ਦੀ ਖੇਤੀ ਵਧੇਰੀ ਹੁੰਦੀ ਹੈ ਅਤੇ ਇਹ ਇੱਥੋਂ ਦੇ ਲੋਕਾਂ ਦੀ ਕਮਾਈ ਦਾ ਮੁੱਖ ਜ਼ਰੀਆ ਹੈ। ਪਿੰਡ ਦੇ ਲੋਕ ਬੇਰੁਜ਼ਗਾਰ ਵੱਧ ਹਨ। ਰੁਜ਼ਗਾਰ ਦੀ ਚਾਹਤ ਵਿੱਚ ਵਧੇਰੇ ਲੋਕ ਸ਼ਹਿਰ ਜਾ ਚੁੱਕੇ ਹਨ।

ਹੈਦਰਾਬਾਦ ਵਿੱਚ ਇੱਕ ਐਪ ਕੰਪਨੀ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਨ ਵਾਲੇ ਸੰਤੋਸ਼ ਖ਼ਬਰ ਸੁਣ ਕੇ ਪਿੰਡ ਆਏ ਹਨ।

ਉਹ ਦੱਸਦੇ ਹਨ, "ਸਾਡੇ ਵਿੱਚੋਂ ਵਧੇਰੇ ਲੋਕ ਹੈਦਰਾਬਾਦ ਵਿੱਚ ਕੰਮ ਕਰਦੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਅਤੇ ਮੇਰੇ ਕੁਝ ਦੋਸਤ ਪਿੰਡ ਆਏ ਹਾਂ।''

"ਇੱਥੇ ਖੇਤੀ ਮੀਂਹ 'ਤੇ ਨਿਰਭਰ ਹੈ ਜੇ ਮੀਂਹ ਚੰਗਾ ਹੁੰਦਾ ਹੈ ਤਾਂ ਘਰ ਚਲਾਉਣਾ ਸੌਖਾ ਹੋ ਜਾਂਦਾ ਹੈ ਨਹੀਂ ਤਾਂ ਕਮਾਈ ਦੇ ਦੂਜੇ ਰਾਹ ਲੱਭਣੇ ਹੁੰਦੇ ਹਨ। ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਸਰਹੱਦ ਲੱਗਣ ਕਰਕੇ ਅਸੀਂ ਕਮਾਉਣ ਲਈ ਸ਼ਹਿਰ ਚਲੇ ਜਾਂਦੇ ਹਾਂ।''

ਰਾਹ ਵਿੱਚ ਜਾਂਦੇ ਹੋਏ ਸਾਨੂੰ ਫਸਲਾਂ ਘੱਟ ਹੀ ਨਜ਼ਰ ਆਈਆਂ ਸਨ।

ਇਸ ਤੋਂ ਪਹਿਲਾਂ ਅਜਿਹੀ ਘਟਨਾ ਨਹੀਂ ਹੋਈ

ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਪਿੰਡ ਵਿੱਚ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਹੈ।

ਉੱਥੇ ਆਮ ਘਟਨਾਵਾਂ ਜਿਵੇਂ ਕੁੱਟਮਾਰ, ਨਸ਼ੇ ਵਿੱਚ ਹਿੰਸਾ, ਘਰੇਲੂ ਹਿੰਸਾ ਵਰਗੀਆਂ ਘਟਨਾਵਾਂ ਦਰਜ ਹੁੰਦੀਆਂ ਹਨ। ਉਸ ਘਟਨਾ ਵਿੱਚ ਅੱਠ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚੋਂ ਕੁਝ ਗੰਭੀਰ ਜ਼ਖ਼ਮੀ ਸਨ।

ਫੋਟੋ ਕੈਪਸ਼ਨ ਮੱਲਿਕਾਰਜੁਨ ਅਜੇ ਵੀ ਉਸ ਘਟਨਾ ਤੋਂ ਬਾਅਦ ਤੋਂ ਸਹੀ ਤਰੀਕੇ ਨਾਲ ਸੌ ਨਹੀਂ ਪਾਉਂਦੇ ਹਨ

ਘਟਨਾ ਵਾਲੀ ਥਾਂ 'ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੁਲਿਸ ਹੌਲਦਾਰ ਮੱਲਿਕਾਅਰਜੁਨ ਨੇ ਕਿਹਾ, "ਮੈਂ ਹੁਣ ਵੀ ਸੋ ਨਹੀਂ ਸਕਦਾ ਹਾਂ ਜਿਵੇਂ ਹੀ ਨੀਂਦ ਆਉਂਦੀ ਹੈ ਤਾਂ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼ ਘੁੰਮਣ ਲੱਗਦੇ ਹਨ।''

"ਕਾਰ ਵਿੱਚ ਬੰਦ ਉਹ ਤਿੰਨ ਲੋਕ ਹੱਥ ਜੋੜ ਕੇ ਜ਼ਿੰਦਗੀ ਦੀ ਦੁਹਾਈ ਦੇ ਰਹੇ ਸਨ। ਉਨ੍ਹਾਂ ਦੇ ਚਿਹਰੇ ਖ਼ੂਨ ਨਾਲ ਲਿਬੜੇ ਸਨ। ਅਸੀਂ ਭੀੜ ਨੂੰ ਜਾਣ ਲਈ ਕਹਿ ਰਹੇ ਸੀ ਪਰ ਉਹ ਨਹੀਂ ਮੰਨ ਰਹੇ ਸਨ।''

"ਉਹ ਸਾਰੇ ਬਹਿੱਸ ਕਰ ਰਹੇ ਸਨ ਅਤੇ ਸਾਡੇ 'ਤੇ ਹੀ ਬੱਚਾ ਚੋਰਾਂ ਦਾ ਹਮਾਇਤੀ ਹੋਣ ਦਾ ਇਲਜ਼ਾਮ ਲਾ ਰਹੇ ਸਨ।''

ਕਈ ਗਰੁੱਪ ਡਿਲੀਟ ਕੀਤੇ

ਘਟਨਾ ਵੇਲੇ ਮੱਲਿਕਾਅਰਜੁਨ ਦੇ ਖੱਬੇ ਪੈਰ ਦੀ ਹੱਡੀ ਟੁੱਟ ਗਈ ਸੀ। ਉਨ੍ਹਾਂ ਦਾ ਬਿਦਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਲੋਕਾਂ ਨੂੰ ਜਾਗਰੂਕ ਕਰਨ ਲਈ ਬਿਦਰ ਜ਼ਿਲ੍ਹਾ ਪ੍ਰਸ਼ਾਸਨ ਕਈ ਪ੍ਰੋਗਾਰਮ ਚਲਾ ਰਿਹਾ ਹੈ। ਮੁਰਕੀ ਪਿੰਡ ਵਿੱਚ ਇੱਕ ਪੁਲਿਸ ਵਾਲਾ ਪਿੰਡ ਦੇ ਲੋਕਾਂ ਨੂੰ ਇਹ ਸਮਝਾ ਰਿਹਾ ਹੈ ਕਿ ਫੇਕ ਵੀਡੀਓ ਦੀ ਪਛਾਣ ਕਿਵੇਂ ਕੀਤੀ ਜਾਵੇ।

ਫੋਟੋ ਕੈਪਸ਼ਨ ਮੁਰਕੀ ਪਿੰਡ ਦੇ ਵਧੇਰੇ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਹੈਦਰਾਬਾਦ ਗਏ ਹੋਏ ਹਨ

ਬੀਤੇ ਦੋ ਮਹੀਨਿਆਂ ਵਿੱਚ ਪਿੰਡ ਵਿੱਚ ਵੱਟਸਐੱਪ ਜ਼ਰੀਏ ਫੇਕ ਨਿਊਜ਼ ਫੈਲਾਏ ਦਾਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਉਨ੍ਹਾਂ ਕਿਹਾ, "ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਮੰਦਭਾਗੀ ਹਨ।''

ਜ਼ਿਲ੍ਹਾ ਦੇ ਐਸਪੀ ਦੇਵਰਾਜ ਨੇ ਦੱਸਿਆ ਕਿ ਘਟਨਾ ਤੋਂ ਬਾਅਧ ਕਰੀਬ ਵੀਹ ਅਜਿਹੇ ਵੱਟਸਐੱਪ ਗਰੁੱਪ ਡਿਲੀਟ ਕਰਵਾਏ ਗਏ ਹਨ।

ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਵੱਟਸਐੱਪ ਗਰੁੱਪ ਨਾਲ ਜੁੜੇ ਕਰੀਬ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਂਚ ਵਿੱਚ ਸ਼ਾਮਿਲ ਇੱਕ ਸੀਨੀਅਰ ਪੁਲਿਸ ਅਫਸਰ ਨੇ ਕਿਹਾ, "ਘਟਨਾ ਤੋਂ ਬਾਅਦ ਕਰੀਬ 50 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੀਡੀਓਜ਼ ਦੀ ਤਲਾਸ਼ ਜਾਰੀ ਹੈ।''

ਪਿੰਡ ਵਿੱਚ ਜੋ ਵੀ ਹੋਇਆ ਉਸ ਤੋਂ ਬਾਅਦ ਪਿੰਡ ਵਾਲੇ ਖੁਸ਼ ਨਹੀਂ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਦੇ ਭਰਾ ਨੇ ਕਿਹਾ ਕਿ ਪਿੰਡ ਵਾਲੇ ਗੁੱਸੇ ਵਿੱਚ ਹਨ ਜਿਸ ਤਰ੍ਹਾਂ ਉਹ ਲੋਕ ਕਾਰ ਨੂੰ ਭੱਜਾ ਰਹੇ ਸਨ ਉਸ ਨਾਲ ਇਹ ਲੱਗ ਰਿਹਾ ਸੀ ਕਿ ਉਹ ਬੱਚਿਆਂ ਨੂੰ ਅਗਵਾ ਕਰਨਾ ਚਾਹੁੰਦੇ ਸਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਜੇਲ੍ਹ ਵਿੱਚ ਹੈ। ਉਹ ਉੱਥੇ ਸਿਰਫ਼ ਖੜ੍ਹਾ ਸੀ। ਉਸਨੂੰ ਇਨਸਾਫ਼ ਦੀ ਉਡੀਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)