ਭਾਰਤ 'ਚ ਕਿੰਨਾ ਤੇ ਕਿਵੇਂ ਖ਼ਤਰਨਾਕ ਹੋ ਸਕਦਾ ਹੈ ਵਟਸਐਪ

ਵਟਸਐਪ Image copyright Reuters
ਫੋਟੋ ਕੈਪਸ਼ਨ ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਸੀ ਕਿ ਉਹ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ "ਜਵਾਬਦੇਹੀ ਅਤੇ ਜਿੰਮੇਵਾਰੀ" ਤੋਂ ਟਾਲਾ ਨਹੀਂ ਵੱਟ ਸਕਦੀ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਟਸਐਪ ਰਾਹੀਂ ਫੈਲਣ ਵਾਲੇ ਸੰਦੇਸ਼ਾਂ ਕਰਕੇ ਦੇਸ ਵਿੱਚ ਭੀੜ ਹੱਥੋਂ ਆਏ ਦਿਨ ਕਤਲ ਹੁੰਦੇ ਹਨ।

ਭਾਰਤ ਸਰਕਾਰ ਦੀਆਂ ਚੇਤਾਵਨੀਆਂ ਤੋਂ ਬਾਅਦ ਵਟਸਐਪ ਨੇ ਮੈਸਜ ਫਾਰਵਰਡ ਕਰਨ ਦੇ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਵੀਰਵਾਰ ਨੂੰ ਭਾਰਤ ਸਰਕਾਰ ਨੇ ਮੈਸਜਿੰਗ ਐਪ ਦੀ ਕੰਪਨੀ ਨੂੰ ਆਗਾਹ ਕੀਤਾ ਸੀ ਕਿ ਜੇ ਉਸ ਨੇ ਕੋਈ ਕਦਮ ਨਾ ਚੁੱਕਿਆ ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ꞉

ਭਾਰਤ ਸਰਕਾਰ ਚਿੰਤਤ ਕਿਉਂ

ਭਾਰਤ ਵਟਸਐਪ ਦਾ ਸਭ ਤੋਂ ਵੱਡਾ ਬਾਜਾਰ ਹੈ, ਮੁਲਕ ਵਿਚ ਇਸ ਦੇ 20 ਕਰੋੜ ਤੋਂ ਵਧੇਰੇ ਵਰਤੋਂਕਾਰ ਹਨ। ਇਹ ਦੇਸ ਦੀ ਸਭ ਤੋਂ ਵੱਡੀ ਇੰਟਰਨੈਂਟ ਆਧਾਰਿਤ ਸਰਵਿਸ ਹੈ।

ਤਕਨੀਕੀ ਮਾਹਰ ਪ੍ਰਸ਼ਾਂਤੋ ਕੇ ਰਾਏ ਮੁਤਾਬਕ ਭਾਰਤ ਵਿਚ ਸਰਕਾਰ ਨੇ ਅਗਲੇ ਤਿੰਨ ਸਾਲਾਂ ਦੌਰਾਨ 30 ਕਰੋੜ ਲੋਕਾਂ ਨੂੰ ਇੰਟਰਨੈੱਟ ਉਪਭੋਗਤਾ ਦੇ ਦਾਇਰੇ ਵਿਚ ਲਿਆਉਣ ਦਾ ਟੀਚਾ ਮਿਥਿਆ ਹੋਇਆ ਹੈ।

ਇਨ੍ਹਾਂ ਵਿਚੋਂ ਬਹੁਤ ਗਿਣਤੀ ਅੰਗਰੇਜ਼ੀ ਨਾ ਜਾਨਣ ਵਾਲਿਆਂ ਦੀ ਹੋਵੇਗੀ, ਜਿਹੜੇ ਜਿਆਦਾ ਵੀਡੀਓ ਤੇ ਮਿਊਜ਼ਕ ਹੀ ਦੇਖਦੇ-ਸੁਣਦੇ ਹਨ।

3 ਮਹੀਨੇ 'ਚ 17 ਕਤਲ

ਵੀਡੀਓ ਰਾਹੀ ਫੇਕ ਨਿਊਜ਼ ਫ਼ੈਲਾਉਣ ਦਾ ਵਟਸਐਪ ਸਭ ਤੋਂ ਆਸਾਨ ਮੰਚ ਹੈ, ਇਸ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਆਸਾਨ ਹੈ।

ਜਰਾ ਸੋਚੋ ਕਿ ਕਿਸੇ ਲੜਾਈ ਦੇ ਪੁਰਾਣੇ ਵੀਡੀਓ ਨੂੰ ਇੰਟਰਨੈੱਟ ਰਾਹੀ ਫੈਲਾ ਕੇ ਕਿਵੇਂ ਲੋਕਾਂ ਨੂੰ ਭੜਕਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਨੇ ਸਰਕਾਰ ਨੂੰ ਚਿੰਤਾ ਵਿੱਚ ਪਾਇਆ ਹੈ।

ਪਿਛਲੇ ਤਿੰਨ ਮਹੀਨਿਆਂ ਦੌਰਾਨ ਭੀੜ ਨੇ 17 ਕਤਲ ਕੀਤੇ ਹਨ। ਇਹ ਸਾਰੇ ਮਾਮਲੇ ਇੰਟਰਨੈੱਟ ਰਾਹੀ ਲੋਕਾਂ ਨੂੰ ਭੜਕਾ ਕੇ ਅੰਜ਼ਾਮ ਦਿੱਤੇ ਗਏ ਹਨ।

ਹੁਣ ਤੁਸੀਂ ਪੰਜ ਵਾਰ ਤੋਂ ਵੱਧ ਕੋਈ ਸੁਨੇਹਾ ਅੱਗੇ ਨਹੀਂ ਭੇਜ ਸਕਦੇ

ਵਟਸਐਪ ਨੇ ਦੱਸਿਆ ਕਿ ਭਾਰਤੀ ਲੋਕ ਸਭ ਤੋਂ ਵੱਧ ਮੈਸਜ ਅੱਗੇ ਭੇਜਦੇ ਹਨ।

ਹਾਲੇ ਤੱਕ ਕਿਸੇ ਵਟਸਐਪ ਸਮੂਹ ਵਿੱਚ 256 ਤੋਂ ਵਧੇਰੇ ਲੋਕ ਨਹੀਂ ਹੋ ਸਕਦੇ। ਜਿਨ੍ਹਾਂ ਸੁਨੇਹਿਆਂ ਕਰਕੇ ਹਿੰਸਾ ਦੀਆਂ ਘਟਨਾਵਾਂ ਹੋਈਆਂ ,ਉਨ੍ਹਾਂ ਨੂੰ 100 ਤੋਂ ਵੱਧ ਮੈਂਬਰਾਂ ਵਾਲੇ ਇੱਕ ਤੋਂ ਵੱਧ ਗਰੁਪਾਂ ਵਿੱਚ ਫਾਰਵਰਡ ਕੀਤਾ ਗਿਆ।

ਨਵੇਂ ਨਿਯਮਾਂ ਤਹਿਤ ਵਟਸਐਪ ਦੀ ਵੈੱਬਸਾਈਟ ਉੱਪਰ ਛਪੇ ਬਲਾਗ ਵਿੱਚ ਕੰਪਨੀ ਨੇ ਕਿਹਾ ਕਿ ਉਹ ਵਰਤੋਂਕਾਰਾਂ ਵੱਲੋਂ ਸੁਨੇਹੇ ਫਾਰਵਰਡ ਕਰਨ ਦੀ ਹੱਦ ਮਿੱਥਣ ਦੀ ਪਰਖ ਕਰ ਰਹੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜੇ ਫੇਸਬੁੱਕ ਤੇ ਵਟਸਐਪ ਉੱਤੇ ਟੈਕਸ ਲੱਗ ਜਾਵੇ

ਭਾਰਤੀਆਂ ਲਈ ਇਹ ਹੱਦ ਹੋਰ ਵੀ ਘੱਟ ਹੋਵੇਗੀ। ਭਾਰਤ ਵਿੱਚ ਵਟਸਐਪ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਵਿਅਕਤੀ ਇੱਕ ਸੰਦੇਸ਼ ਨੂੰ ਪੰਜ ਵਾਰ ਤੋਂ ਵਧੇਰੇ ਵਾਰ ਅੱਗੇ ਨਹੀਂ ਭੇਜ ਸਕੇਗਾ।

ਹਾਲਾਂਕਿ ਇਸ ਨਾਲ ਉਸ ਸਮੂਹ ਦੇ ਹੋਰ ਮੈਂਬਰਾਂ ਨੂੰ ਉਹੀ ਸੁਨੇਹਾ ਅੱਗੇ ਭੇਜਣ ਤੋਂ ਨਹੀਂ ਰੋਕਿਆ ਜਾ ਸਕੇਗਾ।

ਵਟਸਐਪ ਨੂੰ ਉਮੀਦ ਹੈ ਕਿ ਇਸ ਨਾਲ ਸੁਨੇਹੇ ਘੱਟ ਲੋਕਾਂ ਤੱਕ ਪਹੁੰਚਣਗੇ।

ਕੰਪਨੀ ਨੇ ਇਹ ਵੀ ਕਿਹਾ ਕਿ ਜਿਸ ਸੰਦੇਸ਼ ਵਿੱਚ ਵੀਡੀਓ ਜਾਂ ਤਸਵੀਰਾਂ ਹੋਣਗੀਆਂ ਉਨ੍ਹਾਂ ਦੇ ਬਿਲਕੁਲ ਨਜ਼ਦੀਕ ਦਿਸਣ ਵਾਲਾ ਕਵਿਕ ਫਾਰਵਰਡ ਬਟਨ ਹਟਾ ਦਿੱਤਾ ਜਾਵੇਗਾ।

Image copyright Getty Images
ਫੋਟੋ ਕੈਪਸ਼ਨ ਬਿਦਰ ਵਿੱਚ ਭੀੜ ਨੇ ਅਫਵਾਹ ਦੇ ਪ੍ਰਭਾਵ ਹੇਠ ਆ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਪੁਲਿਸ ਨੇ ਵਟਸਐਪ ਗਰੁੱਪ ਦੇ ਐਡਮਿਨ ਅਤੇ ਵੀਡੀਓ ਪਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ

ਵਟਸਐਪ ਨੇ ਇਹ ਬਦਲਾਅ ਭੀੜ ਵੱਲੋਂ ਕਤਲ ਦੀਆਂ ਹੋਈਆਂ ਕਈ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ। ਅਪ੍ਰੈਲ 2018 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਵਿੱਚ 18 ਤੋਂ ਵੱਧ ਜਾਨਾਂ ਗਈਆਂ ਹਨ ਮੀਡੀਆ ਰਿਪੋਰਟਾਂ ਮੁਤਾਬਕ ਇਹ ਗਿਣਤੀ ਇਸ ਤੋਂ ਹੋਰ ਵਧੇਰੇ ਹੈ।

ਇਲਜ਼ਾਮ ਲਾਏ ਗਏ ਕਿ ਵਟਸਐਪ ਰਾਹੀਂ ਫੈਲੀਆਂ ਬੱਚਾ ਚੋਰੀ ਦੀਆਂ ਅਫਵਾਹਾਂ ਤੋਂ ਬਾਅਦ ਲੋਕਾਂ ਨੇ ਅਜਨਬੀਆਂ ਉੱਪਰ ਹਮਲੇ ਕੀਤੇ।

ਪੁਲਿਸ ਮੁਤਾਬਕ ਲੋਕਾਂ ਨੂੰ ਇਹ ਸਮਝਾਉਣਾ ਮੁਸ਼ਕਿਲ ਸੀ ਕਿ ਇਹ ਸੁਨੇਹੇ ਝੂਠੇ ਹਨ।

ਜਵਾਬਦੇਹ ਬਣੇ ਵਟਸਐਪ

ਹਾਲ ਹੀ ਵਿੱਚ ਸ਼ੋਸ਼ਲ ਮੀਡੀਆ ਉੱਪਰ ਫੈਲੀਆਂ ਅਫਵਾਹਾਂ ਤੋਂ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਤ੍ਰਿਪੁਰਾ ਸਰਕਾਰ ਨੇ ਇੱਕ ਵਿਅਕਤੀ ਨੂੰ ਪਿੰਡ-ਪਿੰਡ ਭੇਜਿਆ ਪਰ ਲੋਕਾਂ ਨੇ ਉਸੇ ਨੂੰ ਬੱਚਾ ਚੋਰ ਸਮਝ ਕੇ ਮਾਰ ਦਿੱਤਾ।

Image copyright Getty Images
ਫੋਟੋ ਕੈਪਸ਼ਨ ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਵਟਸਐਪ ਨੂੰ ਚੇਤਾਵਨੀ ਦਿੱਤੀ ਸੀ ਕਿ ਵਰਤੋਂਕਾਰ ਵੱਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਬਾਰੇ ਆਪਣੀ "ਜਵਾਬਦੇਹੀ ਅਤੇ ਜਿੰਮੇਵਾਰੀ" ਤੋਂ ਟਾਲਾ ਨਹੀਂ ਵੱਟ ਸਕਦੀ।

ਇਸ ਦੇ ਜਵਾਬ ਵਿੱਚ ਵਟਸਐਪ ਨੇ ਕਿਹਾ ਸੀ ਕਿ ਉਹ "ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਤੋਂ ਹੈਰਾਨ ਹੈ" ਪਰ "ਇਸ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਆਮ ਲੋਕਾਂ ਅਤੇ ਤਕਨੀਕੀ ਕੰਪਨੀਆ ਨੂੰ ਮਿਲ ਕੇ ਕੰਮ ਕਰਨਾ ਪਵੇਗਾ।"

ਵਟਸਐਪ ਫੇਸਬੁੱਕ ਦੀ ਹੀ ਕੰਪਨੀ ਹੈ। ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਵਾਲੀ ਇਸ ਐਪ ਦੀ ਸਭ ਤੋਂ ਵੱਧ ਵਰਤੋਂ ਭਾਰਤ ਵਿੱਚ ਕੀਤੀ ਜਾਂਦੀ ਹੈ। ਜਾਣਕਾਰੀ ਤੇਜ਼ੀ ਨਾਲ ਫੈਲਣ ਕਰਕੇ ਲੋਕ ਜਲਦੀ ਹੀ ਕਿਸੇ ਥਾਂ ਇਕੱਠੇ ਹੋ ਸਕਦੇ ਹਨ।

ਸੋਸ਼ਲ ਮੀਡੀਆ ਦੀ ਦੁਰਵਰਤੋਂ ਬਾਰੇ ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)