ਸੋਸ਼ਲ: ਮਾਂ ਕਿੰਨੀ ਵੀ ਦੁਖੀ ਹੋਵੇ ਹਮੇਸ਼ਾ ਪੁੱਤ ਦੀ ਖੈਰ ਮੰਗਦੀ ਹੈ

ਸੋਨਾਲੀ ਬੇਂਦਰੇ

ਤਸਵੀਰ ਸਰੋਤ, Twitter@iamsonalibendre

ਤਸਵੀਰ ਕੈਪਸ਼ਨ,

ਆਪਣੇ ਪੁੱਤਰ ਰਣਵੀਰ ਬਹਿਲ ਨਾਲ ਸੋਨਾਲੀ ਬੇਂਦਰੇ

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਅੱਜ ਕੱਲ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਇਸ ਬਿਮਾਰੀ ਨਾਲ ਲੜਦੇ ਹੋਏ ਸੋਨਾਲੀ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ।

ਇਹ ਵੀ ਪੜ੍ਹੋ:

ਅੱਜ ਸੋਨਾਲੀ ਨੇ ਇੱਕ ਨਵੀਂ ਤਸਵੀਰ ਆਪਣੇ ਪੁੱਤਰ ਰਣਵੀਰ ਬਹਿਲ ਦੇ ਨਾਲ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ।

ਇਸ ਤਸਵੀਰ ਨਾਲ ਸੋਨਾਲੀ ਨੇ ਲਿਖਿਆ, ''ਰਣਵੀਰ ਦੇ ਜਨਮ ਨੂੰ 12 ਸਾਲ 11 ਮਹੀਨੇ ਤੇ 8 ਦਿਨ ਹੋ ਚੁੱਕੇ ਹਨ ਅਤੇ ਉਸ ਨੇ ਆਪਣੇ ਜਨਮ ਦੇ ਸਮੇਂ ਤੋਂ ਹੀ ਮੇਰਾ ਦਿਲ ਜਿੱਤ ਲਿਆ। ਉਸਤੋਂ ਬਾਅਦ ਗੋਲਡੀ ਬਹਿਲ ਤੇ ਮੈਂ ਜੋ ਵੀ ਕੀਤਾ ਰਣਵੀਰ ਦੀ ਖੁਸ਼ੀ ਖ਼ਾਤਿਰ ਕੀਤਾ।''

''ਸਾਡੇ ਸਾਹਮਣੇ ਇੱਕ ਵੱਡਾ ਸਵਾਲ ਸੀ ਕਿ ਅਸੀ ਕਿਵੇਂ ਅਤੇ ਕੀ ਕਹਿਕੇ ਉਸਦੇ ਨਾਲ ਕੈਂਸਰ ਵਾਲੀ ਖ਼ਬਰ ਸਾਂਝੀ ਕਰਾਂਗੇ? ਅਸੀਂ ਹਮੇਸ਼ਾ ਉਸ ਨਾਲ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਪੇਸ਼ ਆਏ ਹਾਂ, ਅਜਿਹੇ 'ਚ ਇਸ ਵਾਰ ਵੀ ਅਸੀਂ ਇਹੀ ਕਰਨ ਵਾਲੇ ਸੀ।''

''ਜਿਵੇਂ ਹੀ ਅਸੀਂ ਉਸਨੂੰ ਕੈਂਸਰ ਦੀ ਖ਼ਬਰ ਬਾਰੇ ਦੱਸਿਆ ਉਸਨੇ ਬੜੀ ਸਿਆਣਪ ਨਾਲ ਇਸ ਗੱਲ ਨੂੰ ਲਿਆ। ਉਹ ਮੇਰੇ ਲਈ ਤਾਕਤ ਤੇ ਸਕਾਰਾਤਮਕਤਾ ਦਾ ਸਰੋਤ ਬਣ ਗਿਆ। ਇਹੀ ਨਹੀਂ ਉਹ ਮੇਰਾ ਮਾਪਿਆਂ ਵਾਂਗ ਖ਼ਿਆਲ ਰੱਖਦਾ ਹੈ।''

ਤਸਵੀਰ ਸਰੋਤ, @iamsonalibendre/getty images

ਤਸਵੀਰ ਕੈਪਸ਼ਨ,

ਇਸ ਸਮੇਂ ਸੋਨਾਲੀ ਬੇਂਦਰੇ ਦਾ ਇਲਾਜ ਨਿਊ ਯਾਰਕ ਵਿੱਚ ਚੱਲ ਰਿਹਾ ਹੈ

ਸੋਨਾਲੀ ਦੇ ਇਸ ਪੋਸਟ ਨੂੰ ਟਵਿੱਟਰ 'ਤੇ ਪਾਉਣ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਨੇ ਵੀ ਆਪਣੀ ਪ੍ਰਤਿਕਿਰਿਆ ਸਾਂਝੀ ਕੀਤੀ।

ਸੋਨਾਲੀ ਦੇ ਪ੍ਰਸ਼ੰਸਕ ਸਿਹਤਯਾਬੀ ਲਈ ਦੁਆਵਾਂ ਦੇ ਨਾਲ-ਨਾਲ ਤਾਕਤ ਤੇ ਸਕਾਰਾਤਮਕਤਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।

ਕਾਰੁਬਾਕੀ ਆਪਣੇ ਟਵੀਟ 'ਚ ਲਿਖਦੇ ਹਨ, ''ਇਸ ਤਸਵੀਰ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ, ਪਰ ਇਹ ਪੋਸਟ ਪੂਰੀ ਤਾਕਤ, ਸਕਾਰਾਤਮਕਤਾ ਅਤੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਹੈ।''

ਸ਼ਤਾਕਸ਼ੀ ਨੇ ਆਪਣੇ ਟਵੀਟ 'ਚ ਲਿਖਿਆ, ''ਤੁਹਾਡਾ ਇਹ ਪੁੱਤਰ ਹਮੇਸ਼ਾ ਤੁਹਾਡੀ ਤਾਕਤ ਬਣਿਆ ਰਹੇਗਾ, ਬਹੁਤ ਪਿਆਰ।''

ਹੇਮੰਤ ਆਪਣੇ ਟਵੀਟ 'ਚ ਲਿਖਦੇ ਹਨ, ''ਖੁਸ਼ ਰਹਿਕੇ ਜਿਉਣ ਦਾ ਮਜ਼ਾ ਕੁਝ ਹੋਰ ਹੀ ਹੈ।''

ਮੀਤਾ ਕਪੂਰ ਸੋਨਾਲੀ ਨੂੰ ਟਵੀਟ ਕਰਦਿਆਂ ਲਿਖਦੇ ਹਨ, ''12 ਸਾਲ ਦੇ ਇੱਕ ਪੁੱਤਰ ਦੀ ਮਾਂ ਤੁਹਾਡੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹੈ।''

ਬਖ਼ਤਿਆਰ ਖ਼ਾਨ ਨੇ ਸੋਨਾਲੀ ਲਈ ਆਪਣੇ ਟਵੀਟ 'ਚ ਲਿਖਿਆ, ''ਤੁਸੀਂ ਦੋਵੇਂ ਕਿੰਨੇ ਬਹਾਦਰ ਹੋ ਅਤੇ ਮੈਨੂੰ ਤੁਹਾਡੇ ਪੁੱਤਰ 'ਤੇ ਮਾਣ ਹੈ।''

ਜਿਲਜਾਂਗ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ, ''ਚਿੰਤਾ ਨਾ ਕਰੋ...ਤੁਸੀਂ ਇਸ ਸੰਘਰਸ਼ ਵਿੱਚ ਵੱਡੀ ਜਿੱਤ ਹਾਸਿਲ ਕਰੋਗੇ।''

ਕੁਝ ਹੀ ਦਿਨ ਪਹਿਲਾਂ ਸੋਨਾਲੀ ਨੇ ਇੰਸਟਾਗ੍ਰਾਮ 'ਤੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ, ਇਸ ਪੋਸਟ 'ਚ ਉਹ ਵਾਲ ਕਟਵਾਉਂਦੇ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਨਜ਼ਰ ਆਏ ਸਨ।

ਉਨ੍ਹਾਂ ਸਭ ਦਾ ਧੰਨਵਾਦ ਕਰਦਿਆਂ ਲਿਖਿਆ ਸੀ ਕਿ ਕੈਂਸਰ ਦੀ ਬਿਮਾਰੀ ਨਾਲ ਲੜਾਈ ਲੜ ਰਹੇ ਲੋਕਾਂ ਨੇ ਉਨ੍ਹਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਇਨ੍ਹਾਂ ਸਭ ਦੀ ਕਹਾਣੀਆਂ ਮੈਨੂੰ ਕੈਂਸਰ ਨਾਲ ਲੜਨ ਲਈ ਉਤਸ਼ਾਹਿਤ ਕਰ ਰਹੀਆਂ ਹਨ।

ਫ਼ਿਲਹਾਲ ਸੋਨਾਲੀ ਨਿਊ ਯਾਰਕ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)