ਔਰਤਾਂ ਹਿੰਸਾ ਸਹਿ ਕੇ ਵੀ ਨਹੀਂ ਤੋੜਦੀਆਂ ਰਿਸ਼ਤਾ, ਪੜ੍ਹੋ ਕਿਉਂ

domestic violence Image copyright Science Photo Library
ਫੋਟੋ ਕੈਪਸ਼ਨ ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ। (ਸੰਕੇਤਿਕ ਤਸਵੀਰ)

"ਸਾਡੇ ਵਿਆਹ ਦਾ ਤੀਜਾ ਦਿਨ ਸੀ, ਅਸੀਂ ਘੁੰਮਣ ਲਈ ਮਨਾਲੀ ਗਏ। ਰਾਤ ਨੂੰ ਉਹ ਮੇਰੇ ਸਾਹਮਣੇ ਸ਼ਰਾਬ ਪੀ ਕੇ ਆਇਆ ਅਤੇ ਕੁਝ ਸਮੇਂ ਬਾਅਦ ਮੈਨੂੰ ਮਾਰਨ ਲੱਗਾ।"

ਇੰਨਾ ਬੋਲਦੇ-ਬੋਲਦੇ ਸਪਨਾ ਦਾ ਗਲਾ ਭਰ ਗਿਆ। ਉਨ੍ਹਾਂ ਦੇ ਸ਼ਬਦ ਟੁੱਟਣ ਲੱਗੇ ਅਤੇ ਉਨ੍ਹਾਂ ਦੇ ਸਾਹ ਦੀ ਆਵਾਜ਼ ਨਾਲ ਉਨ੍ਹਾਂ ਦਾ ਦੱਬਿਆ ਹੋਇਆ ਦਰਦ ਮਹਿਸੂਸ ਹੋਣ ਲੱਗਿਆ।

ਇੱਕ ਵਾਰੀ ਫਿਰ ਆਪਣੀ ਆਵਾਜ਼ ਨੂੰ ਸੰਭਾਲਦੇ ਹੋਏ ਉਹ ਦੱਸਦੇ ਹਨ, "ਵਿਆਹ ਦੇ ਸਮੇਂ ਮੈਂ ਪੋਸਟ-ਗ੍ਰੈਜੂਏਸ਼ਨ ਵਿੱਚ ਸੀ, ਮੈਂ ਪੜ੍ਹਾਈ ਵਿੱਚ ਬਹੁਤ ਚੰਗੀ ਸੀ ਪਰ ਪਿਤਾ ਜੀ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਮੇਰੇ ਲਈ ਇਹ ਰਿਸ਼ਤਾ ਹੀ ਲੱਭਿਆ ਸੀ।"

ਇਹ ਵੀ ਪੜ੍ਹੋ :

ਰਾਜਸਥਾਨ ਦੀ ਰਹਿਣ ਵਾਲੀ ਸਪਨਾ ਵਿਆਹ ਤੋਂ ਪਹਿਲਾਂ ਹੀ ਆਪਣੇ ਖਰਚੇ ਚੁੱਕ ਰਹੀ ਸੀ। ਉਹ ਦੂਜਿਆਂ 'ਤੇ ਵਿੱਤੀ ਤੌਰ 'ਤੇ ਨਿਰਭਰ ਨਹੀਂ ਸੀ। ਉਹ ਪੜ੍ਹੀ-ਲਿਖੀ ਸੀ ਅਤੇ ਬੇਬਾਕ ਅੰਦਾਜ਼ ਵਿੱਚ ਆਪਣੀ ਗੱਲ ਰੱਖਦੀ ਸੀ।

ਉਸ ਖਰਾਬ ਵਿਆਹ ਨੇ ਬੇਬਾਕ ਸਪਨਾ ਨੂੰ ਅਚਾਨਕ ਤੋੜ ਕੇ ਰੱਖ ਦਿੱਤਾ। ਵਿਆਹ ਦੇ ਮਹੀਨੇ ਭਰ ਦੇ ਅੰਦਰ ਸਪਨਾ ਪਤੀ ਦਾ ਘਰ ਛੱਡ ਕੇ ਪੇਕੇ ਚਲੀ ਗਈ।

ਪਰ ਜਿਸ ਸਮਾਜ ਵਿੱਚ ਕੁੜੀ ਦੇ ਦਿਲ ਵਿੱਚ ਇਹ ਗੱਲ ਬੈਠਾ ਦਿੱਤੀ ਗਈ ਹੋਵੇ ਕਿ ਵਿਆਹ ਤੋਂ ਬਾਅਦ 'ਪਤੀ ਦਾ ਘਰ ਹੀ ਉਸ ਦਾ ਆਪਣਾ ਘਰ ਹੈ' ਉੱਥੇ ਇੱਕ ਪਿਤਾ ਆਪਣੇ ਵਿਆਹੀ ਧੀ ਦਾ ਇਸ ਤਰ੍ਹਾਂ ਪੇਕੇ ਆਉਣਾ ਕਿਵੇਂ ਪਸੰਦ ਕਰਦੇ।

ਪੇਕੇ ਵੀ ਨਾਲ ਨਹੀਂ

ਸਪਨਾ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, "ਇੱਕ ਹਾਦਸੇ ਵਿੱਚ ਮੇਰੇ ਭਰਾ ਦੀ ਮੌਤ ਹੋ ਗਈ ਸੀ, ਮੇਰੇ ਵਿਆਹ ਨੂੰ ਮਹੀਨਾ ਹੀ ਹੋਇਆ ਸੀ ਅਤੇ ਮੈਂ ਸਰੀਰਕ ਤੇ ਮਾਨਸਿਕ ਰੂਪ ਤੋਂ ਬੇਹੱਦ ਪ੍ਰੇਸ਼ਾਨ ਸੀ। ਮੇਰੇ ਕੋਲ ਆਪਣੇ ਪਿਤਾ ਦੇ ਘਰ ਜਾਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ ਪਰ ਮੇਰੇ ਪੇਕਿਆਂ ਨੇ ਵੀ ਮੈਨੂੰ ਬਹੁਤ ਤੰਗ ਕੀਤਾ ਕਿਉਂਕਿ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਮੇਰੇ ਪੇਕੇ ਪਰਤ ਆਉਣਾ ਪਸੰਦ ਨਹੀਂ ਸੀ।"

Image copyright Science Photo Library

ਸਪਨਾ ਕਹਿੰਦੀ ਹੈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਸਾਹਮਣੇ ਆਪਣਾ ਪੂਰਾ ਹਾਲ ਬਿਆਨ ਕੀਤਾ। ਫਿਰ ਵੀ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਾਪਸ ਪਤੀ ਕੋਲ ਚਲੀ ਜਾਵੇ। ਇਸ ਲਈ ਬਾਕਾਇਦਾ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਪਤੀ ਨੂੰ ਫੋਨ ਕਰਕੇ ਘਰ ਵੀ ਬੁਲਾ ਲਿਆ ਸੀ।

ਆਖਰ ਘਰਵਾਲੇ ਆਪਣੇ ਹੀ ਧੀ ਦਾ ਦਰਦ ਕਿਉਂ ਨਹੀਂ ਸਮਝ ਪਾਉਂਦੇ ਅਤੇ ਵਾਪਸ ਉਸੇ ਦਲਦਲ ਵਿੱਚ ਕਿਉਂ ਭੇਜਣ ਨੂੰ ਤਿਆਰ ਹੋ ਜਾਂਦੇ ਹਨ?

ਇਸ 'ਤੇ ਸਪਨਾ ਕਹਿੰਦੀ ਹੈ, "ਦਰਅਸਲ ਇਸ ਦੇ ਪਿੱਛੇ ਸਾਡੇ ਰਿਸ਼ਤੇਦਾਰ, ਗੁਆਂਢੀ ਕੁਲ ਮਿਲਾ ਕੇ ਪੂਰਾ ਸਮਾਜ ਜ਼ਿੰਮੇਵਾਰ ਹੈ। ਜਦੋਂ ਉਹ ਦੇਖਦੇ ਹਨ ਕਿ ਵਿਆਹੀ ਹੋਈ ਕੁੜੀ ਵਾਪਸ ਆਈ ਹੈ, ਕਈ ਤਰ੍ਹਾਂ ਦੀਆਂ ਗੱਲਾਂ ਬਣਨ ਲਗਦੀਆਂ ਹਨ।"

"ਇਹਨਾਂ ਗੱਲਾਂ ਦਾ ਦਬਾਅ ਹੀ ਘਰ ਵਾਲਿਆਂ 'ਤੇ ਪੈਂਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਚਾਹੇ ਜਿਸ ਵੀ ਹਾਲ ਵਿੱਚ ਹੋਵੇ ਕੁੜੀ ਆਪਣੇ ਪਤੀ ਕੋਲ ਵਾਪਸ ਚਲੀ ਜਾਵੇ।''

ਬੀਤੇ ਦਿਨੀਂ ਇੱਕ ਅਜਿਹੀ ਘਟਨਾ ਦਿੱਲੀ ਵਿੱਚ ਵੀ ਵਾਪਰੀ, ਜਿਸ ਵਿੱਚ ਇੱਕ 39 ਸਾਲਾ ਏਅਰਹੋਸਟੈਸ ਅਨੀਸ਼ਿਆ ਬਤਰਾ ਨੇ ਖੁਦਕੁਸ਼ੀ ਕਰ ਲਈ ਸੀ। ਅਨੀਸ਼ਿਆ ਦੇ ਪਰਿਵਾਰ ਨੇ ਇਲਜ਼ਾਮ ਲਾਏ ਕਿ ਅਨੀਸ਼ਿਆ ਦਾ ਪਤੀ ਉਨ੍ਹਾਂ ਨੂੰ ਸਰੀਰਕ ਤੌਰ 'ਤੇ ਤੰਗ ਕਰਦਾ ਸੀ।

ਪੜ੍ਹੀ ਲਿਖੀ ਅਤੇ ਪੇਸ਼ੇਵਰ ਰੂਪ ਤੋਂ ਸਫ਼ਲ ਸਮਝੀ ਜਾਣ ਵਾਲੀ ਅਨੀਸ਼ਿਆ ਦਾ ਇਸ ਤਰ੍ਹਾਂ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਹਾਲੇ ਸਵਾਲਾਂ ਦੇ ਘੇਰੇ ਵਿੱਚ ਹੈ।

ਉਨ੍ਹਾਂ ਦੇ ਪਤੀ ਫਿਲਹਾਲ ਪੁਲਿਸ ਹਿਰਾਸਤ ਵਿੱਚ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਸੁਣਨ ਅਤੇ ਪੜ੍ਹਣ ਤੋਂ ਬਾਅਦ ਇਹੀ ਸਵਾਲ ਉੱਠਿਆ ਕਿ ਵਿੱਤੀ ਰੂਪ ਤੋਂ ਆਜ਼ਾਦ ਔਰਤਾਂ ਅਖੀਰ ਇਹ ਸਭ ਚੁੱਪਚਾਪ ਕਿਉਂ ਬਰਦਾਸ਼ਤ ਕਰਦੀਆਂ ਹਨ?

ਪਤੀ ਨੇ ਨਹੀਂ ਦਿੱਤਾ ਸਾਥ ਤਾਂ ਹੋਈ ਵੱਖ

ਉੱਤਰਾਖੰਡ ਦੀ ਰਹਿਣ ਵਾਲੀ ਦੀਪਤੀ (ਬਦਲਿਆ ਹੋਇਆ ਨਾਂ) ਦਾ ਰਿਸ਼ਤਾ ਵੀ ਵਿਆਹ ਦੇ ਕੁਝ ਸਾਲਾਂ ਬਾਅਦ ਪਟੜੀ ਤੋਂ ਉਤਰ ਗਿਆ।

ਹਾਲਾਂਕਿ ਉਨ੍ਹਾਂ ਦੇ ਨਾਲ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ।

Image copyright Getty Images
ਫੋਟੋ ਕੈਪਸ਼ਨ ਦੀਪਤੀ ਦੇ ਪਤੀ ਨੇ ਸਰੀਰਕ ਹਿੰਸਾ ਤਾਂ ਨਹੀਂ ਕੀਤੀ ਪਰ ਉਨ੍ਹਾਂ ਨੇ ਸਹੁਰੇ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ।

ਦੀਪਤੀ ਦਾ ਵਿਆਹ ਉੱਤਰ ਪ੍ਰਦੇਸ਼ ਵਿੱਚ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਸਹੁਰੇ ਆਪਣੇ ਇਲਾਕੇ ਦੀ ਸਿਆਸਤ ਵਿੱਚ ਚੰਗੀ ਪੈਠ ਰੱਖਦੇ ਸਨ।

ਦੀਪਤੀ ਦੱਸਦੀ ਹੈ ਕਿ ਵਿਆਹ ਵੇਲੇ ਉਹ ਗ੍ਰੈਜੁਏਸ਼ਨ ਦੇ ਪਹਿਲੇ ਸਾਲ ਵਿੱਚ ਸੀ। ਮੰਗਣੀ ਤੋਂ ਵਿਆਹ ਵਿਚਾਲੇ ਦਾ ਜੋ ਸਮਾਂ ਹੁੰਦਾ ਹੈ ਇਸ ਦੌਰਾਨ ਉਨ੍ਹਾਂ ਦੀ ਆਪਣੀ ਸੱਸ ਨਾਲ ਬਹੁਤ ਚੰਗਾ ਰਿਸ਼ਤਾ ਬਣ ਗਿਆ ਸੀ।

ਇਹ ਵੀ ਪੜ੍ਹੋ:

ਉਸੇ ਸਮੇਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੇ ਸੱਸ-ਸਹੁਰੇ ਦੀ ਆਪਸ ਵਿੱਚ ਬਣਦੀ ਨਹੀਂ ਅਤੇ ਦੋਵੇਂ ਵੱਖ ਰਹਿੰਦੇ ਹਨ।

15 ਸਾਲ ਪਹਿਲਾਂ ਹੋਏ ਵਿਆਹ ਨੂੰ ਯਾਦ ਕਰਦੇ ਹੋਏ ਦੀਪਤੀ ਕਹਿੰਦੀ ਹੈ, "ਵਿਆਹ ਦੇ ਪਹਿਲੇ ਸਾਲ ਤੱਕ ਸਭ ਕੁਝ ਵਧੀਆ ਸੀ। ਇੱਕ ਦਿਨ ਸ਼ਰਾਬ ਦੇ ਨਸ਼ੇ ਵਿੱਚ ਸਹੁਰੇ ਨੇ ਮੇਰਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਇਹ ਆਪਣੇ ਪਤੀ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਪਣੇ ਪਿਤਾ ਨੂੰ ਇਸ ਬਾਰੇ ਕੋਈ ਸ਼ਿਕਾਇਤ ਤੱਕ ਨਹੀਂ ਕੀਤੀ। ਇਹ ਮੇਰੀ ਉਮੀਦਾਂ ਤੋਂ ਬਿਲਕੁਲ ਉਲਟ ਸੀ।"

ਪਤੀ ਦੇ ਰਵੱਈਏ ਤੋਂ ਹੈਰਾਨ ਦੀਪਤੀ ਟੁੱਟ ਚੁੱਕੀ ਸੀ ਪਰ ਫਿਰ ਵੀ ਉਹ ਆਪਣੇ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੁੰਦੀ ਸੀ। ਕੁਝ ਸਾਲਾਂ ਬਾਅਦ ਸਹੁਰੇ ਨੇ ਫਿਰ ਉਹੀ ਹਰਕਤ ਦੁਹਰਾਈ ਅਤੇ ਇਸ ਵਾਰੀ ਦੀਪਤੀ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਵਾਪਸ ਆ ਗਈ।

Image copyright PA
ਫੋਟੋ ਕੈਪਸ਼ਨ ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ।

ਆਖੀਰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦੀਪਤੀ ਅਤੇ ਉਨ੍ਹਾਂ ਦੇ ਪਤੀ ਵਿੱਚ ਤਲਾਕ ਹੋ ਗਿਆ। ਤਲਾਕ ਤੋਂ ਇੱਕ ਸਾਲ ਦੇ ਅੰਦਰ ਹੀ ਉਸ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਜਦਕਿ ਦੀਪਤੀ ਅਜੇ ਵੀ ਇਕੱਲੀ ਹੈ।

ਕੀ ਉਸ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇੱਛਾ ਨਹੀਂ ਹੋਈ, ਉਦੋਂ ਵੀ ਜਦੋਂ ਉਨ੍ਹਾਂ ਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ?

ਇਸ ਦਾ ਉੱਤਰ ਦੀਪਤੀ ਦਿੰਦੀ ਹੈ, "ਮੇਰਾ ਪਹਿਲਾ ਵਿਆਹ ਖਰਾਬ ਹੋਣ ਕਾਰਨ ਮੇਰੇ ਅੰਦਰ ਵਿਆਹ ਅਤੇ ਪਿਆਰ ਵਰਗੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਲੱਗੀ ਹੈ। ਮੈਂ ਲੋਕਾਂ 'ਤੇ ਛੇਤੀ ਭਰੋਸਾ ਨਹੀਂ ਕਰ ਪਾਉਂਦੀ। ਮੈਂ ਆਪਣੇ ਵਿਆਹ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਸਾਰੀ ਪ੍ਰਕਿਰਿਆ ਨੇ ਮੈਨੂੰ ਅੰਦਰੋਂ ਤੋੜ ਦਿੱਤਾ।"

ਵਿਆਹ ਤੋੜ ਦਈਏ ਜਾਂ ਕਾਇਮ ਰੱਖੀਏ?

ਔਰਤਾਂ ਦੇ ਇਹਨਾਂ ਤਜਰਬਿਆਂ ਦੇ ਆਧਾਰ 'ਤੇ ਬੀਬੀਸੀ ਹਿੰਦੀ ਨੇ ਫੇਸਬੁੱਕ ਪੇਜ 'ਤੇ ਔਰਤਾਂ ਨਾਲ ਜੁੜੇ ਪੰਨੇ 'ਤੇ ਸਵਾਲ ਪੁੱਛਿਆ ਸੀ ਕਿ 'ਕੀ ਰਿਸ਼ਤਿਆਂ ਵਿੱਚ ਹਿੰਸਾ ਦੇ ਬਾਅਦ ਵਿਆਹ ਨੂੰ ਤੋੜਨਾ ਚਾਹੀਦਾ ਹੈ?'

ਵਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਹਾਲਾਂਕਿ ਕੁਝ ਔਰਤਾਂ ਇਸ ਗੱਲ 'ਤੇ ਸਹਿਮਤ ਹੋਈਆਂ ਸਨ ਕਿ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਉਣ ਦਾ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।

Image copyright Science Photo Library
ਫੋਟੋ ਕੈਪਸ਼ਨ ਧੇਰੇ ਔਰਤਾਂ ਨੇ ਇਹ ਮੰਨਿਆ ਕਿ ਹਿੰਸਕ ਰਿਸ਼ਤਿਆਂ ਤੋਂ ਬਾਅਦ ਔਰਤਾਂ ਨੂੰ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ।

ਆਪਸੀ ਸਬੰਧਾਂ ਵਿੱਚ ਲੜਾਈ ਦੇ ਵਧਦੇ ਮਾਮਲਿਆਂ ਤੋਂ ਬਾਅਦ ਸ਼ਹਿਰਾਂ ਵਿੱਚ ਵਿਆਹ ਸਲਾਹਕਾਰ (ਮੈਰਿਜ ਕਾਉਂਸਲਰਾਂ) ਦਾ ਸਹਾਰਾ ਵੀ ਲਿਆ ਜਾਣ ਲੱਗਿਆ ਹੈ।

ਦਿੱਲੀ ਵਿੱਚ ਵਿਆਹ ਸਲਾਹਕਾਰ ਦੇ ਤੌਰ 'ਤੇ ਕੰਮ ਕਰਨ ਵਾਲੀ ਅਤੇ ਮਨੋਵਿਗਿਆਨੀ ਨਿਸ਼ਾ ਖੰਨਾ ਦਾ ਕਹਿਣਾ ਹੈ ਕਿ ਹੁਣ ਵਿਆਹਾਂ ਦੇ ਮਾਮਲੇ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਕਾਫ਼ੀ ਘੱਟ ਹੁੰਦੇ ਹਨ ਅਤੇ ਜੋ ਵੀ ਮਾਮਲੇ ਸਾਹਮਣੇ ਆਉਂਦੇ ਹਨ ਉਨ੍ਹਾਂ ਵਿੱਚ ਹਿੰਸਾ ਦੋਵਾਂ ਧਿਰਾਂ ਵੱਲੋਂ ਹੁੰਦੀ ਹੈ।

ਹਾਲਾਂਕਿ ਨਿਸ਼ਾ ਦਾ ਮੰਨਣਾ ਹੈ ਕਿ ਔਰਤਾਂ ਅਕਸਰ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ।

ਇਸ ਦੇ ਪਿੱਛੇ ਡਾ. ਨਿਸ਼ਾ ਚਾਰ ਮੁੱਖ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ, "ਕੁੜੀਆਂ ਵਧੇਰੇ ਭਾਵੁਕ ਹੁੰਦੀਆਂ ਹਨ, ਰਿਸ਼ਤਿਆਂ ਪ੍ਰਤੀ ਉਨ੍ਹਾਂ ਦਾ ਲਗਾਅ ਵਧੇਰੇ ਹੁੰਦਾ ਹੈ। ਦੂਜਾ ਉਹ ਵਿੱਤੀ ਤੌਰ 'ਤੇ ਆਜ਼ਾਦ ਨਹੀਂ ਹੁੰਦੀਆਂ, ਤੀਜਾ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਸਮਰਥਨ ਨਹੀਂ ਮਿਲਦਾ ਅਤੇ ਚੌਥਾ ਵਿਆਹ ਤੋਂ ਵੱਖ ਹੋਣ ਵਾਲੀਆਂ ਔਰਤਾਂ ਨੂੰ ਸਮਾਜ 'ਹਮੇਸ਼ਾ ਉਪਲਬਧ' ਰਹਿਣ ਵਾਲੀ ਔਰਤ ਦੇ ਤੌਰ 'ਤੇ ਦੇਖਦਾ ਹੈ।''

ਵਿੱਤੀ ਤੌਰ 'ਤੇ ਆਜ਼ਾਦ ਔਰਤਾਂ ਵੀ ਕਿਉਂ ਘਬਰਾਉਂਦੀਆਂ ਹਨ?

ਕਈ ਵਾਰੀ ਦੇਖਿਆ ਗਿਆ ਹੈ ਕਿ ਵਿੱਤੀ ਤੌਰ 'ਤੇ ਆਜ਼ਾਦ ਹੋਣ ਦੇ ਬਾਵਜੂਦ ਵੀ ਔਰਤਾਂ ਹਿੰਸਕ ਵਿਆਹਾਂ ਤੋਂ ਵੱਖ ਹੋਣ ਦਾ ਫੈਸਲਾ ਨਹੀਂ ਲੈ ਸਕਦੀਆਂ। ਅਖੀਰ ਇਸ ਦੇ ਪਿੱਛੇ ਕੀ ਵਜ੍ਹਾ ਹੈ।

ਇਸ ਦੇ ਜਵਾਬ ਵਿੱਚ ਵਕੀਲ ਅਨੁਜਾ ਕਪੂਰ ਕਹਿੰਦੇ ਹਨ, "ਜ਼ਰੂਰੀ ਨਹੀਂ ਕਿ ਔਰਤਾਂ ਵਿੱਤੀ ਤੌਰ 'ਤੇ ਆਜ਼ਾਦ ਹਨ ਜਾਂ ਨਹੀਂ, ਅਸਲ ਵਿੱਚ ਇਹ ਭਾਵਨਾਤਮਕ ਰੂਪ ਤੋਂ ਦੂਜੇ ਵਿਅਕਤੀ ਨਾਲ ਜੁੜ ਜਾਂਦੀਆਂ ਹਨ। ਉਹ ਉਸ ਇਨਸਾਨ ਤੋਂ ਦੂਰ ਜਾ ਕੇ ਕੁਝ ਸੋਚ ਨਹੀਂ ਪਾਉਂਦੀਆਂ।''

"ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਤੋਂ ਇਲਾਵਾ ਕੋਈ ਦੂਜਾ ਆਦਮੀ ਉਨ੍ਹਾਂ ਨੂੰ ਪਿਆਰ ਹੀ ਨਹੀਂ ਕਰ ਸਕੇਗਾ ਅਤੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਉਹ ਸਾਰੇ ਦਰਦ ਸਹਿੰਦੇ ਹੋਏ ਵਿਆਹ ਨੂ ਬਚਾਉਮ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ।"

ਭਾਰਤੀ ਨਿਆਂ ਪ੍ਰਣਾਲੀ ਵਿੱਚ ਤਲਾਕ ਦੀ ਪ੍ਰਕਿਰਿਆ ਬਾਰੇ ਅਨੁਜਾ ਕਹਿੰਦੀ ਹੈ ਪਹਿਲਾਂ ਤਾਂ ਸਹਿਮਤੀ ਨਾਲ ਤਲਾਕ ਲੈਣ ਲਈ ਵੀ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਫਿਰ ਵੀ ਵੱਖ ਤਲਾਕ ਦਾ ਮਾਮਲਾ ਚੱਲਦਾ ਹੈ ਤਾਂ ਉਸ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ।

Image copyright Getty Images
ਫੋਟੋ ਕੈਪਸ਼ਨ ਤਲਾਕ ਦੇ ਮਾਮਲੇ ਵਿੱਚ 4 ਜਾਂ 5 ਸਾਲ ਲੱਗ ਜਾਂਦੇ ਹਨ-ਵਕੀਲ ਅਨੁਜਾ ਕਪੂਰ

ਅਨੁਜਾ ਦੱਸਦੀ ਹੈ, "ਤਲਾਕ ਹੋਣ ਦੇ ਨਾਲ ਕਈ ਕੇਸ ਇਕੱਠੇ ਚੱਲਦੇ ਹਨ, ਜਿਵੇਂ ਘਰੇਲੂ ਹਿੰਸਾ, ਜਾਇਦਾਦ ਸੰਬੰਧੀ ਮੁੱਦੇ, ਜੇ ਬੱਚੇ ਹਨ ਤਾਂ ਉਨ੍ਹਾਂ ਦੇ ਅਧਿਕਾਰਾਂ ਦਾ ਮੁੱਦਾ। ਇਨ੍ਹਾਂ ਸਾਰੇ ਕੇਸਾਂ ਨੂੰ ਪੂਰਾ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ।"

ਉਸੇ ਸਮੇਂ ਮੈਰੀਜ਼ ਕਾਊਂਸਲਰ ਡਾ. ਨਿਸ਼ਾ ਸਲਾਹ ਦਿੰਦੇ ਹਨ ਕਿ ਤਲਾਕ ਦੀ ਨੌਬਤ ਅਖੀਰ ਵਿੱਚ ਆਉਣੀ ਚਾਹੀਦੀ ਹੈ। ਉਹ ਦੱਸਦੀ ਹੈ, "ਮੈਂ ਆਪਣੇ ਗਾਹਕ ਨੂੰ ਮਾਨਸਿਕ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਹੋਣ ਲਈ ਕਹਿੰਦੀ ਹਾਂ। ਜੇ ਬਿਨਾਂ ਬੈਕਅੱਪ ਤੋਂ ਕੋਈ ਔਰਤ ਵਿਆਹ ਨੂੰ ਤੋੜ ਦੇਵੇਗੀ ਤਾਂ ਉਸ ਲਈ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ। ਇਸ ਲਈ ਮੈਂ ਉਸ ਨੂੰ ਪਹਿਲਾਂ ਖੁਦ ਕੰਮ ਕਰਨ ਅਤੇ ਅਖੀਰ ਵਿੱਚ ਤਲਾਕ ਦੀ ਸਲਾਹ ਦਿੰਦੀ ਹਾਂ।"

ਇਹ ਵੀ ਪੜ੍ਹੋ :

ਉਨ੍ਹਾਂ ਮੁਤਾਬਕ ਜੇ ਘਰੇਲੂ ਹਿੰਸਾ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਕਦਮ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣਾ ਹੁੰਦਾ ਹੈ। ਉੱਥੇ ਵੀ ਕਾਉਂਸਲਰ ਹੁੰਦੇ ਹਨ ਜੋ ਦੋਹਾਂ ਪੱਖਾਂ ਨੂੰ ਸੁਣਦੇ ਹਨ।

ਦਿੱਲੀ ਦੇ ਨਾਲ ਲਗਦੇ ਨੋਇਡਾ ਵਿੱਚ ਮਹਿਲਾ ਥਾਣੇ ਦੀ ਐੱਸਐੱਚਓ ਅੰਜੂ ਸਿੰਘ ਤੋਂ ਅਸੀਂ ਉਨ੍ਹਾਂ ਦੇ ਅਨੁਭਵ ਜਾਣਨੇ ਚਾਹੇ। ਅੰਜੂ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ 5-6 ਔਰਤਾਂ ਘਰੇਲੂ ਹਿੰਸਾ ਦੀ ਸ਼ਿਕਾਇਤ ਲੈ ਕੇ ਪਹੁੰਚਦੀਆਂ ਹਨ। ਉਨ੍ਹਾਂ ਔਰਤਾਂ ਨੂੰ ਉਹ ਸਲਾਹ ਦੇਣ ਦਾ ਕੰਮ ਵੀ ਕਰਦੀਆਂ ਹਨ।

ਘਰੇਲੂ ਹਿੰਸਾ ਦੀ ਸ਼ਿਕਾਰ ਔਰਤਾਂ ਦੀਆਂ ਪਰੇਸ਼ਾਨੀਆਂ ਬਾਰੇ ਅੰਜੂ ਨੇ ਬੀਬੀਸੀ ਨੂੰ ਦੱਸਿਆ, "ਸਰੀਆਂ ਔਰਤਾਂ ਦੀ ਵੱਖ ਤਰ੍ਹਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਹਨ। ਕਿਸੇ ਦੀ ਪਤੀ ਨਾਲ ਲੜਾਈ ਹੋ ਜਾਂਦੀ ਹੈ ਤਾਂ ਕੋਈ ਘਰੇਲੂ ਹਿੰਸਾ ਦੀ ਸ਼ਿਕਾਰ ਹੁੰਦੀ ਹੈ ਪਰ ਇੱਕ ਗੱਲ ਹੈ ਕਿ ਜ਼ਿਆਦਾਤਰ ਔਰਤਾਂ ਆਪਣੇ ਲਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਹਾਲਾਂਕਿ ਜਦੋਂ ਮਾਮਲਾ ਬਹੁਤ ਵੱਧ ਜਾਂਦਾ ਹੈ ਉਹ ਵੱਖ ਹੋਣ ਦਾ ਫੈਸਲਾ ਕਰ ਪਾਉਂਦੀਆਂ ਹਨ।''

ਅੰਜੂ ਇਹ ਵੀ ਮੰਨਦੀ ਹੈ ਕਿ ਔਰਤਾਂ ਦਾ ਇਸ ਤਰ੍ਹਾਂ ਵਿਆਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਾ ਉਨ੍ਹਾਂ ਦੀ ਸਮਾਜਿਕ ਹਾਲਤ ਤੇ ਨਿਰਭਰ ਕਰਦਾ ਹੈ। ਔਰਤਾਂ ਨੂੰ ਸ਼ੁਰੂਆਤ ਤੋਂ ਹੀ ਕਿਸੇ ਦੂਜੇ ਤੇ ਨਿਰਭਰ ਰਹਿਣਾ ਸਿਖਾ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਪਤੀ ਤੋਂ ਅਲਗ ਹੋਣ ਦਾ ਵੱਡਾ ਕਦਮ ਚੁੱਕਣ ਤੋਂ ਘਬਰਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)