ਪ੍ਰੈੱਸ ਰਿਵੀਊ꞉ ਮੈਂ ਕਾਂਗਰਸ ਤੇ ਅਕਾਲੀਆਂ ਨਾਲ ਲੜਾਂ ਕਿ ਮੇਰੇ ਖਿਲਾਫ ਪਾਰਟੀ ਦੇ ਅੰਦਰੋਂ ਹੁੰਦੀਆਂ ਸਾਜਿਸ਼ਾਂ ਨਾਲ-ਖਹਿਰਾ

ਸੁਖਪਾਲ ਖਹਿਰਾ Image copyright Getty Images

ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਮੁਤਾਬਕ ਉਨ੍ਹਾਂ ਨੂੰ ਇਸ ਅਹੁਦੇ ਤੋਂ ਲਾਹੁਣ ਲਈ ਪਾਰਟੀ ਵਿੱਚ ਉਨ੍ਹਾਂ ਖਿਲਾਫ ਸਾਜਿਸ਼ਾਂ ਚੱਲ ਰਹੀਆਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਾਰਟੀ ਦੇ ਉਪ-ਕਨਵੀਨਰ (ਪੰਜਾਬ) ਡਾ਼ ਬਲਬੀਰ ਸਿੰਘ ਨੇ ਪਿਛਲੇ ਦਿਨੀਂ ਖਹਿਰਾ ਉੱਪਰ ਇਲਜ਼ਾਮ ਲਾਇਆ ਸੀ ਉਨ੍ਹਾਂ ਨੇ ਇੱਕ ਫੰਕਸ਼ਨ ਦੌਰਾਨ ਪਾਰਟੀ ਵਰਕਰਾਂ ਤੋਂ ਪੈਸੇ ਲਏ ਹਨ।

ਖਹਿਰਾ ਨੇ ਕਿਹਾ ਕਿ ਜਦੋਂ ਤੱਕ ਡਾ਼ ਬਲਬੀਰ ਸਿੰਘ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਨਾ ਤਾਂ ਉਨ੍ਹਾਂ ਨੂੰ ਮਿਲਣਗੇ ਅਤੇ ਨਾ ਹੀ ਫੋਨ ਉੱਪਰ ਕੋਈ ਗੱਲ ਕਰਨਗੇ।

ਇਹ ਵੀ ਪੜ੍ਹੋ꞉

ਖਹਿਰਾ ਨੇ ਖ਼ਬਰ ਮੁਤਾਬਕ ਕਿਹਾ ਕਿ ਉਨ੍ਹਾਂ ਦੇ ਸਮਝ ਨਹੀਂ ਆਉਂਦੀ ਕਿ ਉਹ ਕਾਂਗਰਸ ਅਤੇ ਅਕਾਲੀਆਂ ਖਿਲਾਫ ਲੜਨ ਜਾਂ ਆਪਣੇ ਖਿਲਾਫ਼ ਪਾਰਟੀ ਦੇ ਅੰਦਰੋਂ ਹੋ ਰਹੀਆਂ ਸਾਜਿਸ਼ਾਂ ਨਾਲ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਮਾਮਲਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੇ ਧਿਆਨ ਵਿੱਚ ਲੈ ਆਏ ਹਨ।

Image copyright jnu.ac.in
ਫੋਟੋ ਕੈਪਸ਼ਨ ਜੇਐਨਯੂ ਕੈਂਪਸ ਦੇ ਇੱਕ ਇਕੱਠ ਵਿੱਚ ਸਾਰਾ ਮਾਮਲਾ ਵਾਪਰਿਆ।

ਦਿੱਲੀ ਹਾਈ ਕੋਰਟ ਨੇ ਅਫ਼ਜਲ ਗੁਰੂ ਬਾਰੇ ਦਿੱਤੇ ਘਨੱਈਆ ਕੁਮਾਰ ਦੇ ਬਿਆਨ ਕਰਕੇ ਲਾਏ ਜੁਰਮਾਨੇ ਨੂੰ ਰੱਦ ਕਰ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਘਨੱਈਆ ਖਿਲਾਫ਼ ਕੀਤੀ ਕਰਵਾਈ ਗਲਤ ਅਤੇ ਗੈਰ-ਕਾਨੂੰਨੀ ਅਤੇ ਗੈਰ-ਤਾਰਕਿਕ ਸੀ।

ਜਸਟਿਸ ਸਿਧਾਰਥ ਮਰਿਦੁਲ ਦੀ ਟਿੱਪਣੀ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਉਹ ਫੈਸਲਾ ਵਾਪਸ ਲੈ ਰਹੇ ਹਨ।

ਜਵਾਹਰ ਲਾਲ ਯੂਨੀਵਰਸਿਟੀ ਨੇ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਖਿਲਾਫ ਸਾਲ 2016 ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਇਕੱਠ ਦੌਰਾਨ ਕਥਿਤ ਤੌਰ ਤੇ ਦੇਸ ਵਿਰੋਧੀ ਨਾਅਰੇ ਲਾਉਣ ਕਰਕੇ 10,000 ਰੁਪਏ ਦਾ ਜੁਰਮਾਨਾ ਲਾ ਦਿੱਤਾ ਸੀ।

Image copyright Getty Images

ਸੁਪਰੀਮ ਕੋਰਟ ਕੌਲੀਜੀਅਮ ਵੱਲੋਂ ਜਸਟਿਸ ਜੋਸਫ ਦੇ ਨਾਂ ਉੱਪਰ ਮੁੜ ਮੋਹਰ

ਸੁਪਰੀਮ ਕੋਰਟ ਦੇ ਕੌਲੀਜੀਅਮ ਨੇ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ ਐਮ ਜੋਸਫ ਨੂੰ ਸੁਪਰੀਮ ਕੋਰਟ ਵਿੱਚ ਤਰੱਕੀ ਦੇਣ ਉੱਪਰ ਕਾਨੂੰਨ ਮੰਤਰਾਲਾ ਵੱਲੋਂ ਵਾਪਸ ਭੇਜਣ ਮਗਰੋਂ ਮੁੜ ਮੋਹਰ ਲਾ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਨਾਂ ਉੱਪਰ ਕੁਝ ਇਤਰਾਜ਼ ਕੀਤੇ ਸਨ ਜਿਨ੍ਹਾਂ ਨੂੰ ਸਿਰਮੌਰ ਅਦਾਲਤ ਦੇ ਕੌਲੀਜੀਅਮ ਨੇ ਨਕਾਰ ਕੇ ਦੋ ਹੋਰ ਜੱਜਾਂ ਦੇ ਨਾਵਾਂ ਸਹਿਤ ਸਰਕਾਰ ਨੂੰ ਵਾਪਸ ਭੇਜ ਦਿੱਤਾ ਹੈ।

ਕੌਲੀਜੀਅਮ ਮੁਤਾਬਕ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਜਸਟਿਸ ਜੋਸਫ਼ ਦੀ ਉਪਯੋਗਤਾ ਦੇ ਉਲਟ ਕੋਈ ਨੁਕਤਾ ਪੇਸ਼ ਨਹੀਂ ਕੀਤਾ ਗਿਆ।

ਖ਼ਬਰ ਮੁਤਾਬਕ ਇਸ ਦੇ ਇਲਾਵਾ ਕੌਲੀਜੀਅਮ ਨੇ ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਇੰਦਰਾ ਬੈਨਰਜੀ ਅਤੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸਾਰਨ ਨੂੰ ਵੀ ਸੁਪਰੀਮ ਕੋਰਟ ਜੱਜ ਬਣਾਉਣ ਦੀ ਸਿਫਾਰਿਸ਼ ਕੀਤੀ ਹੈ।

Image copyright Reuters
ਫੋਟੋ ਕੈਪਸ਼ਨ ਗਵਾਂਤਨਾਮੋ ਡਿਟੈਂਸ਼ਨ ਸੈਂਟਰ (ਸੰਕੇਤਕ ਤਸਵੀਰ)

ਬੰਦ ਭਾਰਤੀਆਂ ਦੇ ਹੱਥਕੜੀਆਂ ਨਹੀਂ ਲਾਈਆ ਹੋਈਆਂ

ਅਮਰੀਕਾ ਦੀ ਇੱਕ ਕਾਨੂੰਨੀ ਵਲੰਟੀਅਰ ਨੇ ਕਿਹਾ ਹੈ ਕਿ ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ ਭਾਰਤੀਆਂ ਦੇ ਹੱਥਕੜੀਆਂ ਨਹੀਂ ਲਾਈਆ ਹੋਈਆਂ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੀਡੀਆ ਵਿੱਚ ਰਿਪੋਰਟਾਂ ਆਈਆਂ ਸਨ ਕਿ ਸ਼ੈਰੀਡਮ ਵਿੱਚਲੇ ਇਨ੍ਹਾਂ ਨਜ਼ਰਬੰਦਾਂ ਨਾਲ ਮੁਜਰਮਾਂ ਵਾਲਾ ਵਿਹਾਰ ਕੀਤਾ ਜਾਂਦਾ ਹੈ।

ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿੱਚ ਬੰਦ 50 ਤੋਂ ਵਧੇਰੇ ਭਾਰਤੀਆਂ ਵਿੱਚੋਂ ਬਹੁਗਿਣਤੀ ਸਿੱਖ ਹਨ

ਖ਼ਬਰ ਮੁਤਾਬਕ ਇਨ੍ਹਾਂ ਨਜ਼ਰਬੰਦਾਂ ਨੂੰ ਕਾਨੂੰਨੀ ਕਰਵਾਈ ਦੇ ਤਰਜਮੇ ਮੁਹੱਈਆ ਕਰਵਾਉਣ ਵਾਲੀ ਵਲੰਟੀਅਰ ਨਵਨੀਤ ਕੌਰ ਨੇ ਕਿਹਾ ਕਿ ਵੇਰਵੇ ਉਨ੍ਹਾਂ ਵੱਲੋਂ ਇਨਾਂ ਕੇਂਦਰਾਂ ਦੇ ਦੌਰਿਆਂ ਉੱਪਰ ਆਧਾਰਿਤ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)