ਭਗਵੰਤ ਮਾਨ ਨੇ ਸੰਸਦ 'ਚ ਦਿੱਤਾ ਸਿੱਖਿਆ ਸੁਧਾਰ ਦਾ ਫਾਰਮੂਲਾ

ਭਗਵੰਤ ਮਾਨ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਮਾਂ ਬੋਲੀ ਸਿਖਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਗਵੰਤ ਮਾਨ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਮਾਂ ਬੋਲੀ ਸਿਖਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ

ਲੋਕ ਸਭਾ ਦੇ ਮੌਨਸੂਨ ਇਜਲਾਸ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਵੀਂ ਕਲਾਸ ਤੱਕ ਬੱਚਿਆਂ ਲਈ ਸਿਰਫ਼ ਮਾਂ ਬੋਲੀ ਅਤੇ ਮੈਥਸ (ਗਣਿਤ) ਵਿਸ਼ਿਆਂ ਉੱਤੇ ਹੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਲੋਕ ਸਭਾ ਵਿੱਚ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੇ ਕਾਨੂੰਨ ਵਿੱਚ ਸੋਧ ਕਰਨ ਦੇ ਬਿੱਲ 'ਤੇ ਬਹਿਸ ਹੋ ਰਹੀ ਸੀ।

ਭਗਵੰਤ ਮਾਨ ਵੱਲੋਂ ਬਿੱਲ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਸੋਧ ਨੂੰ ਇੱਕ ਚੰਗਾ ਕਦਮ ਦੱਸਿਆ।

ਇਹ ਵੀ ਪੜ੍ਹੋ :

ਭਗਵੰਤ ਮਾਨ ਨੇ ਕਿਹਾ, "ਅੱਠਵੀਂ ਜਮਾਤ ਤੱਕ ਫੇਲ੍ਹ ਨਾ ਹੋਣ ਕਰਕੇ ਬੱਚਿਆਂ ਦੇ ਹੁਨਰ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਬਾਰੇ ਨਹੀਂ ਪਤਾ ਲੱਗਦਾ ਹੈ। ਜੇ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਬੱਚਾ ਕਿਸ ਵਿਸ਼ੇ ਵਿੱਚ ਕਮਜ਼ੋਰ ਹੈ ਤਾਂ ਬੱਚੇ ਨਾਲ ਉਸੇ ਵਿਸ਼ੇ ਬਾਰੇ ਕੰਮ ਕੀਤਾ ਜਾ ਸਕਦਾ ਹੈ।

ਸਿੱਖਿਆ ਪ੍ਰਣਾਲੀ ਬਾਰੇ ਭਗਵੰਤ ਮਾਨ ਦੇ ਸੁਝਾਅ

ਭਗਵੰਤ ਮਾਨ ਸਿੱਖਿਆ ਪ੍ਰਣਾਲੀ ਵਿੱਚ ਕੁਝ ਬੁਨਿਆਦੀ ਸੁਧਾਰ ਚਾਹੁੰਦੇ ਹਨ। ਉਨ੍ਹਾਂ ਵੱਲੋਂ ਦੱਸੇ ਗਏ ਸੁਝਾਅ ਇਸ ਪ੍ਰਕਾਰ ਹਨ।

ਮਾਂ ਬੋਲੀ ਨੂੰ ਤਰਜੀਹ

ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਵੀਂ ਜਮਾਤ ਤੱਕ ਬੱਚੇ ਨੂੰ ਸਿਰਫ਼ ਮਾਂ ਬੋਲੀ ਅਤੇ ਮੈਥਸ ਵਿਸ਼ੇ ਬਾਰੇ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਗਵੰਤ ਮਾਨ ਅਨੁਸਾਰ ਸਕੂਲਾਂ ਵਿੱਚ ਮਾਂ-ਬੋਲੀ ਬੋਲਣ 'ਤੇ ਲੱਗੀ ਪਾਬੰਦੀ ਹਟਾਉਣੀ ਚਾਹੀਦੀ ਹੈ

ਬਾਕੀ ਵਿਸ਼ਿਆਂ ਨੂੰ ਉਹ ਅਗਲੀਆਂ ਜਮਾਤਾਂ ਵਿੱਚ ਸਹੀ ਤਰੀਕੇ ਨਾਲ ਸਮਝ ਸਕਦਾ ਹੈ। ਮਾਂ ਬੋਲੀ ਬੱਚਿਆਂ ਲਈ ਸਿੱਖਣੀ ਬਹੁਤ ਜ਼ਰੂਰੀ ਹੈ।

ਮਾਂ ਬੋਲੀ ਤੇ ਜੁਰਮਾਨਾ ਖ਼ਤਮ ਹੋਵੇ

ਭਗਵੰਤ ਮਾਨ ਨੇ ਪੰਜਾਬ ਦੇ ਕੁਝ ਸਕੂਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਨਿੱਜੀ ਸਕੂਲਾਂ ਵਿੱਚ ਬੱਚਿਆਂ 'ਤੇ ਮਾਂ ਬੋਲੀ ਬੋਲਣ 'ਤੇ ਜੁਰਮਾਨਾ ਲਾਇਆ ਜਾਂਦਾ ਹੈ। ਅਜਿਹੀ ਪ੍ਰਕਿਰਿਆ 'ਤੇ ਸਰਕਾਰ ਵੱਲੋਂ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਜਿਸ ਸੂਬੇ ਦਾ ਪਾਣੀ ਪੀ ਰਹੇ ਹਾਂ ਉਸ ਸੂਬੇ ਦੀ ਬੋਲੀ 'ਤੇ ਰੋਕ ਲਗਾਉਣਾ ਗਲਤ ਹੈ।

ਇਹ ਵੀ ਪੜ੍ਹੋ :

ਅਧਿਆਪਕਾਂ ਦੀ ਸਿਖਲਾਈ

ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਨੂੰ ਸਮੇਂ-ਸਮੇਂ 'ਤੇ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।

ਤਸਵੀਰ ਸਰੋਤ, Getty Images

ਅਧਿਆਪਕਾਂ ਨੂੰ ਨਵੇਂ ਗਿਆਨ ਨਾਲ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਅਜਿਹੀ ਟਰੇਨਿੰਗ ਨਾਲ ਅਧਿਆਪਕਾਂ ਨੂੰ ਕਾਫੀ ਫਾਇਦਾ ਹੋਵੇਗਾ।

ਗੈਰ ਸਿੱਖਿਅਕ ਕੰਮ ਨਾ ਦਿੱਤੇ ਜਾਣ

ਭਗਵੰਤ ਮਾਨ ਨੇ ਕਿਹਾ, "ਮੈਂ ਖੁਦ ਅਧਿਆਪਕ ਦਾ ਪੁੱਤਰ ਹਾਂ। ਮੇਰੇ ਪਿਤਾ ਜੀ ਨੂੰ ਵੀ ਕਈ ਗੈਰ ਸਿੱਖਿਅਕ ਕੰਮਾਂ ਵਿੱਚ ਲਗਾਇਆ ਜਾਂਦਾ ਸੀ। ਜਿਵੇਂ ਮਰਦਮਸ਼ੁਮਾਰੀ ਕਰਨਾ, ਚੋਣਾਂ ਵੇਲੇ ਡਿਊਟੀ ਕਰਨੀ, ਅਤੇ ਬਾਲਗ ਸਿੱਖਿਆ ਲਈ ਵੀ ਅਧਿਆਪਕਾਂ ਦੀ ਡਿਊਟੀ ਹੀ ਲਗਾਉਣਾ।'' ਇਸ ਲਈ ਅਧਿਆਪਕਾਂ ਦਾ ਗੈਰ- ਸਿੱਖਿਅਕ ਕੰਮਾਂ ਤੋਂ ਛੁਟਕਾਰਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਲਈ ਠੇਕੇ ਦੇ ਮੁਲਾਜ਼ਮ ਰੱਖੇ ਜਾਣੇ ਚਾਹੀਦੇ ਹਨ ਅਤੇ ਟੀਚਰਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਹੀਂ ਲਗਾਉਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)