ਬੇਭਰੋਸਗੀ ਮਤੇ ਉੱਤੇ ਬਹਿਸ: 'ਪੱਪੂ' ਵੀ ਪਾਸ ਤੇ ਮੋਦੀ ਵੀ ਜਿੱਤ ਗਏ

ਮੋਦੀ

ਤਸਵੀਰ ਸਰੋਤ, LSTV

ਤਸਵੀਰ ਕੈਪਸ਼ਨ,

ਲੋਕ ਸਭਾ ਵਿਚ ਮੋਦੀ ਦਾ ਭਾਸ਼ਣ

ਤੇਲਗੂ ਦੇਸ਼ਮ ਪਾਰਟੀ ਵੱਲੋਂ ਭਾਰਤ ਦੀ ਕੇਂਦਰ ਸਰਕਾਰ ਖਿਲਾਫ਼ ਸੰਸਦ ਵਿਚ ਪੇਸ਼ ਕੀਤੇ ਗਏ ਬੇ-ਭਰੋਸਗੀ ਦੇ ਮਤੇ ਉੱਤੇ ਪੂਰਾ ਦਿਨ ਸੱਤਾ ਤੇ ਵਿਰੋਧੀ ਧਿਰ ਵਿਚਾਲੇ ਇਲਜ਼ਾਮ ਤਰਾਸ਼ੀ ਕੀਤੀ ਗਈ। ਵਿਰੋਧੀ ਧਿਰ ਵੱਲੋਂ ਸਰਕਾਰ ਖ਼ਿਲਾਫ਼ ਤਿੱਖੇ ਹਮਲੇ ਕੀਤੇ ਗਏ ਅਤੇ ਆਖ਼ਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਇਲਜ਼ਾਮਾਂ ਦਾ ਜਵਾਬ ਦਿੱਤਾ। ਜਿਸ ਤੋਂ ਬਾਅਦ ਭਾਜਪਾ ਮੈਂਬਰਾਂ ਨੇ ਮੇਜ਼ਾਂ ਥਪਥਪਾ ਕੇ ਮੋਦੀ-ਮੋਦੀ ਦੇ ਨਾਅਰੇ ਲਾਏ।

ਇਹ ਵੀ ਪੜ੍ਹੋ:

ਮੋਦੀ ਦੇ ਭਾਸ਼ਣ ਤੋਂ ਬਾਅਦ ਟੀਡੀਪੀ ਦੇ ਮਤਾ ਪੇਸ਼ ਕਰਨ ਵਾਲੇ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੁਪਰ ਹਿੱਟ ਮੂਵੀ ਵਾਂਗ ਡਰਾਮਾ ਕੀਤਾ ਹੈ, ਉਹ ਵਿਸ਼ਵ ਦੇ ਮਹਾਨ ਅਦਾਕਾਰ ਹਨ। 2014 ਵੇਲੇ ਵੀ ਲੋਕ ਚੋਣਾਂ ਦੌਰਾਨ ਧੋਖਾ ਕੀਤਾ ਅਤੇ ਅੱਜ ਵੀ ਇੰਜ ਹੀ ਕੀਤਾ ਹੈ। ਉਨ੍ਹਾਂ ਉਦਾਹਰਨਾਂ ਤਾਂ ਰਮਾਇਣ ਤੇ ਮਹਾਭਾਰਤ ਦੀਆਂ ਦਿੱਤੀਆਂ ਪਰ ਵਾਅਦਾ ਪੂਰਾ ਨਹੀਂ ਕੀਤਾ। ਮੋਦੀ ਕਹਿੰਦੇ ਨੇ ਕਿ ਤੇਲਗੂ ਉਨ੍ਹਾਂ ਦੀ ਮਾਂ ਹੈ ਪਰ ਉਹ ਹੁਣ ਉਸਦੇ ਬੱਚੇ (ਆਂਧਰਾ ਪ੍ਰਦੇਸ਼) ਨੂੰ ਮਾਰ ਰਹੇ ਹਨ।

12 ਘੰਟੇ ਚੱਲੀ ਇਸ ਬਹਿਸ ਤੋਂ ਬਾਅਦ ਸਪੀਕਰ ਨੇ ਜ਼ੁਬਾਨੀ ਵੋਟ ਕਰਵਾਈ ,ਜਿਸ ਵਿਚ ਬੇ-ਭਰੋਸਗੀ ਦਾ ਮਤਾ 325 ਬਨਾਮ 125 ਵੋਟਾਂ ਨਾਲ ਡਿੱਗ ਗਿਆ ।

ਪ੍ਰਧਾਨ ਮੰਤਰੀ ਮੋਦੀ ਦਾ ਜਵਾਬ

 • ਆਉਣ ਵਾਲੇ 5 ਸਾਲ ਬਹੁਤ ਅਹਿਮ ਹਨ, ਨਵੇਂ ਭਾਰਤ ਵਿਚ ਕਿਸੇ ਨਾਲ ਭੇਦਭਾਵ ਨਹੀਂ ਹੋਵੇਗਾ।
 • ਗੱਡੀਆਂ ਤੇ ਆਟੋ ਆਦਿ ਦੀ ਵਿਕਰੀ ਦੇ ਡਾਟੇ ਦੇ ਹਿਸਾਬ ਜੋੜ ਜੋੜ ਕੇ ਮੋਦੀ ਨੇ ਕੀਤਾ ਇੱਕ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ।
 • ਇਸ ਤੋਂ ਇਲਾਵਾ ਡਾਕਟਰ, ਇੰਜੀਨੀਅਰਿੰਗ, ਆਰਕੀਟੈਕ ਦੀਆਂ ਡਿਗਰੀਆਂ ਕਰਨ ਵਾਲੇ 17,000 ਸੀਏਜ਼ ਵੱਲੋਂ ਆਪਣੀਆਂ ਕੰਪਨੀਆਂ ਸ਼ੁਰੂ ਕਰਕੇ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ
 • 9 ਮਹੀਨਿਆਂ ਵਿਚ 45 ਲੱਖ ਨਵੇਂ ਈਪੀਐਫ ਖਾਤੇ ਖੁੱਲੇ ਹਨ ਤੇ ਐਨਪੀਐਸ ਦੇ 5 ਲੱਖ ਖਾਤੇ ਖੁੱਲੇ ਹਨ। ਪੂਰੇ ਸਾਲ ਦੌਰਾਨ ਇਹ ਗਿਣਤੀ 70 ਲੱਖ ਹੋਵੇਗੀ , ਜੋ ਨੌਕਰੀਆਂ ਮਿਲਣ ਦਾ ਸਬੂਤ ਹੈ।
 • ਵਿਰੋਧੀ ਧਿਰ ਨੇ ਬਿਨਾਂ ਜਾਣਕਾਰੀ ਤੋਂ ਨੌਜਵਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ
 • ਸੜਕਾਂ,ਰੇਲਵੇ ਤੇ ਇੰਟਰਨੈੱਟ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।ਵਿਕਾਸ ਕਾਰਜਾਂ ਦੀ ਰਫ਼ਤਾਰ ਤੋਂ ਪਿਛਲੀਆਂ ਸਰਕਾਰਾਂ ਤੋਂ ਕਿਤੇ ਜ਼ਿਆਦਾ ਹੈ
 • ਦੇਸ਼ ਵਿਚ ਪੇਡੂ ਵਿਕਾਸ ਲਹਿਰ ਚਲਾਈ ਜਾ ਰਹੀ ਹੈ, ਜੋ 15 ਅਗਸਤ ਤੱਕ 63000 ਪਿੰਡਾਂ ਤੱਕ ਪਹੰਚੇਗੀ , ਜਿੱਥੇ ਹਰ ਘਰ ਵਿਚ ਗੈਸ, ਬੈਂਕ ਖਾਤਾ ਤੇ ਐਲਈਡੀ ਬਲਬ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ:

 • 50 ਕਰੋੜ ਤੋਂ ਵੱਧ ਸਾਰੇ ਕੇਸਾਂ ਦਾ ਮੁਲਾਂਕਣ ਹੋ ਰਿਹਾ ਹੈ, ਬੈਕਿੰਗ ਸੈਕਟਰ ਦੇ ਸੁਧਾਰ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ
 • 60 ਸਾਲ ਵਿਚ ਬੈਂਕਾਂ ਨੇ 18 ਲੱਖ ਕਰੋੜ ਕਰਜ਼ ਦਿੱਤਾ ਪਰ 2008 ਤੋਂ 2014 ਤੱਕ 52 ਲੱਖ ਕਰੋੜ ਰੁਪਏ ਦਾ ਕਰਜ਼ ਦਿੱਤਾ ਗਿਆ । ਐਨਪੀਏ ਵਧਣ ਦਾ ਕਾਰਨ ਕਾਂਗਰਸ ਵੱਲੋਂ ਬੈਂਕਾਂ ਦੀ ਲੁੱਟ ਸੀ
 • 2008 ਵਿਚ ਕਾਂਗਰਸ ਨੇ 2009 ਦੀਆਂ ਚੋਣਾਂ ਤੋਂ ਪਹਿਲਾਂ ਬੈਂਕਾਂ ਦੀ ਲੁੱਟ ਕਰਨੀ ਸ਼ੁਰੂ ਕੀਤੀ, ਜੋ 2014 ਤੱਕ ਜਾਰੀ ਰਹੀ।
 • ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਾਲੇਧਨ ਉੱਤੇ ਜਾਂਚ ਦਲ ਕਿਉਂ ਨਹੀਂ ਬਣਾਇਆ ਗਿਆ
 • ਕਾਂਗਰਸ ਦਾ ਹੰਕਾਰ ਨਾ ਹੁੰਦਾ ਤਾਂ ਜੀਐਸਟੀ ਪੰਜ ਸਾਲ ਪਹਿਲਾਂ ਲਾਗੂ ਹੋ ਜਾਂਦਾ
 • ਵੰਨ ਰੈਂਕ ਵੰਨ ਪੈਂਨਸ਼ਨ ਤੇ ਜੀਐਸਟੀ ਨੂੰ ਸਾਲਾਂਬੱਧੀ ਕਿਸ ਨੇ ਰੋਕੀ ਰੱਖਿਆ
 • ਕਾਂਗਰਸ ਦੇ ਮੰਤਰੀ ਨੇ ਸਦਨ ਕਿਹਾ ਸੀ ਕਿ ਕਿਸੇ ਇੱਕ ਸੂਬੇ ਨੂੰ ਵਿਸ਼ੇਸ ਰਾਜ ਦਾ ਦਰਜਾ ਨਹੀਂ ਦਿੱਤਾ ਜਾਵੇਗਾ
 • ਪਰ ਕੇਂਦਰ ਸਰਕਾਰ ਆਂਧਰਾ ਦੀ ਭਲਾਈ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ
 • ਆਂਧਰਾ ਨੂੰ ਵਿਸ਼ੇਸ਼ ਪੈਕੇਜ ਦਿੱਤਾ ਗਿਆ ਮੁੱਖ ਮੰਤਰੀ ਨੇ ਸਵਿਕਾਰ ਕੀਤਾ ਪਰ ਆਪਣੀਆਂ ਨਾਕਾਮੀਆਂ ਕਾਰਨ ਟੀਡੀਪੀ ਨੇ ਯੂ-ਟਰਨ ਲਿਆ ਹੈ
 • ਆਂਧਰਾ ਤੇ ਤੇਲੰਗਾਨਾ ਦੀ ਲੜਾਈ ਭਾਰਤ ਤੇ ਪਾਕਿਸਤਾਨ ਦੀ ਵੰਡ ਵਾਂਗ ਕਾਂਗਰਸ ਦੀ ਦੇਣ ਹੈ।
 • ਤੇਲੰਗਾਨਾ ਵਿਚ ਟੀਆਰਐੱਸ ਨੇ ਗੰਭੀਰਤਾ ਦਿਖਾਈ ਤੇ ਵਿਕਾਸ ਵਿਚ ਲੱਗ ਗਏ ਪਰ ਗੈਰ ਵਿਗਿਆਨਕ ਬਟਵਾਰੇ ਕਾਰਨ ਝਗੜ ਚੱਲਦਾ ਰਿਹਾ
 • ਆਂਧਰਾ ਤੇ ਤੇਲੰਗਾਨਾ ਦੀ ਵੰਡ ਲੋਕ ਭਾਵਨਾ ਦੇ ਖਿਲਾਫ਼ ਜਾ ਕੇ ਕੀਤੀ ਗਈ, ਕੁਝ ਸੋਚੇ ਬਿਨਾ ਸਾਰਾ ਕੁਝ ਕੀਤਾ ਗਿਆ।
 • 'ਕਾਂਗਰਸ ਪਾਰਟੀ ਦੀ ਜ਼ਮੀਨ ਖੁਸ ਚੁੱਕੀ ਹੈ, ਸੱਤਾ ਹੁਣ ਅਮੀਰਾਂ ਦੇ ਮਹਿਲਾਂ ਚੋ ਬਾਹਰ ਆ ਗਈ ਹੈ। ਸੱਤਾ ਲੋਕਤੰਤਰ ਦੀ ਭਾਵਨਾ ਮੁਤਾਬਕ ਚੱਲ ਰਹੀ, ਜਿਸ ਦੀ ਕਾਂਗਰਸ ਦੀ ਸਮਝ ਨਹੀਂ ਆਈ' ਇਹ ਪੀ ਚਿੰਦਬਰਮ ਦਾ ਪੁਰਾਣਾ ਬਿਆਨ ਹੈ
 • ਧਾਰਾ 356 ਦੀ ਸਭ ਤੋਂ ਵੱਧ ਦੁਰਰਵਤੋਂ ਕਰਨ ਵਾਲੇ ਜਮਹੂਰੀਅਤ ਦਾ ਪਾਠ ਪੜ੍ਹਾ ਰਹੇ ਹਨ।
 • ਇੱਕ ਪਰਿਵਾਰ ਦੇ ਸੁਪਨਿਆਂ ਦੇ ਅੱਗੇ ਜੋ ਆਇਆ , ਉਸ ਨੂੰ ਨੁਕਸਾਨ ਸਹਿਣਾ ਪਿਆ, ਇਹ ਨਾਪਸੰਦਗੀ ਦੀ ਮਾਨਸਿਕਤਾ ਵਾਲੇ ਸਾਨੂੰ ਕਿਵੇਂ ਸਵਿਕਾਰ ਕਰ ਸਕਦੇ ਹਨ।
 • ਕਾਂਗਰਸ ਜਦੋਂ ਸੱਤਾ ਵਿਚ ਨਹੀਂ ਹੁੰਦੀ ਤਾਂ ਅਫ਼ਵਾਹਾ ਫੈਲਾਉਂਦੀ ਹੈ, ਇਹ ਮੁਲਕ ਨੂੰ ਫਿਰਕੂ ਹਿੰਸਾ ਵਿਚ ਧੱਕਣ ਦੀ ਸਾਜਿਸ਼ ਹੈ
 • ਚੌਕੀਦਾਰ ਵੀ ਹਾਂ, ਹਿੱਸੇਦਾਰ ਹਾਂ ਪਰ ਠੇਕੇਦਾਰ ਨਹੀਂ ਹਾਂ, ਹਿੱਸੇਦਾਰ ਹਾਂ ਕਿਸਾਨਾਂ ਦੇ ਦਰਦ ਦਾ, ਗਰੀਬਾ ਦੇ ਦੁੱਖ ਦਾ
 • ਅੱਖਾਂ 'ਚ ਅੱਖਾਂ ਪਾ ਕੇ ਸੱਚ ਨੂੰ ਕੁਚਲਣ ਦਾ ਕੰਮ ਕੀਤਾ ਗਿਆ
 • ਪੂਰਾ ਦੇਸ਼ ਦੇਖ ਰਿਹਾ ਹੈ, ਅੱਖਾਂ ਦਾ ਖੇਡ ਟੀਵੀ ਉੱਤੇ ਪੂਰਾ ਦੇਸ਼ ਦੇਖ ਰਿਹਾ ਹੈ
 • ਰਾਹੁਲ ਨਾਮਦਾਰ ਹੈ ਤੇ ਮੈਂ ਕਾਮਗਾਰ ਹਾਂ , ਮੈਂ ਅੱਖਾਂ ਚ ਅੱਖਾਂ ਕਿਵੇ ਪਾ ਸਕਦਾ ਹਾਂ
 • ਕਾਂਗਰਸ ਨੇ ਸਰਕਾਰ ਬਣਾਉਣ ਲਈ ਦੋ ਵਾਰ ਬਹੁਮਤ ਖਰੀਦਣ ਦੀ ਕੋਸ਼ਿਸ਼ ਕੀਤੀ
 • ਕਾਂਗਰਸ ਦੀ ਸਿਆਸਤ ਦਾ ਪੱਧਰ ਘਟੀਆ ਹੈ ,ਸਮਝੌਤਾ ਦੋ ਕੰਪਨੀਆਂ ਵਿਚਾਲੇ ਹੈ ਤੇ ਪਾਰਦਰਸ਼ੀ ਹੈ
 • ਰਾਫੇਲ ਸੌਦੇ ਦੇ ਮੁੱਦੇ ਦੇਸ਼ ਨੂੰ ਗੁਮਰਾਹ ਕੀਤਾ ਗਿਆ, ਸਦਨ ਚ ਦਿੱਤੇ ਬਿਆਨ ਉੱਤੇ ਦੋਵਾਂ ਦੇਸ਼ਾਂ ਨੂੰ ਖੰਡਨ ਕਰਨਾ ਪਵੇ
 • ਡੋਕਲਾਮ ਦੇ ਮਸਲੇ ਦੌਰਾਨ ਜੋ ਚੀਨੀ ਰਾਜਦੂਤ ਨਾਲ ਬੈਠਦੇ ਸਨ, ਉਹ ਹੁਣ ਡੋਕਲਾਮ ਦੀਆਂ ਗੱਲਾਂ ਕਰਦੇ ਹਨ, ਕੀ ਦੇਸ਼ ਦੇ ਕਿਸੇ ਵਿਸ਼ੇ ਉੱਤੇ ਗੰਭੀਰਤਾ ਨਹੀਂ ਹੁੰਦੀ
 • 2019 ਵਿਚ ਮੁੜ ਗੈਰ-ਭਰੋਸਗੀ ਮਤਾ ਪਾਸ ਕਰਨ ਲਈ ਕਾਂਗਰਸ ਨੂੰ ਸ਼ੁਭਕਾਮਨਾਵਾਂ
 • ਜਿੰਨ੍ਹਾਂ ਦੀ ਭ੍ਰਿਸ਼ਟਾਚਾਰ ਦੀ ਕਮਾਈ ਘਟ ਗਈ ਉਹ ਪ੍ਰੇਸ਼ਾਨ ਹਨ।
 • ਕਾਂਗਰਸ ਨੂੰ ਖੁਦ ਪਰ ਭਰੋਸਾ ਨਹੀਂ ਹੈ , ਉਨ੍ਹਾਂ ਨੂੰ ਸਵੱਛ ਭਾਰਤ, ਯੋਗ ਦਿਵਸ, ਸੁਪਰੀਮ ਕੋਰਟ ਦੇ ਮੁੱਖ ਜੱਜ, ਚੋਣ ਕਮਿਸ਼ਨ ਉੱਤੇ ਭਰੋਸਾ ਨਹੀਂ
 • ਬੇਨਾਮੀ ਸੰਪਤੀ ਦੇ ਕਾਨੂੰਨ ਦੀ ਫਾਇਲ 20 ਸਾਲ ਤੋਂ ਠੱਪ ਪਿਆ ਸੀ, ਉਹ ਪਾਸ ਕੀਤਾ ਹੈ
 • ਤਕਨੀਕੀ ਮਦਦ ਨਾਲ 90 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ
 • ਕਾਲੇ ਧੰਨ ਖ਼ਿਲਾਫ਼ ਲੜਾਈ ਜਾਰੀ ਰਹੇਗੀ
 • ਡਿਜ਼ੀਟਲ ਇੰਡੀਆ ਦਾ ਸੁਪਨਾ ਸਾਕਾਰ ਹੋਇਆ ਹੈ
 • ਮੁਦਰਾ ਯੋਜਨਾ ਕਾਰਨ 10 ਹਜ਼ਾਰ ਤੋਂ ਵੱਧ ਸਟਾਰਟਅੱਪ
 • ਚਾਰ ਸਾਲ ਵਿਚ 2 ਮੋਬਾਇਲ ਫੈਕਟਰੀਆਂ ਹੁਣ 120 ਹੋ ਗਈਆਂ ਹਨ।
 • ਯੂਰੀਆ ਦੀ ਨਿੰਮ ਕੋਟਿੰਗ ਦਾ ਕੰਮ 100 ਫੀਸਦੀ ਕੀਤੀ
 • ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਜਨਧਨ, ਬੀਮਾ ਤੇ ਉੱਤਰ ਪੂਰਬ ਚ ਵਿਕਾਸ ਦਾ ਜ਼ਿਕਰ
 • ਪ੍ਰਧਾਨ ਮੰਤਰੀ ਨੇ ਭਾਸ਼ਣ ਦੌਰਾਨ ਸਦਨ 'ਚ ਨਾਅਰੇਬਾਜ਼ੀ
 • ਜੋ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਉਹ ਆਕੇ ਸੀਟ ਤੋਂ ਉਠਾ ਰਹੇ ਨੇ, ਪ੍ਰਧਾਨ ਮੰਤਰੀ ਲੋਕਾਂ ਨੇ ਬਣਾਉਣਾ ਹੈ
 • ਕਾਂਗਰਸ ਨੇ ਸਾਥੀਆਂ ਦੀ ਪ੍ਰੀਖਿਆ ਲੈਣੀ ਹੈ ਤਾਂ ਗੈਰ-ਭਰੋਸਗੀ ਮਤੇ ਦਾ ਸਹਾਰਾ ਨਾ ਲੈਣ
 • ਸਭ ਦਾ ਸਾਥ ਸਭ ਦਾ ਵਿਕਾਸ ਦੇ ਮਿਸ਼ਨ ਉੱਤੇ ਕੰਮ ਕਰਦੇ ਰਹੇ
 • ਇਹ ਸਰਕਾਰ ਦਾ ਫਲੋਰ ਟੈਸਟ ਨਹੀਂ ਕਾਂਗਰਸ ਦੇ ਕਥਿਤ ਸਾਥੀਆਂ ਦਾ ਫਲੋਰ ਟੈਸਟ ਹੈ
 • ਮੋਦੀ ਨੇ ਭਾਸ਼ਣ ਦੀ ਸ਼ੁਰੂਆਤ ਦੀ ਰਾਹੁਲ ਗਾਂਧੀ ਦੀ ਜੱਫ਼ੀ ਦਾ ਜਵਾਬ ਵੀ ਨਾਟਕੀ ਅੰਦਾਜ਼ ਵਿਚ ਦੇ ਕੇ ਕੀਤੀ।
 • ਕੀਤੇ ਕੰਮਾਂ ਉੱਤੇ ਖੜ੍ਹਾ ਵੀ ਹਾਂ ਤੇ ਅੜਿਆਂ ਵੀ ਹਾਂ

ਇਹ ਵੀ ਪੜ੍ਹੋ:

ਤਸਵੀਰ ਸਰੋਤ, LSTV/bbc

ਮੋਦੀ ਨੂੰ ਰਾਹੁਲ ਨੇ ਪਾਈ ਜੱਫ਼ੀ

'ਮੈਂ ਪਿਆਰ ਨਾਲ ਤੁਹਾਡੇ 'ਚੋ ਨਫ਼ਰਤ ਤੇ ਗੁੱਸਾ ਇੱਕ-ਇੱਕ ਕਰਕੇ ਕੱਢਾਂਗਾ',ਇਹ ਸ਼ਬਦ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੇ ਹਨ। ਉਹ ਲੋਕ ਸਭਾ ਵਿਚ ਗੈਰ-ਭਰੋਸਗੀ ਮਤੇ ਉੱਤੇ ਭਾਸ਼ਣ ਦੇ ਰਹੇ ਸਨ।

ਇੰਨਾ ਕਹਿ ਕੇ ਉਹ ਪ੍ਰਧਾਨ ਮੰਤਰੀ ਦੇ ਸੀਟ ਉੱਤੇ ਆਏ ਅਤੇ ਉਨ੍ਹਾਂ ਗਲ਼ੇ ਲੱਗ ਗਏ। ਜਿਸ ਤਰ੍ਹਾਂ ਦੀ ਤਿੱਖੀ ਭਾਸ਼ਾ ਉਹ ਪ੍ਰਧਾਨ ਮੰਤਰੀ ਤੇ ਸਰਕਾਰ ਖ਼ਿਲਾਫ਼ ਵਰਤ ਰਹੇ ਸਨ ਉਸ ਤੋਂ ਬਾਅਦ ਅਜਿਹੇ ਪ੍ਰਗਟਾਵੇ ਦੀ ਕਿਸੇ ਨੂੰ ਆਸ ਨਹੀਂ ਸੀ, ਸ਼ਾਇਦ ਪ੍ਰਧਾਨ ਮੰਤਰੀ ਨੂੰ ਵੀ ਨਹੀਂ ।

ਪਹਿਲਾਂ ਤਾਂ ਮੋਦੀ ਰਾਹੁਲ ਦਾ ਮਕਸਦ ਸਮਝ ਹੀ ਨਹੀਂ ਸਕੇ। ਜਦੋਂ ਉਨ੍ਹਾਂ ਨੂੰ ਸਮਝ ਲੱਗੀ ਉਨ੍ਹਾਂ ਦੁਬਾਰਾ ਰਾਹੁਲ ਗਾਂਧੀ ਨਾਲ ਹੱਥ ਮਿਲਾਇਆ ਤੇ ਸ਼ੁਭਕਾਮਨਾਵਾਂ ਕਬੂਲੀਆਂ।

ਰਾਹੁਲ ਦੇ ਭਾਸ਼ਣ ਦੀਆਂ ਮੁੱਖ ਗੱਲਾਂ

 • ਪ੍ਰਧਾਨ ਮੰਤਰੀ ਚੌਕੀਦਾਰ ਨਹੀਂ, ਹਿੱਸੇਦਾਰ
 • ਡਰਦੇ ਹਨ ਮੋਦੀ ਤੇ ਅਮਿਤ ਸ਼ਾਹ
 • ਰਾਫੇਲ ਸਮਝੌਤੇ ਵਿਚ ਵਪਾਰੀ ਨੂੰ ਲਾਭ ਪਹੁੰਚਾਇਆ
 • ਦੇਸ਼ ਉੱਤੇ ਜ਼ਲਮਾਂ ਦੀ ਸਟਰਾਇਕ
 • ਔਰਤਾਂ, ਦਲਿਤਾਂ, ਆਦੀਵਾਸੀਆ ਤੇ ਘੱਟ ਗਿਣਤੀਆਂ 'ਤੇ ਹਮਲੇ
 • ਮੇਰੇ ਨਾਲ ਨਜ਼ਰ ਨਹੀਂ ਮਿਲ ਸਕਦੇ ਪ੍ਰਧਾਨ ਮੰਤਰੀ
 • ਉਹ ਮੈਨੂੰ ਪੱਪੂ ਕਹਿਣ ਪਰ ਮੇਰੇ ਮਨ 'ਚ ਨਫ਼ਰਤ ਨਹੀਂ

ਰਾਹੁਲ ਗਾਂਧੀ ਨੇ ਹੋਰ ਕੀ ਕਿਹਾ ?

 • "ਜਾਦੂ ਨਾਲ ਪ੍ਰਧਾਨ ਮੰਤਰੀ ਨੇ ਰਫਾਇਲ ਦਾ ਮੁੱਲ 1600 ਕਰੋੜ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਫਰਾਂਸ ਵਿਚਾਲੇ ਸੀਕ੍ਰੈਸੀ ਪੈਕਟ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਮੈਨੂੰ ਕਿਹਾ ਕਿ ਅਜਿਹਾ ਕੋਈ ਪੈਕਟ ਨਹੀਂ ਹੈ। ਪ੍ਰਧਾਨ ਮੰਤਰੀ ਜੀ ਦੇ ਦਬਾਅ ਹੇਠ ਨਿਰਮਲਾ ਸੀਤਾਰਮਣ ਜੀ ਨੇ ਦੇਸ ਨਾਲ ਝੂਠ ਬੋਲਿਆ।"
 • "ਤੁਸੀਂ ਰਾਤ 8 ਵਜੇ ਨੋਟਬੰਦੀ ਕੀਤੀ। ਅੱਜ 7 ਸਾਲਾਂ ਦੌਰਾਨ ਬੇਰੁਜ਼ਗਾਰੀ ਸਭ ਤੋਂ ਵਧ ਗਈ ਹੈ। ਜੀਐਸਟੀ ਕਾਂਗਰਸ ਲੈ ਕੇ ਆਈ ਸੀ ਤਾਂ ਤੁਸੀਂ ਵਿਰੋਧ ਕੀਤਾ ਸੀ। ਗੁਜਰਾਤ ਦੇ ਮੁੱਖ ਮੰਤਰੀ ਨੇ ਵਿਰੋਧ ਕੀਤਾ ਸੀ। ਅਸੀਂ ਚਾਹੁੰਦੇ ਸੀ ਕਿ ਜੀਐਸਟੀ ਆਵੇ। ਪੈਟ੍ਰੋਲ ਡੀਜ਼ਲ ਉਸ ਵਿੱਚ ਹੋਵੇ। ਪ੍ਰਧਾਨ ਮੰਤਰੀ ਦਾ ਜੀਐਸਟੀ, 5 ਵੱਖ ਵੱਖ ਜੀਐਸਟੀ। ਕਰੋੜਾਂ ਲੋਕਾਂ ਨੂੰ ਤੁਸੀਂ ਬਰਬਾਦ ਕੀਤਾ।"

ਤਸਵੀਰ ਸਰੋਤ, @LOKSABHA/TWITTER

ਤਸਵੀਰ ਕੈਪਸ਼ਨ,

ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ- ਬੇਭਰੋਸਗੀ ਮਤੇ ਉੱਪਰ ਬਹਿਸ ਦਾ ਦਿਨ ਸਪੀਕਰ ਵੱਲੋਂ ਤੈਅ ਕੀਤਾ ਜਾਂਦਾ ਹੈ।

 • "ਅਸੀਂ ਕਹਿਣਾ ਚਾਹੁੰਦਾ ਹਾਂ ਕਿ ਦੇਸ ਦੇ ਸਾਰੇ ਦਲਾਂ ਨੂੰ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਬੇਭਰੋਸਗੀ ਮਤੇ ਦਾ ਉਦੇਸ਼ ਕੀ ਹੈ, ਇਹ ਦੇਸ ਜਾਣਨਾ ਚਾਹੁੰਦਾ ਹੈ।"
 • "ਤੁਸੀਂ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਸ਼ਬਦ ਦਾ ਮਤਲਬ ਹੋਣਾ ਚਾਹੀਦਾ ਹੈ ਅਤੇ ਇਹੀ ਸਵਾਲ ਪੂਰਾ ਹਿੰਦੁਸਤਾਨ ਪੁੱਛ ਰਿਹਾ ਹੈ। 15 ਲੱਖ ਰੁਪਏ ਹਰ ਵਿਅਕਤੀ ਦੇ ਬੈਂਕ ਖਾਤੇ ਵਿੱਚ, ਚੁਟਕਲਾ ਸਟ੍ਰਾਇਕ ਨੰਬਰ 1, ਚੁਟਕਲਾ ਸਟ੍ਰਾਈਕ ਨੰਬਰ 2 ਦੋ ਕਰੋੜ ਨੌਜਵਾਨਾਂ ਨੂੰ ਹਰ ਸਾਲ ਰੁਜ਼ਗਾਰ।"

ਮੋਦੀ ਸਰਕਾਰ ਖਿਲਾਫ਼ ਪਹਿਲਾ ਬੇਭਰੋਸਗੀ ਮਤਾ

ਮੌਜੂਦਾ ਕੇਂਦਰ ਸਰਕਾਰ ਖਿਲਾਫ਼ ਇਹ ਪਹਿਲਾ ਅਜਿਹਾ ਮਤਾ ਹੈ ਜਿਸ ਨੂੰ ਸਵੀਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਦੀ ਚੌਥੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਅਜਿਹਾ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਉਸ ਸਮੇਂ ਇਸ ਦਾ ਕਾਰਨ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨਾ ਮੰਨਿਆ ਜਾਣਾ ਸੀ ਅਤੇ ਉਸ ਸਮੇਂ ਵੀ ਮਤਾ ਤੇਲੁਗੂ ਦੇਸਮ ਪਾਰਟੀ ਵੱਲੋਂ ਹੀ ਲਿਆਂਦਾ ਗਿਆ ਸੀ।

ਪਰ ਸਦਨ ਵਿੱਚ ਪੈਂਦੇ ਰੌਲੇ-ਰੱਪੇ ਕਰਕੇ ਸਪੀਕਰ ਨੇ ਉਹ ਮਤਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਰੌਲਾ ਤਾਂ ਹਮੇਸ਼ਾ ਵਾਂਗ ਬੁੱਧਵਾਰ ਨੂੰ ਵੀ ਪੈ ਰਿਹਾ ਸੀ ਪਰ ਸਪੀਰਕ ਨੇ ਇਸ ਵਾਰ ਮਤਾ ਪ੍ਰਵਾਨ ਕਰ ਲਿਆ।

ਮੌਜੂਦਾ ਲੋਕ ਸਭਾ ਸੀਟਾਂ ਦਾ ਗਣਿਤ

543 ਸੀਟਾਂ ਵਾਲੀ ਮੌਜੂਦਾ ਲੋਕ ਸਭਾ ਵਿੱਚ 9 ਸੀਟਾਂ ਖਾਲੀ ਹਨ, ਜਿਸ ਕਰਕੇ ਇਸ ਦੇ ਹੁਣ 534 ਮੈਂਬਰ ਹਨ। ਇਸ ਹਿਸਾਬ ਨਾਲ ਬਹੁਮਤ ਦਾ ਅੰਕੜਾ ਜੋ ਕਿ ਕੁੱਲ ਮੈਂਬਰਾਂ ਦਾ ਅੱਧਾ ਹੁੰਦਾ ਹੈ, 267+1 ਭਾਵ ਕਿ 268 ਬਣਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਚੰਦਰਬਾਬੂ ਨਾਇਡੂ-ਮੌਜੂਦਾ ਸਰਕਾਰ ਖਿਲਾਫ ਪਹਿਲਾਂ ਬੇਭਰੋਸਗੀ ਮਤਾ ਲਿਆਉਣ ਦੀ ਕੋਸ਼ਿਸ਼ ਵੀ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੀ ਗਈ ਸੀ ਅਤੇ ਹੁਣ ਵਾਲਾ ਮਤਾ ਉਨ੍ਹਾਂ ਦੀ ਪਾਰਟੀ ਤੇਲਗੂ ਦੇਸਮ ਵੱਲੋਂ ਹੀ ਲਿਆਂਦਾ ਗਿਆ ਹੈ।

ਫਿਲਹਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਜਿਸ ਕੋਲ 272+1 (ਲੋਕ ਸਭਾ ਸਪੀਕਰ) ਮੈਂਬਰ ਹਨ। ਉਸਦੇ ਗਠਜੋੜ ਐਨਡੀਏ ਕੋਲ ਹਮਾਇਤੀਆਂ ਸਮੇਤ 311 ਮੈਂਬਰ ਹਨ ਜਿਨ੍ਹਾਂ ਵਿੱਚ ਸ਼ਿਵ ਸੈਨਾ (18), ਐਲਜੇਪੀ (6), ਅਕਾਲੀ ਦਲ (4) ਆਰਐਲਐਸਪੀ (3), ਜੇਡੀਯੂ (2) ਅਪਨਾ ਦਲ (2), ਐਨਆਰ ਕਾਂਗਰਸ (1) ਪੀਐਮਕੇ (1) ਅਤੇ ਐਨਪੀਪੀ (1) ਸ਼ਾਮਲ ਹਨ।

ਇਸ ਹਿਸਾਬ ਨਾਲ ਇਕੱਲੀ ਭਾਜਪਾ ਹੀ ਭਰੋਸਾ ਜਿੱਤ ਲਵੇਗੀ। ਅਜਿਹੇ ਵਿੱਚ ਤਕਨੀਕੀ ਤੌਰ 'ਤੇ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ।

ਬੇਭਰੋਸਗੀ ਮਤਾ ਕੀ ਹੁੰਦਾ ਹੈ?

ਜਦੋਂ ਵਿਰੋਧੀ ਪਾਰਟੀ ਨੂੰ ਲਗਦਾ ਹੈ ਕਿ ਸਰਕਾਰ ਕੋਲ ਸਦਨ ਚਲਾਉਣ ਲਈ ਬਣਦੇ ਮੈਂਬਰ ਨਹੀਂ ਹਨ ਤਾਂ ਉਹ ਬੇਭਰੋਸਗੀ ਮਤਾ ਲਿਆਉਂਦੀ ਹੈ।

ਇਸ ਮਤੇ ਲਈ ਘੱਟੋ-ਘੱਟ 50 ਮੈਂਬਰਾਂ ਦੀ ਹਮਾਇਤ ਲੋੜੀਂਦੀ ਹੈ। ਇੱਕ ਵਾਰ ਸਵੀਕਾਰੇ ਜਾਣ ਮਗਰੋਂ ਸਰਕਾਰ ਨੂੰ ਸਾਬਤ ਕਰਨਾ ਹੁੰਦਾ ਹੈ ਕਿ ਉਸ ਕੋਲ ਲੋੜੀਂਦਾ ਬਹੁਮਤ ਹੈ।

ਤਸਵੀਰ ਸਰੋਤ, Getty Images

ਪਹਿਲਾਂ ਬੇਭਰੋਸਗੀ ਮਤੇ ਉੱਪਰ ਚਰਚਾ ਹੁੰਦੀ ਹੈ ਅਤੇ ਫੇਰ ਵੋਟਿੰਗ ਕਰਵਾਈ ਜਾਂਦੀ ਹੈ। ਜੇ ਸਦਨ ਮਤੇ ਦੇ ਹੱਕ ਵਿੱਚ ਵੋਟ ਦਿੰਦਾ ਹੈ ਤਾਂ ਸਰਕਾਰ ਡਿੱਗ ਜਾਂਦੀ ਹੈ। ਇਸ ਪ੍ਰਕਾਰ ਮੋਦੀ ਸਰਕਾਰ ਦੇ ਟਿਕੇ ਰਹਿਣ ਲਈ ਬੇਭਰੋਸਗੀ ਮਤੇ ਦਾ ਡਿੱਗਣਾ ਜ਼ਰੂਰੀ ਹੈ।

ਸੰਵਿਧਾਨ ਅਤੇ ਬੇਭਰੋਸਗੀ ਮਤਾ

ਸੰਵਿਧਾਨ ਵਿੱਚ ਇਸ ਦਾ ਕੋਈ ਜ਼ਿਕਰ ਭਾਵੇਂ ਨਹੀਂ ਹੈ ਪਰ ਇਸ ਦੀ ਧਾਰਾ 118 ਅਧੀਨ ਹਰ ਸਦਨ ਆਪਣੀ ਪ੍ਰਕਿਰਿਆ ਦੇ ਨੇਮ ਬਣਾ ਸਕਦਾ ਹੈ। ਬੇਭਰੋਸਗੀ ਮਤੇ ਬਾਰੇ ਨਿਯਮ 198 ਵਿੱਚ ਵਿਵਸਥਾ ਕੀਤੀ ਗਈ ਹੈ ਕਿ ਕੋਈ ਮੈਂਬਰ ਲੋਕ ਸਭਾ ਸਪੀਕਰ ਨੂੰ ਸਰਕਾਰ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਦੇ ਸਕਦਾ ਹੈ।

ਇਹ ਵੀ ਪੜ੍ਹੋ

ਬਸ਼ਰਤੇ ਜਦੋਂ ਸਪੀਕਰ ਵੱਲੋਂ ਮਿੱਥੇ ਦਿਨ ਮਤਾ ਸਦਨ ਵਿੱਚ ਆਵੇ ਤਾਂ ਘੱਟੋ-ਘੱਟ 50 ਮੈਂਬਰ ਇਸਦੀ ਹਮਾਇਤ ਕਰਨ।

ਹਾਂ ਰੌਲੇ-ਰੱਪੇ ਅਤੇ ਜਦੋਂ ਸਪੀਕਰ 50 ਮੈਂਬਰਾਂ ਦੀ ਗਿਣਤੀ ਨਾ ਕਰ ਸਕੇ ਤਾਂ ਇਹ ਮਤਾ ਚਰਚਾ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।

ਬੇਭਰੋਸਗੀ ਮਤੇ ਦਾ ਇਤਿਹਾਸ

ਭਾਰਤ ਵਿੱਚ ਸਭ ਤੋਂ ਪਹਿਲਾ ਬੇਭਰੋਸਗੀ ਮਤਾ ਅਗਸਤ 1963 ਨੂੰ ਲੋਕ ਸਭਾ ਵਿੱਚ ਲਿਆਂਦਾ ਗਿਆ।

ਤਸਵੀਰ ਸਰੋਤ, Getty Images

ਉਸ ਸਮੇਂ ਪੰਡਿਤ ਨਹਿਰੂ ਦੀ ਸਰਕਾਰ ਨੂੰ 347 ਵੋਟਾਂ ਪਈਆਂ ਅਤੇ ਮਤੇ ਨੂੰ ਸਿਰਫ 62 ਵੋਟਾਂ ਪਈਆਂ।

ਉਸ ਸਮੇਂ ਤੋਂ ਹੁਣ ਤੱਕ ਕਈ ਬੇਭਰੋਸਗੀ ਮਤੇ ਪੇਸ਼ ਕੀਤੇ ਜਾ ਚੁੱਕੇ ਹਨ ਪਰ ਸਾਲ 2014 ਵਿੱਚ ਬਣੀ ਮੋਦੀ ਸਰਕਾਰ ਖਿਲਾਫ ਇਹ ਪਹਿਲਾ ਮਤਾ ਹੈ।

ਕਿਸ ਖਿਲਾਫ ਸਭ ਤੋਂ ਵੱਧ ਬੇਭਰੋਸਗੀ ਮਤੇ ਪੇਸ਼ ਹੋਏ?

ਇੰਦਰਾ ਗਾਂਧੀ ਦੀ ਸਰਕਾਰ ਖਿਲਾਫ ਸਭ ਤੋਂ ਵੱਧ 15 ਬੇਭਰੋਸਗੀ ਮਤੇ ਪੇਸ਼ ਕੀਤੇ ਗਏ।

ਤਸਵੀਰ ਸਰੋਤ, Getty Images

ਲਾਲ ਬਹਾਦੁਰ ਸ਼ਾਸਤਰੀ ਅਤੇ ਨਰਸਿਮਹਾ ਰਾਓ ਨੇ ਤਿੰਨ-ਤਿੰਨ ਵਾਰ ਇਨ੍ਹਾਂ ਮਤਿਆਂ ਦਾ ਸਾਹਮਣਾ ਕੀਤਾ।

ਨਰਸਿਮਹਾ ਰਾਓ ਸਾਲ 1993 ਵਿੱਚ ਬੇਭਰੋਸਗੀ ਮਤੇ ਤੋਂ ਬੜੀ ਮੁਸ਼ਕਿਲ ਨਾਲ ਆਪਣੀ ਸਰਕਾਰ ਬਚਾ ਸਕੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਸਰਕਾਰ ਉੱਪਰ ਝਾਰਖੰਡ ਮੁਕਤੀ ਮੋਰਚੇ ਦੇ ਸੰਸਦ ਮੈਂਬਰਾਂ ਨੂੰ ਲਾਲਚ ਦੇਣ ਦੇ ਇਲਜ਼ਾਮ ਵੀ ਲੱਗੇ।

ਸਭ ਤੋਂ ਵੱਧ ਬੇਭਰੋਸਗੀ ਮਤੇ ਪੇਸ਼ ਕਰਨ ਦਾ ਰਿਕਾਰਡ ਮਾਰਕਸਵਾਦੀ ਕਮਿਊਨਿਸਟ ਆਗੂ ਜਯੋਤੀ ਬਾਸੂ ਦੇ ਨਾਂ ਹੈ। ਉਨ੍ਹਾਂ ਨੇ ਆਪਣੇ ਚਾਰੇ ਮਤੇ ਇੰਦਰਾ ਗਾਂਧੀ ਦੇ ਖਿਲਾਫ ਰੱਖੇ।

ਜਦੋਂ ਮੁਰਾਰਜੀ ਸਰਕਾਰ ਡਿੱਗੀ

ਐਨਡੀਏ ਸਰਕਾਰ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਦੋ ਵਾਰ ਬੇਭਰੋਸਗੀ ਮਤੇ ਪੇਸ਼ ਕੀਤੇ। ਆਪ ਸਰਕਾਰ ਵਿੱਚ ਹੁੰਦਿਆਂ ਜਦੋਂ ਉਨ੍ਹਾਂ ਖਿਲਾਫ ਇਹ ਵਿਸ਼ਵਾਸ਼ ਮਤੇ ਪੇਸ਼ ਕੀਤੇ ਹਏ।

1996 ਵਿੱਚ ਉਨ੍ਹਾਂ ਨੇ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਅਤੇ 1998 ਵਿੱਚ ਉਨ੍ਹਾਂ ਦੀ ਸਰਕਾਰ ਇੱਕ ਵੋਟ ਨਾਲ ਹਾਰ ਗਈ।

ਉਨ੍ਹਾਂ ਖਿਲਾਫ਼ ਇੱਕ ਵਾਰ ਬੇਭਰੋਸਗੀ ਮਤਾ ਵੀ ਪੇਸ਼ ਹੋਇਆ

ਹੁਣ ਤੱਕ ਜਿੰਨੇ ਵੀ ਬੇਭਰੋਸਗੀ ਮਤੇ ਪੇਸ਼ ਕੀਤੇ ਗਏ ਉਹ ਸਾਰੇ ਹੀ ਪਾਸ ਨਹੀਂ ਹੋ ਸਕੇ, ਸਿਰਫ ਇੱਕ ਨੂੰ ਛੱਡ ਕੇ।

ਇਹ ਬੇਭਰੋਸਗੀ ਮਤਾ ਮੁਰਾਰਜੀ ਦੇਸਾਈ ਦੀ ਸਰਕਾਰ ਖਿਲਾਫ ਸਾਲ 1978 ਵਿੱਚ ਲਿਆਂਦਾ ਗਿਆ ਸੀ।

ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੋ ਵਾਰ ਬੇਭਰੋਸਗੀ ਮਤੇ ਪੇਸ਼ ਕੀਤੇ ਗਏ। ਪਹਿਲੇ ਵਿੱਚ ਤਾਂ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ ਪਰ ਅਗਲੇ ਮਤੇ ਸਮੇਂ ਉਨ੍ਹਾਂ ਦੀ ਆਪਣੇ ਸਹਿਯੋਗੀਆਂ ਨਾਲ ਅਣਬਣ ਚੱਲ ਰਹੀ ਸੀ।

ਮੁਰਾਰਜੀ ਦੇਸਾਈ ਨੂੰ ਵੀ ਜਦੋਂ ਆਪਣੀ ਸਰਕਾਰ ਟੁੱਟਣ ਦਾ ਅੰਦਾਜ਼ਾ ਹੋਇਆ ਤਾਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)