ਜਦੋਂ ਜਨਤਕ ਥਾਵਾਂ 'ਤੇ ਮੁੰਡੇ ਹੁੰਦੇ ਹਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ

ਸਰੀਰਕ ਸ਼ੋਸ਼ਣ Image copyright Science Photo Library
ਫੋਟੋ ਕੈਪਸ਼ਨ ਜਨਤਕ ਥਾਵਾਂ 'ਤੇ ਮੁੰਡਿਆਂ ਦਾ ਵੀ ਸਰੀਰਕ ਸ਼ੋਸ਼ਣ ਹੁੰਦਾ ਹੈ ਪਰ ਉਹ ਇਸ ਨੂੰ ਸਾਂਝਾ ਨਹੀਂ ਕਰਦੇ

"ਮੈਂ ਫਾਰਮ ਭਰਨ ਲਈ ਲਾਈਨ ਵਿੱਚ ਖੜ੍ਹਾ ਸੀ, ਉਦੋਂ ਹੀ ਉਸ ਨੇ ਪਿੱਛੇ ਤੋਂ ਮੇਰੇ ਨਾਲ ਆਪਣਾ ਪ੍ਰਾਈਵੇਟ ਪਾਰਟ ਟੱਚ ਕੀਤਾ।''

ਬਿਕਰਮ ਨੇ ਐਨਾ ਕਿਹਾ ਕਿ ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਤਿੰਨ ਦੋਸਤਾਂ ਨੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਉਹ ਇੱਕ ਸੁਰ ਵਿੱਚ ਕਹਿਣ ਲੱਗੇ ਦੱਸੋ ਫਿਰ ਅੱਗੇ ਕੀ ਹੋਇਆ।

ਬਿਕਰਮ ਥੋੜ੍ਹੇ ਝਿਜਕੇ ਅਤੇ ਦੱਸਣ ਲੱਗੇ, ''ਜਦੋਂ ਤੱਕ ਮੈਂ ਲਾਈਨ ਵਿੱਚ ਲੱਗਾ ਰਿਹਾ, ਉਨ੍ਹਾਂ ਨੇ ਕਈ ਵਾਰ ਅਜਿਹਾ ਕੀਤਾ। ਮੇਰੇ ਪਿੱਛੇ ਖੜ੍ਹੇ ਅੰਕਲ ਦੀ ਉਮਰ 50 ਸਾਲ ਤੋਂ ਵੱਧ ਹੋਵੇਗੀ ਅਤੇ ਮੈਂ ਉਸ ਸਮੇਂ ਕਾਲਜ ਜਾਣ ਵਾਲਾ ਮੁੰਡਾ ਸੀ। ਜਦੋਂ ਮੈਂ ਅੰਕਲ ਨੂੰ ਕਿਹਾ ਕਿ ਠੀਕ ਤਰ੍ਹਾਂ ਖੜ੍ਹੇ ਹੋਵੋ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ-''ਕੀ ਹੋ ਗਿਆ, ਰਹਿਣ ਦਿਓ।''

ਇਹ ਵੀ ਪੜ੍ਹੋ:

ਦਿੱਲੀ ਵਿੱਚ ਨੌਕਰੀ ਕਰਨ ਵਾਲੇ ਬਿਕਰਮ ਨਾਲ ਵਾਪਰੀ ਇਸ ਘਟਨਾ ਨੂੰ ਅੱਠ ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਨੂੰ ਇਹ ਸਭ ਯਾਦ ਹੈ।

ਉਹ ਦੱਸਦੇ ਹਨ, "ਮੈਂ ਉਸ ਅੰਕਲ ਦੀ ਉਮਰ ਦਾ ਲਿਹਾਜ ਕਰਦੇ ਹੋਏ ਬਹੁਤ ਦੇਰ ਤੱਕ ਸਹਿੰਦਾ ਰਿਹਾ ਪਰ ਆਖ਼ਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਨ੍ਹਾਂ ਨੂੰ ਬੁਰਾ-ਭਲਾ ਕਿਹਾ।"

ਬੀਬੀਸੀ ਨਾਲ ਇਸ ਗੱਲ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਾਫ਼ ਕਿਹਾ ਕਿ ਐਨੇ ਸਾਲਾਂ ਵਿੱਚ ਉਹ ਪਹਿਲੀ ਵਾਰ ਇਸ ਘਟਨਾ ਦਾ ਜ਼ਿਕਰ ਕਰ ਰਹੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਦੇ ਅਜਿਹਾ ਦੋਸਤ ਨਹੀਂ ਮਿਲਿਆ ਜਿਹੜਾ ਪੂਰੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਸਮਝ ਸਕਦਾ।

ਹਾਲਾਂਕਿ, ਜਿਸ ਵੇਲੇ ਬਿਕਰਮ 'ਸੰਵੇਦਨਸ਼ੀਲਤਾ' ਦੀ ਗੱਲ ਕਰ ਰਹੇ ਸਨ, ਉਸ ਸਮੇਂ ਵੀ ਉਨ੍ਹਾਂ ਦੇ ਦੋਸਤ ਹਲਕੀ ਜਿਹੀ ਹਸੀ ਵਿੱਚ ਆਪਣੀ ਸੰਵੇਦਨਸ਼ੀਲਤਾ ਜ਼ਾਹਰ ਕਰ ਰਹੇ ਸਨ।

ਬੱਸ ਵਿੱਚ ਸੀਟ ਦੇਣ ਬਹਾਨੇ ਸ਼ੋਸ਼ਣ

ਇਸ ਤਰ੍ਹਾਂ ਦੀ ਘਟਨਾ ਉੱਤਰ-ਪ੍ਰਦੇਸ਼ ਦੇ ਰਹਿਣ ਵਾਲੇ ਕਪਿਲ ਸ਼ਰਮਾ ਦੇ ਨਾਲ ਵੀ ਵਾਪਰੀ। ਕਪਿਲ ਦੇ ਨਾਲ ਪਹਿਲੀ ਵਾਰ ਅਜਿਹਾ ਉਦੋਂ ਹੋਇਆ ਜਦੋਂ ਉਹ 10 ਸਾਲ ਦੇ ਸਨ।

ਉਨ੍ਹਾਂ ਮੁਤਾਬਕ ਉਹ ਅੱਜ ਵੀ ਬੱਸਾਂ ਵਿੱਚ ਸਫ਼ਰ ਕਰਦੇ ਹੋਏ ਇਸ ਨਾਲ ਜੂਝਦੇ ਹਨ ਜਦਕਿ ਅੱਜ ਉਹ ਨੌਕਰੀ ਪੇਸ਼ਾ ਹਨ ਅਤੇ ਸਰਕਾਰੀ ਨੌਕਰੀ ਕਰਦੇ ਹਨ।

Image copyright FACEBOOK/BIKRAM SINGH
ਫੋਟੋ ਕੈਪਸ਼ਨ ਦਿੱਲੀ ਵਿੱਚ ਨੌਕਰੀ ਕਰਨ ਵਾਲੇ ਬਿਕਰਮ ਨਾਲ ਵਾਪਰੀ ਟਨਾ ਨੂੰ ਅੱਠ ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਨੂੰ ਇਹ ਸਭ ਯਾਦ ਹੈ।

ਕਪਿਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਹਿੰਦੇ ਹਨ, ''ਮੈਂ ਨੌਕਰੀ ਦੇ ਸਿਲਸਿਲੇ ਵਿੱਚ ਲਖਨਊ ਤੋਂ ਦਿੱਲੀ ਆਇਆ ਸੀ ਅਤੇ ਅਕਸਰ ਬੱਸ ਵਿੱਚ ਸਫ਼ਰ ਕਰਦੇ ਸੀ। ਇਸੇ ਤਰ੍ਹਾਂ ਇੱਕ ਦਿਨ ਅਧਖੜ ਉਮਰ ਦੇ ਆਦਮੀ ਨੇ ਮੈਨੂੰ ਆਪਣੇ ਕੋਲ ਬੈਠਣ ਲਈ ਸੀਟ ਦਿੱਤੀ। ਮੈਂ ਵੀ ਖੁਸ਼ੀ-ਖੁਸ਼ੀ ਬੈਠ ਗਿਆ। ਪਰ ਥੋੜ੍ਹੀ ਦੇਰ ਬਾਅਦ ਉਹ ਆਦਮੀ ਮੇਰੇ ਪ੍ਰਾਈਵੇਟ ਪਾਰਟ ਵੱਲ ਆਪਣਾ ਹੱਥ ਲਗਾਉਣ ਲੱਗਾ।''

''ਮੈਨੂੰ ਲੱਗਿਆ ਬੱਸ ਵਿੱਚ ਭੀੜ ਹੈ, ਇਸ ਕਾਰਨ ਸ਼ਾਇਦ ਉਨ੍ਹਾਂ ਦਾ ਹੱਥ ਲੱਗ ਗਿਆ ਹੋਵੇ, ਪਰ ਉਹ ਲਗਾਤਾਰ ਅਜਿਹੀ ਹਰਕਤ ਕਰਦੇ ਰਹੇ। ਮੈਂ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਿਆ। ਚੁੱਪਚਾਪ ਸਹਿੰਦਾ ਰਿਹਾ।''

ਪਰ ਇਹ ਪੁੱਛੇ ਜਾਣ 'ਤੇ ਕਿ ਆਖ਼ਰ ਮੁੰਡੇ ਇਸ ਤਰ੍ਹਾਂ ਦੀ ਘਟਨਾ ਵਿੱਚ ਚੁੱਪ ਕਿਉਂ ਰਹਿੰਦੇ ਹਨ, ਕਪਿਲ ਬੇਝਿਜਕ ਦੱਸਦੇ ਹਨ, "ਇਸਦੇ ਪਿੱਛੇ ਇੱਕ ਤਰ੍ਹਾਂ ਦਾ ਡਰ ਹੁੰਦਾ ਹੈ। ਡਰ ਇਸ ਗੱਲ ਦਾ ਕਿ ਦੋਸਤਾਂ ਵਿਚਾਲੇ ਮੇਰਾ ਅਕਸ ਇੱਕ ਕਮਜ਼ੋਰ ਪੁਰਸ਼ ਵਾਲਾ ਨਾ ਬਣ ਜਾਵੇ। ਅਜਿਹਾ ਇਸ ਲਈ ਵੀ ਕਿਉਂਕਿ ਸਾਡਾ ਸਮਾਜ ਮੁੰਡਿਆ ਨੂੰ ਸ਼ੁਰੂ ਤੋਂ ਹੀ ਤਾਕਤਵਰ, ਮਜ਼ਬੂਤ, ਕਦੇ ਨਾ ਰੋਣ ਵਾਲਾ ਵਰਗੇ ਵਿਸ਼ਲੇਸ਼ਣਾ ਵਿੱਚ ਢਾਲ ਦਿੰਦਾ ਹੈ।"

ਕੀ ਹੈ ਫ਼ਰੋਟੋਰਿਜ਼ਮ

ਬਿਕਰਮ ਅਤੇ ਕਪਿਲ ਨਾਲ ਜਨਤਕ ਥਾਵਾਂ 'ਤੇ ਹੋਈ ਇਸ ਤਰ੍ਹਾਂ ਦੀ ਛੇੜਛਾੜ ਦੀ ਤਸਦੀਕ ਦੂਜੇ ਪੁਰਸ਼ ਵੀ ਕਰਦੇ ਹਨ।

Image copyright KAPIL SHARMA
ਫੋਟੋ ਕੈਪਸ਼ਨ ਪੁਰਸ਼ਾਂ ਜ਼ਰੀਏ ਪੁਰਸ਼ਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਤਾਕਤ ਦਾ ਪ੍ਰਦਰਸ਼ਨ ਹੋਰ ਜ਼ਿਆਦਾ ਹੋ ਜਾਂਦਾ ਹੈ।

ਆਖ਼ਰ ਅਜਿਹਾ ਕੀ ਕਾਰਨ ਹੈ ਕਿ ਸਰੀਰਕ ਸ਼ੋਸ਼ਣ ਦੇ ਸ਼ਿਕਾਰ ਪੁਰਸ਼ ਆਪਣੇ ਨਾਲ ਵਾਪਰੀਆਂ ਘਟਨਾਵਾਂ ਅਕਸਰ ਲੁਕਾਉਂਦੇ ਹਨ।

ਦਿੱਲੀ ਵਿੱਚ ਮਨੋਵਿਗਿਆਨੀ ਡਾ. ਪ੍ਰਵੀਨ ਤ੍ਰਿਪਾਠੀ ਵੀ ਕਪਿਲ ਦੀ ਗੱਲ ਨਾਲ ਸਹਿਮਤੀ ਜਤਾਉਂਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਡਾ. ਪ੍ਰਵੀਨ ਕਹਿੰਦੇ ਹਨ, "ਇਸਦੇ ਪਿੱਛੇ ਸਭ ਤੋਂ ਵੱਡਾ ਕਾਰਨ ਸ਼ਰਮਿੰਦਗੀ ਦਾ ਡਰ ਹੁੰਦਾ ਹੈ। ਪੁਰਸ਼ਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਦੋਸਤ ਜਾਂ ਰਿਸ਼ਤੇਦਾਰ ਉਨ੍ਹਾਂ 'ਤੇ ਹੱਸਣਗੇ। ਉਨ੍ਹਾਂ ਅੰਦਰਲੀ ਮਰਦਾਨਗੀ ਦੀ ਭਾਵਨਾ ਵੀ ਉਨ੍ਹਾਂ ਨੂੰ ਆਪਣੇ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਸਾਂਝਾ ਕਰਨ ਤੋਂ ਰੋਕਦੀ ਹੈ।"

ਇਹ ਵੀ ਪੜ੍ਹੋ:

ਪੁਰਸ਼ਾਂ ਨਾਲ ਜਨਤਕ ਥਾਵਾਂ 'ਤੇ ਹੋਣ ਵਾਲੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਇੱਕ ਹੋਰ ਗੱਲ ਜਿਹੜੀ ਨਿਕਲ ਕੇ ਆਉਂਦੀ ਹੈ, ਉਹ ਇਹ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿੱਚ ਖ਼ੁਦ ਪੁਰਸ਼ ਹੀ ਸ਼ਾਮਲ ਰਹਿੰਦੇ ਹਨ।

ਇਨ੍ਹਾਂ ਮਰਦਾਂ ਦੀ ਮਾਨਸਿਕਤਾ ਬਾਰੇ ਡਾ. ਪ੍ਰਵੀਨ ਕਹਿੰਦੇ ਹਨ ਕਿ ਇਹ ਲੋਕ 'ਫ਼ਰੋਟੋਰਿਜ਼ਮ' ਨਾਮਕ ਬਿਮਾਰੀ ਦੇ ਸ਼ਿਕਾਰ ਹੁੰਦੇ ਹਨ। ਇਸ ਬਿਮਾਰੀ ਤੋਂ ਪੀੜਤ ਵਿਅਕਤੀ ਕਿਸੇ ਦੂਜੇ ਸ਼ਖ਼ਸ ਦੇ ਜੇਨੈਟੀਕਲ ਪਾਰਟ ਨੂੰ ਛੂਹਣ ਨਾਲ ਇੱਕ ਤਰ੍ਹਾਂ ਦੀ ਸਰੀਰਕ ਸੰਤੁਸ਼ਟੀ ਹਾਸਲ ਕਰਦਾ ਹੈ। ਇਸਦੇ ਲਈ ਉਹ ਦੂਜੇ ਸ਼ਖ਼ਸ ਦੀ ਸਹਿਮਤੀ ਵੀ ਨਹੀਂ ਮੰਗਦਾ।

ਇਸ ਬਿਮਾਰੀ ਵਿੱਚ ਹੋਰ ਕੀ-ਕੀ ਹੁੰਦਾ ਹੈ?

ਡਾ. ਪ੍ਰਵੀਨ ਕਹਿੰਦੇ ਹਨ,''ਸਰੀਰਕ ਸ਼ੋਸ਼ਣ ਦੇ ਜ਼ਿਆਦਾਤਰ ਮਾਮਲੇ ਆਪਣੀ ਤਾਕਤ ਦਰਸਾਉਣ ਦੀ ਕੋਸ਼ਿਸ਼ ਹੁੰਦੀ ਹੈ। ਪੁਰਸ਼ਾਂ ਜ਼ਰੀਏ ਪੁਰਸ਼ਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਤਾਕਤ ਦਾ ਪ੍ਰਦਰਸ਼ਨ ਹੋਰ ਜ਼ਿਆਦਾ ਹੋ ਜਾਂਦਾ ਹੈ।''

Image copyright Getty Images
ਫੋਟੋ ਕੈਪਸ਼ਨ ਕੰਧ 'ਤੇ ਪੇਂਟ ਨਾਲ ਅਰਬੀ ਵਿੱਚ ਲਿਖਿਆ ਹੈ, 'ਸਰੀਰਕ ਸ਼ੋਸ਼ਣ ਨੂੰ ਨਾ ਕਹੋ'

ਅਜਿਹੀਆਂ ਕਈ ਰਿਪੋਰਟਾਂ ਹਨ ਜਿਨ੍ਹਾਂ ਤੋਂ ਇਹ ਪਤਾ ਲੱਗਿਆ ਹੈ ਕਿ ਪੁਰਸ਼ਾਂ ਜ਼ਰੀਏ ਪੁਰਸ਼ਾਂ ਦਾ ਰੇਪ ਕਰਨ ਦੀਆਂ ਘਟਨਾਵਾਂ ਵਿੱਚ ਸਰੀਰਕ ਸੁਖ ਹਾਸਲ ਕਰਨ ਦੀ ਥਾਂ ਤਾਕਤ ਦਰਸਾਉਣਾ ਵੱਡੀ ਵਜ੍ਹਾ ਰਹੀ ਹੈ।

ਔਰਤਾਂ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ ਦਾ ਜਿੰਨਾ ਅਸਰ ਉਨ੍ਹਾਂ 'ਤੇ ਪੈਂਦਾ ਹੈ, ਠੀਕ ਉਸੇ ਤਰ੍ਹਾਂ ਦਾ ਅਸਰ ਪੁਰਸ਼ਾਂ 'ਤੇ ਵੀ ਹੁੰਦਾ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਕਈ ਵਾਰ ਇਸ ਟ੍ਰੌਮਾ ਵਿੱਚੋਂ ਬਾਹਰ ਨਿਕਲਣ ਲਈ ਉਨ੍ਹਾਂ ਨੂੰ ਸਾਲਾਂ ਲੱਗ ਜਾਂਦੇ ਹਨ।

ਕਪਿਲ ਕਹਿੰਦੇ ਹਨ, ''ਮੈਂ ਅੱਜ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਡਰ ਜਾਂਦਾ ਹਾਂ ਅਤੇ ਚਾਹੁੰਦਾ ਹਾਂ ਕਿ ਮੇਰੀ ਆਉਣ ਵਾਲੀ ਪੀੜ੍ਹੀ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ। ਉਹ ਖੁੱਲ੍ਹ ਕੇ ਆਪਣੇ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕਰਨ।''

ਪੁਲਿਸ ਵਿੱਚ ਦਰਜ ਕਿਉਂ ਨਹੀਂ ਕਰਦੇ ਮਾਮਲਾ?

ਕਪਿਲ ਸ਼ਰਮਾ ਨੇ ਜਦੋਂ ਕਈ ਸਾਲਾਂ ਤੱਕ ਵੱਖ-ਵੱਖ ਥਾਵਾਂ 'ਤੇ ਹੋਏ ਛੇੜਛਾੜ ਦੇ ਕਿੱਸੇ ਦੱਸੇ ਤਾਂ ਉਨ੍ਹਾਂ ਤੋਂ ਇੱਕ ਸਵਾਲ ਪੁੱਛਣਾ ਵਾਜਿਬ ਸੀ ਕਿ ਆਖ਼ਰ ਉਨ੍ਹਾਂ ਨੇ ਇਸਦੀ ਰਿਪੋਰਟ ਕਦੇ ਪੁਲਿਸ ਨੂੰ ਕਿਉਂ ਨਹੀਂ ਕਰਵਾਈ।

Image copyright Getty Images

ਕਪਿਲ ਕਹਿੰਦੇ ਹਨ, "ਪੁਰਸ਼ਾਂ ਨਾਲ ਹੋਈ ਛੇੜਛਾੜ 'ਤੇ ਸਭ ਤੋਂ ਪਹਿਲਾਂ ਕੋਈ ਯਕੀਨ ਨਹੀਂ ਕਰਦਾ ਅਤੇ ਇੱਕ ਵਾਰ ਜੇਕਰ ਕੋਈ ਭਰੋਸਾ ਕਰ ਵੀ ਲਵੇ ਤਾਂ ਭਾਰਤੀ ਕਾਨੂੰਨ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਪੁਰਸ਼ ਦਾ ਸਾਥ ਨਹੀਂ ਦਿੰਦਾ।"

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਅਜਿਹੇ ਪੀੜਤ ਪੁਰਸ਼ਾਂ ਲਈ ਆਖ਼ਰ ਕਾਨੂੰਨ ਵਿੱਚ ਕੀ ਹੈ?

ਦਿੱਲੀ ਹਾਈ ਕੋਰਟ ਦੇ ਵਕੀਲ ਵਿਭਾਸ਼ ਝਾਅ ਕਹਿੰਦੇ ਹਨ, "ਆਈਪੀਸੀ ਦੀ ਧਾਰਾ 354 ਦੇ ਤਹਿਤ ਸਰੀਰਕ ਸ਼ੋਸ਼ਣ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਧਾਰਾ 376 ਅਤੇ 509 ਦੇ ਤਹਿਤ ਵੀ ਸਰੀਰਕ ਹਿੰਸਾ ਨਾਲ ਜੁੜੇ ਮਾਮਲਿਆਂ ਨੂੰ ਦਰਜ ਕੀਤਾ ਜਾਂਦਾ ਹੈ। ਕਾਨੂੰਨ ਵਿੱਚ ਲਿਖਿਆ ਹੈ ਕਿ ਇਸ ਵਿੱਚ ਪੀੜਤਾ ਮਹਿਲਾ ਹੈ।''

''ਇਸਦੇ ਨਾਲ ਹੀ ਧਾਰਾ 509 ਵਿੱਚ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਣ ਦੀ ਗੱਲ ਆਖੀ ਗਈ ਹੈ। ਇਸ ਤਰ੍ਹਾਂ ਇਹ ਕਾਨੂੰਨ ਪੁਰਸ਼ਾਂ ਖ਼ਿਲਾਫ਼ ਹੀ ਹੋ ਜਾਂਦੇ ਹਨ ਅਤੇ ਪੁਰਸ਼ ਇਸ ਤਹਿਤ ਮਾਮਲਾ ਦਰਜ ਨਹੀਂ ਕਰਵਾ ਸਕਦੇ।''

ਵਿਭਾਸ਼ ਦੱਸਦੇ ਹਨ ਕਿ 18 ਸਾਲ ਤੋਂ ਘੱਟ ਉਮਰ ਦਾ ਮੁੰਡਾ ਜਾਂ ਕੁੜੀ ਦੇ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਤਾਂ ਪੋਕਸੋ ਕਾਨੂੰਨ ਕਾਰਗਰ ਹੋ ਜਾਂਦਾ ਹੈ ਪਰ ਬਾਲਗ ਨੌਜਵਾਨ ਪੁਰਸ਼ਾਂ ਦੇ ਮਾਮਲੇ ਵਿੱਚ ਕਾਨੂੰਨ ਉਨ੍ਹਾਂ ਦੇ ਨਾਲ ਨਹੀਂ ਰਹਿੰਦਾ।

ਹਾਲਾਂਕਿ ਵਕੀਲ ਅਨੁਜਾ ਕਪੂਰ ਦੀ ਰਾਏ ਇਸ ਸਬੰਧ ਵਿੱਚ ਵੱਖਰੀ ਹੈ। ਉਹ ਕਹਿੰਦੇ ਹਨ ਕਿ ਪੁਰਸ਼ਾਂ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ ਜਾਂ ਛੇੜਛਾੜ ਵਰਗੇ ਮਾਮਲਿਆਂ ਨੂੰ ਵੀ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਜਾਣਾ ਚਾਹੀਦਾ ਹੈ।

Image copyright PA
ਫੋਟੋ ਕੈਪਸ਼ਨ ਔਰਤਾਂ ਨਾਲ ਹੋਣ ਵਾਲੇ ਸਰੀਰਕ ਸ਼ੋਸ਼ਣ ਦਾ ਜਿੰਨਾ ਅਸਰ ਉਨ੍ਹਾਂ 'ਤੇ ਪੈਂਦਾ ਹੈ, ਠੀਕ ਉਸੇ ਤਰ੍ਹਾਂ ਦਾ ਅਸਰ ਪੁਰਸ਼ਾਂ 'ਤੇ ਵੀ ਹੁੰਦਾ ਹੈ

ਉਨ੍ਹਾਂ ਮੁਤਾਬਕ, ''ਜੇਕਰ ਪੁਰਸ਼ਾਂ ਨਾਲ ਛੇੜਛਾੜ ਜਾਂ ਸਰੀਰਕ ਸ਼ੋਸ਼ਣ ਹੁੰਦਾ ਹੈ ਤਾਂ ਉਨ੍ਹਾਂ ਨੂੰ ਪੁਲਿਸ ਵਿੱਚ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਪੁਲਿਸ ਮਾਮਲਾ ਦਰਜ ਨਾ ਕਰੇ ਤਾਂ ਇਸਦੇ ਖ਼ਿਲਾਫ਼ ਜਨਹਿੱਤ ਅਰਜ਼ੀ ਦਾਖ਼ਲ ਕਰਨੀ ਚੀਹੀਦੀ ਹੈ।''

ਇਹ ਵੀ ਪੜ੍ਹੋ:

ਅਨੁਜਾ ਇਸ ਗੱਲ ਨਾਲ ਸਹਿਮਤੀ ਜਤਾਉਂਦੇ ਹਨ ਕਿ ਪੁਰਸ਼ ਵੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੀ ਸਲਾਹ ਹੈ ਕਿ ਜਦੋਂ ਤੱਕ ਪੁਰਸ਼ ਇੱਕਜੁਟ ਹੋ ਕੇ ਆਪਣੇ ਹੱਕ ਦੀ ਮੰਗ ਨਹੀਂ ਕਰਨਗੇ ਉਦੋਂ ਤੱਕ ਕਾਨੂੰਨ ਵਿੱਚ ਵੀ ਬਦਲਾਅ ਨਹੀਂ ਆਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)