ਅਲਵਰ ’ਚ ਗਊ ਰੱਖਿਆ ਦੇ ਨਾਂ ’ਤੇ ਅਕਬਰ ਦਾ ਕੁੱਟ-ਕੁੱਟ ਕੇ ਕਤਲ

ਗਾਂ Image copyright Getty Images
ਫੋਟੋ ਕੈਪਸ਼ਨ ਭੀੜ ਨੇ ਦੋ ਲੋਕਾਂ ਨੂੰ ਗਊ ਤਸਕਰ ਕਹਿ ਕੇ ਕੁੱਟਿਆ, ਇੱਕ ਦੀ ਮੌਤ

ਰਾਜਸਥਾਨ ਦੇ ਅਲਵਰ ਵਿੱਚ ਇੱਕ ਵਾਰ ਫੇਰ ਕਥਿਤ ਗਊ ਰੱਖਿਅਕਾਂ ਨੇ ਇੱਕ ਵਿੱਅਕਤੀ ਦਾ ਕੁੱਟ-ਕੁੱਟ ਕੇ ਕਤਲ ਕਤਲ ਕਰ ਦਿੱਤਾ ਹੈ। ਇੱਥੇ ਹਰਿਆਣਾ ਦੇ ਨੂੰਹ ਦੇ ਰਹਿਣ ਵਾਲੇ ਅਕਬਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ।

ਪੁਲਿਸ ਨੇ ਹੱਤਿਆ ਦੇ ਦੋਸ਼ਾਂ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਰਾਜਸਥਾਨ ਦੇ ਅਲਵਰ ਵਿੱਚ ਕਥਿਤ ਤੌਰ 'ਤੇ ਗਊ-ਰੱਖਿਅਕਾਂ ਦੇ ਹੱਥੋਂ ਇਹ ਅਜਿਹੀ ਤੀਜੀ ਘਟਨਾ ਹੈ ਜਦੋਂ ਭੀੜ ਨੇ ਕਿਸੇ ਵਿਅਕਤੀ ਨੂੰ ਗਉ ਤਸਕਰੀ ਦੇ ਨਾਂ 'ਤੇ ਮੌਤ ਦੇ ਹਵਾਲੇ ਕੀਤਾ ਹੋਵੇ।

ਇਹ ਵੀ ਪੜ੍ਹੇ:

ਪਿਛਲੇ ਸਾਲ ਇੰਝ ਹੀ ਪਹਿਲੂ ਖਾਨ ਅਤੇ ਉਸ ਤੋਂ ਬਾਅਦ ਉਮਰ ਨਾਮਕ ਵਿਅਕਤੀ ਦਾ ਕਥਤਿ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ। ਮੁਸਲਮਾਨ ਮੇਵ ਭਾਈਚਾਰੇ ਨੇ ਇਸ ਘਟਨਾ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪ੍ਰਤੀਕਿਰਿਆ ਦੇ ਕੇ ਮੋਦੀ ਸਰਕਾਰ 'ਤੇ ਹਮਲਾ ਕੀਤਾ ਹੈ।

ਉਨ੍ਹਾਂ ਨੇ ਕਿਹਾ, "ਗਊ ਨੂੰ ਸੰਵਿਧਾਨ ਦੀ ਧਾਰਾ 21 ਦੇ ਤਹਿਤ ਜੀਣ ਦਾ ਮੁਢਲਾ ਅਧਿਕਾਰ ਹੈ ਅਤੇ ਇੱਕ ਮੁਸਲਮਾਨ ਨੂੰ ਮਾਰਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ 'ਜੀਣ' ਦਾ ਨੈਤਿਕ ਅਧਿਕਾਰ ਨਹੀਂ ਹੈ। ਮੋਦੀ ਸ਼ਾਸਨ ਦੇ ਚਾਰ ਸਾਲ- ਲਿੰਚ ਰਾਜ।"

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਲੋਕਾਂ ਦੇ ਖ਼ਿਲਾਫ਼ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ।

Image copyright Getty Images
ਫੋਟੋ ਕੈਪਸ਼ਨ ਵਸੁੰਧਰਾ ਰਾਜੇ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਲੋਕਾਂ ਦੇ ਖ਼ਿਲਾਫ਼ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ

ਅਕਬਰ ਦੀ ਲਾਸ਼ ਸ਼ਨਿੱਚਰਵਾਰ ਨੂੰ ਜਦੋਂ ਉਸ ਦੇ ਘਰ ਕੋਲਗਾਓਂ ਪਹੁੰਚੀ ਤਾਂ ਉੱਥੇ ਮਾਤਮ ਛਾ ਗਿਆ।

ਕੋਲਗਾਓਂ ਦੇ ਇਸਹਾਕ ਅਹਿਮਦ ਨੇ ਕਿਹਾ ਅਕਬਰ ਦੇ ਬੱਚੇ ਯਤੀਮ ਅਤੇ ਬੁੱਢੇ ਮਾਪੇ ਬੇਸਹਾਰਾ ਹੋ ਗਏ ਹਨ।

ਕਦੋਂ, ਕਿਵੇਂ ਤੇ ਕਿੱਥੇ ਕੀਤਾ ਕਤਲ?

ਪੁਲਿਸ ਮੁਤਾਬਕ ਅਕਬਰ 'ਤੇ ਸ਼ੁੱਕਰਵਾਰ ਅੱਧੀ ਰਾਤ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਦੋ ਗਾਵਾਂ ਦੇ ਨਾਲ ਪੈਦਲ ਹਰਿਆਣਾ ਜਾ ਰਿਹਾ ਸੀ। ਉਸ ਦੇ ਨਾਲ ਅਸਲਮ ਵੀ ਸੀ।

ਅਸਲਮ ਨੇ ਭੱਜ ਕੇ ਜਾਨ ਬਚਾਈ ਪਰ ਭੀੜ ਨੇ ਅਕਬਰ ਨੂੰ ਗਊ ਤਸਕਰ ਸਮਝ ਕੇ ਇੰਨਾਂ ਕੁੱਟਿਆ ਕਿ ਹਸਪਤਾਲ ਪਹੁੰਚਣ ਦੌਰਾਨ ਹੀ ਉਸ ਨੇ ਦਮ ਤੋੜ ਦਿੱਤਾ।

ਜੈਪੁਰ ਪੁਲਿਸ ਰੇਂਜ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਹੇਮੰਤ ਪ੍ਰਿਆਦਰਸ਼ੀ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਘਟਨਾ ਦਾ ਬਿਓਰਾ ਦਿੱਤਾ ਹੈ।

ਇਸ ਦੇ ਮੁਤਾਬਕ ਰਾਮਗੜ੍ਹ ਪੁਲਿਸ ਥਾਣੇ ਨੂੰ ਅੱਧੀ ਰਾਤ ਸੂਚਨਾ ਮਿਲੀ ਸੀ ਕਿ ਦੋ ਲੋਕ ਗਊਆਂ ਦੀ ਤਸਕਰੀ ਕਰਕੇ ਲੈ ਕੇ ਜਾ ਰਹੇ ਹਨ।

ਰਿਲੀਜ਼ ਮੁਤਾਬਕ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਸ ਨੂੰ ਅਕਬਰ ਉੱਥੇ ਜਖ਼ਮੀ ਹਾਲਤ ਵਿੱਚ ਮਿਲਿਆ। ਉਸ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਨੂੰ ਗਊ ਤਸਕਰ ਕਹਿ ਕੁੱਟਿਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਅਕਬਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।

Image copyright Getty Images
ਫੋਟੋ ਕੈਪਸ਼ਨ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਪ੍ਰਤੀਕਿਰਿਆ ਮੋਦੀ ਸ਼ਾਸਨ ਦੇ ਚਾਰ- 'ਲਿੰਚ ਰਾਜ਼

ਘਟਨਾ ਦੀ ਸੂਚਨਾ ਮਿਲਦਿਆਂ ਹੀ ਮੇਵ ਭਾਈਚਾਰੇ ਦੇ ਲੋਕ ਹਸਪਤਾਲ 'ਚ ਇਕੱਠਾ ਹੋ ਗਏ ਅਤੇ ਆਪਣਾ ਵਿਰੋਧ ਦਰਜ ਕਰਵਾਇਆ।

ਸੂਚਨਾ ਮਿਲਣ 'ਤੇ ਅਕਬਰ ਦੇ ਘਰ ਵਾਲੇ ਵੀ ਹਤਪਤਾਲ ਪਹੁੰਚ ਗਏ। ਪੁਲਿਸ ਵੱਲੋਂ ਸਮਝਾਏ ਜਾਣ ਤੋਂ ਬਾਅਦ ਅਕਬਰ ਦਾ ਪਰਿਵਾਰ ਪੋਸਟ ਮਾਰਟਮ ਲਈ ਤਿਆਰ ਹੋ ਗਿਆ।

ਮੋਦੀ ਅਤੇ ਕੋਰਟ ਦੀ ਵੀ ਨਹੀਂ ਸੁਣਦੀ ਭੀੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹੀ ਅਜਿਹੀਆਂ ਘਟਨਾਵਾਂ 'ਤੇ ਅਫ਼ਸੋਸ ਜਤਾਇਆ ਅਤੇ ਸੂਬਿਆਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਿਹਾ ਸੀ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੀ ਸੂਬਿਆਂ ਨੂੰ ਭੀੜ ਹੱਥੋਂ ਹੋ ਰਹੀਆਂ ਹਿੰਸਕਰ ਘਟਨਾਵਾਂ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਸਨ।

ਫੋਟੋ ਕੈਪਸ਼ਨ ਅਕਬਰ ਦੇ ਘਰ ਵਿੱਚ ਸਰਕਾਰ ਸਕੀਮ ਨਾਲ ਬਣਿਆ ਇੱਕ ਪੱਕਾ ਕਮਰਾ ਹੈ ਬਾਕੀ ਕੱਚਾ ਘਰ ਹੈ (ਸੰਕੇਤਕ ਤਸਵੀਰ)

'ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਮਰਿਆ ਅਕਬਰ'

ਅਲਵਰ ਵਿੱਚ ਹਸਪਤਾਲ ਦੇ ਬਾਹਰ ਮੌਜੂਦ ਲੋਕਾਂ ਦੇ ਵਿਚਕਾਰ ਮੌਲਾਨਾ ਹਨੀਫ਼ ਕਹਿੰਦੇ ਹਨ, "ਪਹਿਲੂ ਖ਼ਾਨ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਉਮਰ ਨਹੀਂ ਮਾਰਿਆ ਜਾਂਦਾ। ਇੰਝ ਹੀ ਉਮਰ ਦੀ ਹੱਤਿਆ 'ਤੇ ਹਕੂਮਤ ਸਖ਼ਤ ਰੁੱਖ ਅਪਣਾਉਂਦੀ ਤਾਂ ਅਕਬਰ ਦੀ ਜਾਨ ਨਹੀਂ ਜਾਂਦੀ। ਇਨ੍ਹਾਂ ਘਟਨਾਵਾਂ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।"

ਮੌਲਾਨਾ ਕਹਿੰਦੇ ਹਨ, "ਇਸ ਦੁੱਖ ਦੀ ਘੜੀ ਵਿੱਚ ਵੱਧ ਗਿਣਤੀ ਭਾਈਚਾਰੇ ਦੇ ਲੋਕ ਨਾਲ ਖੜੇ ਹਨ। ਇਹੀ ਸਾਡੇ ਸਮਾਜ ਦਾ ਸਹਾਰਾ ਹੈ।"

ਕੋਲਗਾਓਂ ਦੇ ਇਸਹਾਕ ਕਹਿੰਦੇ ਹਨ, "ਅਕਬਰ ਦੀ ਪਤਨੀ ਅਤੇ ਬੱਚਿਆਂ ਦੀ ਹਾਲਤ ਦੇਖੀ ਨਹੀਂ ਜਾਂਦੀ। ਅਕਬਰ ਦੇ 7 ਬੱਚੇ ਹਨ। ਇਹ ਮਿਸ਼ਰਤ ਆਬਾਦੀ ਵਾਲਾ ਪਿੰਡ ਹੈ।"

ਉਹ ਕਹਿੰਦੇ ਹਨ, "ਪਰਿਵਾਰ ਨੂੰ ਦਿਲਾਸਾ ਦੇਣ ਸਾਰੇ ਵਰਗਾਂ ਦੇ ਲੋਕ ਪਹੁੰਚੇ ਹੋਏ ਹਨ। ਅਕਬਰ ਦੇ ਘਰ ਵਿੱਚ ਸਰਕਾਰੀ ਸਕੀਮ ਨਾਲ ਬਣਿਆ ਇੱਕ ਪੱਕਾ ਕਮਰਾ ਹੈ ਬਾਕੀ ਸਾਰਾ ਕੱਚਾ ਘਰ ਹੈ।"

ਇਸਹਾਕ ਮੁਤਾਬਕ ਪਹਿਲਾਂ ਅਕਬਰ ਦੇ ਪਿਤਾ ਦੁੱਧ ਵੇਚਦੇ ਸਨ ਅਤੇ ਡੇਅਰੀ ਚਲਾਉਂਦੇ ਸਨ। ਪਿਛਲੇ ਕੁਝ ਸਾਲਾਂ ਤੋਂ ਅਕਬਰ ਨੇ ਆਪਣੇ ਪਿਤਾ ਦਾ ਕੰਮ ਸੰਭਾਲਿਆ ਹੋਇਆ ਸੀ। ਇਸੇ ਕੰਮ ਲਈ ਉਹ ਗਾਵਾਂ ਖਰੀਦ ਕੇ ਲਿਆ ਰਿਹਾ ਸੀ।

Image copyright MANSI THAPLIYAL
ਫੋਟੋ ਕੈਪਸ਼ਨ ਇੱਕ ਹਫ਼ਤੇ ਵਿੱਚ ਕੁੱਟਮਾਰ ਦਾ ਦੂਜਾ ਮਾਮਲਾ (ਸੰਕੇਤਕ ਤਸਵੀਰ)

ਮੇਵ ਭਾਈਚਾਰੇ ਦੇ ਸੱਦਾਮ ਕਹਿੰਦੇ ਹਨ ਮੇਵ ਭਾਈਚਾਰੇ ਦੇ ਲੋਕ ਪਸ਼ੁਪਾਲਣ ਅਤੇ ਖੇਤੀ ਕਰਕੇ ਗੁਜ਼ਾਰਾ ਕਰਦੇ ਹਨ। ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਅਲਵਰ ਜ਼ਿਲ੍ਹੇ ਵਿੱਚ ਦੋ ਲੱਖ ਤੋਂ ਜ਼ਿਆਦਾ ਗਊਆਂ ਹਨ। ਇਹ ਇਲਾਕਾ ਮੇਵਾਤ ਦਾ ਹਿੱਸਾ ਹੈ, ਜਿਸ ਦਾ ਵਿਸਥਾਰ ਹਰਿਆਣਾ ਤੱਕ ਹੈ।

ਇੱਕ ਹਫ਼ਤੇ ਵਿੱਚ ਕੁੱਟਮਾਰ ਦਾ ਦੂਜਾ ਮਾਮਲਾ

ਗਊ ਰੱਖਿਅਕਾਂ ਦੇ ਹੱਥੋਂ ਪਹਿਲੂ ਖ਼ਾਨ ਦੇ ਕਤਲ ਤੋਂ ਬਾਅਦ ਮਨੁੱਖੀ ਅਧਿਕਾਰ ਸੰਗਠਨਾਂ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਸੀ। ਪੁਲਿਸ ਨੇ ਪਹਿਲੂ ਖ਼ਾਨ ਦੇ ਮਾਮਲੇ ਵਿੱਚ 9 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਪਰ ਬਾਅਦ ਵਿੱਚ ਪੁਲਿਸ ਨੇ ਜਾਂਚ ਵਿੱਚ ਇਨ੍ਹਾਂ ਵਿੱਚੋਂ 6 ਲੋਕਾਂ ਨੂੰ ਇਹ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਕਿ ਉਨ੍ਹਾਂ ਦੇ ਖ਼ਿਲਾਫ਼ ਸਬੂਤ ਨਹੀਂ ਮਿਲੇ।

ਰਾਜਸਥਾਨ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕਥਿਤ ਗਊ ਰੱਖਿਅਕਾਂ ਦੇ ਹੱਥੋਂ ਮੌਕੇ 'ਤੇ ਹੀ 'ਨਿਆਂ' ਕਰਨ ਦੀ ਇਹ ਦੂਜੀ ਘਟਨਾ ਹੈ।

ਇਸ ਤੋਂ ਪਹਿਲਾਂ ਅਜਿਹੇ ਹੀ ਕਥਿਤ ਗਊ ਰੱਖਿਅਕਾਂ ਨੇ ਮੱਧ ਪ੍ਰਦੇਸ਼ ਵਿੱਚ ਦੁੱਧ ਦੀ ਡੇਅਰੀ ਚਲਾਉਣ ਵਾਲੇ ਪ੍ਰਵੀਣ ਪੰਡਿਤ ਅਤੇ ਉਸ ਦੇ ਡਰਾਈਵਰ ਅਹਿਮਦ ਨੂੰ ਬਹੁਤ ਕੁੱਟਿਆ ਸੀ। ਪ੍ਰਵੀਣ ਆਪਣੀ ਡੇਅਰੀ ਲਈ ਜੈਪੁਰ ਤੋਂ ਗਊਆਂ ਖਰੀਦ ਕੇ ਦੇਵਾਸ ਲਿਜਾ ਰਹੇ ਸਨ।

ਪ੍ਰਵੀਣ ਨੇ ਖ਼ੁਦ ਦੇ ਬ੍ਰਾਹਮਣ ਹੋਣ ਦੀ ਦੁਹਾਈ ਵੀ ਦਿੱਤੀ ਪਰ ਕਥਿਤ ਗਊ ਰੱਖਿਅਕਾਂ ਨੂੰ ਰਹਿਮ ਨਹੀਂ ਆਇਆ। ਪੁਲਿਸ ਨੇ ਕੋਟਾ ਦੀ ਘਟਨਾ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)